ਲੇਖ - ਲਾਲਚੀ ਮਨੁੱਖ ਦਾ ਰੁੱਖ ਸੰਗ ਸੰਵਾਦ

09/16/2020 2:38:47 PM

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444

ਮੈਂ ਅੱਜ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਚਾਉਂਦਾ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕੀ ਤੁਸੀਂ ਇਸ ਧਰਤੀ ’ਤੇ ਕਦੋਂ ਦੇ ਖੜ੍ਹੇ ਹੋ ਤੇ ਹੋਰ ਕਿੰਨਾ ਸਮਾਂ ਇਸੇ ਤਰਾਂ ਖੜ੍ਹੇ ਰਹਿਣਾ ਹੈ। ਮੇਰੀ ਤਾਂ ਰੱਬ ਨੂੰ ਇਹ ਦੁਆਂ ਹੈ, ਕੀ ਤੁਸੀਂ ਇਸੇ ਤਰਾਂ ਤੰਦਰੁਸਤ ਖੜ੍ਹੇ ਰਹੋ। ਉਹ ਇਸ ਲਈ ਕਿਉਂਕਿ ਤੁਹਾਡੇ ਕਰਕੇ ਹੀ ਸਾਡਾ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਵਜ਼ੂਦ ਹੈ। ਤੁਸੀਂ ਸਾਡੇ ਜੀਵਨ ਵਿੱਚ ਨਿੱਤ ਨਵੀਆਂ ਨਵੀਆਂ ਅਤੇ ਤਾਜ਼ਾ ਹਵਾਵਾਂ ਲੈ ਕੇ ਆਉਂਦੇ ਹੋ।

ਪਿਆਰੇ ਰੁੱਖ ਜਦੋਂ ਤੁਸੀਂ ਹਵਾ ਨਾਲ ਲਹਿਰਾਉਂਦੇ ਹੋ ਤਾਂ ਇੰਝ ਜਾਪਦਾ ਹੈ ਕੀ ਤੁਸੀਂ ਇਨ੍ਹਾਂ ਹਵਾਵਾਂ ਵਿੱਚ ਆਪਣੇ ਦਿਲੀ ਚਾਅ ਪੂਰੇ ਕਰਦੇ ਹੋ। ਤੁਹਾਨੂੰ ਤੇ ਤੁਹਾਡੇ ਟਾਹਣੇ ਪੱਤਿਆਂ ਨੂੰ ਵੇਖਕੇ ਲੱਗਦਾ ਹੈ, ਜਿਵੇਂ ਤੁਸੀਂ ਵੀ ਇਨਸਾਨ ਨੂੰ ਵੇਖਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋ। ਤੁਸੀਂ ਇਨਸਾਨ ਲਈ ਸਾਹ ਲੈਣ ਵਾਸਤੇ ਨਿੱਤ ਆਕਸੀਜਨ ਦੇ ਰੂਪ ਵਿੱਚ ਤਾਜ਼ੀ ਤੇ ਸਾਫ਼ ਹਵਾ ਪ੍ਰਦਾਨ ਕਰਦੇ ਹੋ। ਇਸ ਦੇ ਬਦਲੇ ਪੂਰੇ ਵਿਸ਼ਵ ਦੀ ਗੰਦੀ ਅਤੇ ਬਦਬੂਦਾਰ ਹਵਾ ਕਾਰਬਨ ਐਕਸਾਈਡ ਗੈਸ ਤੁਸੀਂ ਆਪਣੇ ਵਿੱਚ ਸਮਾ ਲੈਂਦੇ ਹੋ। ਤੁਹਾਡੀ ਏਸ ਕੁਰਬਾਨੀ ਤੇ ਹਿੰਮਤ ਦੀ ਮੈਂ ਦਾਤ ਦਿੰਦਾ ਹਾਂ ਤੇ ਆਪਣਾ ਸਿਰ ਸੌਂ ਸੌਂ ਵਾਰ ਸੱਜਦਾ ਕਰਦਾ ਹਾਂ। ਮੰਨਿਆ ਕੀ ਇਹ ਤੁਹਾਡੀ ਵੀ ਲੋੜ ਹੈ ਪਰ ਆਦਮੀ ਸਮਝੇ ਵੀ ਤਾਂ ਪਰ ਉਹ ਬੇਫ਼ਿਕਰ ਆਪਣੀ ਦੁਨੀਆਂ ਵਸਾਉਦਾ ਜਾ ਰਿਹਾ ਹੈ।

ਜੇਕਰ ਅਸੀਂ ਸਾਰੇ ਵਿਗਿਆਨ ਦੀ ਨਜ਼ਰ ਨਾਲ ਵੇਖੀਏ ਤਾਂ ਅਸਲ ਵਿੱਚ ਤੁਸੀਂ ਹੀ ਦੁਨੀਆਂ ਦੇ ਅਸਲੀ ਖ਼ੈਰ ਖ਼ੁਆਜੇ ਹੋ ਪਰ ਨਾ ਸਮਝ ਅੱਜ ਦੇ ਇਨਸਾਨ ਨੇ ਆਪਣੀ ਤੱਰਕੀ ’ਤੇ ਆਪਣਾ ਵਪਾਰ ਹੋਰ ਵਧਾਉਣ ਲਈ ਪਤਾ ਨਹੀਂ ਕਿੰਨੇ ਹੀ ਤੇਰੇ ਵਰਗੇ ਰੁੱਖਾਂ ਦੀ ਬਲ਼ੀ ਦਿੱਤੀ ਗਈ ਹੈ। ਫੇਰ ਵੀ ਤੇਰੀ ਚੁੱਪ ਨੇ ਮੈਨੂੰ ਤੇਰੇ ਵੱਲ ਹੋਰ ਝੁੱਕਣ ਲਈ ਮਜ਼ਬੂਰ ਕਰ ਦਿੱਤਾ ਹੈ।

ਅੱਜ ਦੇ ਯੁੱਗ ਵਿੱਚ ਜੋ ਅਸੀਂ ਜੰਗਲ ਦੇ ਜੰਗਲ ਤਬਾਹ ਕਰ ਰਹੇ ਹਾਂ ਤੇ ਉਸ ਥਾਂ ’ਤੇ ਵੱਡੇ-ਵੱਡੇ ਸ਼ਹਿਰਾਂ ਦੇ ਸ਼ਹਿਰ ਵਸਾਏ ਜਾ ਰਹੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਦੇ ਨੀਂਹ ਪੱਥਰ ਰੱਖਣ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ ਪਰ ਤੇਰੀ ਇਹ ਖਾਮੋਸ਼ੀ ਮੈਨੂੰ ਬਹੁਤ ਵੱਡੇ ਖ਼ਤਰੇ ਦਾ ਅਹਿਸਾਸ ਕਰਵਾ ਰਹੀ ਹੈ, ਅਤੇ ਮੈਂ ਵੀ ਕੁੱਝ ਚਾਅ ਕੇ ਵੀ ਕੁੱਝ ਨਹੀਂ ਕਰ ਸਕਦਾ,ਇਸ ਤਰਾਂ ਕਿਉਂ?

ਅੱਜ ਜਿਵੇਂ ਸਾਡੇ ਲਾਲਚਪੁਣੇ ਨੇ ਜਿੱਥੇ ਤੇਰੀ ਹੋਂਦ ਮੁਕਾਉਣ ਦੀ ਅੱਤ ਚੁੱਕੀ ਹੋਈ ਹੈ, ਉੱਥੇ ਹੀ ਤੇਰੀ ਚੁੱਪ ਨੇ, ਤੇ ਤੇਰੀ ਦਿਨੋ ਦਿਨ ਘੱਟ ਰਹੀ ਗਿਣਤੀ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ, ਕੀ ਅਸੀਂ ਤੇਰੀ ਹੋਂਦ ਨਹੀਂ ਖ਼ੁਦ ਆਪਣੀ ਹੀ ਹੋਂਦ ਖ਼ਤਮ ਕਰਨ ’ਤੇ ਤੁਲੇ ਹੋਏ ਹਾਂ। ਜੇਕਰ ਇਸ ਧਰਤੀ ’ਤੇ ਤੇਰਾ ਹੀ ਵਜ਼ੂਦ ਨਾ ਰਿਹਾ ਤਾਂ ਮਨੁੱਖਤਾ ਦਾ ਵੀ ਕੋਈ ਵਜ਼ੂਦ ਨਹੀਂ ਰਹੇਗਾ। ਤੁਸੀਂ ਪੂਰੀ ਕੁਦਰਤ ਹੋ, ਜੇਕਰ ਸਾਰੇ ਪਸ਼ੂ ਪੰਛੀ ਚਹਿਕਦੇ ਹਨ, ਗੀਤ ਗਾਉਂਦੇ ਹਨ, ਉਹ ਸਾਰੇ ਤੇਰੇ ਕਰਕੇ ਹੀ। ਪਰ ਅੱਜ ਦਾ ਇਨਸਾਨ ,ਇਨਸਾਨ ਨਹੀਂ ਰਿਹਾ ਉਹ ਇੱਕ ਦਾਨਵ ਬਣਦਾ ਜਾ ਰਿਹਾ ਹੈ। ਇਹ ਇਨਸਾਨ ਨਹੀਂ ਸੋਚ ਰਿਹਾ ਕੀ ਤੇਰੀਆਂ ਹੀ ਮਜ਼ਬੂਤ ਜੜਾਂ ਧਰਤੀ ਨੂੰ ਮਜ਼ਬੂਤੀ ਦੇਂਦੀਆਂ ਹਨ ਤੇ ਧਰਤੀ ਇਨਸਾਨ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।

ਪਰ ਇਹ ਲਾਲਚੀ ਇਨਸਾਨ ਆਪਣੀਆਂ ਹੀ ਜੜ੍ਹਾਂ ਨੂੰ ਕਮਜ਼ੋਰ ਕਰਨ ਵਿੱਚ ਲੱਗਾ ਹੋਇਆ ਹੈ ਪਰ ਮੈਂ ਤਾਂ ਤੇਰੇ ਸਿੱਦਕ ਤੋਂ ਹੈਰਾਨ ਹਾਂ ਕੀ ਤੂੰ ਜਿਊਂਦਾ ਵੀ ਇਨਸਾਨ ਦੇ ਕੰਮ ਆਉਂਦਾ, ਮਰਨ ਉਪਰੰਤ ਵੀ ਇਨਸਾਨ ਦੇ ਕੰਮ ਆਉਂਦਾ ਏ। ਤੇਰੀ ਏਸ ਕੁਰਬਾਨੀ ਤੇ ਮਹਾਦੇਣ ਨੂੰ ਅੱਜ ਦਾ ਇਨਸਾਨ ਕਿਉਂ ਅੱਖਾਂ ਤੋਂ ਓਹਲੇ ਕਰ ਰਿਹਾ ਹੈ। ਇਹ ਇਸਦੀ ਅਣਦੇਖੀ ਪੂਰੀ ਲੁਕਾਈ ਨੂੰ ਖ਼ਤਰੇ ਵਿੱਚ ਪਾ ਰਹੀ ਹੈ।

ਇਸ ਦੁਨੀਆਂ ਦੀ ਹੋਂਦ ਮਿਟਾਉਣ ਲਈ ਸਰਕਾਰਾਂ ਤੋਂ ਲੈਕੇ ਜੰਮਦਾ ਬੱਚਾ ਵੀ ਦੋਸ਼ੀਆਂ ਦੀ ਕਿਤਾਰ ਵਿੱਚ ਖੜ੍ਹਾ ਹੋ ਰਿਹਾ ਹੈ। ਉਹ ਇਸ ਲਈ ਜੋ ਬੋਲ ਨਹੀਂ ਰਿਹਾ, ਕੀ ਤੇਰੇ ਨਾਲ ਹੀ ਕੁਦਰਤ ਹੈ ਤੇ ਤੂੰ ਹੀ ਕੁਦਰਤ ਹੈ। ਪਿਆਰੇ ਦੋਸਤ ਧਰਤੀ ਨੂੰ ਅਤੇ ਇਨਸਾਨੀਅਤ ਨੂੰ ਬਚਾਉਣਾ ਤੁਹਾਡਾ ਫਰਜ਼ ਹੈ ਪਰ ਅੱਜ ਦਾ ਮਨੁੱਖ ਕਿਉਂ ਨਹੀਂ ਸੁਚੇਤ ਹੋ ਰਿਹਾ। ਮੈਨੂੰ ਇਹੋ ਗੱਲ ਪ੍ਰੇਸ਼ਾਨ ਕਰ ਰਹੀ ਹੈ।

ਚੰਗਾ ਮੇਰੇ ਦੋਸਤ ਰੁੱਖ, ਹੁਣ ਮੈਂ ਤੇਰੇ ਤੋਂ ਅਲਵਿਦਾ ਲੈਂਦਾ ਹਾਂ ਤੇ ਦੁਆਂ ਕਰਦਾ ਹਾਂ, ਕੀ ਦੇਰ ਨਾਲ ਹੀ ਸਹੀ ਇਸ ਲਾਲਚੀ ਤੇ ਕਾਰੋਬਾਰੀ ਇਨਸਾਨ ਨੂੰ ਤੇਰੀ ਤੇ ਕੁਦਰਤ ਵਾਰੇ ਸਮਝ ਆ ਜਾਵੇ।

ਐਨਾ ਕੁੱਝ ਲਿਖਦਾ ਹੋਇਆ... ਲਾਲਚੀ ਮਨੁੱਖਾਂ ’ਚੋਂ ਇੱਕ ਮਨੁੱਖ ਮੈਂ ਵੀ ਤੇਰਾ.....

 


rajwinder kaur

Content Editor

Related News