ਲੇਖ : ਔਰਤ ਸ਼ਬਦ ਦੀ ਅਹਿਮੀਅਤ

09/28/2020 6:15:07 PM

ਔਰਤ ਸ਼ਬਦ ਨੂੰ ਜੇਕਰ ਸਹਿਣਸ਼ੀਲਤਾ ਦੇ ਭੰਡਾਰ ਸ਼ਬਦ ਨਾਲ ਪੁਕਾਰਿਆਂ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮਾਂ ਦੇ ਢਿੱਡ ਤੋਂ ਲੈ ਕੇ ਆਖਰੀ ਸਾਹ ਤੱਕ ਸਹਿਣ ਕਰਨਾ ਸਿਰਫ ਔਰਤ ਦੇ ਹਿੱਸੇ ਹੀ ਆਇਆ ਹੈ। ਬੇਗਾਨਾ ਧੰਨ, ਬੇਗਾਨੀ ਧੀ ਸ਼ਬਦ ਸਾਡੇ ਲਈ ਆਮ ਹੋ ਗਏ ਹਨ। ਸਮਾਜ ਦੇ ਅੰਨ੍ਹੇ ਵੇਗ ਵਿਚ ਜੇਕਰ ਕੁਝ ਆਪਣਾ ਹੈ ਤਾਂ ਉਹ ਮਰਜ ਹੀ ਹੈ।

ਸਮਾਜ ਦੀ ਤ੍ਰਾਸਦੀ ਅਨੁਸਾਰ ਔਰਤ ਦੀ ਜਾਤ ਇਕ ਵੱਖਰੀ ਜਾਤ ਹੈ, ਜੋ ਕਿਸੇ ਵੀ ਜਾਤ ਦੇ ਮਰਦ ਨਾਲ ਵਿਆਹ ਕਰਨ ’ਤੇ ਬਦਲ ਜਾਂਦੀ ਹੈ।  ਜੇਕਰ ਕਿਸੇ ਪਤਨੀ ਦੀ ਮੌਤ ਹੋ ਜਾਵੇ ਤਾਂ ਮਰਦ ਵੱਡੇ ਜੁਆਕਾਂ ਦਾ ਪਿਓ ਹੋਣ ’ਤੇ ਵੀ ਕਿਸੇ ਅੱਲੜ ਉਮਰ ਦੀਆਂ ਅੱਲੜ੍ਹ ਸੱਧਰਾਂ ਦੇ ਧਾਗਿਆਂ ਨੂੰ ਅੱਗ ਲਗਾਉਣ ਬਾਰੇ ਸੋਚਦਾ ਹੈ। ਪਰ ਸਾਡੇ ਸਮਾਜ ਦੇ ਮਰਦ ਨੂੰ ਆਜ਼ਾਮੀਆਂ ਕਰਨ ਦਾ ਸਰਟੀਫਿਕੇਟ ਦੇ ਦਿੱਤਾ ਹੈ। 

ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਪਰ ਸਾਡੀ ਫੌਕੀ ਇੱਜਤ ਅਨੁਸਾਰ ਔਰਤ ਦਾ ਸਮਾਜ ਵਿਚ ਵਿਚਰਨਾ ਠੀਕ ਨਹੀਂ। ਇਹ ਸਿਰਫ ਘਰ ਰੂਪੀ ਜੇਲ੍ਹ ਵਿਚ ਕੈਦ ਹੋ ਕੇ ਰਹਿ ਸਕਦੀ ਹੈ। ਇਕੋ ਥਾਂ ਰਹਿ ਕੇ ਇਕੋਂ ਕੰਮ ਕਰਨ ’ਤੇ ਚਿੜਚਿੜਾਪਣ ਆਉਣਾ ਸੁਭਾਵਿਕ ਹੈ। ਜਿਸ ਦਾ ਕਸੂਰਵਾਦ ਮਰਦ ਹੈ। ਪਰ ਆਪਣਾ ਕਸੂਰ ਅਣਗੌਲਿਆ ਕਰ ਸਾਰਾ ਔਰਤ ’ਤੇ ਧੱਪ ਦੇਣਾ ਮਰਦ ਦਾ ਦਸਤੂਰ ਬਣ ਚੁੱਕਿਆ ਹੈ। 

ਅੱਜ ਕੱਲ ਵੱਧ ਰਹੇ ਬਲਾਤਕਾਰਾਂ ਨੇ ਔਰਤ ਲਈ ਇਕ ਹੋਰ ਸਮੱਸਿਆ ਖੜ੍ਹੀ ਕਰ ਰੱਖੀ ਹੈ। ਬਹੁਤ ਸਾਰੀਆਂ ਕੁੜੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਕਈ ਸ਼ਿਕਾਰ ਹੋ ਚੁੱਕੀਆਂ ਹਨ। ਜਿਨ੍ਹਾਂ ’ਚੋਂ ਬਹੁਤ ਘੱਟ ਮਾਮਲੇ ਪੁਲਸ ਕੋਲ ਦਰਜ ਹੁੰਦੇ ਹਨ। ਬਾਕੀ ਆਪਣੀ ਗੱਲ ਨੂੰ ਇੱਜ਼ਤ ਦੇ ਡਰ ਤੋਂ ਦੱਬ ਕੇ ਸਾਰੀ ਉਮਰ ਘੁੱਟ-ਘੁੱਟ ਕੇ ਮਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ। 

ਇਸ ਮਸਲੇ ਵਿਚ ਜਿਥੋਂ ਤੱਕ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਉਥੋ ਤੱਕ ਸਾਨੂੰ ਸਾਰਿਆਂ ਨੂੰ ਆਪਣੇ ਪੱਧਰ ’ਤੇ ਔਰਤ ਲਈ ਸੋਚ-ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ। ਸਰਕਾਰ ਦੇ ਕਿਸੇ ਮੰਤਰੀ ਜਾਂ ਲੀਡਰ ਨੇ ਸਾਡੇ ਘਰ ਆ ਕੇ ਔਰਤਾਂ ਨੂੰ ਬਰਾਬਰ ਦੇ ਹੱਕ ਨਹੀਂ ਦੇਣੇ। ਸੋ ਸਾਡੇ ਆਪਣੇ ਫਰਜ਼ ਬਣਦੇ ਹਨ ਕਿ ਜਿਵੇਂ ਮਰਦ ਨੂੰ ਆਪਣੇ ਆਪ ਵਿੱਚ ਹਰ ਕੰਮ ਕਰਨ ਦੀ ਆਜ਼ਾਦੀ ਹੈ, ਉਸੇ ਤਰ੍ਹਾਂ ਔਰਤ ਵੀ ਰੱਬ ਦਾ ਬਣਾਇਆ ਇਨਸਾਨ ਹੈ। ਇਹੀ ਆਜ਼ਾਦੀ ਉਸ ਨੂੰ ਵੀ ਮਿਲਣੀ ਚਾਹੀਦੀ ਹੈ।

ਵਾਈ.ਐੱਸ. ਭੁੱਲਰ
9780897667

rajwinder kaur

This news is Content Editor rajwinder kaur