''ਚੇਤਿਆਂ ''ਚ ਵਸਿਆ ਉਹ ਫੱਟੀਆਂ ਲਿਖਣ ਵਾਲਾ ਸਮਾਂ''

07/17/2021 12:37:53 PM

ਅਸੀਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸਾਂ।  ਉਨੀਂ ਦਿਨੀਂ ਲਿਖਣ ਲਈ ਫੱਟੀਆਂ (ਫੱਟੀ ਨੂੰ ਤਖ਼ਤੀ ਜਾਂ ਤਖ਼ਤਾ ਵੀ ਆਖਿਆ ਜਾਂਦਾ ਸੀ) ਦੀ ਵਰਤੋਂ ਹੋਇਆ ਕਰਦੀ ਸੀ, ਜਦੋਂ ਕਿ ਗਣਿਤ ਦੇ ਸੁਆਲ  ਕਰਨ ਲਈ ਸਲੇਟਾਂ ਦੀ ਵਰਤੋਂ ਹੁੰਦੀ ਸੀ ।ਇਹ ਕਿ ਮੈਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸ਼ਹਿਰ ਦੇ ਨਾਮਵਰ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਚੋਂ ਪ੍ਰਾਪਤ ਕੀਤੀ । ਇਥੇ ਜ਼ਿਕਰਯੋਗ ਹੈ ਕਿ ਕਰੀਬ ਸੌ ਸਾਲ ਪੁਰਾਣਾ ਇਸਲਾਮੀਆ ਸਕੂਲ ਸ਼ਹਿਰ ਦੇ ਗਿਣਤੀ ਦੇ ਅਦਾਰਿਆਂ 'ਚੋਂ ਇਕ ਸੀ ਜਿੱਥੇ ਕਿ ਮਾਲੇਰਕੋਟਲਾ ਮੇਰੇ ਖਿਆਲ ਸਾਰੇ ਜ਼ਿਲ੍ਹੇ ਦੇ ਕਿਸੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਇੰਨੀਂ ਨਹੀਂ ਹੋਵੇਗੀ ਜਿੰਨੀ ਕਿ ਮੇਰੇ ਇਸ ਸਕੂਲ ਵਿਚ ਸੀ। ਦਰਅਸਲ ਇਸ ਸਕੂਲ ਦੀਆਂ ਛੇ ਬ੍ਰਾਂਚਾਂ ਸਨ ਜਿੱਥੇ ਕਿ ਵਿਦਿਆਰਥੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਮੁਕੰਮਲ ਕਰਦੇ ਸਨ ਤੇ ਇਸ ਉਪਰੰਤ ਛੇਵੀਂ ਜਮਾਤ ਵਿਚ ਦਾਖ਼ਲਾ ਇਸਲਾਮੀਆ ਹਾਈ ਸਕੂਲ (ਹੁਣ ਦੇ ਸੀਨੀਅਰ ਸੈਕੰਡਰੀ ਸਕੂਲ) ਵਿੱਚ ਲੈ ਲੈਂਦੇ ਸਨ। ਮੈਂ ਵੀ ਆਪਣੀ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਸਕੂਲ ਦੀ ਬ੍ਰਾਂਚ ਨੰਬਰ ਇਕ ਵਿਚੋਂ ਹਾਸਲ ਕੀਤੀ ਸੀ। ਉਨ੍ਹਾਂ ਸਮਿਆਂ ਵਿੱਚ ਇੱਕ ਬਰਾਂਚ ਕੇਲੋੰਗੇਟ ਜਿਸ ਨੂੰ ਸ਼ੇਰਵਾਣੀ ਗੇਟ ਵੀ ਆਖਦੇ ਨੇ, ਦੇ ਨੇੜੇ ਬੰਗਲੇ ਵਾਲੀ ਮਸੀਤ ਦੇ ਪਿੱਛੇ ਹੁੰਦੀ ਸੀ। ਵਿਦਿਆਰਥੀਆਂ ਦੇ ਬੈਠਣ ਲਈ ਪੰਜ-2  ਛੇ-2 ਫੁੱਟ ਦੇ ਫੱਟੇ ਹੁੰਦੇ ਸਨ ਜਿਨ੍ਹਾਂ ਨੂੰ ਸਵੇਰੇ ਜਾ ਕੇ ਵਿਦਿਆਰਥੀਆਂ ਨੇ ਆਪੇ ਲਾਈਨਾਂ ਵਿੱਚ ਵਿਛਾ ਲੈਣਾ ਅਤੇ ਸ਼ਾਮ ਨੂੰ ਛੁੱਟੀ ਵੇਲੇ ਕਮਰੇ ਦੇ ਇੱਕ ਖੁੰਜੇ ਵਿੱਚ ਇਕੱਠੇ ਕਰ ਦੇਣੇ। 

ਕੱਚੀ ਪੱਕੀ ਤੋਂ ਲੈ ਤੀਜੀ ਤੱਕ ਅਸੀਂ ਲਿਖਣ ਦਾ ਕੰਮ ਫੱਟੀਆਂ (ਤਖ਼ਤੀਆਂ) 'ਤੇ ਹੀ ਕਰਿਆ ਕਰਦੇ ਸਾਂ। ਫੇਰ ਕਿਤੇ ਚੌਥੀ ਜਮਾਤ 'ਚ ਜਾ ਕੇ ਵੱਖ ਵੱਖ ਵਿਸ਼ਿਆਂ ਦਾ ਕੰਮ ਕਾਪੀਆਂ (ਨੋਟ ਬੁਕਸ) 'ਤੇ ਕਰਨ ਲੱਗਦੇ। ਉਨੀਂ ਦਿਨੀਂ ਅੰਗਰੇਜ਼ੀ ਵਿਸ਼ਾ ਛੇਵੀਂ ਤੋਂ ਸ਼ੁਰੂ ਹੋਇਆ ਕਰਦਾ ਸੀ। ਫੱਟੀ ਨੂੰ ਗਾਚੀ ਨਾਲ ਪੋਚਣਾ ਤੇ ਫਿਰ ਉਸ ਨੂੰ ਸੁਕਾਉਣ ਸਮੇਂ ਇਹ ਤੁਕਾਂ ਦੁਹਰਾਉਣੀਆਂ ਕਿ "ਸੂਰਜਾ ਸੂਰਜਾ ਫੱਟੀ ਸੁਕਾ ਸਾਡੀ ਕੋਠੀ ਦਾਣੇ ਪਾ"। ਫੱਟੀ 'ਤੇ ਲਿਖਣ ਲਈ ਕਾਲੀ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਉਸ ਸਿਆਹੀ ਨੂੰ ਆਪੇ ਬਣਾਉਣਾ। ਉਨੀਂ ਦਿਨੀਂ ਸਿਆਹੀ ਬਣਾਉਣ ਲਈ ਟਿੱਕੀਆਂ ਜਾਂ ਮਿਕਸਚਰ ਆਇਆ ਕਰਦਾ ਸੀ ਜਿਸ ਨੂੰ ਦਵਾਤ ਵਿੱਚ ਪਾ ਲਿਆ ਜਾਂਦਾ ਤੇ ਲੋੜ ਅਨੁਸਾਰ ਉਸ ਵਿੱਚ ਪਾਣੀ ਦਾ ਚੁੱਲੂ ਜਾਂ ਅੱਧਾ ਚੁੱਲੂ ਪਾ ਲਿਆ ਜਾਂਦਾ। 

ਉਸ ਸਮੇਂ ਬੱਚਿਆਂ ਦੇ ਸਿਲੇਬਸ 'ਚ ਜੋ ਵੱਖ ਵੱਖ ਭਾਸ਼ਾਵਾਂ ਸਿਖਾਉਣ ਲਈ ਕਾਇਦੇ ਆਦਿ ਲੱਗੇ ਹੁੰਦੇ ਸਨ ਉਨ੍ਹਾਂ ਵਿਚ ਕਲਮ-ਦਵਾਤ ਅਤੇ ਕਿਤਾਬ ਆਦਿ ਨਾਲ ਤਸਵੀਰਾਂ ਹੋਇਆ ਕਰਦੀਆਂ ਸਨ। ਮੇਰੇ ਯਾਦ ਹੈ ਉਸ ਸਮੇਂ ਬੱਚਿਆਂ ਨੂੰ ਪੰਜਾਬੀ ਜਾਂ ਉਰਦੂ ਭਾਸ਼ਾ ਸਿਖਾਉਣ ਲਈ ਜੋ ਮੁੱਢਲੇ ਕਾਇਦੇ ਹੋਇਆ ਕਰਦੇ ਸਨ ਉਨ੍ਹਾਂ ਵਿਚ ਅਕਸਰ "ਦ" ਅੱਖਰ ਦੇ ਸਾਹਮਣੇ ਦਵਾਤ ਹੋਇਆ ਕਰਦੀ ਸੀ ਤੇ ਉਰਦੂ ਦੇ ਕਾਇਦੇ ਵਿੱਚ "ਕਾਫ" ਅੱਖਰ ਦੇ ਸਾਹਮਣੇ ਕਲਮ ਹੁੰਦੀ ਤੇ "ਤ" ਅੱਖਰ ਦੇ ਸਾਹਮਣੇ ਤਖ਼ਤੀ ਅਰਥਾਤ ਫੱਟੀ ਦੀ ਤਸਵੀਰ ਹੁੰਦੀ। ਹਾਂ ਮੈਂ ਗੱਲ ਕਰ ਰਿਹਾ ਸੀ ਫੱਟੀ ਦੀ ਜੋ ਲੱਕੜ ਦੀ ਬਣੀ ਹੁੰਦੀ ਤੇ ਇਸ ਦੇ ਇੱਕ ਪਾਸੇ ਫੜ੍ਹਨ ਲਈ ਦਸਤਾ ਬਣਿਆ ਹੁੰਦਾ। ਇਸ ਉਪਰ ਲਿਖਣ ਲਈ ਜਿਸ ਕਲਮ ਦੀ ਵਰਤੋਂ ਕੀਤੀ ਜਾਂਦੀ ਉਹ ਕਲਮ ਸਰਕੜੇ ਦੀ ਬਣੀ ਹੁੰਦੀ ਜਿਸ ਨੂੰ ਇਕ ਪਾਸਿਓਂ ਚਾਕੂ ਨਾਲ ਘੜਿਆ ਜਾਂਦਾ ਤੇ ਤਿਰਛੀ ਜਿਹੀ ਨੋਕ ਨੁਮਾ ਪੈੱਨ ਵਰਗੀ ਨਿੱਭੀ ਬਣਾਈ ਜਾਂਦੀ । ਸਾਡੇ ਇੱਕ ਟੀਚਰ ਜਿਨ੍ਹਾਂ ਨੂੰ ਅਸੀਂ ਸਾਰੇ ਮੌਲਵੀ ਸਾਹਿਬ ਆਖਦੇ ਸਾਂ, ਉਹ ਸਾਨੂੰ ਅਰਬੀ ਪੜ੍ਹਾਇਆ ਕਰਦੇ ਸਨ ਤੇ ਉਨ੍ਹਾਂ ਪਾਸ ਚਾਕੂ ਹੁੰਦਾ। ਜੇਕਰ ਕੋਈ ਨਵੀਂ ਕਲਮ ਲੈ ਕੇ ਆਂਦਾ ਤਾਂ ਉਹ ਉਸ ਨੂੰ ਚਾਕੂ ਨਾਲ ਘੜ ਕੇ ਲਿਖਣ ਯੋਗ ਬਣਾ ਦਿਆ ਕਰਦੇ ਸਨ। ਮੇਰੇ ਯਾਦ ਹੈ ਕਿ ਉਰਦੂ ਦੇ ਕਾਇਦੇ ਦੇ ਵਿਚ ਸਾਨੂੰ ਸਬਕ ਵੀ ਹੁੰਦਾ ਸੀ "ਅਸਲਮ ਚਾਕੂ ਲਾਇਆ, ਮੇਰੀ ਕਲਮ ਬਣਾਇਆ"  


ਫੱਟੀ ਲਿਖਣ ਲੱਗਿਆਂ ਸਿਆਹੀ ਵਾਲੀ ਦਵਾਤ ਖੋਲ੍ਹੀ ਜਾਂਦੀ ਤੇ ਉਸ ਵਿਚੋਂ ਕਲਮ ਦੀ ਮਦਦ ਨਾਲ ਸਿਆਹੀ ਦਾ ਡੁੱਬਕਾ ਲਿਆ ਜਾਂਦਾ ਤੇ ਫੱਟੀ ਤੇ ਪੈਂਤੀ ਜਾਂ ਅਲਫ, ਬੇ, ਪੇ, ਜਾਂ ਫਿਰ ਗਿਣਤੀ ਤੇ ਪਹਾੜੇ ਲਿਖੇ ਜਾਂਦੇ। ਅਕਸਰ ਨਵੇਂ ਲਿਖਣ ਵਾਲੇ ਬੱਚਿਆਂ ਨੂੰ ਫੱਟੀ ਉੱਘੜ ਦੇ ਦਿੱਤੀ ਜਾਂਦੀ ਤੇ ਬੱਚਾ ਉਸੇ ਉੱਘੜੇ ਤੇ ਕਲਮ ਦੇ ਨਾਲ ਡੁੱਵਕਾ ਲਾ-2 ਲਿਖਦਾ। ਉਨ੍ਹਾਂ ਸਮਿਆਂ ਵਿੱਚ ਮਾਸੂਮ ਬੱਚਿਆਂ ਦੀਆਂ ਬੜੀਆਂ ਮਾਮੂਲੀ-ਮਾਮੂਲੀ ਸ਼ਿਕਾਇਤਾਂ ਹੁੰਦੀਆਂ ਜਿਵੇਂ ਕਿ ਮਾਸਟਰ ਜੀ ਇਨ੍ਹੇ ਮੇਰੀ ਸਿਆਹੀ ਡੋਲਤੀ, ਇਹ ਮੇਰੀ ਦਵਾਤ ਚੋਂ ਡੁੱਵਕੇ ਲਈ ਜਾਂਦਾ, ਇੰਨੇ ਮੇਰੀ ਫੱਟੀ ਹਿਲਾ ਕੇ ਮੇਰੇ ਅੱਖਰ ਵਿਗਾੜਤੇ ਜੀ।

ਬੱਚਿਆਂ 'ਚ ਆਪਸ ਵਿੱਚ ਜਦੋਂ ਕਦੀ ਅੱਧੀ ਛੁੱਟੀ ਜਾਂ ਪੂਰੀ ਛੁੱਟੀ ਲੜਾਈ ਹੋ ਜਾਣੀ ਤਾਂ ਫੱਟੀਆਂ ਤਲਵਾਰਾਂ ਵਾਂਗ ਚੱਲਣੀਆਂ ਤੇ ਕਈ ਵਾਰੀ ਫੱਟੀ ਦੀ ਨੁੱਕਰ ਕਿਸੇ ਬੱਚੇ ਦੇ ਸਿਰ 'ਤੇ ਵੱਜਣ ਨਾਲ ਲਹੂ ਵਗਣ ਲੱਗ ਪੈਣਾ ਤੇ ਫੇਰ ਮਾਸਟਰਾਂ ਨੇ ਨੇੜਲੇ ਕਿਸੇ ਡਾਕਟਰ ਦੇ ਪੱਟੀ ਕਰਵਾ ਕੇ ਲਿਆਉਣੀ। ਜਿਹੜੇ ਬੱਚਿਆਂ ਨੂੰ ਪੱਟੀ ਕਰਾਉਣ ਲਈ ਜ਼ਖ਼ਮੀ ਬੱਚੇ ਦੇ ਨਾਲ ਭੇਜਣਾ ਉਨ੍ਹਾਂ ਬੜੀ ਹਮਦਰਦੀ ਨਾਲ ਬੱਚੇ ਨੂੰ ਨਾਲ ਲੈ ਕੇ ਜਾਣਾ ਤੇ ਬੜੀ ਅਹਤਿਆਤ ਨਾਲ ਵਾਪਸ ਲੈ ਕੇ ਆਉਣਾ ਤੇ ਫੇਰ ਮਾਸਟਰਾਂ ਨੇ ਨੇੜੇ ਚਾਹ ਦੇ ਖੋਖੇ ਤੋਂ ਕੱਚ ਦੇ ਗਿਲਾਸ ਵਿੱਚ ਪਾਇਆ ਗਰਮ-ਗਰਮ ਦੁੱਧ ਲਿਆ ਕੇ ਪਿਆਉਣਾ। ਜ਼ਖ਼ਮੀ  ਬੱਚਾ ਪੂਰੀ ਕਲਾਸ ਦੇ ਬੱਚਿਆਂ ਲਈ ਇੱਕ ਤਰ੍ਹਾਂ ਨਾਲ ਹਮਦਰਦੀ ਦਾ ਪਾਤਰ ਬਣ ਜਾਂਦਾ।
 
ਜਿਨ੍ਹਾਂ ਬੱਚਿਆਂ ਨੇ ਲਗਾਤਾਰ ਸਕੂਲ 'ਚੋਂ ਗ਼ੈਰ ਹਾਜ਼ਰ ਰਹਿਣਾ ਉਸ ਦੇ ਚੱਲਦਿਆਂ ਮਾਸਟਰਾਂ ਨੇ ਬੱਚਿਆਂ ਦਾ ਵਫ਼ਦ ਗ਼ੈਰ ਹਾਜ਼ਰ ਰਹਿਣ ਵਾਲੇ ਬੱਚੇ ਦੇ ਘਰੀਂ ਭੇਜਣਾ ਪਰ ਅਕਸਰ ਗ਼ੈਰ ਹਾਜ਼ਰ ਰਹਿਣ ਵਾਲੇ ਬੱਚਿਆਂ ਦੀ ਸਕੂਲਾਂ 'ਚੋਂ ਭੇਜੇ ਇਸ ਵਫ਼ਦ ਨਾਲ ਗੱਲਬਾਤ ਨਾਕਾਮ ਹੀ ਰਹਿੰਦੀ ਤੇ ਫਿਰ ਮਸਲੇ ਦਾ ਆਖ਼ਰੀ ਹੱਲ ਇਹੋ ਨਿਕਲਣਾ ਕਿ ਪੰਜ ਛੇ ਬੱਚਿਆਂ ਨੇ (ਮਾਰਸ਼ਲਾਂ ਵਾਂਗ) ਉਕਤ ਸਕੂਲ 'ਚੋਂ ਗ਼ੈਰ ਹਾਜ਼ਰ ਰਹਿਣ ਵਾਲੇ ਬੱਚੇ ਨੂੰ ਰੋਂਦੇ ਕੁਰਲਾਉਂਦੇ ਨੂੰ ਚੁੱਕ ਲਿਆਉਣਾ ਤੇ ਫੇਰ ਸਕੂਲ 'ਚ ਜੋ ਉਸ ਦੀ ਮਾਸਟਰਾਂ ਕੋਲੋਂ ਛਿੱਤਰੋਲ ਹੋਣੀ, ਪੁੱਛੋ ਨਾ..! ਇਹੋ ਜਿਹੇ ਬੱਚਿਆਂ ਦੇ ਮਾਪਿਆਂ ਵਲੋਂ ਵੀ ਮਾਸਟਰਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾਂਦੀ ਕਿ ਇਸ ਨੂੰ ਬੰਦਾ ਬਣਾਉਣ ਲਈ ਜੋ ਹਰਬਾ ਵਰਤ ਸਕਦੇ ਹੋ ਵਰਤ ਲਵੋ। ਅੱਜ ਵਾਂਗ ਮਾਪੇ ਆਪਣੇ ਬੱਚਿਆਂ ਨੂੰ ਕੁੱਟਣ ਨੂੰ ਲੈ ਕੇ ਸ਼ਿਕਾਇਤਾਂ ਨਹੀਂ ਸਨ ਲੈ ਕੇ ਆਉਂਦੇ। 

ਉਨ੍ਹਾਂ ਦਿਨਾਂ ਵਿੱਚ ਮਾਸਟਰਾਂ ਦੀਆਂ ਤਨਖ਼ਾਹਾਂ ਭਾਵੇਂ ਮਾਮੂਲੀ ਹੋਇਆ ਕਰਦੀਆਂ ਸਨ ਪਰ ਉਹ ਪੜ੍ਹਾਉਂਦੇ ਪੂਰੀ ਮਿਹਨਤ ਨਾਲ ਸਨ। ਮੈਨੂੰ ਯਾਦ ਹੈ ਸਾਡੇ ਇਕ ਨਜ਼ੀਰ ਮਾਸਟਰ ਸਨ। ਉਹ ਸਾਨੂੰ ਮੈਥ ਬਹੁਤ ਹੀ ਸਰਲ ਤੇ ਆਸਾਨ ਢੰਗ ਨਾਲ ਕਰਾਇਆ ਕਰਦੇ ਸਨ ਉਹ ਬਹੁਤ ਹੀ ਮਿਹਨਤ ਨਾਲ ਪੜਾਇਆ ਕਰਦੇ ਸਨ। ਸਾਡੀ ਉਸੇ ਬਰਾਂਚ ਵਿਚ ਇਕ ਪਤੰਗੀ ਮਾਸਟਰ ਵੀ ਪੜ੍ਹਾਇਆ ਕਰਦੇ ਸਨ ਜਿਨ੍ਹਾਂ ਦਾ ਅਸਲ ਨਾਂ ਤਾਂ ਮੁਸ਼ਤਾਕ ਸੀ ਪਰ ਕਿਉਂਕਿ ਉਹ ਘਰੇ ਪਤੰਗਾਂ ਬਣਾਉਣ ਦਾ ਵੀ ਕੰਮ ਕਰਦੇ ਸਨ ਇਸ ਲਈ ਉਨ੍ਹਾਂ ਨੂੰ ਆਮ ਤੌਰ 'ਤੇ ਲੋਕ ਪਤੰਗੀ ਮਾਸਟਰ ਹੀ ਆਖਦੇ ਸਨ (ਦਰਅਸਲ ਉਨ੍ਹਾਂ ਸਮਿਆਂ ਵਿੱਚ ਮਾਸਟਰਾਂ ਦੀਆਂ ਤਨਖ਼ਾਹਾਂ ਨਿਗੂਣੀਆਂ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੀ ਹੁੰਦਾ ਸੀ ਇਸ ਲਈ ਸਕੂਲ ਦੇ ਮਾਸਟਰ ਆਪਣੀ ਸਕੂਲ ਡਿਊਟੀ ਤੋਂ ਬਾਅਦ ਕਈ ਅਧਿਆਪਕ ਅਕਾਊਂਟਸ ਆਦਿ ਦਾ ਕੰਮ ਕਰਦੇ ਸਨ) ਇਕ ਵਾਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਦੂਜੀ ਜਮਾਤ ਵਿਚ ਪੜ੍ਹਦਾ ਸਾਂ, ਮੈਂ ਆਪਣੀ ਫੱਟੀ 'ਤੇ ਪੈਂਤੀ ਲਿਖੀ ਤਾਂ ਮੁਸ਼ਤਾਕ ਮਾਸਟਰ ਜੀਆਂ ਨੂੰ ਉਹ ਬਹੁਤ ਪਸੰਦ ਆਈ ਤੇ ਉਨ੍ਹਾਂ ਮੇਰੀ ਫੱਟੀ ਬੋਰਡ ਦੀ ਉਪਰਲੀ ਵਿੰਡਲ 'ਤੇ ਰੱਖਦਿਆਂ ਸਾਰੇ ਹਮ-ਜਮਾਤੀਆਂ ਨੂੰ ਕਿਹਾ ਕਿ ਤੁਸੀਂ ਸਾਰੇ ਇਸ ਨੂੰ ਵੇਖ ਕੇ ਲਿਖੋ। ਉਸ ਵਕਤ ਮੈਂ ਆਪਣੇ ਆਪ ਅੰਦਰ ਜੋ ਖ਼ੁਸ਼ੀ ਤੇ ਮਾਣ ਮਹਿਸੂਸ ਕੀਤਾ ਸੀ ਉਸ ਨੂੰ ਅੱਜ ਵੀ ਸ਼ਬਦਾਂ ਵਿਚ ਬਿਆਨ ਕਰਨੋ ਕਾਸਿਰ (ਅਸਮਰੱਥ) ਹਾਂ। 

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ : 9855259650 
Abbasdhaliwal72@gmail.com 

ਨੋਟ: ਤੁਹਾਨੂੰ ਇਹ ਯਾਦ ਕਿਸ ਤਰ੍ਹਾਂ ਦੀ ਲੱਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ 


Harnek Seechewal

Content Editor

Related News