ਸਿਆਸਤ ’ਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ

08/12/2022 5:27:40 PM

ਬਿਹਾਰ ’ਚ ਜਨਤਾ ਦਲ ਯੂਨਾਈਟਿਡ (ਜਦਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ ਕੱਲ (10 ਅਗਸਤ ਨੂੰ) 8ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਭਾਜਪਾ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਤੋਂ ਇਕ ਵਾਰ ਫਿਰ ਸਬੰਧ ਤੋੜ ਕੇ ਨਿਤੀਸ਼ ਨੇ ਦੁਬਾਰਾ ਆਪਣੀ ਚਿਰ-ਸਿਆਸੀ ਮੁਕਾਬਲੇਬਾਜ਼ੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨਾਲ ਕਾਂਗਰਸ, ਖੱਬੇਪੱਖੀ ਪਾਰਟੀਆਂ ਸਮੇਤ 7 ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ। ਇਹ ਠੀਕ ਹੈ ਕਿ ਸਿਆਸਤ ’ਚ ਕੋਈ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ।

ਬਿਹਾਰ ’ਚ ਨਿਤੀਸ਼ ਕੁਮਾਰ ਦਾ ਉਦੈ ਰਾਜਦ ਸੰਸਥਾਪਕ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰਵਾਦ ਅਤੇ ਉਨ੍ਹਾਂ ਦੇ ਰਾਜ ’ਚ ਭ੍ਰਿਸ਼ਟਾਚਾਰ-ਜੰਗਲਰਾਜ ਦੇ ਵਿਰੁੱਧ ਹੋਇਆ ਸੀ। ਅਜਿਹਾ ਜਾਪਦਾ ਹੈ ਕਿ ਸਿਆਸੀ ਜ਼ਿੰਦਗੀ ਦੇ ਆਖਰੀ ਪੜਾਅ ’ਚ ਨਿਤੀਸ਼ ਨੇ ਇਨ੍ਹਾਂ ਦੋਵਾਂ ਵਿਗਾੜਾਂ ਨਾਲ ਸਮਝੌਤਾ ਕਰ ਲਿਆ ਹੈ। 26 ਸਾਲ ’ਚ ਇਹ ਦੂਜੀ ਵਾਰ ਹੈ, ਜਦੋਂ ਨਿਤੀਸ਼ ਭਾਜਪਾ ਤੋਂ ਅਲੱਗ ਹੋਏ। ਸਮਤਾ ਪਾਰਟੀ ਦੇ ਦੌਰ ਤੋਂ ਹੀ ਇਕ ਸਹਿਯੋਗੀ ਦੇ ਰੂਪ ’ਚ ਨਿਤੀਸ਼ ਨੇ ਭਾਜਪਾ ਦੇ ਨਾਲ ਗਠਜੋੜ ਕੀਤਾ ਸੀ। ਹੁਣ ਤੱਕ 8 ਵਾਰ ਉਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ ਜਿਸ ’ਚ 5 ਵਾਰ (ਸਾਲ 2000, 2005, 2010, 2017 ਅਤੇ 2020) ਭਾਜਪਾ ਅਤੇ ਦੋ ਵਾਰ (2015 ਅਤੇ 2022) ਰਾਜਦ-ਆਦਿ ਉਨ੍ਹਾਂ ਦੇ ਸਹਿਯੋਗੀ ਰਹੇ ਹਨ।

ਬਿਹਾਰ ’ਚ ਰਾਜਦ ਦੀ ਸਿਆਸਤ 4 ਬਿੰਦੂਆਂ ਤੋਂ ਪਰਿਭਾਸ਼ਤ ਹੈ। ਪਹਿਲਾ-ਪਰਿਵਾਰਵਾਦ। ਭਾਰਤੀ ਸਿਆਸਤ ’ਚ ਨਹਿਰੂ-ਗਾਂਧੀ ਵੰਸ਼ ਦੇ ਬਾਅਦ ਵਿਸ਼ਾਲ ਵੰਸ਼ਵਾਦੀ ਰਵਾਇਤ ਦਾ ਦੂਜਾ ਵੱਡਾ ਉਦਾਹਰਣ ਲਾਲੂ ਪ੍ਰਸਾਦ ਯਾਦਵ ਹਨ। ਸਾਲ 1997 ’ਚ ਘਪਲੇ ਦੇ ਕਾਰਨ ਜਦੋਂ ਲਾਲੂ ਨੂੰ ਬਿਹਾਰ ਦੀ ਕੁਰਸੀ ਛੱਡਣੀ ਪਈ, ਉਦੋਂ ਉਨ੍ਹਾਂ ਨੇ ਤਜਰਬੇਹੀਣ ਅਤੇ ਘਰ-ਪਰਿਵਾਰ ਦੀ ਜ਼ਿੰਮੇਵਾਰੀ ਤੱਕ ਸੀਮਤ ਆਪਣੀ ਅਨਪੜ੍ਹ ਪਤਨੀ ਰਾਬੜੀ ਦੇਵੀ ਨੂੰ ਬਿਹਾਰ ਦਾ ਰਾਜਕਾਜ ਸੌਂਪ ਿਦੱਤਾ। ਇਹੀ ਨਹੀਂ, ਜਦੋੋਂ 2013 ’ਚ ਲਾਲੂ ਦੋਸ਼ੀ ਠਹਿਰਾਏ ਗਏ ਉਦੋਂ ਵੀ ਰਾਜਦ ’ਚ ਸੱਤਾ ਦੇ ਕੇਂਦਰ ਨੂੰ ਆਪਣੇ ਪਰਿਵਾਰ ਦੇ ਅਧੀਨ ਰੱਖਦੇ ਹੋਏ ਉਨ੍ਹਾਂ ਨੇ ਆਪਣੇ 9ਵੀਂ ਪਾਸ ਛੋਟੇ ਪੁੱਤਰ ਤੇਜਸਵੀ ਨੂੰ ਅੱਗੇ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ 12ਵੀਂ ਪਾਸ ਪੁੱਤਰ ਤੇਜ ਪ੍ਰਤਾਪ ਦੇ ਨਰਾਜ਼ ਹੋਣ ਦੀਆਂ ਖਬਰਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।

ਰਾਜਦ ਦੀ ਸਿਆਸਤ ਘੋਰ-ਜਾਤੀਵਾਦ ਅਤੇ ਇਸਲਾਮੀ ਕੱਟੜਵਾਦ ਨਾਲ ਹਮਦਰਦੀ ਰੱਖਣ ’ਤੇ ਆਧਾਰਿਤ ਹੈ। ਲਾਲੂ ਦੀ ਅਗਵਾਈ ’ਚ ਕਦੀ ਪਾਰਟੀ ਨੇ ਯਾਦਵ-ਮੁਸਲਿਮ ਸਮੀਕਰਨ ’ਤੇ ਕੰਮ ਕੀਤਾ ਤੇ ਕਦੇ ‘ਭੂਰਾ-ਵਾਲ ਸਾਫ ਕਰੋ’ (ਜ਼ਮੀਨ ਦੇ ਮਾਲਕ-ਬ੍ਰਾਹਮਣ-ਰਾਜਪੂਤ-ਲਾਲਾ) ਦੀ ਜਾਤੀਵਾਦੀ ਸਿਆਸਤ (ਹਿੰਸਾ ਸਮੇਤ) ਨੂੰ ਮਾਲਾਮਾਲ ਕੀਤਾ। ਜੋ ਬਿਹਾਰ ਦੀ ਸਿਆਸਤ ਤੋਂ ਜਾਣੂ ਹਨ, ਉਨ੍ਹਾਂ ਨੂੰ ਪਤਾ ਹੈ ਕਿ 90 ਦੇ ਦਹਾਕੇ ’ਚ ਇਸ ਨਾਅਰੇ ਨੇ ਸੂਬੇ ਨੂੰ ਕਿਸ ਤਰ੍ਹਾਂ ਜਾਤੀਵਾਦੀ ਹਿੰਸਾ ਦੀ ਅੱਗ ’ਚ ਝੋਕ ਦਿੱਤਾ ਸੀ।

ਇਸ ਦੇ ਪ੍ਰਭਾਵ ਤੋਂ ਬਿਹਾਰ ਅੱਜ ਵੀ ਮੁਕਤ ਨਹੀਂ ਹੋ ਸਕਿਆ। ਮੁਸਲਿਮ ਤੰਗਦਿਲੀ ਦੇ ਮੱਕੜਜਾਲ ’ਚ ਫਸ ਕੇ ਰਾਜਦ ਨੇ ਨਾ ਸਿਰਫ ਮੁਹੰਮਦ ਸ਼ਹਾਬੂਦੀਨ (ਸਵਰਗੀ) ਵਰਗੇ ਇਸਲਾਮੀਆਂ ਦਾ ਖੁੱਲ੍ਹਾ ਸਮਰਥਨ ਕੀਤਾ, ਸਗੋਂ ਉਸਨੂੰ ਕਈ ਵਾਰ ਵਿਧਾਇਕਾਂ ਤੱਕ ਵੀ ਪਹੁੰਚਾਇਆ। ਗੱਲ ਸਿਰਫ ਇੱਥੋਂ ਤੱਕ ਸੀਮਤ ਨਹੀਂ। ਜਦੋਂ 27 ਫਰਵਰੀ 2022 ਨੂੰ ਗੁਜਰਾਤ ਸਥਿਤ ਗੋਧਰਾ ਰੇਲਵੇ ਸਟੇਸ਼ਨ ਦੇ ਨੇੜੇ ਜਿਹਾਦੀਆਂ ਦੀ ਭੀੜ ਨੇ ਟ੍ਰੇਨ ਦੇ ਇਕ ਡੱਬੇ ’ਚ 59 ਕਾਰ ਸੇਵਕਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ, ਜਿਨ੍ਹਾਂ ਦਾ ‘ਅਪਰਾਧ’ ਸਿਰਫ ਇਹ ਸੀ ਕਿ ਉਹ ਅਯੁੱਧਿਆ ਦੀ ਤੀਰਥ ਯਾਤਰਾ ਤੋਂ ਪਰਤਦੇ ਸਮੇਂ ‘ਜੈ ਸ਼੍ਰੀਰਾਮ’ ਦਾ ਨਾਅਰਾ ਲਾ ਰਹੇ ਸਨ-ਉਦੋਂ ਸਾਲ 2004-05 ’ਚ ਰੇਲ ਮੰਤਰੀ ਰਹਿੰਦੇ ਹੋਏ ਲਾਲੂ ਨੇ ਜਾਂਚ-ਕਮੇਟੀ ਦਾ ਗਠਨ ਕਰ ਕੇ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੋਧਰਾ ਕਾਂਡ ਮਜ਼੍ਹਬੀ ਨਫਰਤ ਤੋਂ ਪ੍ਰੇਰਿਤ ਨਾ ਹੋ ਕੇ ਸਿਰਫ ਹਾਦਸਾ ਸੀ। ਬਾਅਦ ’ਚ ਕਮੇਟੀ ਦੀ ਇਸ ਰਿਪੋਰਟ ਨੂੰ ਗੁਜਰਾਤ ਹਾਈ ਕੋਰਟ ਨੇ ਰੱਦ ਕਰ ਦਿੱਤਾ। ਇਸ ਤਰ੍ਹਾਂ ਦੀ ਜਾਤੀ-ਮਜ਼੍ਹਬੀ ਸਿਆਸਤ ਨੂੰ ਲਾਲੂ ਦੇ ਉਤਰਾਧਿਕਾਰੀ ਵੀ ਅੱਗੇ ਵਧਾ ਰਹੇ ਹਨ।

ਰਾਜਦ ਦਾ ਤੀਜਾ ਅਤੇ ਚੌਥਾ ਸਿਆਸੀ ਆਧਾਰ : ਬੇਲਗਾਮ ਭ੍ਰਿਸ਼ਟਾਚਾਰ ਅਤੇ ਅਪਰਾਧੀਆਂ ਨੂੰ ਰਾਖਵਾਂਕਰਨ ਹੈ। ਲਾਲੂ ਪਰਿਵਾਰ ਦਾ ਭ੍ਰਿਸ਼ਟਾਚਾਰ-ਕਦਾਚਾਰ ਦੇ ਮਾਮਲਿਆ ਨਾਲ ਗੂੜਾ ਸਬੰਧ ਹੈ। ਪ੍ਰਸਿੱਧ ਚਾਰਾ ਘਪਲੇ ’ਚ ਲਾਲੂ ਹੋਰ ਦੋਸ਼ੀਆਂ ਦੇ ਵਾਂਗ ਸਜ਼ਾ-ਜ਼ਾਬਤਾ ਹੈ। ਆਈ. ਆਰ. ਸੀ. ਟੀ. ਸੀ. ਘਪਲੇ ਮਾਮਲੇ ’ਚ ਲਾਲੂ, ਰਾਬੜੀ, ਤੇਜਸਵੀ, ਮੀਸਾ, ਤੇਜਪ੍ਰਤਾਪ ਸਮੇਤ 14 ਮੁਲਜ਼ਮ ਹਨ, ਜੋ ਕਿ ਫਿਲਹਾਲ ਜ਼ਮਾਨਤ ’ਤੇ ਬਾਹਰ ਹਨ। ਇਸ ਦੇ ਇਲਾਵਾ, ਆਮਦਨ ਤੋਂ ਵੱਧ ਜਾਇਦਾਦ ਦੇ ਨਾਲ ਬੇਨਾਮੀ ਲੈਣ ਦੇਣ ਕਾਨੂੰਨ ਦੇ ਅਧੀਨ 1 ਹਜ਼ਾਰ ਕਰੋੜ ਰੁਪਏ ਜ਼ਮੀਨ ਸੌਦੇ ਅਤੇ ਟੈਕਸ ਚੋਰੀ ਨੂੰ ਲੈ ਕੇ ਲਾਲੂ-ਰਾਬੜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ’ਤੇ ਮਾਮਲੇ ਦਰਜ ਹਨ।

ਕਾਨੂੰਨ-ਵਿਵਸਥਾ ਦੇ ਮਾਮਲੇ ’ਚ ਰਾਜਦ ਦਾ ਟ੍ਰੈਕ-ਰਿਕਾਰਡ ਨਿਘਾਰ ’ਚ ਰਿਹਾ ਹੈ। ਲਾਲੂ-ਰਾਬੜੀ ਦੇ ਸ਼ਾਸਨਕਾਲ ’ਚ 1990- 2005 ਦਰਮਿਆਨ ਬਿਹਾਰ ਅਗਵਾਹ, ਹੱਤਿਆ, ਜਬਰ-ਜ਼ਨਾਹ, ਚੋਰੀ, ਡਕੈਤੀ, ਫਿਰੌਤੀ ਅਤੇ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ ਸੀ। ਅਪਰਾਧੀਆਂ ਦੀ ਸਿਆਸਤਦਾਨਾਂ, ਨੌਕਰਸ਼ਾਹਾਂ, ਭ੍ਰਿਸ਼ਟ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਨਾਲ ਗੰਡਤੁੱਪ ਅਜਿਹੀ ਸੀ ਕਿ ਸੂਬੇ ਦੀ ‘ਆਰਥਿਕ ਸਰਗਰਮੀ’ ਨੂੰ ਫਿਰੌਤੀ-ਅਗਵਾਹ ਵਰਗੇ ‘ਉਦਯੋਗਾਂ’ ਤੋਂ ਰਫਤਾਰ ਮਿਲ ਰਹੀ ਸੀ। ਇਸ ਸਬੰਧ ’ਚ ਕਈ ਕਿੱਸੇ-ਕਹਾਣੀਆਂ ਅੱਜ ਵੀ ਚਰਚਿਤ ਹਨ। ਇਨ੍ਹਾਂ ਸਾਰੇ ਤੱਤਾਂ ਨੇ ਮਿਲ ਕੇ ਬਿਹਾਰ ਨੂੰ ਬੀਮਾਰੂ-ਪਛੜਾ ਸੂਬਾ ਬਣਾ ਿਦੱਤਾ ਜਿਸ ਤੋਂ ਉਹ ਅੱਜ ਵੀ ਪ੍ਰਭਾਵਿਤ ਹੈ।

ਅਸਲ ’ਚ, ਇਸ ਸਥਿਤੀ ਲਈ ਸਨਾਤਨ ਸੱਭਿਆਚਾਰ ਵਿਰੋਧੀ ਖੱਬੇਪੱਖੀ ਚਿੰਤਨ ਜ਼ਿੰਮੇਵਾਰ ਹੈ, ਜਿਸ ਨੇ ਰਾਸ਼ਟਰੀ ਸਿਆਸਤ ਨੂੰ ਲੁਕਵਾਂ-ਸੈਕੁਲਰਵਾਦ ਦੇ ਨਾਂ ’ਤੇ ਸਭ ਤੋਂ ਵੱਧ ਵਿਗਾੜਿਆ ਤੇ ਕਲੰਕਿਤ ਕੀਤਾ। ਦਹਾਕਿਆ ਤੋਂ ਇਹ ਜਮਾਤ ਲੋਕਾਂ ਨੂੰ ‘ਸੈਕੁਲਰ ਸਰਟੀਫਿਕੇਟ’ ਦੇ ਕੇ ਆਪਣਾ ਭਾਰਤ-ਹਿੰਦੂ ਵਿਰੋਧੀ ਏਜੰਡਾ ਅੱਗੇ ਵਧਾ ਰਿਹਾ ਹੈ। ਇਹ ਭਾਰਤੀ ਸਿਆਸਤ ’ਤੇ ਵੱਡਾ ਹਮਲਾ ਹੀ ਹੈ ਕਿ ਇਸਲਾਮ ਦੇ ਨਾਂ ’ਤੇ ਭਾਰਤ ਦੇ ਖੂਨ ਨਾਲ ਸਿੰਜੇ ਬਟਵਾਰੇ ਅਤੇ ਪਾਕਿਸਤਾਨ ਦੇ ਜਨਮ ’ਚ ਜਿਸ ਇਕੋ ਇਕ ਭਾਰਤੀ ਿਸਆਸੀ ਵਰਗ-ਖੱਬੇਪੱਖੀਆਂ ਨੇ ਅਹਿਮ ਭੂਮਿਕਾ ਨਿਭਾਈ, ਉਹ ਅੱਜ ਵੀ ਇਸਲਾਮੀ ਅੱਤਵਾਦੀਆਂ-ਵੱਖਵਾਦੀਆਂ ਨਾਲ ਨਾ ਸਿਰਫ ਹਮਦਰਦੀ ਰੱਖਦਾ ਹੈ, ਨਾਲ ਹੀ ਵਿਚਾਰਕ, ਬਰਾਬਰੀ ਦੇ ਕਾਰਨ ਟੁਕੜੇ-ਟੁਕੜੇ ਗੈਂਗ, ਸ਼ਹਿਰੀ ਨਕਸਲੀਆਂ ਅਤੇ ਮਾਓਵਾਦੀਆਂ ਦਾ ਸਮਰਥਨ ਵੀ ਕਰਦਾ ਹੈ।

ਉਸੇ ਬੀਮਾਰ ਖੱਬੇਪੱਖੀ ਅਤੇ ਝੂਠਾ-ਸੈਕੁਲਰਵਾਦ ਮਿਲੀ ਸਿਆਸਤ ਤੋਂ ਗ੍ਰਸਤ ਹੋ ਕੇ ਨਿਤੀਸ਼ ੁਕਮਾਲ ਨੇ ਸਾਲ 2013 ’ਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹੋਏ ਭਾਜਪਾ ਨਾਲ ਗਠਜੋੜ ਤੋੜ ਕੇ ਲਾਲੂ ਯਾਦਵ ਦੀ ਅਗਵਾਈ ’ਚ ‘ਮਹਾ ਗਠਜੋੜ’ ਨਾਲ ਹੱਥ ਮਿਲਾਇਆ ਸੀ, ਜੋ ਰਾਜਦ ਦੇ ਚੋਟੀ ਦੇ ਨੇਤਾਵਾਂ ’ਤੇ ਭ੍ਰਿਸ਼ਟਾਚਾਰ-ਬੇਨਿਯਮੀਆਂ ਦੇ ਗੰਭੀਰ ਦੋਸ਼ ਲੱਗਣ ਦੇ ਬਾਅਦ 2017 ’ਚ ਟੁੱਟ ਗਿਆ। ਸਾਲ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਜਨਤਾ ਨੇ ਘੋਰ ਜਾਤੀਵਾਦੀ- ਫਿਰਕੂ ਸਿਆਸਤ ਨਕਾਰੀ ਸੀ ਪਰ ਲਗਭਗ 2 ਸਾਲ ਬਾਅਦ ਨਿਤੀਸ਼ ਬਾਬੂ ਨੇ ਪਲਟੀ ਮਾਰਦੇ ਹੋਏ ਭਾਜਪਾ ਨਾਲੋਂ ਨਾਤਾ ਤੋੜ ਕੇ ਉਸੇ ਸਿਆਸਤ ਦੇ ਪੁਜਾਰੀਆਂ ਨਾਲ ਫਿਰ ਗਠਜੋੜ ਕਰ ਲਿਆ। ਮੀਡੀਆ ਰਿਪੋਰਟ ਦੀ ਮੰਨੀਏ, ਤਾਂ ਇਸ ਵਾਰ ਨਿਤੀਸ਼ ਇਸ ਗੱਲ ਤੋਂ ਆਸਵੰਦ ਸੀ ਕਿ ਕਿਤੇ ਉਨ੍ਹਾਂ ਦੀ ਸਥਿਤੀ ਮਹਾਰਾਸ਼ਟਰ ਦੇ ਊਧਵ ਠਾਕਰੇ ਵਰਗੀ ਨਾ ਹੋ ਜਾਵੇ। ਸੱਚ ਤਾਂ ਇਹੀ ਹੈ ਕਿ ਨਿਤੀਸ਼ ਦੀ ਪ੍ਰਧਾਨ ਮੰਤਰੀ ਬਣਨ ਦੀ ਲਾਲਸਾ ਸਾਰੇ ਜਾਣਦੇ ਹਨ। ਇਸ ਪਿਛੋਕੜ ’ਚ ਕੀ ਵਿਰੋਧੀ ਧਿਰ ਦੇ ਚਿਹਰੇ ਦੇ ਰੂਪ ’ਚ ਅਤਿ ਖਾਹਿਸ਼ੀ ਰਾਹੁਲ ਗਾਂਧੀ, ਲਾਲੂ-ਤੇਜਸਵੀ, ਮਮਤਾ ਬੈਨਰਜੀ, ਚੰਦਰਸ਼ੇਖਰ ਰਾਓ, ਅਖਿਲੇਸ਼ ਯਾਦਵ ਆਦਿ ਨਿਤੀਸ਼ ਕੁਮਾਰ ਨੂੰ ਪ੍ਰਵਾਨ ਕਰਨਗੇ-ਇਸ ਦੀ ਸੰਭਾਵਨਾ ਬੜੀ ਘੱਟ ਹੈ।

ਬਲਬੀਰ ਪੁੰਜ 

Simran Bhutto

This news is Content Editor Simran Bhutto