ਆਉਂਦਾ ਬੜਾ ਰੋਣ ਜਦ ਜਾਵੇ ਕੋਈ ਪਰਦੇਸ ਨੂੰ

04/17/2017 5:52:40 PM

 ਆਉਂਦਾ ਬੜਾ ਰੋਣ ਜਦ ਜਾਵੇ ਕੋਈ ਪਰਦੇਸ ਨੂੰ,

ਗੋਰਿਆਂ ''ਚ ਰਲੇ ਜਿਹੜਾ ਛੱਡ ਸ਼ਾਹੀ ਭੇਸ ਨੂੰ,
ਟਕੇ ਟਕੇ ਐਸਿਆਂ ਦੀ ਵਿਕਦੀ ਜ਼ਮੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
ਕਈ ਮਜਬੂਰੀਆਂ ਨੇ ਦੂਰ ਕੀਤੇ ਪਿੰਡ ਨੇ,
ਕਿੱਲ੍ਹਾ ਹੀ ਵਿਕਾਤਾ ਵਲੈਤ ਵਾਲੀ ਹਿੰਡ ਨੇ,
ਸਭ ਵੇਚ ਵੱਟ ਜੱਟ ਹੋ ਗਿਆ ਫਕੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
ਮੁੱਲ ਮੋੜਦੀ ਨਾ ਖੇਤੀ ਬਸ ਕੁੱਤੇਖਾਣੀ ਹੋਵੇ,
ਮੰਡੀਆਂ ''ਚ ਬਹਿਕੇ ਕੋਈੲਕਿਉ ਨਾ ਰੋਵੇ,
ਹਾਰ ਪਾਕੇ ਕੰਧਾਂ ਉੱਤੇ ਟੰਗੀ ਤਸਵੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
ਜੇ ਆਪ ਨਹੀਂ ਦੇਣਾ ਫੇਰ ਮੰਗਦੇ ਕਿਉ ਦਾਜ ਹਾਂ,
ਜਾਨ ਤੋਂ ਵੀ ਕੀਮਤੀ ਕੁਝ ਰੀਤੀ ਰਿਵਾਜ ਹਾਂ,
ਕੜੀਆਂ ਦੇ ਹਾਸਿਆਂ ਤੇ ਲੱਗੀ ਲਕੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
ਮਰਜ਼ੀਆਂ ਕਾਕੇ ਦੀਆਂ ਵੱਡੇ ਸ਼ਹਿਰ ਪੜਦਾ,
ਹੋਰ ਤਾਂ ਪਤਾ ਨੀ ਕਹਿੰਦੇ ਨਸ਼ੇ ਬੜੇ ਕਰਦਾ,
ਸਾਧਾਂ ਨੂੰ ਵੀ ਪੱਟੇ ਜਵਾਨੀ ਕੈਸੀ ਹੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
ਚੁੱਪ ਕਰ ''ਮੇਜਰਾ'' ਕੋਈ ਸਣੁਦਾ ਨੀ ਤੇਰੀ ਵੇ,
ਹਲੇ ਬਸ ਬੇਰਾਂ ਨੂੰ ਬਚਾਉਂਦੀ ਪਈ ਬੇਰੀ ਵੇ,
ਸੱਚ ਨਾ ਤੂੰ ਬੋਲੀ ਤੇਰਾ ਸੀਨਾ ਦੇਣਾ ਚੀਰ ਹੈ,
ਅਸੀਂ ਆਪ ਤਾਂ ਗਰੀਬ ਸਾਡਾ ਵਿਰਸਾ ਅਮੀਰ ਹੈ।
- ਮੇਜਰ ਵਿਰਕ