ਆਲਮੀ ਬਾਲ ਮਜ਼ਦੂਰੀ ਨਿਖ਼ੇਧੀ ਦਿਹਾੜੇ 'ਤੇ ਕਹਾਣੀ : ਫ਼ਰਿਸ਼ਤੇ

06/12/2020 6:07:21 PM

ਡੀ.ਐੱਸ. ਪੀ ਪਰਮਜੀਤ ਸਿੰਘ ਆਪਣੇ ਦਫਤਰ ਆ ਰਿਹਾ ਸੀ। ਰਸਤੇ ਵਿੱਚ ਹੀ ਉਸਨੂੰ ਫੋਨ ਆਇਆ ਕਿ ਸਾਹਿਬ ਜੀ ਕੁਝ ਪ੍ਰਵਾਸੀ ਲੋਕ ਆਪ ਜੀ ਨੂੰ ਮਿਲਣ ਵਾਸਤੇ ਆਏ ਹਨ। ਹਾਂ-ਹਾਂ ਤੁਸੀਂ ਉਨ੍ਹਾਂ ਨੂੰ ਬਿਠਾਉ ਮੈਂ ਰਸਤੇ ਵਿੱਚ ਈ ਆਂ, ਬੱਸ ਆ ਗਿਆ। ਡੀ.ਐੱਸ. ਪੀ ਪਰਮਜੀਤ ਸਿੰਘ ਨੇ ਫੋਨ ਦਾ ਜਵਾਬ ਦਿੱਤਾ। ਦਫਤਰ ਦੇ ਬੂਹੇ ਅੱਗੇ ਬੜੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਲੋਕ, ਜਿੰਨਾਂ ਵਿੱਚ ਕੁਝ ਪ੍ਰਵਾਸੀ ਵੀ ਸਨ ਅਤੇ ਮੀਡੀਆ ਵੀ ਪਹੁੰਚਿਆ ਹੋਇਆ ਸੀ। 

ਪਰਮਜੀਤ ਸਿੰਘ ਆਪਣੀ ਗੱਡੀ ’ਚੋਂ ਉਤਰੇ ਅਤੇ ਆਪਣੇ ਦਫਤਰ ਵੱਲ ਨੂੰ ਜਾ ਹੀ ਰਹੇ ਸੀ ਕਿ ਅਚਾਨਕ ਸਾਰੇ ਪ੍ਰਵਾਸੀ ਲੋਕ ਪਰਮਜੀਤ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਖਲੋ ਗਏ ਅਤੇ ਉਹਨੂੰ ਵਿੱਚੋਂ ਇੱਕ ਔਰਤ ਹੱਥ ਜੋੜ ਕੇ ਆਖਣ ਲੱਗੀ...ਸਾਹਿਬ ਕਹਾਂ ਹੈ ਮੇਰਾ ਬੇਟਾ, ਮੁਝੇ ਜਲਦੀ ਉਸੇ ਮਿਲਾ ਦੋ, ਆਖੇਂ ਤਰਸ ਗਈਂ ਐਂ...ਉਸੇ ਦੇਖਨੇ ਕੇ ਲੀਏ, ਪੂਰੇ ਸਾਤ ਸਾਲ ਹੋ ਗਏ ਹੈਂ ਉਸੇ ਦੇਖਾ ਨਹੀਂ ਏਂ।

ਸਾਹਿਬ ਆਪ ਹੀ ਮੇਰੇ ਭਗਵਾਨ ਹੈਂ। ਇੰਨਾ ਕਹਿੰਦਿਆਂ ਹੀ ਉਹ ਔਰਤ ਪਰਮਜੀਤ ਦੇ ਪੈਰ ਫੜ੍ਹ ਕੇ ਬੈਠ ਗਈ। ਪਰਮਜੀਤ ਨੇ ਉਸਨੂੰ ਮੋਢਿਆਂ ਤੋਂ ਫੜ ਕੇ ਉਠਾਇਆ ਅਤੇ ਪੁੱਛਿਆ, ਆਪ ਕੇ ਬੇਟੇ ਕਾ ਨਾਮ ਨੰਦਨ ਹੈ? ਰੋਂਦੀ ਹੋਈ ਔਰਤ ਨੇ ਹਾਂ ਵਿੱਚ ਸਿਰ ਹਿਲਾਇਆ, ਆਪ ਕੇ ਪਤੀ ਕਾ ਨਾਮ ਕਿਸ਼ਨ ਹੈ, ਔਰਤ ਨੇ ਅੱਖਾਂ ਪੂੰਝਦੇ ਹੋਏ ਕਿਹਾ,ਹਾਂ ਸਾਹਿਬ। ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਸੰਤਰੀ ਨੂੰ ਆਵਾਜ਼ ਮਾਰੀ ਅਤੇ ਕਿਹਾ, ਓ ਜਿਹੜਾ ਮੁੰਡਾ ਮੈਂ ਪਰਸੋਂ ਦਾ ਲਿਆਂਦਾ ਏ ਨਾ, ਉਹਨੂੰ ਮੇਰੇ ਦਫਤਰ ਲਿਆ, ਜੀ ਸਰ, ਕਹਿ ਕੇ ਸੰਤਰੀ ਅੰਦਰ ਮੁੰਡੇ ਨੂੰ ਲੈਣ ਲਈ ਚਲਾ ਗਿਆ। ਪਰਮਜੀਤ ਸਿੰਘ ਨੇ ਸਾਹਮਣੇ ਚਾਹ ਵਾਲੇ ਨੂੰ ਆਵਾਜ਼ ਮਾਰੀ ਅਤੇ ਕਿਹਾ, ਇਨ੍ਹਾਂ ਸਾਰਿਆਂ ਨੂੰ ਚਾਹ ਪਿਆ ਤੇ ਨਾਲੇ ਕੁਝ ਖਾਣ ਨੂੰ ਦੇਹ, ਬੜੀ ਦੂਰੋਂ ਆਏ ਨੇ ਵਿਚਾਰੇ। 

ਭਾਈ ਸਾਹਿਬ ਆਪ ਸਭੀ ਚਾਏ ਪੀ ਕਰ ਮੇਰੇ ਦਫਤਰ ਮੈਂ ਜਲਦੀ ਆ ਜਾਣਾ। ਪਰਮਜੀਤ ਸਿੰਘ ਇੰਨੀ ਕਹਿ ਕੇ ਤੁਰਨ ਹੀ ਲੱਗਾ ਸੀ ਕਿ ਮੀਡੀਆ ਵਾਲਿਆਂ ਨੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਮਾਈਕ ਅੱਗੇ ਕਰਕੇ ਕਿਹਾ ਸਾਹਿਬ ਜੀ ਕੁਝ ਜਰੂਰੀ ਸਵਾਲ ਨੇ , ਤੁਹਾਡੇ ਸਵਾਲਾਂ ਦਾ ਜਵਾਬ ਅਤੇ ਜੋ ਵੀ ਤੁਸੀਂ ਪੁੱਛਣਾ ਏਂ ਇਨ੍ਹਾਂ ਦੇ ਨਾਲ ਮੇਰੇ ਦਫਤਰ ਆ ਜਾਉ ਨਾਲੇ ਲੜਕਾ ਵੀ ਆ ਜਾਊਗਾ, ਉਥੇ ਬੈਠ ਕੇ ਸਭ ਵਿਸਥਾਰ ਨਾਲ ਦੱਸਾਂਗਾ, ਇੰਨਾਂ ਕਹਿ ਕੇ ਪਰਮਜੀਤ ਸਿੰਘ ਆਪਣੇ ਦਫਤਰ ਨੂੰ ਰਵਾਨਾ ਹੋ ਗਿਆ। ਸੰਤਰੀ ਨੇ ਲੜਕੇ ਨੂੰ ਲਿਆ ਕੇ ਪਰਮਜੀਤ ਸਿੰਘ ਦੇ ਸਾਹਮਣੇ ਕੁਰਸੀ ’ਤੇ ਬਿਠਾ ਦਿੱਤਾ। 

ਨੰਦਨ, ਆਪ ਆਪਣੀ ਮੰਮੀ ਔਰ ਡੈਡੀ ਕੋ ਪਹਿਚਾਨ ਲੋਗੇ, ਪਰਮਜੀਤ ਸਿੰਘ ਨੇ ਪੁੱਛਿਆ 

...ਹਾਂ ਸਾਹਿਬ ਮੈਂ ਪਹਿਚਾਨ ਲੂੰਗਾ, ਕਹਾਂ ਹੈਂ ਵੋ, ਉਸ ਲੜਕੇ ਨੰਦਨ ਨੇ ਪੁੱਛਿਆ, ਵੋ ਦੇਖੋ ਆ ਰਹੇਂ ਹੈਂ ਪਰਮਜੀਤ ਨੇ ਖਿੜਕੀ ’ਚੋਂ ਇਸ਼ਾਰਾ ਕਰਦੇ ਹੋਏ ਕਿਹਾ, ਨੰਦਨ ਨੇ ਖਿੜਕੀ ’ਚੋਂ ਆਉਂਦੀ ਆਪਣੀ ਮਾਂ ਨੂੰ ਜਦੋਂ ਦੇਖਿਆ ਤਾਂ ਉਸ ਦੀਆਂ ਅੱਖਾਂ ਇੱਕ ਦਮ ਚਮਕ ਗਈਆਂ ਅਤੇ ਚਿਹਰਾ ਖਿੜ ਗਿਆ। ਮਾਂ ਨੇ ਅੰਦਰ ਆਉਂਦਿਆਂ ਈਂ ਜੋਰ ਦੀ ਚਿਲ੍ਹਾ ਕੇ ਕਿਹਾ, ਨੰਦਨ ਮੇਰੇ ਲਾਲ, ਕਹਿੰਦਿਆਂ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਤੂੰ ਕਹਾਂ ਚਲਾ ਗਯਾ ਥਾ ਮੇਰੇ ਲਾਲ, ਆਪਣੀ ਮਾਂ ਕੋ ਛੋੜ ਕੇ, ਅੱਜ ਮਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਪ੍ਰਨਾਲੇ ਚੱਲ ਪਏ ਸਨ। 

ਮਾਂ ਆਪਣੇ ਲਾਲ ਦੇ ਮੂੰਹ ਨੂੰ ਵਾਰ ਵਾਰ ਚੁੰਮੀ ਜਾ ਰਹੀ ਸੀ। ਕੋਲ ਖੜ੍ਹੇ ਮੀਡੀਆ ਵਾਲੇ ਅਤੇ ਨੰਦਨ ਦੇ ਮੰਮੀ ਡੈਡੀ ਨਾਲ ਆਏ ਹੋਏ ਪ੍ਰਵਾਸੀ, ਸਭਨਾਂ ਦੀਆਂ ਅੱਖਾਂ ਗਿਲੀਆਂ ਹੋ ਗਈਆਂ ਸਨ। ਡੀ. ਐੱਸ. ਪੀ ਪਰਮਜੀਤ ਸਿੰਘ ਵੀ ਆਪਣੇ ਰੁਮਾਲ ਨਾਲ ਅੱਖਾਂ ਪੂੰਝ ਰਹੇ ਸਨ ਅਤੇ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕਰ ਰਹੇ ਸਨ, ਕਿ ਚਲੋ ਰੱਬ ਨੇ ਇੱਕ ਖੋਇਆ ਹੋਇਆ ਬੇਟਾ ਆਪਣੀ ਮਾਂ ਨਾਲ ਮਿਲਾ ਦਿੱਤਾ ।

ਇੱਕ ਮੀਡੀਆ ਵਾਲੇ ਨੇ ਨੰਦਨ ਦੀ ਮਾਂ ਨੂੰ ਸਵਾਲ ਕੀਤਾ ,ਬੀਬੀ ਜੀ ਆਪ ਯੇਹ ਬਤਾਈਏ ਕਿ ਆਪਕਾ ਬੇਟਾ ਕੈਸੇ ਗੁੰਮ ਹੋ ਗਯਾ, ਬਤਾਈਏ? ਮੀਡੀਆ ਵਾਲੇ ਨੇ ਮਾਈਕ ਅੱਗੇ ਕੀਤਾ, ਨੰਦਨ ਦੀ ਮਾਂ ਨੇ ਕਿਹਾ, ਜਬ ਯੇਹ ਚਾਰ ਸਾਲ ਕਾ ਥਾ, ਤੋ ਯੇਹ ਘਰ ਕੇ ਬਾਹਰ ਖੇਲ ਰਹਾ ਥਾ, ਵਹੀਂ ਸੇ ਕੋਈ ਇਸੇ ਉਠਾ ਕੇ ਲੇ ਗਯਾ। ਮੀਡੀਆ ਵਾਲੇ ਨੇ ਡੀ. ਐੱਸ. ਪੀ. ਪਰਮਜੀਤ ਸਿੰਘ ਨੂੰ ਸਵਾਲ ਕੀਤਾ, ਸਰ ਆਪ ਸਾਨੂੰ ਦੱਸੋ ਕਿ ਇਹ ਲੜਕਾ ਤੁਹਾਨੂੰ ਕਿੱਥੋਂ ਤੇ ਕਿਵੇਂ ਮਿਲਿਆ।

ਡੀ. ਐੱਸ. ਐੱਸ. ਸਾਹਿਬ ਨੇ ਦੱਸਿਆ ਕਿ ਅਸੀਂ ਕੁਝ ਦਿਨ ਪਹਿਲਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਰਿਵਾਰ ਸਮੇਤ ਜਾ ਰਹੇ ਸੀ, ਕਿ ਰਸਤੇ ਵਿੱਚ ਮੇਰੀ ਗੱਡੀ ਪੈਂਚਰ ਹੋ ਗਈ ਤੇ ਰੋਕ ਕੇ ਜੋ ਸਪੇਅਰ ਟਾਇਰ ਸੀ ਉਹ ਮੈਂ ਚੇਂਜ ਕਰ ਲਿਆ। ਅੱਗੇ ਸੱਤ -ਅੱਠ ਕਿਲੋਮੀਟਰ ’ਤੇ ਜਾਕੇ ਇੱਕ ਢਾਬਾ ਆਇਆ ,ਜਿੱਥੇ ਪੈਂਚਰ ਦਾ ਕੰਮ ਵੀ ਕੀਤਾ ਜਾਂਦਾ ਸੀ। ਅਸੀਂ ਉੱਥੇ ਆਪਣੀ ਗੱਡੀ ਰੋਕੀ ਤੇ ਟਾਇਰ ਨੂੰ ਪੈਂਚਰ ਲਾਉਣ ਵਾਸਤੇ ਕਿਹਾ, ਉਥੇ ਇਹ ਲੜਕਾ ਮਿਲਿਆ ਜੋ ਮੇਰੇ ਟਾਇਰ ਨੂੰ ਗੱਡੀ ’ਚੋਂ ਕੱਢ ਕੇ ਖੋਲਣ ਲੱਗ ਪਿਆ। ਪਰ ਇਸ ਤੋਂ ਟਾਇਰ ਖੁੱਲ ਨਹੀਂ ਰਿਹਾ ਸੀ। ਮੈਂ ਢਾਬੇ ਦੇ ਮਾਲਕ ਨੂੰ ਕਿਹਾ ਕਿ ਕਿਸੇ ਹੋਰ ਨੂੰ ਕਹਿ ਦੋ, ਇਹ ਤਾਂ ਬੱਚਾ ਹੈ, ਇਸ ਤੋਂ ਟਾਇਰ ਨਹੀਂ ਖੁੱਲ ਰਿਹਾ, ਢਾਬੇ ਦੇ ਮਾਲਕ ਨੇ ਇਹਦੇ ਹੱਥ ’ਤੇ ਅਜਿਹਾ ਟਾਇਰ ਲੀਵਰ ਮਾਰਿਆ ਕਿ ਇਹ ਵਿਚਾਰਾ ਪੀੜ ਨਾਲ ਤੜਫਣ ਲੱਗ ਪਿਆ, ਮੈਥੋਂ ਬਰਦਾਸ਼ਤ ਨਾ ਹੋਇਆ, ਕਿਉਂਕਿ ਮੈਂ ਵੀ ਇੱਕ ਬੇਟੇ ਦਾ ਬਾਪ ਹਾਂ।

ਮੈਂ ਢਾਬੇ ਦੇ ਮਾਲਕ ਨੂੰ ਪੁੱਛਿਆ ਇਹ ਕੌਣ ਹੈ ਅਤੇ ਤੁਸੀਂ ਇਸ ਨੂੰ ਕਿਉਂ ਮਾਰਿਆ, ਅੱਗੋਂ ਉਸਨੇ ਕਿਹਾ ਭਾਈ ਸਾਹਿਬ ਮੈਂ ਇਸਦੇ ਬਾਪ ਨੂੰ ਚਾਰ ਹਜ਼ਾਰ ਰੁਪਏ ਮਹੀਨੇ ਦੇ ਦਿੰਦਾ ਹਾਂ, ਕੰਮ ਤਾਂ ਇਸ ਤੋਂ ਹੁੰਦਾ ਕੋਈ ਨਹੀਂ, ਉੱਤੋਂ ਇਹ ਕੋਈ ਨਾ ਕੋਈ ਨੁਕਸਾਨ ਵੀਂ ਕਰ ਦਿੰਦਾ ਹੈ, ਮੈਂ ਉਸਨੂੰ ਕਿਹਾ ਇਸ ਦੇ ਪਿਉ ਨੂੰ ਮੈਨੂੰ ਮਿਲਾਉ ਜਰਾ। ਢਾਬੇ ਦਾ ਮਾਲਕ ਮੈਨੂੰ ਅੱਗੋਂ ਪੁੱਠਾ ਬੋਲਿਆ, ਮੈਂ ਉਸਨੂੰ ਆਪਣਾ ਆਈ ਕਾਰਡ ਦਿਖਾਇਆ ਤੇ ਕਿਹਾ ਚੁੱਪ ਚਾਪ ਇਹਦੇ ਬਾਪ ਨੂੰ ਹੁਣੇ ਇਥੇ ਬੁਲਾ ? ਤੈਨੂੰ ਨਹੀਂ ਪਤਾ ਬਾਲਾਂ ਤੋਂ ਮਜਦੂਰੀ ਕਰਾਉਣਾ ਕਿੰਨਾ ਜੁਰਮ ਹੈ ? ਅਤੇ ਉੱਪਰੋਂ ਤੂੰ ਇਸ ਤੇ ਅੱਤਿਆਚਾਰ ਕਰ ਰਿਹਾ ਏਂ ? ਮਾਲਕ ਨੇ ਇਸ ਦੇ ਬਾਪ ਨੂੰ ਬੁਲਾਇਆ, ਜਦੋਂ ਉਹ ਆਇਆ ਤਾਂ ਮੈਂ ਉਹਦੀਆਂ ਗੱਲਾਂ ਤੋਂ ਸਮਝ ਗਿਆ ਕਿ ਇਹ ਇਹਦਾ ਬੇਟਾ ਨਹੀਂ ਏਂ, ਜਦੋਂ ਮੈਂ ਥੋੜ੍ਹਾ ਸਖਤੀ ਨਾਲ ਪੁੱਛਿਆ ਤੇ ਮੰਨ ਗਿਆ ਕਿ ਮੈਂ ਇਸ ਨੂੰ ਆਪਣੇ ਲਾਗਲੇ ਪਿੰਡ ਤੋਂ ਅਗਵਾ ਕਰ ਕੇ ਲਿਆਇਆ ਹਾਂ, ਬੱਸ ਫਿਰ ਕੀ ਸੀ ਉਸ ਤੋਂ ਇਹਦੇ ਘਰ ਬਾਰੇ ਅਤੇ ਬਾਪ ਦਾ ਨਾਂ ਪੁੱਛਿਆ, ਅਤੇ ਨਾਲ ਹੀ ਮੈ ਉਥੋਂ ਦੀ ਪੁਲਸ ਨੂੰ ਇਤਲਾਹ ਦੇ ਦਿੱਤੀ।

ਢਾਬੇ ਦਾ ਮਾਲਕ ਤੇ ਇਹਦਾ ਨਕਲੀ ਬਾਪ, ਜੋ ਪੁਲਸ ਦੀ ਕਸਟਿਡੀ ’ਚ ਨੇ। ਬੱਸ ਇਸ ਤਰ੍ਹਾਂ ਇਹ ਬੱਚਾ ਅੱਜ ਆਪਣੇ ਮਾਂ ਔਰ ਬਾਪ ਦੇ ਕੋਲ ਖੜਾ ਹੈ। 

ਸਰ ਅੱਜ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਤੇ ਆਪਣੇ ਸੰਦੇਸ਼ ਵਿੱਚ ਕੀ ਕਹਿਣਾ ਚਾਹੋਗੇ। ਮੀਡੀਆ ਵਾਲੇ ਨੇ ਫਿਰ ਸਵਾਲ ਕੀਤਾ 

ਪਰਮਜੀਤ ਸਿੰਘ ਨੇ ਕਿਹਾ, ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਮੈਂ ਕਿਸੇ ਦੇ ਕੰਮ ਆਇਆ ਹਾਂ ਅਤੇ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਬਾਲ ਮਜਦੂਰੀ ਇੱਕ ਕਾਨੂੰਨੀ ਜੁਰਮ ਹੈ। ਇਹ ਉਮਰ ਬੱਚਿਆਂ ਦੇ ਪੜ੍ਹਨ ਲਿਖਣ ਦੀ ਹੈ, ਜੇ ਕਿਸੇ ਕੋਲ ਕੋਈ ਬੱਚਾ ਮਜਦੂਰੀ ਕਰ ਰਿਹਾ ਹੈ ਤਾਂ ਉਸਨੂੰ ਫੌਰਨ ਹਟਾ ਦੇਣਾ ਚਾਹੀਦਾ ਹੈ, ਜੇ ਕੋਈ ਧੱਕੇ ਨਾਲ ਕਿਸੇ ਬੱਚੇ ਨੂੰ ਬੰਦੀ ਬਣਾਂ ਕੇ ਮਜਦੂਰੀ ਕਰਾ ਰਿਹਾ ਹੈ ਤਾਂ ਉਸਨੂੰ ਪੁਲਸ ਸਟੇਸ਼ਨ ਇਤਲਾਹ ਦੇਣੀ ਚਾਹੀਦੀ ਹੈ, ਤੇ ਉਸ ਨਾਲ ਪੂਰੀ ਹਲੀਮੀ ਅਤੇ ਨਰਮੀ ਵਰਤੀ ਜਾਏਗੀ। ਜੇਕਰ ਕਿਸੇ ਨੇ ਕੁਤਾਹੀ ਵਰਤੀ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਗੀ ।

ਸਮਾਪਤ

PunjabKesari

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
9855069972, 9780253156


rajwinder kaur

Content Editor

Related News