ਪੀਏਯੂ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ

08/14/2018 5:42:38 PM

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ 16-17 ਅਗਸਤ ਨੂੰ ਹੋਵੇਗੀ । ਇਸ ਵਰਕਸ਼ਾਪ ਵਿਚ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਵਿਗਿਆਨੀ, ਖੇਤੀ ਮਾਹਿਰ, ਖੇਤੀ ਵਿਕਾਸ ਅਫ਼ਸਰ ਅਤੇ ਪਸਾਰ ਸਿੱਖਿਆ ਮਾਹਿਰ ਭਾਰੀ ਗਿਣਤੀ ਵਿਚ ਸ਼ਾਮਲ ਹੋਣਗੇ । ਇਸ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ ਤੋਰ ਤੇ ਕਰਨਗੇ । 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਪਹਿਲਾ ਤਕਨੀਕੀ ਸੈਸ਼ਨ ਹਾੜ੍ਹੀ ਦੀਆਂ ਮੁਖ ਫ਼ਸਲਾਂ ਕਣਕ, ਜੌਂ ਅਤੇ ਦਾਲਾਂ ਬਾਰੇ ਹੋਵੇਗਾ । ਇਸ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਜਸਵੀਰ ਸਿੰਘ ਬੈਂਸ ਕਰਨਗੇ । ਦੂਸਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਪੀਏਯੂ ਡਾ. ਨਵਤੇਜ ਸਿੰਘ ਬੈਂਸ ਕਰਨਗੇ । ਇਹ ਸੈਸ਼ਨ ਖੇਤੀਬਾੜੀ ਇੰਜਨੀਅਰਿੰਗ, ਨਵੀਆਂ ਫ਼ਸਲਾਂ ਅਤੇ ਮੱਕੀ ਉਪਰ ਕੇਂਦਰਿਤ ਹੋਵੇਗਾ । ਇਸ ਸੈਸ਼ਨ ਵਿਚ ਵਿਸ਼ੇਸ਼ ਤੌਰ ਤੇ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਅਤੇ ਪਰਾਲੀ ਨੂੰ ਸਾੜੇ ਬਿਨਾਂ ਇਸ ਦੀ ਵਰਤੋਂ ਦੇ ਤਰੀਕੇ ਚਰਚਾ ਦਾ ਵਿਸ਼ਾ ਹੋਣਗੇ । 

ਦੂਸਰੇ ਦਿਨ ਹੋਣ ਵਾਲੇ ਤੀਸਰੇ ਤਕਨੀਕੀ ਸੈਸ਼ਨ ਵਿਚ ਤੇਲ ਬੀਜ ਫ਼ਸਲਾਂ, ਬਾਗਬਾਨੀ ਆਦਿ ਫ਼ਸਲਾਂ ਦੀ ਪੈਦਾਵਾਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਜਾਵੇਗਾ । ਇਸ ਸੈਸ਼ਨ ਦੀ ਪ੍ਰਧਾਨਗੀ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਕਰਨਗੇ। ਇਸ ਸੈਸ਼ਨ ਵਿਚ ਵਿਸ਼ੇਸ਼ ਤੌਰ ਤੇ ਜੰਗਲਾਤ ਵਿਚ ਕੀੜਿਆਂ ਅਤੇ ਬੀਮਾਰੀਆਂ ਦੇ ਪ੍ਰਬੰਧਨ ਬਾਰੇ ਵਿਚਾਰ ਕੀਤੀ ਜਾਵੇਗੀ । ਇਸ ਵਰਕਸ਼ਾਪ ਦੇ ਕੁਆਰਡੀਨੇਟਰ ਡਾ. ਜੀ ਐਸ ਬੁੱਟਰ, ਡਾ. ਡੀ ਐਸ ਭੱਟੀ ਅਤੇ ਡਾ. ਟੀ ਐਸ ਰਿਆੜ ਹੋਣਗੇ । ਇਸ ਦੇ ਨਾਲ ਹੀ ਪੀਏਯੂ ਦੇ ਵੱਖ-ਵੱਖ ਵਿਭਾਗਾਂ ਵਲੋਂ 15 ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ।