ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ: ਕਰੀਬ 218 ਮਿਲੀਅਨ ਬੱਚੇ ਮਜ਼ਦੂਰ ਦੇ ਰੂਪ ''ਚ ਕਰਦੇ ਨੇ ਕੰਮ

06/12/2023 1:59:53 PM

ਜਲੰਧਰ - ਬਾਲ ਮਜ਼ਦੂਰੀ ਇੱਕ ਵਿਸ਼ਵਵਿਆਪੀ ਸਮੱਸਿਆ ਹੈ ਅਤੇ ਇਹ ਭਾਰਤ ਵਿੱਚ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ। ਇਹ ਇੱਕ ਬੱਚੇ ਨੂੰ ਉਸਦੇ ਵਿਕਾਸ ਦੇ ਹਰ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਭਾਰਤ ਹੀ ਨਹੀਂ ਸਗੋਂ ਜ਼ਿਆਦਾਤਰ ਵਿਕਾਸਸ਼ੀਲ ਦੇਸ਼ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਬਾਲ ਮਜ਼ਦੂਰੀ ਦੇ ਕੁਝ ਮੁੱਖ ਕਾਰਨ ਗਰੀਬੀ, ਮਾਪਿਆਂ ਦੀ ਬੇਰੁਜ਼ਗਾਰੀ, ਮੁਫ਼ਤ ਅਤੇ ਲਾਜ਼ਮੀ ਸਿੱਖਿਆ ਬਾਰੇ ਜਾਣੂ ਨਾ ਹੋਣਾ ਆਦਿ ਹਨ। ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰ ਦੁਆਰਾ ਬਹੁਤ ਸਾਰੇ ਕਾਨੂੰਨ ਬਣਾਏ ਗਏ ਅਤੇ ਕਈ ਸੰਧੀਆਂ, ਸਮਝੌਤੇ ਕੀਤੇ ਗਏ ਹਨ ਪਰ ਫਿਰ ਵੀ ਬਾਲ ਮਜ਼ਦੂਰੀ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਿਆ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੁਆਰਾ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਹਰ ਸਾਲ 12 ਜੂਨ ਨੂੰ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 

ਬਾਲ ਮਜ਼ਦੂਰੀ ਵਿਰੋਧੀ ਦਿਵਸ ਦੀ ਸ਼ੁਰੂਆਤ
ਬਾਲ ਮਜ਼ਦੂਰੀ ਵਿਰੋਧੀ ਦਿਵਸ ਦੀ ਸ਼ੁਰੂਆਤ ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਸਾਲ 2002 ਵਿੱਚ ਕੀਤੀ ਗਈ। ਇਸਦਾ ਮੁੱਖ ਟੀਚਾ ਲੋਕਾਂ ਨੂੰ ਇੱਕਜੁੱਟ ਹੋਕੇ ਬਾਲ ਮਜ਼ਦੂਰੀ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕਰਨਾ ਹੈ। ਬਚਪਨ ਜ਼ਿੰਦਗੀ ਦਾ ਸਭ ਤੋਂ ਸੋਹਣਾ ਅਤੇ ਯਾਦਗਾਰ ਸਫ਼ਰ ਹੁੰਦਾ ਹੈ। ਵਿਕਾਸਸ਼ੀਲ ਦੇਸ਼ਾਂ ਦੇ ਬਹੁਤੇ ਬੱਚੇ ਅਜਿਹੇ ਬਚਪਨ ਨੂੰ ਤਰਸਦੇ ਰਹਿ ਜਾਂਦੇ ਹਨ। ਉਨ੍ਹਾਂ ਦਾ ਬਚਪਨ ਇੱਕ ਸ਼ਰਾਪ ਬਣਕੇ ਰਹਿ ਜਾਂਦਾ ਹੈ। ਭਾਰਤ ਸਮੇਤ ਲਗਭੱਗ ਸਾਰੇ ਵਿਕਾਸਸ਼ੀਲ ਦੇਸ਼ ਅਤੇ ਇੱਥੋਂ ਤੱਕ ਕਿ ਕਈ ਵਿਕਸਿਤ ਦੇਸ਼ਾਂ ਵਿੱਚ ਬਾਲ ਮਜ਼ਦੂਰ ਦੇਖਣ ਨੂੰ ਮਿਲਦੇ ਹਨ। ਚਾਹ ਵਾਲੇ ਦੀ ਦੁਕਾਨ ਹੋਵੇ ਜਾਂ ਕੋਈ ਹੋਟਲ, ਦੁਕਾਨ, ਖੇਤੀਬਾੜੀ, ਇੱਟਾਂ ਦਾ ਭੱਠਾ ਆਦਿ ਵਿੱਚ ਬਾਲ ਮਜ਼ਦੂਰਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਚੂੜੀਆਂ ਬਣਾਉਣ, ਪਟਾਖੇ ਬਣਾਉਣ, ਕਾਰਪੈਟ ਬਣਾਉਣ ਅਤੇ ਹੋਰ ਖ਼ਤਰਨਾਕ ਕੰਮਾਂ ਵਿੱਚ ਬਾਲ ਮਜ਼ਦੂਰ ਸ਼ਾਮਲ ਹੁੰਦੇ ਹਨ। ਘੱਟ ਪੈਸਿਆਂ ਵਿੱਚ ਇਹ ਬੱਚੇ ਵੱਡੇ ਮਜਦੂਰਾਂ ਨਾਲੋਂ ਜ਼ਿਆਦਾ ਕੰਮ ਕਰਦੇ ਹਨ ਅਤੇ ਕਦੇ ਵਿਰੋਧ ਵੀ ਨਹੀਂ ਕਰਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਕਾਰਖਾਨਿਆਂ ਦੇ ਮਾਲਿਕ ਬੱਚਿਆਂ ਦਾ ਸ਼ੋਸਣ ਕਰਦੇ ਹਨ। ਬਾਲ ਮਜ਼ਦੂਰੀ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ।

ਕਰੀਬ 218 ਮਿਲੀਅਨ ਬੱਚੇ ਮਜ਼ਦੂਰ ਦੇ ਰੂਪ ਵਿੱਚ ਕਰਦੇ ਨੇ ਕੰਮ 
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਕਰੀਬ 218 ਮਿਲੀਅਨ ਬੱਚੇ ਮਜ਼ਦੂਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਹਨਾਂ ਵਿੱਚੋਂ 152 ਮਿਲੀਅਨ ਬੱਚਿਆਂ ਦੀ ਉਮਰ 05 ਤੋਂ 14 ਸਾਲ ਤੱਕ ਦੀ ਹੈ ਅਤੇ ਕਰੀਬ 73 ਮਿਲੀਅਨ ਬੱਚੇ ਖ਼ਤਰਨਾਕ ਕੰਮ ਕਰਦੇ ਹਨ। ਸਾਲ 2001 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੁੱਲ ਬਾਲ ਆਬਾਦੀ 25.2 ਕਰੋੜ ਦੇ ਮੁਕਾਬਲੇ 5-14 ਸਾਲ ਦੀ ਉਮਰ ਦੇ 1.26 ਕਰੋੜ ਬੱਚੇ ਹਨ। ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਦੁਆਰਾ 2004-05 ਵਿੱਚ ਕਰਵਾਏ ਗਏ ਸਰਵੇਖਣ ਅਨੁਸਾਰ ਕੰਮ ਕਰਨ ਵਾਲੇ ਬੱਚਿਆਂ ਦੀ ਗਿਣਤੀ 90.75 ਲੱਖ ਹੋਣ ਦਾ ਅਨੁਮਾਨ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ 05-14 ਸਾਲ ਦੀ ਉਮਰ ਸਮੂਹ ਵਿੱਚ ਕੰਮ ਕਰਨ ਵਾਲੇ ਬੱਚਿਆਂ ਦੀ ਗਿਣਤੀ  ਘੱਟ ਕੇ 43.53 ਲੱਖ ਰਹਿ ਗਈ ਹੈ। ਇਹ ਦਰਸਾਉਂਦਾ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਲੋੜੀਂਦਾ ਫਲ ਮਿਲਿਆ ਹੈ। ਸਾਲ 1979 ਵਿੱਚ ਸਰਕਾਰ ਨੇ ਬਾਲ ਮਜ਼ਦੂਰੀ ਦੇ ਮੁੱਦੇ ਦਾ ਅਧਿਐਨ ਕਰਨ ਅਤੇ ਇਸ ਨਾਲ ਨਜਿੱਠਣ ਲਈ ਉਪਾਅ ਸੁਝਾਉਣ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਨੇ ਇਸ ਸਮੱਸਿਆ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਕੁੱਝ ਸਿਫ਼ਾਰਸ਼ਾਂ ਕੀਤੀਆਂ ਸਨ। 

ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ 1986 
ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ 1986 ਵਿੱਚ ਲਾਗੂ ਕੀਤਾ ਗਿਆ ਸੀ। ਇਸ ਐਕਟ ਅਨੁਸਾਰ ਕੁਝ ਖ਼ਾਸ ਖ਼ਤਰਨਾਕ ਕਿੱਤਿਆਂ ਅਤੇ ਪ੍ਰਕਿਰਿਆਵਾਂ ਵਿੱਚ ਬੱਚਿਆਂ ਦੇ ਰੁਜ਼ਗਾਰ ਦੀ ਸਖ਼ਤ ਮਨਾਹੀ ਹੈ ਅਤੇ ਹੋਰ ਕੰਮਾਂ ਦੀਆਂ ਸਥਿਤੀਆਂ ਨੂੰ ਨਿਯੰਤ੍ਰਿਤ ਕਰਦੀ ਹੈ। 2016 ਵਿੱਚ ਇਸ ਵਿੱਚ ਸੋਧ ਕੀਤੀ ਗਈ ਹੈ। 2017 ਦੇ ਅੰਕੜਿਆਂ ਅਨੁਸਾਰ ਭਾਰਤ ਏਸ਼ੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਵਿੱਚ ਕਰੀਬ 33 ਮਿਲੀਅਨ ਬੱਚੇ ਬਾਲ ਮਜ਼ਦੂਰੀ ਦੇ ਵੱਖ-ਵੱਖ ਰੂਪਾਂ ਵਿੱਚ ਕੰਮ ਕਰਦੇ ਹਨ। ਪੇਂਡੂ ਭਾਰਤ ਵਿੱਚ ਬਾਲ ਮਜ਼ਦੂਰੀ ਕਰੀਬ 80% ਹੈ। ਭਾਰਤ ਵਿੱਚ ਬਾਲ ਮਜ਼ਦੂਰੀ ਦੇ ਭੈੜੇ ਜਾਲ ਵਿੱਚ ਪੇਂਡੂ ਭਾਰਤ ਦੇ ਬੱਚੇ ਸਭ ਤੋਂ ਵੱਧ ਕਮਜ਼ੋਰ ਹਨ। ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਬਾਲ ਮਜ਼ਦੂਰ ਕੰਮ ਕਰਦੇ ਹਨ। ਕਰੀਬ 10 ਮਿਲੀਅਨ ਬਾਲ ਮਜ਼ਦੂਰ 14 ਸਾਲ ਤੋਂ ਘੱਟ ਉਮਰ ਦੇ ਹਨ। ਸਾਲ 2021-22 ਵਿੱਚ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਅਧੀਨ ਪੰਜਾਬ ਵਿੱਚ ਸਭ ਤੋਂ ਵੱਧ 4867 ਬਾਲ ਮਜ਼ਦੂਰਾਂ ਨੂੰ ਬਚਾਇਆ ਅਤੇ ਮੁੜ ਵਸੇਬਾ ਕੀਤਾ ਗਿਆ। ਪੰਜਾਬ ਵਿੱਚ 2017-18 ਤੋਂ 2021-22 ਤੱਕ 8566 ਬਾਲ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਦੇਸ਼ ਦੇ ਵੱਖ-ਵੱਖ 18 ਰਾਜਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 2.24 ਲੱਖ ਤੋਂ ਵੱਧ ਬਾਲ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਪੰਜਾਬ ਤੋਂ ਇਲਾਵਾ ਇੱਕ ਸਾਲ ਵਿੱਚ ਤਾਮਿਲਨਾਡੂ ਤੋਂ 2586 ਬਾਲ ਮਜ਼ਦੂਰਾਂ, ਮੱਧ ਪ੍ਰਦੇਸ਼ ਤੋਂ 2237 ਅਤੇ ਮਹਾਰਾਸ਼ਟਰ ਤੋਂ 2110 ਬਾਲ ਮਜ਼ਦੂਰਾਂ ਨੂੰ ਬਚਾਇਆ ਹੈ। ਸਰਕਾਰ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਬਹੁ-ਪੱਖੀ ਰਣਨੀਤੀ ਅਪਣਾ ਰਹੀ ਹੈ। 

ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਰੈਗੂਲੇਸ਼ਨ) ਸੋਧ ਐਕਟ
ਸਰਕਾਰ ਨੇ ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਰੈਗੂਲੇਸ਼ਨ) ਸੋਧ ਐਕਟ 2016 ਲਾਗੂ ਕੀਤਾ ਹੈ, ਜੋ 1 ਸਤੰਬਰ, 2016 ਤੋਂ ਲਾਗੂ ਹੋਇਆ ਹੈ। ਬਾਲ ਮਜ਼ਦੂਰੀ ਦੇ ਮੁੜ ਵਸੇਬੇ ਲਈ ਵਿਸ਼ੇਸ਼ ਸਿੱਖਿਆ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਭਾਰਤ ਵਿੱਚ ਕੁੱਲ ਬੱਚਿਆਂ ਦੀ 3.9 ਫ਼ੀਸਦੀ ਜਨਸੰਖਿਆ ਬਾਲ ਮਜਦੂਰੀ ਵਜੋਂ ਕੰਮ ਕਰ ਰਹੀ ਹੈ ਅਤੇ ਕੁੱਲ ਮਜ਼ਦੂਰ ਸ਼ਕਤੀ ਦਾ ਕਰੀਬ 3.6 ਫ਼ੀਸਦੀ ਹਿੱਸਾ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ। ਕਰੀਬ 85 ਫ਼ੀਸਦੀ ਬਾਲ ਮਜਦੂਰ ਖੇਤੀਬਾੜੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਕਰੀਬ 9 ਫ਼ੀਸਦੀ ਉਤਪਾਦਨ, ਸੇਵਾ ਅਤੇ ਮੁਰੰਮਤ ਦੇ ਕੰਮਾਂ ਵਿੱਚ ਲੱਗੇ ਹੋਏ ਹਨ। 0.8 ਫ਼ੀਸਦੀ ਬਾਲ ਮਜ਼ਦੂਰ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ। ਪਿਛਲੇ 15 ਸਾਲਾਂ ਵਿੱਚ ਵਿਸ਼ਵ ਭਰ ਵਿੱਚ ਬਾਲ ਮਜ਼ਦੂਰੀ ਵਿੱਚ ਇੱਕ ਤਿਹਾਈ ਤੋਂ ਵੱਧ ਦੀ ਘਾਟ ਆਈ ਹੈ। ਬਾਲ ਮਜਦੂਰੀ ਬੱਚਿਆਂ ਦੀ ਭਲਾਈ ਲਈ ਇੱਕ ਗੰਭੀਰ ਚੁਣੌਤੀ ਅਤੇ ਰੁਕਾਵਟ ਬਣੀ ਹੋਈ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੀ 2017 ਦੀ ਰਿਪੋਰਟ ਅਨੁਸਾਰ ਵਿਸ਼ਵ ਭਰ ਵਿੱਚ ਬਾਲ ਮਜ਼ਦੂਰਾਂ ਦੀ ਗਿਣਤੀ 2000 ਵਿੱਚ 246 ਮਿਲੀਅਨ ਤੋਂ ਘੱਟ ਕੇ 2016 ਵਿੱਚ ਕਰੀਬ 152 ਮਿਲੀਅਨ ਰਹਿ ਗਈ ਪਰ ਅਜੇ ਵੀ ਲੱਖਾਂ ਬੱਚਿਆਂ ਦਾ ਸ਼ੋਸ਼ਣ ਸਸਤੀ ਮਜ਼ਦੂਰੀ ਲਈ ਜਾਰੀ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਅਨੁਸਾਰ 7 ਤੋਂ 17 ਸਾਲ ਦੇ 12.9 ਮਿਲੀਅਨ ਭਾਰਤੀ ਬੱਚੇ ਕੰਮ ਵਿੱਚ ਲੱਗੇ ਹੋਏ ਹਨ। ਇਹਨਾਂ ਵਿੱਚੋਂ ਬਹੁਤੇ ਬੱਚੇ 12 ਤੋਂ 17 ਸਾਲ ਦੀ ਉਮਰ ਦੇ ਹਨ, ਜੋ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਦਿਨ ਵਿੱਚ 16 ਘੰਟੇ ਕੰਮ ਕਰਦੇ ਹਨ। 05 ਤੋਂ 14 ਸਾਲ ਦੀ ਉਮਰ ਦੇ 10.1 ਮਿਲੀਅਨ ਬੱਚੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਦੇ ਹਨ। 15 ਤੋਂ 17 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਵਿੱਚੋਂ 20 ਫ਼ੀਸਦੀ ਖ਼ਤਰਨਾਕ ਉਦਯੋਗਾਂ ਅਤੇ ਨੌਕਰੀਆਂ ਵਿੱਚ ਸ਼ਾਮਲ ਹਨ। 

ਇਹਨਾਂ ਥਾਵਾਂ 'ਤੇ ਬੱਚੇ ਕਰਦੇ ਨੇ ਬਾਲ ਮਜ਼ਦੂਰੀ
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਇੱਕ ਅਧਿਐਨ ਅਨੁਸਾਰ ਵਿਸ਼ਵ ਵਿੱਚ ਬਾਲ ਮਜ਼ਦੂਰੀ ਦਾ ਬਹੁਤਾ ਹਿੱਸਾ 71 ਫ਼ੀਸਦੀ ਕਪਾਹ ਦੇ ਬਾਗਾਂ ਅਤੇ ਚੌਲਾਂ ਦੇ ਖੇਤਾਂ ਸਮੇਤ ਖੇਤੀਬਾੜੀ ਖੇਤਰ ਵਿੱਚ, ਲਗਭਗ 17 ਫ਼ੀਸਦੀ ਸੇਵਾ ਸਟਾਫ ਵਜੋਂ ਮੁੱਖ ਤੌਰ 'ਤੇ ਘਰੇਲੂ ਕਾਮਿਆਂ ਜਾਂ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਹਨ। 12 ਫ਼ੀਸਦੀ ਬਾਲ ਮਜ਼ਦੂਰ ਖ਼ਤਰਨਾਕ ਗਤੀਵਿਧੀਆਂ ਸਮੇਤ ਉਦਯੋਗ ਖੇਤਰ ਦੀਆਂ ਨੌਕਰੀਆਂ ਵਿੱਚ ਲੱਗੇ ਹੋਏ ਹਨ। ਭਾਰਤ ਵਿੱਚ ਬਹੁਤ ਸਾਰੇ ਬਾਲ ਮਜ਼ਦੂਰ ਟੈਕਸਟਾਈਲ ਫੈਕਟਰੀਆਂ ਵਿੱਚ ਵੀ ਕੰਮ ਕਰ ਰਹੇ ਹਨ ਜਾਂ ਇੱਟਾਂ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਖੱਡਾਂ ਵਿੱਚ ਕੰਮ ਕਰ ਰਹੇ ਹਨ। ਹੋਰ ਬਾਲ ਮਜ਼ਦੂਰ ਤੰਬਾਕੂ ਉਦਯੋਗ ਲਈ ਸੜਕਾਂ ਤੇ ਸਿਗਰੇਟ ਬੀੜੀਆਂ ਵੇਚਣ ਦਾ ਕੰਮ ਕਰਦੇ ਹਨ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਤਸਕਰੀ ਦਾ ਸ਼ਿਕਾਰ ਹੁੰਦੀਆਂ ਹਨ। ਬੱਚਿਆਂ ਦਾ ਵਪਾਰਕ ਜਿਣਸੀ ਸ਼ੋਸ਼ਣ ਬਾਲ ਮਜ਼ਦੂਰੀ ਦੇ ਸਭ ਤੋਂ ਭੈੜੇ ਰੂਪਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਲੱਗਭੱਗ 1.2 ਮਿਲੀਅਨ ਬੱਚੇ ਵੇਸਵਾਗਮਨੀ ਦੇ ਧੰਦੇ ਵਿੱਚ ਸ਼ਾਮਲ ਹਨ। ਭਾਰਤ ਵਿੱਚ ਆਏ ਆਰਥਿਕ ਉਛਾਲ ਦੇ ਬਾਵਜੂਦ ਇੱਕ ਤਿਹਾਈ ਤੋਂ ਵੱਧ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਘੱਟ ਸਿੱਖਿਆ ਵਾਲੇ ਪੇਂਡੂ ਖੇਤਰਾਂ ਦੇ ਲੋਕ ਅਕਸਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਰੱਖਣ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਿੱਚ ਮਦਦ ਕਰਨ ਲਈ ਕੰਮ ਤੇ ਲਗਾਉਣ ਲਈ ਮਜਬੂਰ ਹਨ। ਬਹੁਤ ਸਾਰੇ ਪਰਿਵਾਰਾਂ ਦੀ ਮਾੜੀ ਆਰਥਿਕ ਹਾਲਤ ਕਾਰਨ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਦੁਆਰਾ ਬਾਲ ਤਸਕਰਾਂ ਨੂੰ ਵੇਚ ਦਿੱਤਾ ਜਾਂਦਾ ਹੈ। ਭਾਰਤ ਵਿੱਚ ਜ਼ਿਆਦਾ ਤਸਕਰੀ ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ, ਉਤਰ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਪੱਛਮੀ ਬੰਗਾਲ ਤੋਂ ਹੁੰਦੀ ਹੈ। 

ਵੱਖ-ਵੱਖ ਦੇਸ਼ਾਂ ਵਿੱਚ ਹੁੰਦੀ ਹੈ ਬਾਲ ਮਜ਼ਦੂਰੀ
ਸਾਲ 2011 ਦੀ ਜਨਗਣਨਾ ਅਨੁਸਾਰ ਉਤੱਰ ਪ੍ਰਦੇਸ਼ ਵਿੱਚ ਲੱਗਭੱਗ 2.18 ਮਿਲੀਅਨ, ਬਿਹਾਰ ਵਿੱਚ ਲੱਗਭੱਗ 1.09 ਮਿਲੀਅਨ, ਰਾਜਸਥਾਨ ਵਿੱਚ ਲੱਗਭੱਗ 0.85 ਮਿਲੀਅਨ, ਮਹਾਰਾਸ਼ਟਰ ਵਿੱਚ ਲੱਗਭੱਗ 0.73 ਮਿਲੀਅਨ, ਮੱਧ ਪ੍ਰਦੇਸ਼ ਵਿੱਚ ਲੱਗਭੱਗ 0.73 ਮਿਲੀਅਨ ਵਿੱਚ ਲੱਗਭੱਗ 0.70 ਮਿਲੀਅਨ, ਪੰਜਾਬ ਵਿੱਚ 90353, ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 3135, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 26473 ਬਾਲ ਮਜ਼ਦੂਰ ਵੱਖ ਵੱਖ ਕੰਮ ਕਰਦੇ ਹਨ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਾਰਨ ਗਰੀਬੀ, ਬੇਰੁਜ਼ਗਾਰੀ ਅਤੇ ਜਿਆਦਾ ਜਨਸੰਖਿਆ ਹੈ। ਉਤੱਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ ਤੇ ਅਸਾਮ ਵਰਗੇ ਸੂਬਿਆਂ ਦੇ ਪਿੰਡਾਂ ਵਿੱਚ ਫੈਲੀ ਗਰੀਬੀ ਤੇ ਬੇਰੁਜ਼ਗਾਰੀ ਕਰਕੇ ਲੋਕ ਆਪਣੇ ਬੱਚਿਆਂ ਨੂੰ ਦਿੱਲੀ, ਮੁੰਬਈ, ਪੰਜਾਬ ਹੋਰ ਰਾਜਾਂ ਵਿੱਚ ਮਜ਼ਦੂਰੀ  ਕਰਨ ਲਈ ਭੇਜ ਦਿੰਦੇ ਹਨ। ਗਰੀਬੀ, ਮਜ਼ਬੂਰੀ ਅਤੇ ਮਾਤਾ-ਪਿਤਾ ਵੱਲੋਂ ਦਬਾਅ ਬਣਾਏ ਜਾਣ ਕਰਕੇ ਇਹ ਬੱਚੇ ਬਾਲ ਮਜ਼ਦੂਰੀ ਦੀ ਦਲਦਲ ਵਿੱਚ ਫਸ ਜਾਂਦੇ ਹਨ। ਹਰ ਸਾਲ ਵੱਡੀ ਗਿਣਤੀ ਵਿੱਚ ਬੱਚੇ ਖ੍ਰੀਦੇ-ਵੇਚੇ ਜਾਂਦੇ ਹਨ ਅਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਏ ਜਾਂਦੇ ਹਨ। ਕੋਵਿਡ-19 ਸਬੰਧੀ ਹੋਏ ਤਾਲਾਬੰਦੀ ਦੌਰਾਨ ਭਾਰਤ ਦੇ ਵੱਡੇ ਸ਼ਹਿਰਾਂ ਤੋਂ ਪਿੰਡਾਂ ਵੱਲ ਵਾਪਸ ਜਾਣ ਵਾਲੇ ਪ੍ਰਵਾਸੀ ਮਜਦੂਰਾਂ ਵਿੱਚ ਬੱਚਿਆਂ ਦੀ ਵੱਡੀ ਗਿਣਤੀ ਇਹ ਸਾਬਤ ਕਰਦੀ ਹੈ ਕਿ ਸਰਕਾਰਾਂ ਦੇ ਦਾਅਵਿਆਂ ਦੇ ਬਾਬਜੂਦ ਬੱਚੇ ਮਜਦੂਰੀ ਕਰਦੇ ਹਨ। ਗਰੀਬੀ ਅਤੇ ਬਾਲ ਮਜ਼ਦੂਰੀ ਦੇ ਚੱਕਰ ਨੂੰ ਤੋੜਨ ਲਈ ਸਿੱਖਿਆ ਤੱਕ ਪਹੁੰਚ ਵੀ ਬਹੁਤ ਜ਼ਰੂਰੀ ਹੈ। ਬੇਸ਼ੱਕ ਭਾਰਤ ਵਿੱਚ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਸਿੱਖਿਆ ਲਾਜ਼ਮੀ ਅਤੇ ਮੁਫ਼ਤ ਹੈ ਪਰ ਗਰੀਬੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨਾਲੋਂ ਕੰਮ ਤੇ ਭੇਜਣ ਲਈ ਮਜਬੂਰ ਕਰਦੀ ਹੈ। ਨਤੀਜੇ ਵਜੋਂ ਬਹੁਤੇ ਬੱਚੇ ਸਕੂਲ ਤੋਂ ਬਾਹਰ ਰਹਿ ਜਾਂਦੇ ਹਨ। ਰਾਇਲ ਕਮਿਸ਼ਨ ਆਨ ਲੇਬਰ ਇਨ ਇੰਡੀਆ ਨੇ ਇੰਡੀਅਨ ਫੈਕਟਰੀਜ਼ ਐਕਟ ਵਿੱਚ ਸੋਧ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਅਤੇ ਇਹਨਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਅਤੇ ਫੈਕਟਰੀਆਂ ਵਿੱਚ ਮਜ਼ਦੂਰਾਂ ਨੂੰ ਨਿਯਮਤ ਕਰਨ ਵਾਲੇ ਕਾਨੂੰਨ ਨੂੰ ਮਜ਼ਬੂਤ ਕਰਨ ਅਤੇ ਸੋਧਣ ਲਈ ਭਾਰਤ ਸਰਕਾਰ ਨੇ ਇੱਕ ਖਰੜਾ ਬਿੱਲ ਪ੍ਰਸਾਰਿਤ ਕੀਤਾ ਹੈ। ਭਾਰਤ ਵਿੱਚ ਬਾਲ ਮਜ਼ਦੂਰੀ ਦੀ ਵਧਦੀ ਸਮੱਸਿਆ ਨੂੰ ਸਮਝਦੇ ਹੋਏ ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ 1986 ਪਾਸ ਕੀਤਾ ਗਿਆ।

ਬੱਚਿਆਂ ਦਾ ਭਵਿੱਖ ਸੁਰਖਿੱਅਤ ਅਤੇ ਤੰਦਰੁਸਤ ਹੋਣਾ ਜ਼ਰੂਰੀ
ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਬੱਚਿਆਂ ਦਾ ਭਵਿੱਖ ਸੁਰਖਿੱਅਤ ਅਤੇ ਤੰਦਰੁਸਤ ਹੋਣਾ ਜਰੂਰੀ ਹੈ। ਬਾਲ ਮਜ਼ਦੂਰੀ ਇੱਕ ਵਿਸ਼ਵਵਿਆਪੀ ਸਮੱਸਿਆ ਹੈ, ਜਿਸਦਾ ਵਿਸ਼ਵਵਿਆਪੀ ਠੋਸ ਹੱਲ ਦੀ ਲੋੜ ਹੈ। ਭਾਰਤ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਸਥਾਨਕ ਅਧਿਕਾਰੀ, ਅਧਿਆਪਕ, ਰੁਜ਼ਗਾਰਦਾਤਾ, ਮਾਪੇ ਅਤੇ ਬਾਲ ਮਜ਼ਦੂਰੀ ਮੁਕਤ ਜ਼ੋਨਾਂ ਵਿੱਚ ਬੱਚਿਆਂ ਨੂੰ ਕੰਮ ਤੋਂ ਬਾਹਰ ਅਤੇ ਸਕੂਲ ਵਿੱਚ ਲਿਆਉਣ ਲਈ ਇਕੱਠੇ ਕੰਮ ਕਰਦੇ ਹਨ। ਉਹ ਮੰਨਦੇ ਹਨ ਕਿ ਕੋਈ ਵੀ ਬੱਚਾ ਕੰਮ ਵਿੱਚ ਨਹੀਂ ਲੱਗਿਆ ਹੋਣਾ ਚਾਹੀਦਾ ਅਤੇ ਹਰ ਬੱਚਾ ਸਕੂਲ ਵਿੱਚ ਹੋਣਾ ਚਾਹੀਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਬਾਲ ਮਜ਼ਦੂਰਾਂ ਦੇ ਮਾਪਿਆਂ ਨੂੰ ਰੁਜ਼ਗਾਰ ਦੇ ਕੇ ਗਰੀਬੀ ਦੇ ਖਾਤਮੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਨੂੰ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਪਾਲਣ ਪੋਸ਼ਣ ਲਈ ਲੋੜੀਂਦੇ ਫੰਡ ਅਲਾਟ ਕਰਨੇ ਚਾਹੀਦੇ ਹਨ। ਬਾਲ ਮਜ਼ਦੂਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਸਮਾਜਿਕ ਨਿਆਂ ਅਤੇ ਬਾਲ ਮਜ਼ਦੂਰੀ ਵਿਚਕਾਰ ਸਬੰਧ ਤੇ ਜ਼ੋਰ ਦਿੰਦੇ ਹੋਏ 2023 ਵਿੱਚ ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ ਦਾ ਨਾਅਰਾ ‘‘ਸਭ ਲਈ ਸਮਾਜਿਕ ਨਿਆਂ-ਬਾਲ ਮਜਦੂਰੀ ਦਾ ਖਾਤਮਾ’’ ਹੈ। ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਤੇ ਅੰਤਰਰਾਸ਼ਟਰੀ ਮਜ਼ਦੂਰ ਸੰਮੇਲਨ ਦੇ 111ਵੇਂ ਸੈਸ਼ਨ ਦੌਰਾਨ ਆਈ ਐਲ ਓ ਦੁਆਰਾ ਇੱਕ ਉੱਚ-ਪੱਧਰੀ ਸਾਈਡ ਈਵੈਂਟ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਵਿੱਚ ਵੀ ਹਰ ਸਾਲ ਵਾਂਗ ਭਾਸ਼ਣ ਹੋਣਗੇ ਅਤੇ ਬੱਚਿਆਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਐਲਾਨ ਹੋਵੇਗਾ ਪਰ ਜਰੂਰਤ ਹੈ ਇਨਾਂ ਯੋਜਨਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਬਣੇ ਕਨੂੰਨਾ ਦੀ ਸੱਖਤੀ ਨਾਲ ਪਾਲਣਾ ਕੀਤੀ ਜਾਵੇ ਨਹੀਂ ਤਾਂ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਇੱਕ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ। 

ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ
9417563054

 

rajwinder kaur

This news is Content Editor rajwinder kaur