ਸਿਲੇਬਸ ਤੋਂ ਬਾਹਰ ਦੀਆਂ ਗੱਲਾਂ

08/20/2018 4:30:25 PM

ਆਪਣੀ ਜ਼ਿੰਦਗੀ ਨੂੰ ਮੁਰਸ਼ਦ ਮੈਂ ਬਣਾ ਲਿਆ
ਪਿੱਛਾ ਇਸ ਤਰਾਂ ਕਿਤਾਬਾਂ ਤੋਂ ਛੁਡਾ ਲਿਆ ।

ਸਵਾਲ ਨਵੇਂ ਆਉਣ ਹਰ ਵਾਰ ਇਮਤਿਹਾਨ 
ਕਿੱਥੋਂ ਬਣਾਉਣ ਵਾਲੇ ਪਰਚਾ ਇਹ ਬਣਾ ਲਿਆ?

ਜ਼ਿੰਦਗੀ ਜੋ ਸਿਖਾਵੇ ਮਿਲਦਾ ਨਹੀਂ ਕਿਤੇ ਵੀ
ਤਾਂਹੀਓਂ ਜ਼ਿੰਦਗੀ ਨੂੰ ਕਾਲਜ ਮੈਂ ਬਣਾ ਲਿਆ ।

ਕੋਈ ਡਿਗਰੀ ਨਾ ਮਿਲਦੀ ਪਾਸ ਕਰਨ 'ਤੇ
ਪਰ ਨਿਕਲਿਆ ਜੋ ਜ਼ਿੰਦਗੀ 'ਚ ਛਾ ਗਿਆ ।

ਪਾਸ ਤੋਤੇ ਵੀ ਹੋ ਜਾਂਦੇ ਰਟ ਕਿਤਾਬਾਂ ਨੂੰ 
ਪਾਸ ਫੇਲ ਵੀ ਜੇ ਮੁੱਦਾ ਕੋਈ ਸੁਲਝਾ ਲਿਆ ।

ਪੂਰੋ ਪਿਆਸ ਕਿਸੇ ਦੀ ਤਾਂ ਕੋਈ ਗੱਲ ਬਣੇ
ਹੋਇਆ ਕੀ ਜੇ ਪਾਣੀ ਪਾਣੀ ਤੂੰ ਬਣਾ ਲਿਆ ।

ਹੁੰਦੇ ਆਪਣੇ ਤਾਂ ਰਿਸ਼ਤੇ ਆਪਣੇ ਖੂਨ ਦੇ
ਗੱਲ ਵੱਡੀ ਜੇ ਤੂੰ ਗ਼ੈਰ ਵੀ ਅਪਣਾ ਲਿਆ ।

ਜਿਉਂਦੇ ਸਾਰੇ ਹੀ ਨੇ ਜ਼ਿੰਦਗੀ ਤਾਂ ਆਪਣੀ
ਮਜ਼ਾ ਤਾਂ ਹੀ ਕਿਸੇ ਜ਼ਿੰਦ ਜੇ ਅਪਣਾ ਲਿਆ। 

ਮਾਲਕ ਹੁੰਦੇ ਨੇ ਡੱਡੂ ਵੀ ਖੂਹ ਦੇ ਸਾਗਰ ਦੇ
ਗੱਲ ਬਣੇ ਜੇ ਤੂੰ ਸਾਗਰ ਨੂੰ ਅਪਣਾ ਲਿਆ ।

ਫ਼ਰਕ ਕੋਈ ਨਹੀਂ ਹੈ ਇੱਥੇ ਪਾਸ ਫੇਲ ਵਿਚ 
ਪਾਸ ਕਲਰਕ ਨਹੀਂ ਨੇਤਾ ਤਾਂ ਬਣਾ ਲਿਆ ।

ਬੁਝਿਆ ਚੁੱਲ੍ਹਾ ਜੇ ਮਘਾਏਂ ਤਾਂ ਕੋਈ ਗੱਲ ਬਣੇ
ਕੋਈ ਮੱਲ ਨਹੀਂ ਜੇ ਜਲਦਾ ਤੂੰ ਬੁਝਾ ਲਿਆ ।

ਜਗਾਉਣਾ ਸੁੱਤਿਆਂ ਨੂੰ ਹੁੰਦਾ ਜਿਵੇਂ ਧਰਮ ਹੈ
ਕੋਈ ਮੱਲ ਨਹੀਂ ਜੇ ਸਦਾ ਲਈ ਸੁਲਾ ਦਿਆ ।

ਦੁਨੀਆ ਸਾਰੀ ਭਾਵੇਂ ਜਿਉਂਦਾ ਸ਼ਬਦ ਕੋਸ਼ ਹੈ
ਮੈਂ ਤਾਂ ਜ਼ਿੰਦਗੀ ਹੀ ਮਹਾਕੋਸ਼ ਬਣਾ ਲਿਆ ।

ਗੱਲਾਂ ਸਾਰੀਆਂ ਸਿਲੇਬਸ ਤੋਂ ਬਾਹਰ ਇਹ
ਤਾਂਹੀਓਂ ਜ਼ਿੰਦਗੀ ਮੈਂ ਸਿਲੇਬਸ ਬਣਾ ਲਿਆ ।
ਸਵਰਨ ਸਿੰਘ ਸ਼ਿਮਲਾ
ਸੰਪਰਕ : 9418393845