ਵਿਸ਼ਵ ਆਬਾਦੀ ਦਿਵਸ 'ਤੇ ਵਿਸ਼ੇਸ਼

07/11/2020 5:33:34 PM

ਜਲੰਧਰ : ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਹਾੜਾ ਮਨਾਇਆ ਜਾਂਦਾ ਹੈ। ਦੁਨੀਆ 'ਚ ਵੱਧਦੀ ਆਬਾਦੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪਰਿਵਾਰ, ਵਿਚਾਰ, ਲਿੰਗ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਵਿਸ਼ਵ ਆਬਾਦੀ ਦਿਵਸ ਦੇ ਦਿਨ ਵੱਖ-ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਸ 'ਚ ਆਬਾਦੀ ਦੇ ਵਾਧੇ ਕਾਰਨ ਹੋਣ ਵਾਲੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਤੇਜ਼ੀ ਨਾਲ ਜਨਸੰਖਿਆ ਦਾ ਵਾਧੇ ਸਮਾਜ ਅਤੇ ਸਿਹਤ ਲਈ ਖ਼ਤਰਨਾਕ ਹੈ। ਗੈਰ ਕਾਨੂੰਨੀ ਹੁੰਦੇ ਹੋਏ ਵੀ ਦੇਸ਼ ਵਿਚ ਕਈ ਪਛੜੇ ਇਲਾਕਿਆਂ ਵਿਚ ਅੱਜ ਬਾਲ ਵਿਆਹ ਦੀ ਪਰੰਪਰਾ ਹੈ। ਸਮਾਜ ਵਿਚ ਅੱਜ ਵੀ ਮੁੰਡੇ ਦੀ ਇੱਛਾ ਰੱਖਣ ਵਾਲੇ ਆਦਮੀ, ਪਰਿਵਾਰ ਨਿਯੋਜਨ ਅਪਣਾਉਣ ਨੂੰ ਤਿਆਰ ਨਹੀਂ ਹੁੰਦੇ ਅਤੇ ਕਈ ਵਾਰ ਤਾਂ ਜਨਾਨੀਆਂ 'ਤੇ  ਮੁੰਡਾ ਪੈਦਾ ਕਰਨ ਦਾ ਦਬਾਅ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਅਸਲ 'ਚ ਜਨਸੰਖਿਆ ਵਧਣ ਦੇ ਕਈ ਕਾਰਨਾਂ 'ਚ ਗਰੀਬੀ ਅਤੇ ਅਨਪੜ੍ਹਤਾ ਵੀ ਹੈ। ਅਨਪੜ੍ਹਤਾ ਕਾਰਨ ਲੋਕ ਪਰਿਵਾਰ ਨਿਯੁਕਤੀ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਹੋਰਨਾਂ ਖ਼ਤਰਿਆਂ ਨੂੰ ਜਨਮ ਦਿੰਦੇ ਹਨ ਜੋ ਕਿ ਅਸੀਂ ਆਏ ਦਿਨ ਦੇਖਦੇ ਰਹਿੰਦੇ ਹਾਂ । 

ਆਏ ਦਿਨ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ ਤੇ ਧਾਰਮਿਕ ਮੁੱਦੇ ਜ਼ੋਰ ਫੜਦੇ ਜਾ ਰਹੇ ਹਨ ਬੇਰੁਜ਼ਗਾਰੀ ਲਈ ਧਰਨੇ ਲੱਗਦੇ ਹਨ। ਰਾਜਨੀਤਿਕ ਪਾਰਟੀਆਂ ਖੁੱਲ੍ਹੀਆਂ ਨੌਕਰੀਆਂ ਦਾ ਸੱਦਾ ਦੇ ਕੇ ਚੋਣਾਂ ਜਿੱਤ ਜਾਂਦੀਆਂ ਹਨ। ਤਿੰਨ ਦਹਾਕੇ ਤੋਂ ਗਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਮੁੱਦਾ ਜ਼ੋਰ ਫ਼ੜਦਾ ਜਾ ਰਿਹਾ ਹੈ। ਭਾਰਤ 'ਚ ਹਰ ਕੋਈ ਰਾਜਨੀਤਿਕ ਪਾਰਟੀ ਮੁੱਦੇ ਤਾਂ ਲੱਭਦੀ ਹੈ ਪਰ ਉਸ ਦਾ ਕਾਰਨ ਕੀ ਹੈ, ਕਦੇ ਵੀ ਨਹੀ ਵਿਚਾਰਿਆ ਜਾਂਦਾ ਕਿਉਂਕਿ ਜੇ ਠੋਸ ਹੱਲ ਲੱਭ ਲਿਆ ਤਾਂ ਰਾਜਨੀਤਿਕ ਪਾਰਟੀਆਂ ਲਈ ਮੁੱਦੇ ਖ਼ਤਮ ਹੋ ਜਾਣਗੇ । ਬੇਸ਼ੱਕ ਦੁਨੀਆ 'ਚ ਚੀਨ ਦੀ ਆਬਾਦੀ ਦੇ ਅੰਕੜੇ ਸਭ ਤੋਂ ਵੱਧ ਹਨ, ਜੋ ਪਹਿਲੇ ਨੰਬਰ 'ਤੇ ਹੈ ਪਰ ਉਨ੍ਹਾਂ ਕੋਲ ਉਪਜਾਊ ਧਰਤੀ ਭਾਰਤ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਰੁਜ਼ਗਾਰ ਦੇ ਹਰ ਤਰ੍ਹਾਂ ਦੇ ਮੌਕੇ ਹਾਜ਼ਰ ਹਨ। ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਭਾਰਤ 'ਚ ਆਬਾਦੀ ਜ਼ੋਰ-ਸ਼ੋਰ ਨਾਲ ਵੱਧਦੀ ਜਾ ਰਹੀ ਹੈ, ਹੁਣ ਤਾਂ ਧਰਤੀ ਘੱਟ ਅਤੇ ਜਨਸੰਖਿਆ ਵੱਧ ਦਾ ਸਿਲਸਿਲਾ ਭਾਰਤ 'ਚ ਪੂਰਨ ਰੂਪ 'ਚ ਢੁੱਕਦਾ ਹੈ ਪਰ 40-50 ਸਾਲਾਂ ਤੋਂ ਕੋਈ ਵੀ ਸਰਕਾਰ ਜ਼ੋਰ-ਸ਼ੋਰ ਨਾਲ ਵਧਦੀ ਆਬਾਦੀ ਦੀ ਗੱਲ ਕਰਨੀ ਤਾਂ ਦੂਰ, ਹੱਲ ਤੱਕ ਨਹੀਂ ਸੋਚਦੀ । 1970 ਦਹਾਕੇ 'ਚ ਉਸ ਸਮੇਂ ਸਰਕਾਰ ਨੇ ਵੱਧਦੀ ਆਬਾਦੀ ਵੱਲ ਧਿਆਨ ਦਿੰਦੇ ਹੋਏ ਇਕ ਜੋੜੇ ਦੇ ਤਿੰਨ ਬੱਚੇ ਲਈ ਤ੍ਰਿਕੋਣ ਬਣਾਈ। ਇੱਕ ਜੋੜੇ ਦੇ ਤਿੰਨ ਬੱਚੇ ਬਹੁਤ ਹਨ ਉਸ ਤੋਂ ਬਾਅਦ ਦੋ ਬੱਚੇ ਪੈਦਾ ਕਰਨ ਲਈ ਸਰਕਾਰ ਨੇ ਕਈ ਕਦਮ ਚੁੱਕੇ ਸਨ । ਸਾਲ 1975 'ਚ ਐਮਰਜੈਂਸੀ ਲੱਗੀ ਤਾਂ ਪ੍ਰਧਾਨ ਮੰਤਰੀ ਦੇ ਬੇਟੇ ਨੇ ਆਬਾਦੀ ਨੂੰ ਕਾਬੂ ਕਰਨ ਲਈ ਮੁੱਖ ਮੁੱਦਾ ਬਣਾ ਲਿਆ। ਸਹੀ ਸਮੇਂ 'ਤੇ ਸਹੀ ਤਰੀਕਾ ਅਪਣਾਉਣਾ ਚੰਗੀ ਗੱਲ ਸੀ। ਪਰਿਵਾਰ ਸੀਮਤ ਲਈ ਸਰਕਾਰ ਵੱਲੋਂ ਐਮਰਜੈਂਸੀ ਵਾਲਾ ਕਾਨੂੰਨ ਹੀ ਲਾਗੂ ਕਰ ਦਿੱਤਾ ਗਿਆ ਪਰ ਇਸ 'ਤੇ ਪ੍ਰਸ਼ਾਸਨ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ । ਸਿੱਖਿਆ ਦੀ ਘਾਟ ਕਰਕੇ ਆਮ ਜਨਤਾ ਨੇ ਵੀ ਇਸ ਪਾਸੇ ਬਹੁਤਾ ਧਿਆਨ ਨਾ ਦਿੱਤਾ। 

PunjabKesariਸਰਕਾਰ ਬਦਲ ਗਈ,ਕੰਮ ਬੰਦ ਹੋਣੇ ਹੀ ਸਨ। ਚਾਲੀ ਸਾਲ ਗੁਜ਼ਰ ਗਏ ਪਰ ਆਬਾਦੀ ਵਧਦੀ ਜਾ ਰਹੀ ਹੈ। ਬੇਰੁਜ਼ਗਾਰੀ ਅਤੇ ਮਹਿੰਗਾਈ ਵਧਣੀ ਹੀ ਹੈ, ਜ਼ਮੀਨ ਘੱਟਦੀ ਜਾ ਰਹੀ ਹੈ। ਖੇਤੀ ਲਈ ਉੱਤਮ ਤਰੀਕੇ ਆਏ ਉਪਜ ਤਾਂ ਨਹੀਂ ਘਟੀ ਪਰ ਨਵੀਂ ਤਕਨੀਕ ਆਉਣ ਨਾਲ ਕੰਮ ਲਈ ਆਦਮੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਸਭ ਦੇ ਸਾਹਮਣੇ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਆਉਂਦੀਆਂ ਹਨ, ਹਰੇਕ ਰਾਜਨੀਤਿਕ ਪਾਰਟੀ ਦਾ ਨਾਅਰਾ ਹੁੰਦਾ ਹੈ, ਅਸੀਂ ਰੋਜ਼ਗਾਰ ਦੇਵਾਂਗੇ, ਮਹਿੰਗਾਈ ਘੱਟ ਕਰਾਂਗੇ, ਇਸ ਪਿੱਛੇ ਮੁੱਖ ਕਾਰਨ ਕੀ ਹੈ ਕਦੇ ਕਿਸੇ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਬਣਿਆ ਹੱਲ ਕਿਵੇਂ ਹੋ ਸਕਦਾ ਹੈ। ਜੇ ਆਬਾਦੀ ਕਾਬੂ ਕੀਤੀ ਜਾਵੇ ਭਾਰਤ 'ਚ ਉੱਭਰਦੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ, ਫਿਰ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਚੋਣ ਮੁੱਦਾ ਹੋਵੇਗਾ ਹੀ ਨਹੀਂ । ਸਾਡੇ ਗੁਆਂਢੀ ਮੁਲਕ ਚੀਨ ਵਿੱਚ ਵਧ ਰਹੀ ਆਬਾਦੀ 'ਤੇ ਕਾਨੂੰਨ ਬਣਿਆ, ਜਿਸ ਦੇ ਦੋ ਬੱਚੇ ਹੋਏ ਨੌਕਰੀ ਤੋਂ ਬਾਹਰ ਕਰ ਦਿੱਤੇ ਜਾਵੇਗਾ। ਇੱਕ ਬੱਚੇ ਵਾਲੇ ਨੂੰ ਹੀ ਨੌਕਰੀ ਮਿਲੇਗੀ, ਨਤੀਜਾ ਸਭ ਦੇ ਸਾਹਮਣੇ ਹੈ। ਸਾਡੀਆਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਬੋਲੀਆਂ ਤੇ ਅੰਨ੍ਹੀਆਂ ਦੋਵੇਂ ਹੀ ਹਨ। ਬਸ ਇਨ੍ਹਾਂ ਨੂੰ ਤਾਂ ਕੁਰਸੀਆਂ ਦਾ ਲਾਲਚ ਹੈ। ਜੇ ਸਮਾਜਿਕ ਪੱਖੋਂ ਅਸੀਂ ਬਾਹਰ ਦੇ ਮੁਲਕਾਂ ਦੀ ਹਰ ਨਕਲ ਕਰਨੀ ਜਾਣਦੇ ਹਾਂ। ਉਹ ਅਗਾਂਹ ਵਧੂ ਕਿਵੇਂ ਹਨ ਅਸੀਂ ਕਦੇ ਨਹੀਂ ਸੋਚਿਆ। ਬੇਰੁਜ਼ਗਾਰੀ ਅਤੇ ਮਹਿੰਗਾਈ ਲਈ ਮੁਜ਼ਾਹਰੇ 'ਤੇ ਧਰਨੇ ਲੱਗਦੇ ਹਨ ਕਿ ਆਬਾਦੀ ਵੱਧ ਜੋ ਜੜ੍ਹ ਹੈ, ਉਸ ਲਈ ਸਰਕਾਰ ਨੂੰ ਕਾਬੂ ਕਰਨ ਲਈ ਕਦੇ ਕਿਸੇ ਨੇ ਕਿਹਾ ਹੈ? ਜਿਸ ਦਿਨ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਬੁੱਧਜੀਵੀਆਂ ਦੀ ਸੋਚ ਇਸ ਪਾਸੇ ਵੱਲ ਆਈ ਤੇ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ ।  

ਪਾਰਲੀਮੈਂਟ ਵਿੱਚ ਸਾਰੇ ਐੱਮ. ਪੀ. ਨੂੰ ਬੋਲਣ ਦਾ ਅਧਿਕਾਰ ਹੈ ਕਦੇ ਕਿਸੇ ਨੇ ਇਸ ਗੰਭੀਰ ਮਸਲੇ 'ਤੇ ਸਵਾਲ ਉਠਾਇਆ ਹੈ। ਸਾਡੇ ਨੇਤਾ ਹੀ ਬੱਚੇ ਕਿੰਨੇ ਹੋਣੇ ਚਾਹੀਦੇ ਹਨ ਵਾਲੀ ਲੜੀ ਖੁਦ ਹੀ ਪਾਰ ਕਰ ਚੁੱਕੇ ਹੁੰਦੇ ਹਨ। ਸ਼ਾਇਦ ਡਰ ਕਾਰਨ ਇਹ ਮੁੱਦਾ ਨਹੀਂ ਚੁੱਕਣਾ ਚਾਹੁੰਦੇ ਕਿ ਵਿਰੋਧੀ ਪਾਰਟੀਆਂ ਮੈਨੂੰ ਸਵਾਲ ਕਰਨਗੀਆਂ। ਹੁਣ ਤਾਂ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਅਨੇਕਾਂ ਲੋਕ ਸੇਵਾ ਸੰਗਠਨ ਹਨ । ਉਹ ਅਜਿਹਾ ਮਸਲਾ ਉਠਾ ਕੇ ਲੋਕਾਂ ਤੱਕ ਆਪਣੀ ਆਵਾਜ਼ ਕਿਉਂ ਨਹੀਂ ਪਹੁੰਚਾਉਂਦੇ । ਭਾਰਤ 'ਚ ਹਰੇਕ ਵਿਅਕਤੀ ਕੋਲ ਫੋਨ ਹੈ ਅਤੇ ਸਮਾਰਟ ਫੋਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਉਨ੍ਹਾਂ ਤੱਕ ਤੁਰੰਤ ਸੁਨੇਹਾ ਪਹੁੰਚੇਗਾ। ਕੁਝ ਫੀਸਦੀ ਤਾਂ ਸੁਧਾਰ ਹੋਵੇਗਾ ਸੋਸ਼ਲ ਮੀਡੀਆ ਅਤੇ ਨਸ਼ੇ ਛਡਾਉਣਾ, ਲੋਕਾਂ ਨੂੰ ਪਤਲਾ ਕਰਨ ਦੇ ਨਾਲ ਲੋਕਾਂ ਦੀ ਸਿਹਤ ਬਣਾਉਣ ਦੇ ਡਾਕਟਰ ਅਨੇਕਾਂ ਫਾਰਮੂਲੇ ਦੱਸਦੇ ਹਨ ਅਤੇ ਇਸ ਲਈ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਜੋ ਪੂਰੀ ਕੌਮ ਦੀ ਸੇਵਾ ਹੈ, ਐੱਨ. ਜੀ. ਓ. ਨਸ਼ਾ ਛੁਡਾਉਣ ਵਾਲੇ ਕੇਂਦਰ, ਸਮਾਜਿਕ ਜਥੇਬੰਦੀਆਂ ਸਾਹਿਤਕ ਸੰਸਥਾਵਾਂ ਮਾਂ ਬੋਲੀ ਪੰਜਾਬੀ ਜਾਂ ਹੋਰ ਕੋਈ ਮਸਲਾ ਲੈ ਕੇ ਧਰਨੇ ਲਗਾਉਂਦੇ ਹਨ ਅਤੇ ਮੀਡੀਆ ਵਿੱਚ ਰੌਲਾ ਪਾਉਂਦੇ ਹਨ। ਬੇਰੁਜ਼ਗਾਰੀ ਤੇ ਵੱਧਦੀ ਜਨਸੰਖਿਆ ਦਾ ਮਸਲਾ ਕਿਉਂ ਨਹੀਂ ਚੁੱਕਦੇ। ਭਾਰਤ 'ਚ ਮੁੱਖ ਮੁੱਦਾ ਵਧਦੀ ਆਬਾਦੀ ਹੈ ਇਸ ਲਈ ਕਿਉਂ ਚੁੱਪ ਹਨ। ਬੇਰੁਜ਼ਗਾਰੀ ਦੂਰ ਕਰਨ ਲਈ ਤਰੀਕੇ ਨਹੀਂ ਸੋਚੇ ਜਾਂਦੇ ਪਰ ਬਾਹਰ ਭੇਜਣ ਜਾਂ ਭੱਜਣ ਦਾ ਕੰਮ ਪੰਜਾਬ ਵਾਸੀਆਂ ਨੇ ਪਹਿਲ ਦੇ ਆਧਾਰ ਤੇ ਸ਼ੁਰੂ ਕੀਤਾ ਹੋਇਆ ਹੈ। ਬਾਹਰ ਜਾ ਕੇ ਜ਼ਿਆਦਾ ਮਜ਼ਦੂਰੀ ਤੇ ਖੇਤੀ ਦਾ ਕੰਮ ਕਰਦੇ ਨੇ ਕੀ ਉਹ ਪੰਜਾਬ ਵਿੱਚ ਨਹੀਂ ਹੋ ਸਕਦੀ। ਕੀ ਉਹ ਰੁਜ਼ਗਾਰ ਨਹੀਂ। ਯੂਰਪ ਦੇ ਦੇਸ਼ ਬਾਹਰੋਂ ਚੀਜ਼ਾਂ ਲੈਂਦੇ ਹਨ। ਇੱਥੋਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਤੇ ਧਾਤਾਂ ਮੁੱਖ ਹਨ, ਉੱਥੇ ਬੇਰੁਜ਼ਗਾਰੀ ਕਿਉਂ ਨਹੀਂ ਹੈ ਕਿਉਂਕਿ ਅਸੀਂ ਉੱਥੇ ਜਾਕੇ ਨੌਕਰੀਆਂ ਕਰਦੇ ਹਾਂ । ਸਵਦੇਸ਼ੀ ਅਪਣਾਓ ਦਾ ਨਾਅਰਾ ਵੀ ਅਸੀਂ ਦਿਖਾਵੇ ਵਾਸਤੇ ਹੀ ਲਗਾਉਂਦੇ ਹਾਂ। ਬਾਹਰ ਦੇ ਮੁਲਕਾਂ ਵਿੱਚ ਬੇਰੁਜ਼ਗਾਰੀ ਕਿਤੇ ਵਿਖਾਈ ਨਹੀਂ ਦਿੰਦੀ। ਸਾਡਾ ਏਸ਼ੀਆ ਦਾ ਮੁਲਕ ਜਾਪਾਨ ਜਿਸ ਕੋਲ ਇੱਕ ਵੀ ਆਪਣੀ ਧਾਤ ਨਹੀਂ, ਬਾਹਰ ਤੋਂ ਕੱਚਾ ਮਾਲ ਖਰੀਦ ਕੇ ਪਕਾ ਕੇ ਸਾਮਾਨ ਪੂਰੀ ਦੁਨੀਆਂ ਵਿੱਚ ਵੇਚ ਕੇ ਸਭ ਤੋਂ ਅਮੀਰ ਹੈ ਪਰ ਆਬਾਦੀ ਉੱਥੇ ਕਾਬੂ ਹੇਠ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਭਾਰਤ ਦੇਸ਼ ਦੀ ਆਬਾਦੀ ਵਿਚ ਕਮੀ ਆਵੇ ਤਾਂ 25-30 ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਨਾ ਚਾਹੀਦਾ ਅਤੇ ਦੋ ਬੱਚਿਆਂ ਵਿਚ ਘੱਟ ਤੋਂ ਘੱਟ 5 ਸਾਲ ਦਾ ਅੰਤਰ ਹੋਣ ਦੇ ਕਾਰਨ ਸਾਨੂੰ ਸਮਝਣਾ ਪੈਣਾ। ਵੱਧ ਬੱਚੇ ਪੈਦਾ ਕਰਨ ਵਾਲੇ ਸਮਾਜ ਨੂੰ ਜਿੰਨਾ ਹੋ ਸਕੇ ਜਾਗਰੂਕ ਕੀਤਾ ਜਾਵੇ। ਲੋਕਾਂ ਨੂੰ ਭਵਿੱਖ ਦੇ ਲਈ ਵੀ ਸਮਝਣਾ ਤੇ ਸਮਝਾਉਣਾ ਚਾਹੀਦਾ ਹੈ। ਇਸ ਲਈ ਸਿੱਖਿਆ ਸਭ ਤੋਂ ਵਧੀਆ ਮਾਧਿਅਮ ਹੈ। ਲੋਕਾਂ ਨੂੰ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਅਤੇ ਰਸਾਲਿਆਂ ਦੀ ਮਦਦ ਲੈ ਕੇ ਵੀ ਸਮਝਾਇਆ ਜਾ ਸਕਦਾ ਹੈ। ਜਿਸ ਨਾਲ ਆਬਾਦੀ ਦਾ ਵੱਧਣਾ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ। ਸਿੱਖਿਆ ਦਾ ਪੱਧਰ ਵਧਣ ਅਤੇ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। 
ਨੇਹਾ ਜਮਾਲ ਮੁਹਾਲੀ , 7087473286


Anuradha

Content Editor

Related News