ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਤੇ ਬਾਅਦ ਇਨ੍ਹਾਂ ਨੁਕਤਿਆਂ ਦਾ ਰੱਖੋ ਖ਼ਿਆਲ

06/30/2023 5:14:54 AM

ਕੁਝ ਸਮਾਂ ਪਹਿਲਾਂ ਤਕ ਮਾਪੇ ਆਪਣਿਆਂ ਬੱਚਿਆਂ ਨੂੰ ਡਾਕਟਰ, ਇੰਜੀਨੀਅਰ, ਵਕੀਲ, ਪ੍ਰੋਫ਼ੈਸਰ ਜਾਂ ਕਿਸੇ ਵੀ ਤਰ੍ਹਾਂ ਦੇ ਅਫ਼ਸਰ ਬਣਾਉਣਾ ਚਾਹੁੰਦੇ ਸਨ। ਹੁਣ ਕੁੱਝ ਕੁ ਸਾਲ ਪਹਿਲਾਂ ਤੋਂ ਇਕ ਅਜਿਹੀ ਹਨੇਰੀ ਚੱਲੀ, ਜਿਸ ਨੇ ਜੀਵਨ ਦਾ ਚਿਹਰਾ ਮੁਹਰਾ ਹੀ ਬਦਲ ਕਿ ਰੱਖ ਦਿੱਤਾ। ਇਹ, ਬੱਚਿਆਂ ਦੀ ਸੋਚ ਦੇ ਨਾਲ-ਨਾਲ ਮਾਤਾ-ਪਿਤਾ ਦਾ ਵੀ ਆਪਣੇ ਬਚਿਆਂ ਨੂੰ ਵਿਦੇਸ਼ਾਂ ਵਿਚ ਸੈੱਟ ਕਰਨਾ ਹੈ। ਇਹ ਗੱਲ ਮਾੜੀ ਨਹੀਂ, ਪਰ ਮੈਂ ਕੁੱਝ ਕੁ ਗੱਲਾਂ ਦਾ ਮੋਟੇ ਤੌਰ 'ਤੇ ਜ਼ਿਕਰ ਕਰਨਾ ਜ਼ਰੂਰੀ ਸਮਝਦੀ ਹਾਂ।

ਅੱਜ ਦੀ ਨੌਜਵਾਨ ਪੀੜ੍ਹੀ ਦਾ ਇੰਨੇ ਵੱਡੇ ਪੱਧਰ 'ਤੇ ਪ੍ਰਵਾਸ ਵੱਲ ਖਿੱਚ ਦਾ ਕਾਰਨ ਕੀ ਹੈ ? ਸੋ ਉਹ ਮੋਟੇ ਤੌਰ 'ਤੇ ਸਾਡੇ ਦੇਸ਼ ਦਾ ਵਿਗੜਿਆ ਢਾਂਚਾ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਯੋਗ ਸ਼ਖ਼ਸੀਅਤ ਨੂੰ ਉਸ ਦੀ ਯੋਗਤਾ ਅਨੁਸਾਰ ਅਹੁਦਾ ਨਾ ਮਿਲਣਾ, ਸਗੋਂ ਰਿਸ਼ਵਤ ਦੇ ਅਧਾਰ ਅਤੇ ਭਾਈ ਭਤੀਜਾਵਾਦ ਨਾਲ ਨੌਕਰੀਆਂ ਆਦਿ ਦੀ ਵੰਡ ਹੋਣੀ, ਯੋਗ ਵਿਅਕਤੀ ਨੂੰ ਮਾਣ ਸਨਮਾਨ ਦੀ ਥਾਂ ਉਸ ਦੀ ਟੰਗ ਖਿਚਾਈ ਕਰਕੇ ਉਸ ਦਾ ਮਨੋਬਲ ਉੱਚਾ ਚੁੱਕਣ ਦੀ ਬਜਾਏ ਥੱਲੇ ਡੇਗਣਾ।

ਸਾਡੇ ਮੁਲਕ ਦੇ ਸਿੱਖਿਆ ਦਾ ਮਿਆਰ ਬਹੁਤ ਉੱਚਾ ਹੈ, ਪਰ ਵਿਦਿਆਰਥੀ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ 5-10 ਹਜ਼ਾਰ ਦੀ ਨੌਕਰੀ ਕਰਨ ਲਈ ਮਜ਼ਬੂਰ ਹਨ। ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਰੱਖਿਆ ਹੈ। ਇੰਨੀ ਕੁ ਕਮਾਈ ਨਾਲ਼ ਪਰਿਵਾਰ ਨਹੀਂ ਪਲਦੇ, ਦੂਸਰੇ ਪਾਸੇ, ਸਰਕਾਰਾਂ ਸਾਜ਼ਿਸ਼ ਦੇ ਤਹਿਤ, ਰੋਜ਼ਗਾਰ ਨਹੀਂ ਪੈਦਾ ਕਰਦੀਆਂ, ਕਿਉਂਕਿ ਇਕ ਤਾਂ ਪੜ੍ਹੇ ਲਿਖੇ ਨੌਜਵਾਨ ਸੂਝਵਾਨ ਹੋਣਗੇ ਤੇ ਰਾਜਨੀਤਿਕ ਲੋਕਾਂ ਕੋਲੋਂ ਕਾਨੂੰਨੀ ਤੌਰ 'ਤੇ ਆਪਣਾ ਹੱਕ ਮੰਗਣਗੇ, ਨਾਲ਼ ਹੀ ਉਨ੍ਹਾਂ ਦੀ ਚੋਰਬਾਜ਼ਾਰੀ ਨੂੰ ਵੀ ਖ਼ਤਰਾ ਪੈਦਾ ਹੋਵੇਗਾ। ਇਸ ਕਾਰਨ ਕਦੇ ਵੀ ਕਿਸੇ ਸਰਕਾਰ ਨੇ ਪ੍ਰਵਾਸ ਬਾਰੇ ਟਿੱਪਣੀ ਨਹੀਂ ਕੀਤੀ।

ਇਸ ਖਿੱਚ ਦਾ ਕਾਰਨ ਵਧਦਾ ਵਿਸ਼ਵੀਕਰਨ ਵੀ ਹੈ, ਜੋ ਨੌਜਵਾਨ ਪੀੜ੍ਹੀ ਲਈ ਬਾਹਰਲੀ ਚਮਕ ਦਮਕ ਦਾ ਇਕ ਹੋਰ ਕਾਰਨ ਵੀ ਹੈ, ਜਿਸ ਵਿਚ ਕਿ ਏਜੰਟ ਵੀ ਹਵਾਈ ਕਿਲੇ ਉਸਾਰ ਕੇ ਹੋਰ ਜ਼ਿਆਦਾ ਯੋਗਦਾਨ ਪਾਉਂਦੇ ਹਨ। ਬਾਕੀ ਰਹਿੰਦੀ ਖੁਹਿੰਦੀ ਕਸਰ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਪਹਿਲਾਂ ਤੋਂ ਹੀ ਵਿਦੇਸ਼ਾਂ ਵਿਚ ਰਹਿ ਰਹੇ ਕੁੱਝ ਫੁਕਰਿਆਂ ਦੀਆਂ ਵਧਾ ਚੜ੍ਹਾ ਕੇ ਪਰੋਸੀਆਂ ਜਾਂਦੀਆਂ ਗੱਲਾਂ ਪੂਰੀ ਕਰ ਦਿੰਦੇ ਹਨ। ਇਨ੍ਹਾਂ ਜ਼ਰੀਏ ਸਾਡੇ ਲੋਕਾਂ ਨੂੰ, ਬਾਹਰ ਦੀ ਬੇਬਾਕ ਜ਼ਿੰਦਗੀ, ਬੇਪਰਵਾਹੀ ਨਾਲ਼ ਘੁੰਮਣਾ ਫਿਰਣਾ, ਖੁੱਲ੍ਹਾ ਪੈਸਾ, ਪੱਬਾਂ-ਕਲੱਬਾਂ ਦੀ ਐਸ਼, ਲੜਕੇ ਲੜਕੀਆਂ ਦਾ  ਬਿਨਾ ਵਿਆਹ ਤੋਂ ਰਿਲੇਸ਼ਨਸ਼ਿਪ ਵਿਚ ਰਹਿਣਾ, ਵੱਡੀਆਂ ਤੇ ਆਲੀਸ਼ਾਨ ਕਾਰਾਂ ਵਿਚ ਘੁੰਮਣਾ ਤੇ ਹੋਰ ਬਹੁਤ ਅਖੌਤੀ ਗੱਲਾਂ ਸਵਰਗ ਦੇ ਝੂਟੇ ਲੱਗਦੇ ਹਨ। ਇਸ ਸਬਜ਼ਬਾਗ ਵਿਚ ਪੰਜਾਬੀ ਫ਼ਿਲਮਾਂ ਤੇ ਗੀਤਾਂ ਦਾ ਵੀ ਬਹੁਤ ਵੱਡਾ ਹੱਥ ਹੈ ਜਿਸ ਵਿਚ ਮਹਿੰਗੀਆਂ ਕਾਰਾਂ ਤੇ ਬੇਬਾਕ ਜੀਵਨ ਦੇ ਅਨੇਕ ਪਹਿਲੂ ਦਿਖਾਏ ਜਾਂਦੇ ਹਨ ਜੋ ਕਿ ਅਸਲੀਅਤ ਦੇ ਨੇੜੇ-ਤੇੜੇ ਵੀ ਨਹੀਂ, ਜਦੋਂ ਕਿ ਹਕੀਕਤ ਵਿਚ ਹਰ ਇਕ ਨੂੰ ਹੱਡ ਤੋੜਵਾਂ ਸੰਘਰਸ਼ ਕਰਨਾ ਪੈਂਦਾ ਹੈ।

ਜਿਸ ਬੱਚੇ ਨੇ ਪਾਣੀ ਦਾ ਗਲਾਸ ਵੀ ਕਦੇ ਆਪਣੇ ਹੱਥੀਂ ਨਹੀਂ ਚੁੱਕਿਆ ਤੇ ਰੱਖਿਆ ਹੁੰਦਾ, ਉਸ ਨੂੰ ਆਟਾ ਵੀ ਆਪ ਗੁੰਨਣਾ ਪੈਂਦਾ, ਰੋਟੀ ਤੇ ਸਬਜ਼ੀ ਬਣਾਉਣੀ ਪੈਂਦੀ, ਸਫਾਈਆਂ ਕਰਨੀਆਂ, ਆਪ ਹੀ ਕੱਪੜੇ ਧੋਣੇ ਤੇ ਕਾਲਜ ਜਾਂ ਨੌਕਰੀ ਲਈ ਅਗਾਉਂ ਤਿਆਰ ਕਰਕੇ ਰੱਖਣੇ ਪੈਂਦੇ, ਖਰਚੇ ਦਾ ਹਿਸਾਬ-ਕਿਤਾਬ ਰੱਖਣਾ ਪੈਂਦਾ, ਰਾਸ਼ਨ, ਦੁੱਧ, ਰੋਜ਼ਾਨਾ ਵਰਤੋਂ ਦੀਆਂ ਢੇਰਾਂ ਵਸਤੂਆਂ ਨੂੰ ਸਮੇਂ ਤੋਂ ਪਹਿਲਾਂ ਯਾਦ ਕਰਨਾ ਪੈਂਦਾ, ਵਧੀਆ ਘਟੀਆ, ਮਹਿੰਗੀ ਸਸਤੀ ਵੇਖਣੀ ਪੈਂਦੀ, ਬਿਲਾਂ, ਘਰ, ਗੱਡੀ ਆਦਿ ਦੀ ਕਿਸ਼ਤ ਦੀ ਤਾਰੀਖ਼, ਬੱਸਾਂ ਦੇ ਨੰਬਰ, ਭਾਸ਼ਾ ਦਾ ਅੜਿੱਕਾ ਤੇ ਹਜ਼ਾਰਾਂ ਹੋਰ ਕੰਮ ਜੋ ਉਸ ਨੇ ਆਪਣੇ ਭਾਰਤ ਵਿਚ ਰਹਿੰਦਿਆਂ ਗੌਲੇ ਵੀ ਨਹੀਂ ਸਨ, ਆਪ ਹੀ ਕਰਨੇ ਪੈਂਦੇ ਨੇ। ਸੋ ਇੱਥੇ ਅਜੋਕੇ ਮਾਪਿਆਂ ਦੀ ਕਮੀ ਹੀ ਸਾਹਮਣੇ ਆਉਂਦੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਸਿਰਫ ਪੜ੍ਹਾਈ ਦਾ ਪਾਠ ਇੱਕਲਾ ਪੜ੍ਹਾਉਂਦੇ ਹਨ ਤੇ ਰੋਜ਼ਾਨਾ ਜੀਵਨ ਦੇ ਕੰਮਾਂ ਨਾਲ਼ ਨਾ ਜੋੜਕੇ ਅਧੂਰਾ ਛੱਡ ਦਿੰਦੇ ਹਨ। ਦੂਸਰੇ ਪਾਸੇ ਸਿਰਫ਼ ਪੈਸੇ ਦੇ ਜ਼ੋਰ 'ਤੇ ਬਿਨਾ ਚੰਗੇ ਮਾੜੇ ਦੀ ਘੋਖ ਕੀਤਿਆਂ ਬੱਚੇ ਨੂੰ ਵਿਦੇਸ਼ ਧੱਕਣ ਦੀ ਕਰਦੇ ਹਨ।

ਇੱਥੇ ਇਕ ਹੋਰ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਨਿਸ਼ਚਿੰਤ ਹੋ ਜਾਂਦੇ ਹਨ, ਜਦੋਂ ਕਿ ਵਿਦੇਸ਼ ਵਿਚ ਇੱਕਲੇਪਣ ਦਾ ਸ਼ਿਕਾਰ ਤੇ ਇਕਦਮ ਜਿੰਮੇਵਾਰੀਆਂ ਪੈ ਜਾਣ ਕਾਰਨ ਬੱਚਾ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਸਕਦਾ ਹੈ। ਇਸ ਲਈ ਇਹ ਸਮਾਂ ਸਿਰਾਹਣੇ ਥੱਲੇ ਬਾਂਹ ਦੇ ਕੇ ਬੇਫਿਕਰ ਹੋਣ ਦਾ ਨਹੀਂ, ਸਗੋਂ ਜ਼ਿਆਦਾ ਜ਼ਿੰਮੇਵਾਰੀ ਲੈਣ ਦਾ ਹੁੰਦਾ ਹੈ। ਬੱਚੇ ਦੇ ਵਕਤ ਮੁਤਾਬਿਕ ਉਸ ਨਾਲ ਵੀਡਿਓ ਕਾਲ 'ਤੇ ਗੱਲ ਕਰੋ, ਮੁਸ਼ਕਲਾਂ ਦੇ ਸੁਖਾਲੇ ਹੱਲ ਦੱਸੋ, ਸੰਘਰਸ਼ ਲਈ ਉਤਸ਼ਾਹਿਤ ਕਰੋ, ਬੋਰ ਹੋਣ 'ਤੇ ਘੁੰਮਣ ਫਿਰਨ ਦੀ ਸਲਾਹ ਦਿਓ, ਘਰ ਵਿਚ ਵਾਪਰਨ ਵਾਲੀਆਂ ਛੋਟੀਆਂ-ਮੋਟੀਆਂ ਗੱਲਾਂ ਦੱਸ ਕੇ ਉਸ ਦੀ ਮਾਨਸਿਕਤਾ 'ਤੇ ਵਾਧੂ ਬੋਝ ਨਾ ਪਾਓ।

ਇਸ ਦੇ ਨਾਲ਼ ਹੀ ਬਹੁਤ ਜ਼ਰੂਰੀ ਸਲਾਹ ਦੇਣਾ ਚਾਹਾਂਗੀ ਕਿ ਹਰ ਬੱਚੇ ਨੂੰ ਬਾਹਰ ਜਾ ਕੇ ਪੈਰਾਂ ਸਿਰ ਹੋਣ ਨੂੰ ਕਦੇ-ਕਦੇ ਸਾਲ ਵੀ ਲੱਗ ਜਾਂਦਾ ਹੈ ਤੇ ਘਰੋਂ ਹੋਰ ਪੈਸੇ ਭੇਜਣੇ ਪੈਂਦੇ ਹਨ। ਸੋ ਪਹਿਲਾਂ ਹੀ ਵਾਧੂ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖੋ ਤੇ ਇਕ ਸਾਲ ਤਕ ਬੱਚੇ ਤੋਂ ਪੈਸੈ ਦੀ ਮੰਗ ਨਾ ਕਰੋ। ਕੁੱਝ ਮਾਪੇ ਲੋਕਾਂ ਦੇ ਪ੍ਰਭਾਵ ਹੇਠ ਬੱਚੇ ਉਤੇ ਘਰ ਪੈਸੇ ਭੇਜਣ ਦਾ ਦਬਾਅ ਪਾਉਂਦੇ ਹਨ, ਤਾਂ ਬੱਚਾ ਰਾਤ ਦਿਨ ਕੰਮ ਕਰਕੇ ਪੜ੍ਹਾਈ ਪੂਰੀ ਨਹੀਂ ਕਰ ਸਕਦਾ, ਜਾਂ ਗ਼ਲਤ ਢੰਗ ਨਾਲ਼ ਕਮਾਈ ਕਰਦਾ ਇਮੀਗ੍ਰੇਸ਼ਨ ਹੱਥੋਂ ਫੜਿਆ ਜਾਂਦਾ ਹੈ ਤੇ ਜੇਲ੍ਹ ਜਾਂ ਵਾਪਸ ਆਪਣੇ ਵਤਨ ਭੇਜ ਦਿੱਤਾ ਜਾਂਦਾ ਹੈ।

ਅਜੀਹੀ ਨੌਬਤ ਘਰਦਿਆਂ ਦੀ ਲਾਈਲੱਗਤਾ ਜਾਂ ਦੂਜੇ ਦੇ ਉਕਸਾਉਣ ਤੇ, ਜਿਵੇਂ, "ਉਹ ਸਵਰਨ ਸਿੰਘ ਦੇ ਮੁੰਡੇ ਨੇ ਬਾਹਰ ਜਾਂਦਿਆਂ ਹੀ ਡਾਲਰ ਭੇਜਣੇ ਸ਼ੁਰੂ ਕਰ ਦਿੱਤੇ ਸੀ। ਇਕੋ ਸਾਲ ਦੇ ਵਿਚ ਵਿਚ ਉਨ੍ਹਾਂ ਵੱਡੀ ਗੱਡੀ ਤੇ ਸ਼ਹਿਰ ਵਿਚ ਦੋ ਮੰਜਲਾ ਕੋਠੀ ਖੜ੍ਹੀ ਕਰਕੇ ਤਿੰਨ ਪਲਾਟ ਵੀ ਖਰੀਦ ਲਏ ਸਨ। ਤੇਰਾ ਮੁੰਡਾ ਸਾਲ ਹੋ ਗਿਆ ਅਜੇ ਤਕ ਤੈਥੋਂ ਪੈਸੇ ਮੰਗਾਈ ਜਾਂਦਾ "। ਇਸ ਤੇ ਮਾਤਾ ਪਿਤਾ ਆਪਣੇ ਬੱਚੇ 'ਤੇ ਪੈਸੇ ਭੇਜਣ ਲਈ ਜ਼ੋਰ ਪਾਉਣ ਲੱਗ ਜਾਂਦੇ ਹਨ। ਸੋ ਤੁਹਾਨੂੰ ਦੂਸਰੇ ਦਾ ਨਹੀਂ ਪਤਾ, ਉਹ ਇਹ ਕੁੱਝ ਕਿਵੇਂ ਕਰ ਰਿਹਾ ਹੈ। ਸਾਨੂੰ ਫਰਕ ਘੋਖ ਕੇ ਹੀ ਅਗਲਾ ਕਦਮ ਚੁੱਕਣਾ ਚਾਹੀਦਾ ਹੈ।

ਹੁਣ ਬੱਚਾ ਜਦ ਸੈੱਟ ਹੋਣ ਲੱਗ ਜਾਵੇ ਤਾਂ ਵੀ ਉਸ ਦੀ ਮਰਜ਼ੀ ਤੇ ਵਕਤ ਮੁਤਾਬਿਕ ਮਾਤਾ-ਪਿਤਾ ਨੂੰ ਉਸ ਨਾਲ਼ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ ਜੀਵਨ ਦੇ ਹਰ ਮੋੜ ਤੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ, ਜਿਵੇਂ ਨੌਕਰੀ ਲਈ ਥਾਂ-ਥਾਂ ਭਟਕਣਾ, ਬੜੀ ਮੁਸ਼ਕਿਲ ਨਾਲ਼ ਛੋਟੀ ਮੋਟੀ ਨੌਕਰੀ ਮਿਲਣੀ ਪਰ ਮਾਲਿਕ ਨੇ ਪੈਸੇ ਮਾਰ ਜਾਣੇ, ਚੁਗਲੀ ਨਿੰਦਿਆ ਕਰਨ ਵਾਲੇ ਨੇ ਬੌਸ ਦੇ ਕੰਨ ਭਰਕੇ ਉਸਦੀਆਂ ਨਜ਼ਰਾਂ ਵਿਚ ਨੀਵਾਂ ਪਾ ਦੇਣਾ, ਉਸ ਦਾ ਸਾਡੇ ਬੱਚੇ ਨਾਲ਼ ਚੰਗਾ ਵਿਹਾਰ ਨਾ ਕਰਨਾ, ਜਿਸ ਕਾਰਨ ਬੱਚੇ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਣਾ, ਅਪਨਾ ਕੋਈ ਵੀ ਨਾ ਹੋਣ ਕਾਰਨ ਪ੍ਰੇਸ਼ਾਨੀ ਕਿਸੇ ਨਾਲ਼ ਸਾਂਝੀ ਨਾ ਕਰ ਸਕਣਾ ਆਦਿ। ਸੋ ਇਸ ਸਮੇਂ ਮਾਤਾ-ਪਿਤਾ ਨੂੰ ਸੂਝ-ਬੂਝ ਨਾਲ ਬੱਚੇ ਦੀ ਪ੍ਰੇਸ਼ਾਨੀ ਉਸ ਦੇ ਮੂੰਹੋ ਕੱਢਵਾ ਕੇ ਬੜੇ ਹੀ ਸੁਲਝੇ ਹੋਏ ਢੰਗ ਨਾਲ਼ ਉਸ ਨੂੰ ਹੱਲ ਦੱਸਣਾ ਤੇ ਚੜ੍ਹਦੀ ਕਲਾ ਵਿਚ ਰਹਿਣ ਲਈ ਪ੍ਰੇਰਤ ਕਰਨਾ  ਚਾਹੀਦਾ ਹੈ। 

ਇਥੇ ਥੋੜ੍ਹਾ ਜਿਹਾ ਮਾਪਿਆਂ ਲਈ ਵੀ ਸਲਾਹ ਹੈ ਕਿ ਉਨ੍ਹਾਂ ਦਾ ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਤਿਆਰ ਹੈ, ਇਸ ਲਈ ਉਸ ਦੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਇਕ ਹੱਦ ਤਕ ਹੀ ਦਖ਼ਲ ਦੇਣਾ ਚਾਹੀਦਾ ਹੈ। ਜ਼ਿਆਦਾ ਦਖ਼ਲਅੰਦਾਜ਼ੀ ਉਸ ਨੂੰ ਬਹੁਤ ਕੁੱਝ ਤੁਹਾਡੇ ਕੋਲੋਂ ਲੁਕੋਣ ਲਈ ਮਜਬੂਰ ਵੀ ਕਰ ਸਕਦੀ ਹੈ।

ਅਗਲੀ ਗੱਲ ਜੋ ਮਾਪਿਆਂ ਲਈ ਧਿਆਨ ਰੱਖਣ ਵਾਲੀ ਤੇ ਬੱਚੇ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਸਮਝਾਉਣ ਵਾਲੀਆਂ ਗੱਲਾਂ ਵਿਚ ਸ਼ੁਮਾਰ ਹੈ, ਉਹ ਹੈ ਬੱਚੇ ਦੀ ਅਲ੍ਹੱੜ ਉਮਰ ਤੇ ਸੁਭਾਅ ਵਿਚ ਪਰਿਪਕਤਾ ਦੀ ਕਮੀ, ਜਿਸ ਸਬੰਧੀ ਮਾਪਿਆਂ ਨੂੰ ਕਾਫੀ ਸਮਾਂ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿਵੇਂ ਕਿ ਇਸ ਉਮਰ ਵਿਚ ਸੁਭਾਅ ਵਿਚ ਤੇਜ਼ੀ ਦਾ ਹੋਣਾ, ਛੋਟੀ-ਛੋਟੀ ਗੱਲ 'ਤੇ ਗੁੱਸਾ ਆਉਣਾ, ਠਹਿਰਾਵ ਦੀ ਕਮੀ, ਕੰਮ ਵੱਲ ਧਿਆਨ ਨਾ ਲੱਗਣਾ, ਲੜਨ ਝਗੜਣ ਵਾਲਾ ਸੁਭਾਅ, ਵਿਪ੍ਰੀਤ ਲਿੰਗੀ ਖਿੱਚ ਤੇ ਹੋਰ ਬਹੁਤ ਸਾਰਿਆਂ ਸੁਭਾਅ ਵਿਚਲੀਆਂ ਕਮੀਆਂ। ਸੋ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਵਿਸ਼ਿਆਂ 'ਤੇ ਖੁੱਲ੍ਹ ਕਿ ਚਰਚਾ ਕਰਨੀ ਚਾਹੀਦੀ ਹੈ ਤੇ ਹਰ ਕੰਮ ਦੇ ਨਫ਼ੇ ਨੁਕਸਾਨ ਤੇ ਪੂਰਾ ਤੱਪਸਰਾ ਕਰਨਾ ਚਾਹੀਦਾ ਹੈ। ਇਸ ਸਬੰਧ ਵਿਚ ਕੋਈ ਸੰਗ ਸ਼ਰਮ ਨਹੀਂ ਕਰਨੀ ਚਾਹੀਦੀ, ਆਖ਼ਰ ਆਪਣੇ ਬੱਚੇ ਦੇ ਜੀਵਨ ਦਾ ਸਵਾਲ ਹੁੰਦਾ ਹੈ।

ਇਸ ਦੇ ਨਾਲ਼ ਹੀ ਫ਼ਿਰ ਤੋਂ ਕਹਿਣਾ ਚਾਹਾਂਗੀ, ਬੱਚਾ ਚਾਹੇ ਫ਼ਾਸਲੇ ਅਨੁਸਾਰ ਹਜ਼ਾਰਾਂ ਕਿਲੋਮੀਟਰ ਦੂਰ ਹੋਣ, ਪਰ ਦਿਮਾਗੀ ਤੌਰ ਤੇ ਸਦਾ ਕੋਲ ਰਹਿਣਾ ਚਾਹੀਦਾ ਹੈ, ਭਾਵ ਉਸ ਨਾਲ਼ ਦੋਸਤੀ ਵਾਲਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ, ਤਾਂ ਕੇ ਜ਼ਿਆਦਾ ਤੋਂ ਜ਼ਿਆਦਾ ਉਤਾਰ-ਚੜ੍ਹਾਅ ਮਾਪਿਆਂ ਨਾਲ਼ ਸਾਂਝੇ ਕਰੇ ਤਾਂ ਜੋ ਮਾਪੇ ਉਸ ਦਾ ਸਹੀ ਮਾਰਗਦਰਸ਼ਨ ਕਰ ਸਕਣ।

- ਨਰੇਸ਼ ਕੁਮਾਰੀ ਸ਼ਰਮਾ

Anmol Tagra

This news is Content Editor Anmol Tagra