ਤੰਬਾਕੂਨੋਸ਼ੀ ਕੈਂਸਰ ਨੂੰ ਸੱਦਾ ਸੰਸਾਰ ਸਿਹਤ ਜਥੇਬੰਦੀ ਰਿਪੋਰਟ ਦਾ ਖੁਲਾਸਾ

02/18/2020 2:05:38 PM

ਮਨੁੱਖੀ ਜੀਵਨ ਤੇ ਅਲਗ-ਅਲਗ ਬਿਮਾਰੀਆਂ ਦਾ ਪਿਛਲੇ ਲੰਮੇ ਸਮੇਂ ਤੋਂ ਚੋਲੀ ਦਾਮਨ ਦਾ ਸਾਥ ਚਲਿਆ ਆ ਰਿਹਾ ਹੈ। ਕਦੇ ਮਨੁੱਖ ਬਿਮਾਰੀ ਤੇ ਫਤਿਹ ਹਾਸਲ ਕਰਨ ਵਿੱਚ ਸਫਲ ਹੋ ਜਾਂਦੇ ਤੇ ਕਦੀ ਬਿਮਾਰੀ ਮਨੁੱਖ ਨੂੰ ਆਪਣੇ ਚੁੰਗਲ ਵਿੱਚ ਲੈ ਕੇ ਚਿੱਤ ਕਰ ਦਿੰਦੀ ਹੈ। ਜਿਵੇਂ ਜਿਵੇਂ ਮਨੁੱਖ ਤਰੱਕੀਆਂ ਕਰਨ ਦੇ ਦਾਅਵੇ ਕਰਦਾ ਜਾ ਰਿਹਾ ਹੈ ਤਿਵੇਂ ਤਿਵੇਂ ਉਹ ਨੂੰ ਆਏ ਦਿਨ ਨਵੀਆਂ ਨਵੀਆਂ ਬਿਮਾਰੀਆਂ ਦੀ ਚੁਣੌਤੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੀਆਂ ਹੀ ਬਿਮਾਰੀਆਂ ਚੋਂ ਹੀ ਇੱਕ ਖਤਰਨਾਕ ਬੀਮਾਰੀ ਕੈਂਸਰ ਹੈ।
ਕੈਂਸਰ ਦੀ ਪਰਿਭਾਸ਼ਾ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਬੇਕਾਬੂ ਸੈੱਲ ਦਾ ਇਕ ਅਜਿਹਾ ਸਮੂਹ ਹੈ ਜੋ ਅਸਧਾਰਨ ਟਿਸ਼ੂ ਦੇ ਵਿਕਾਸ ਦੀ ਅਗਵਾਈ ਕਰਦਾ ਹੈ। ਅਕਸਰ ਲੋਕ ਕੈਂਸਰ ਅਤੇ ਟਿਊਮਰ ਨੂੰ ਸਮਾਨਾਰਥੀ ਸਮਝਣ ਦੀ ਗਲਤੀ ਕਰਦੇ ਹਨ । ਪਰ ਸਾਰੇ ਟਿਊਮਰ ਕੈਂਸਰ ਨਹੀਂ ਹੋ ਸਕਦੇ। ਦਰਅਸਲ ਟਿਊਮਰ ਦੀਆਂ ਦੋ ਮੁੱਖ ਕਿਸਮਾਂ ਹਨ ਇਕ ਨੂੰ ਮਲਿਗਨੰਟ ਅਤੇ ਦੂਜੀ ਨੂੰ ਬਿਨਾਇਨ ਕਿਹਾ ਜਾਂਦਾ ਹੈ।
ਮਲਿਗਨੰਟ ਟਿਊਮਰ ਕੈਂਸਰ ਦੇ ਉਹ ਸੈੱਲ ਹਨ, ਜੋ ਹਮਲਾ ਕਰਦੇ ਹਨ ਅਤੇ ਆਲੇ-ਦੁਆਲੇ ਦੇ ਤੰਦਰੁਸਤ ਟਿਸ਼ੂ ਤੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਤਬਾਹ ਕਰ ਦਿੰਦੇ ਹਨ। ਕੈਂਸਰ ਲਿੰਫ਼ ਸਿਸਟਮ ਦੁਆਰਾ, ਸਰੀਰ ਦੇ ਦੁਰਾਡੇ ਹਿੱਸਿਆਂ ਵਿਚ ਜਾਂ ਖ਼ੂਨ ਪ੍ਰਵਾਹ ਵਿਚ ਫੈਲ ਜਾਂਦਾ ਹੈ। ਹਰ ਪ੍ਰਕਾਰ ਦੇ ਟਿਊਮਰ ਕੈਂਸਰ ਨਹੀਂ ਹੁੰਦੇ ਹਨ।
ਜਦੋਂ ਕਿ ਬਿਨਾਇਨ ਟਿਊਮਰ ਇਸ ਪ੍ਰਕਾਰ ਦੇ ਟਿਊਮਰ ਬੇ-ਹਿਸਾਬ ਤਰੀਕੇ ਨਾਲ ਨਹੀਂ ਵੱਧਦੇ ਜਾਂ ਇਹ ਨੇੜਲੇ ਟਿਸ਼ੂ 'ਤੇ ਹਮਲਾ ਨਹੀਂ ਕਰਦੇ। ਇਸ ਪੂਰੇ ਸਰੀਰ ਵਿਚ ਵੀ ਨਹੀਂ ਫੈਲਦੇ।
ਜਦੋਂ ਅਸੀਂ ਕੈਂਸਰ ਦੇ ਸਾਧਾਰਣ ਲੱਛਣਾਂ ਦੀ ਗੱਲ ਕਰਦੇ ਹਾਂ।ਤਾਂ ਇਨ੍ਹਾਂ ਵਿਚੋਂ ਆਮ ਤੌਰ 'ਤੇ ਟਿਊਮਰ ਜਾਂ ਕੈਂਸਰ ਉਸ ਦੇ ਪੁੰਜ ਕਾਰਨ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਇਸੋਫੈਜਿਯਲ ਕੈਂਸਰ ਕਾਰਣ ਖਾਣ ਵਾਲੀ ਪਾਈਪ ਤੰਗ ਹੋ ਜਾਂਦੀ ਹੈ, ਜਿਸ ਕਰਕੇ ਨਿਗਲਣ ਵਿਚ ਪਰੇਸ਼ਾਨੀ ਹੁੰਦੀ ਹੈ। ਜਦੋਂ ਕਿ ਕਰੋਲਰੋਰੈਕਟਲ ਕੈਂਸਰ ਅੰਤਰਗਤ ਆਂਦਰਾ ਵਿਚ ਰੁਕਾਵਟ ਜਾਂ ਤੰਗੀ ਆ ਜਾਂਦੀ ਹੈ, ਜਿਸ ਕਾਰਣ ਟੱਟੀ ਆਉਣ ਵਿਚ ਪਰੇਸ਼ਾਨੀ ਹੋਣ ਲੱਗ ਪੈਂਦੀ ਹੈ।
ਸੰਸਥਾਤਮਕ ਲੱਛਣਾਂ ਵਿਚ ਕੈਂਸਰ ਦੇ ਸਾਧਾਰਣ ਲੱਛਣ ਉਸ ਦੇ ਦੂਰ ਪ੍ਰਭਾਵਾਂ ਕਾਰਣ ਹੁੰਦੇ ਹਨ, ਜੋ ਕਿ ਸਿੱਧੇ ਰੂਪ ਵਿਚ ਜਾਂ ਮੈਟਾਸਟੇਟਿਕ ਦੇ ਫੈਲਣ ਨਾਲ ਸੰਬੰਧਿਤ ਨਹੀਂ ਹਨ। ਇਸ ਵਿਚ ਹੇਠ ਲਿੱਖੇ ਨੁਕਤੇ ਸ਼ਾਮਿਲ ਹੋ ਸਕਦੇ ਹਨ।
ਬੇਲੋੜੀੰਦਾ ਭਾਰ ਘੱਟ ਹੋਣਾ, ਬਹੁਤ ਹੀ ਆਸਾਨੀ ਨਾਲ ਥੱਕ ਜਾਣਾ (ਥਕਾਵਟ) ਚਮੜੀ ਦਾ ਰੰਗ ਬਦਲ ਜਾਣਾ/ਦਿੱਖ ਵਿੱਚ ਬਦਲਾਉ ਆਉਣਾ।  
ਇਸ ਸਮੇਂ ਭਾਰਤ ਦੁਨੀਆਂ ਸੰਸਾਰ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੂਜਾ ਦੇਸ਼ ਹੈ। ਸੰਸਾਰ ਸਿਹਤ ਜਥੇਬੰਦੀ ਵਲੋਂ ਹਾਲ ਹੀ ਵਿੱਚ ਕੈਂਸਰ ਦਿਵਸ ਮੌਕੇ ਤੇ ਜੋ ਰਿਪੋਰਟ ਭਾਰਤ ਦੇ ਸੰਦਰਭ ਵਿੱਚ ਜਾਰੀ ਕੀਤੀ ਗਈ ਹੈ ਉਹ ਦੇਸ਼ ਲਈ ਬੇਹੱਦ ਡਰਾਉਣੀ ਤੇ ਭਵਿੱਖ ਦੀ ਬਹੁਤ ਜਿਆਦਾ ਖਤਰਨਾਕ ਤਸਵੀਰ ਪੇਸ਼ ਕਰਦੀ ਹੈ। ਇਸ ਰਿਪੋਰਟ ਮੁਤਾਬਕ ਭਾਰਤ ਵਿਚ 2018 ਵਿਚ ਕੈਂਸਰ ਦੇ ਅੰਦਾਜ਼ਨ 11 ਲੱਖ 60 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ । ਰਿਪੋਰਟ ਨੇ ਇਹ ਵੀ ਡਰਾਉਣੀ ਭਵਿੱਖਬਾਣੀ ਕੀਤੀ ਹੈ ਕਿ ਆਪਣੀ ਜ਼ਿੰਦਗੀ ਦੌਰਾਨ ਹਰ 10 ਭਾਰਤੀਆਂ ਵਿਚੋਂ ਇਕ ਨੂੰ ਕੈਂਸਰ ਹੋਵੇਗਾ ਤੇ 15 ਵਿਚੋਂ ਇਕ ਦੀ ਇਸ ਰੋਗ ਨਾਲ ਮੌਤ ਹੋਵੇਗੀ।
ਇਸ ਮੌਕੇ ਸੰਸਾਰ ਸਿਹਤ ਜਥੇਬੰਦੀ ਤੇ ਇਸ ਦੀ ਕੈਂਸਰ ਖੋਜ ਨਾਲ ਸੰਬੰਧਤ ਏਜੰਸੀ (ਆਈ ਏ ਆਰ ਸੀ) ਨੇ ਦੋ ਰਿਪੋਰਟਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਉਕਤ ਰੋਗ ਨਾਲ ਨਜਿੱਠਣ ਲਈ ਸੰਸਾਰ ਏਜੰਡਾ ਤੈਅ ਕਰਨ ਲਈ ਤੇ ਦੂਜੀ ਉਸ ਦੀ ਖੋਜ ਤੇ ਰੋਕਥਾਮ ਬਾਰੇ ਹੈ। ਉਕਤ ਰਿਪੋਰਟ ਮੁਤਾਬਕ 2018 ਵਿਚ ਭਾਰਤ ਦੀ ਆਬਾਦੀ ਇਕ ਅਰਬ 35 ਕਰੋੜ ਸੀ। ਇਸ ਵਿਚ ਕੈਂਸਰ ਦੇ ਲੱਗਭੱਗ 11 ਲੱਖ 60 ਹਜ਼ਾਰ ਕੇਸ ਸਾਹਮਣੇ ਆਏ ਹਨ । ਪੰਜ ਸਾਲ ਵਿਚ 22 ਲੱਖ 60 ਹਜ਼ਾਰ ਕੇਸ ਦਰਜ ਕੀਤੇ ਗਏ ਸਨ ਤੇ ਜਿਨ੍ਹਾਂ ਵਿੱਚ 784800 ਦੀ ਮੌਤ ਹੋ ਗਈ ਸੀ ।
ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਵਿਚ ਆਮ ਤੌਰ 'ਤੇ 6 ਤਰ੍ਹਾਂ ਦੇ ਕੈਂਸਰ ਰੋਗ ਪਾਏ ਜਾਂਦੇ ਹਨ। 2018 ਵਿਚ ਛਾਤੀ ਦੇ ਕੈਂਸਰ ਦੇ 1,62,500 ਕੇਸ, ਮੂੰਹ ਦੇ ਕੈਂਸਰ ਦੇ 1,20,000 ਕੇਸ, ਧੌਣ ਦੇ ਕੈਂਸਰ ਦੇ 97, 000 ਕੇਸ, ਫੇਫੜੇ ਦੇ ਕੈਂਸਰ ਦੇ 68,000 ਕੇਸ, ਪੇਟ ਦੇ ਕੈਂਸਰ ਦੇ 57,000 ਕੇਸ ਅਤੇ ਕੋਲੋਰੈਕਟਲ (ਵੱਡੀ ਅੰਤੜੀ) ਕੈਂਸਰ ਦੇ 57,000 ਕੇਸ ਸਾਹਮਣੇ ਆਏ ਹਨ ।ਇਹ ਕਿ ਉਕਤ ਸਾਰੇ ਨਵੇਂ ਕੈਂਸਰ ਕੇਸਾਂ ਦਾ 49 ਫੀਸਦੀ ਬਣਦੇ ਹਨ। ਮਰਦਾਂ ਵਿਚ ਪਾਏ ਗਏ 5 ਲੱਖ 70 ਹਜ਼ਾਰ ਕੇਸਾਂ ਵਿਚੋਂ 92 ਹਜ਼ਾਰ ਮੂੰਹ ਦੇ ਕੈਂਸਰ, 49 ਹਜ਼ਾਰ ਫੇਫੜੇ ਦੇ ਕੈਂਸਰ, 39 ਹਜ਼ਾਰ ਪੇਟ ਦੇ ਕੈਂਸਰ, 37 ਹਜ਼ਾਰ ਕੋਲੋਰੈਕਟਲ ਕੈਂਸਰ ਤੇ 34 ਹਜ਼ਾਰ ਈਸੌਫਜੀਅਲ (ਭੋਜਨ ਨਾਲੀ) ਦੇ ਕੈਂਸਰ ਦੇ ਸਨ। ਇਹ ਕੁਲ ਕੇਸਾਂ ਦਾ 45 ਫੀਸਦੀ ਬਣਦੇ ਹਨ। ਜਦੋਂ ਕਿ ਮਹਿਲਾਵਾਂ ਦੇ ਵਿਚ 5 ਲੱਖ 87 ਹਜ਼ਾਰ ਨਵੇਂ ਕੇਸਾਂ ਵਿਚ 1,62,500 ਛਾਤੀ, 97 ਹਜ਼ਾਰ ਧੌਣ, 36 ਹਜ਼ਾਰ ਬੱਚੇਦਾਨੀ, 28 ਹਜ਼ਾਰ ਮੂੰਹ ਤੇ 20 ਹਜ਼ਾਰ ਕੋਲੋਰੈਕਟਲ ਦੇ ਕੈਂਸਰ ਦੇ ਕੇਸ ਸਨ। ਇਹ ਕੁਲ ਕੇਸਾਂ ਦਾ 60 ਫੀਸਦੀ ਬਣਦੇ ਹਨ।
ਰਿਪੋਰਟ ਵਿਚ ਦੱਸਦੀ ਹੈ ਕਿ ਮਰਦਾਂ ਵਿਚ ਬਹੁਤੇ ਕੇਸ ਤੰਬਾਕੂ ਕਾਰਨ ਹੋਣ ਵਾਲੇ ਸਿਰ ਤੇ ਧੌਣ, ਖਾਸਕਰ ਮੂੰਹ ਦੇ ਕੈਂਸਰ ਦੇ ਹੁੰਦੇ ਹਨ। ਮਹਿਲਾਵਾਂ ਵਿਚ ਜ਼ਿਆਦਾ ਕੇਸ ਧੌਣ ਦੇ ਹੁੰਦੇ ਹਨ। ਇਹ ਦੋਨੋਂ ਘਟੀਆ ਸਮਾਜੀ-ਆਰਥਕ ਰੁਤਬੇ ਨਾਲ ਜੁੜੇ ਹੋਏ ਹਨ।
ਰਿਪੋਰਟ ਵਿਚ ਇਕ ਹੋਰ ਵਿਸ਼ੇਸ਼ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਉਹ ਇਹ ਕਿ ਬੀਤੇ ਕੁਝ ਸਾਲਾਂ ਦੌਰਾਨ ਭਾਰਤ ਦਾ ਆਰਥਕ ਵਿਕਾਸ ਦਰ 7 % ਤੋਂ ਵੀ ਵੱਧ ਦੀ ਦਰ ਨਾਲ ਹੋਇਆ ਹੈ। ਜੋ ਕਿ ਦੁਨੀਆ ਦੇ ਸਭ ਤੋਂ ਸਥਿਰ ਅਰਥਚਾਰਿਆਂ ਵਿਚੋਂ ਇਕ ਰਿਹਾ ਹੈ। ਇਸ ਆਰਥਕ ਵਿਕਾਸ ਦੇ ਵਜੋਂ ਬਹੁਤ ਸਾਰੀਆਂ ਵਿਆਪਕ ਸਮਾਜੀ-ਆਰਥਕ ਤਬਦੀਲੀਆਂ ਵੀ ਆਈਆਂ ਹਨ। ਜਿਸ ਦੇ ਨਤੀਜੇ ਵਜੋਂ ਕੈਂਸਰ ਤੇ ਹੋਰ ਲਾਇਲਾਜ ਬਿਮਾਰੀਆਂ ਦਾ ਖਤਰਾ ਵਧਿਆ ਹੈ।
ਇਸ ਦੇ ਨਾਲ ਹੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਂਸਰ ਦੀ ਰੋਕਥਾਮ ਤੇ ਇਸ 'ਤੇ ਕੰਟਰੋਲ ਕਰਨ ਵਾਲੀਆਂ ਸੇਵਾਵਾਂ ਤੱਕ ਪਹੁੰਚ ਵਿਚ ਮਹੱਤਵਪੂਰਨ ਪਾੜਾ ਵੀ ਨਜ਼ਰ ਆਇਆ ਹੈ। ਇਸ ਦੇ ਨਾਲ ਹੀ ਉਕਤ ਰਿਪੋਰਟ ਵਿਚ ਖਬਰਦਾਰ ਕੀਤਾ ਗਿਆ ਹੈ ਕਿ ਜੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਇਲਾਜ ਵਿਵਸਥਾ ਵਿਚ ਸੁਧਾਰ ਨਾ ਹੋਇਆ ਤਾਂ ਅਗਲੇ 20 ਸਾਲਾਂ ਵਿਚ ਕੈਂਸਰ ਦੀ ਦਰ 60 ਫੀਸਦੀ ਤੱਕ ਵਧ ਸਕਦੀ ਹੈ। ਇਨ੍ਹਾਂ ਦੇਸ਼ਾਂ ਵਿਚ 15 ਫੀਸਦੀ ਤੋਂ ਵੀ ਘੱਟ ਜਨਤਕ ਸਿਹਤ ਸਿਸਟਮ ਨਾਲ ਇਲਾਜ ਮੁਹੱਈਆ ਕਰਾ ਰਹੇ ਹਨ। ਜਥੇਬੰਦੀ ਦੇ ਡਾਇਰੈਕਟਰ ਜਨਰਲ ਤੇਦਰੋਸ ਅਧਾਨੋਮ ਘੇਬਰੇਸਸ ਨੇ ਹੌਸਲਾ ਵਧਾਉਣ ਵਾਲੀ ਗੱਲ ਇਹ ਕਹੀ ਹੈ ਕਿ ਰੋਗ ਨਾਲ ਨਜਿੱਠ ਰਹੇ ਸਾਰੇ ਸਹਿਯੋਗੀਆਂ ਨੂੰ ਲਾਮਬੰਦ ਕਰਕੇ ਅਗਲੇ ਦਹਾਕੇ ਵਿਚ ਘੱਟੋ-ਘੱਟ 70 ਲੱਖ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਰਿਪੋਰਟ ਮੁਤਾਬਕ ਦੁਨੀਆ ਦੇ ਲਗਭਗ 80 ਫੀਸਦੀ ਤੰਬਾਕੂਨੋਸ਼ੀ ਕਰਨ ਵਾਲੇ ਘੱਟ ਜਾਂ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਰਹਿੰਦੇ ਹਨ। ਦੁਨੀਆਂ ਦੇ ਰੋਜ਼ਾਨਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚੋਂ 64 ਫੀਸਦੀ ਸਿਰਫ 10 ਦੇਸ਼ਾਂ ਅਤੇ 50 ਫੀਸਦੀ ਤੋਂ ਵੱਧ ਮਰਦ ਸਮੋਕਰ ਚੀਨ, ਭਾਰਤ ਤੇ ਇੰਡੋਨੇਸ਼ੀਆ ਵਿਚ ਰਹਿੰਦੇ ਹਨ।
ਦੁਨੀਆਂ ਵਿਚ ਇਸ ਵਕਤ 16 ਕਰੋੜ ਤੰਬਾਕੂ ਚੱਬਣ ਵਾਲੇ ਅਤੇ 6 ਕਰੋੜ 90 ਲੱਖ ਪੀਣ ਵਾਲੇ ਹਨ ਤੇ ਇਨ੍ਹਾਂ ਵਿਚੋਂ 4 ਕਰੋੜ 20 ਲੱਖ ਭਾਰਤ ਵਿਚ ਹਨ। ਭਾਰਤ ਵਿਚ ਮਰਦਾਂ ਵਿਚ ਕੈਂਸਰ ਦੇ 34-69 ਫੀਸਦੀ ਮਾਮਲੇ ਤੰਬਾਕੂ ਕਾਰਨ ਹੁੰਦੇ ਹਨ। ਜਦੋਂ ਕਿ ਕੋਲੋਰੈਕਟਲ ਕੈਂਸਰ ਦੇ ਕੇਸ ਭਾਰਤ ਦੇ ਸਭ ਤੋਂ ਵਿਕਸਤ ਸੂਬਿਆਂ ਤੇ ਸ਼ਹਿਰੀ ਵਸੋਂ ਵਿਚ ਵਧ ਰਹੇ ਹਨ। ਛਾਤੀ ਦੇ ਕੈਂਸਰ ਦੇ ਰੋਗੀ ਸਾਲਾਨਾ 1.4 ਫੀਸਦੀ ਤੋਂ 2.8 ਫੀਸਦੀ ਦੀ ਦਰ ਨਾਲ ਵਧ ਰਹੇ ਹਨ। ਸ਼ਹਿਰੀ ਇਲਾਕਿਆਂ ਵਿਚ ਅਜਿਹੇ ਕੇਸ ਪੇਂਡੂ ਇਲਾਕਿਆਂ ਨਾਲੋਂ ਵਧ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਓਵਰਵੇਟ, ਮੋਟਾਪੇ ਤੇ ਜਿਸਮਾਨੀ ਸਰਗਰਮੀ ਘੱਟ ਕਰਨ ਨਾਲ ਵੀ ਕੇਸ ਵਧ ਰਹੇ ਹਨ। ਰਿਪੋਰਟ ਮੁਤਾਬਕ ਭਾਰਤ ਦੇ ਕਈ ਖੇਤਰਾਂ ਵਿਚ ਧੌਣ ਦੇ ਕੈਂਸਰ ਦੇ ਕੇਸ ਵਿਚ ਕਮੀ ਦਾ ਰੁਝਾਨ ਦੇਖਿਆ ਗਿਆ ਹੈ। ਫਿਰ ਵੀ ਦੁਨੀਆਂ ਵਿਚ ਧੌਣ ਦੇ ਕੈਂਸਰ ਦੇ ਕੇਸਾਂ ਵਿਚੋਂ ਲੱਗਭੱਗ 20 ਫੀਸਦੀ ਇਥੇ ਪਾਏ ਜਾਂਦੇ ਹਨ। ਭਾਰਤ ਵਿਚ ਧੌਣ ਦੇ ਕੈਂਸਰ ਦੀ ਦਰ ਘਟਣ ਨਾਲ ਦੁਨੀਆਂ ਵਿਚ ਅਹਿਮ ਅਸਰ ਹੋਵੇਗਾ।
ਆਈ ਏ ਆਰ ਸੀ ਦੇ ਡਾਇਰੈਕਟਰ ਐਲਿਸਾਬੇਟੇ ਨੇ ਕਿਹਾ ਹੈ ਕਿ ਉੱਚੀ ਆਮਦਨ ਵਾਲੇ ਦੇਸ਼ਾਂ ਵਿਚ ਰੋਕਥਾਮ ਦੇ ਢੰਗ ਅਪਨਾਉਣ, ਸ਼ੁਰੂ ਵਿਚ ਹੀ ਡਾਇਗਨੋਜ਼ ਤੇ ਸਕਰੀਨਿੰਗ ਕਰਵਾ ਕੇ ਬਿਹਤਰ ਇਲਾਜ ਸ਼ੁਰੂ ਕਰਵਾ ਲੈਣ ਨਾਲ 2000 ਤੋਂ 2015 ਤੱਕ ਸਮੇਂ ਤੋਂ ਪਹਿਲਾਂ ਜਹਾਨੋਂ ਕੂਚ ਕਰ ਜਾਣ ਦੀ ਸੰਭਾਵਨਾ ਵਿਚ ਕਰੀਬਨ 20 ਫੀਸਦੀ ਦੀ ਕਮੀ ਆਈ ਹੈ, ਪਰ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਸਿਰਫ 5 ਫੀਸਦੀ ਦੀ ਕਮੀ ਆਈ ਹੈ।
ਕੈਂਸਰ ਦੇ ਲੱਛਣ ਸਰੀਰ ਦੇ ਜਿਸ ਹਿੱਸੇ 'ਤੇ ਕੈਂਸਰ ਦਾ ਪ੍ਰਭਾਵ ਹੁੰਦਾ ਹੈ, ਤੋਂ ਹੀ ਪਤਾ ਚਲ ਜਾਂਦਾ ਹੈ। ਆਮ ਤੌਰ 'ਤੇ ਕੈਂਸਰ ਦੇ ਲੱਛਣ ਸਾਧਾਰਣ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜੇਕਰ ਕਿਸੇ ਵੀ ਵਿਅਕਤੀ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਅਸਾਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ, ਤਾਂ ਅਜਿਹੇ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650

Aarti dhillon

This news is Content Editor Aarti dhillon