ਸਿੱਖ ਇਤਿਹਾਸ ਵਿੱਚ 52 ਅੰਕ ਦੀ ਮਹੱਤਤਾ

11/22/2017 6:01:11 PM

ਗਿਣਤੀ ਵਿੱਚ ਭਾਵੇਂ ਹਰ ਅੰਕ ਦੀ ਆਪਣੀ ਮਹੱਤਤਾ ਹੈ ਪਰ ਸਿੱਖ ਇਤਿਹਾਸ ਵਿੱਚ 52 ਅੰਕ ਦੀ ਇੱਕ ਵਿਸ਼ੇਸ਼ ਮਹੱਤਤਾ ਬਣੀ ਹੋਈ ਹੈ|ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਦੇ ਕੰਮ ਨੂੰ ਜਥੇਬੰਦਕ ਤਰੀਕੇ ਨਾਲ ਕਰਨ ਲਈ ਅਤੇ ਇਸ ਵਿਵਸਥਾ ਦਾ ਪੱਕਾ ਪ੍ਰਬੰਧ ਕਰਨ ਲਈ ਬਾਈ ਮੰਜੀਆਂ ਦੀ ਸਥਾਪਨਾ ਕਰਕੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ|ਤਾਂ ਉਸ ਸਮੇਂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਗੁਰ ਸਿੱਖੀ ਦੇ ਇਸਤਰੀ ਪ੍ਰਚਾਰਕਾਂ ਲਈ 52 (ਬਵੰਜਾ) ਪੀਹੜਿਆਂ ਦੀ ਸਥਾਪਨਾ ਵੀ ਕੀਤੀ| 
ਇਹ ਗੱਲ ਵੀ ਸੰਜੋਗ ਦੀ ਹੈ ਕਿ ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦਾ 52 ਦੇ ਅੰਕ ਨਾਲ ਕਾਫੀ ਵਾਸਤਾ ਰਿਹਾ|ਉਨ੍ਹਾਂ ਦਾ ਅਵਤਾਰ ਵੀ 21 ਹਾੜ, ਸੰਮਤ 1652 ਨੂੰ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ|ਜਦੋਂ ਗੁਰੂ ਜੀ ਕੌਮ-ਉਸਾਰੀ ਦੇ ਨਵੇਂ ਮੈਦਾਨ ਵਿੱਚ ਤਨੋ-ਮਨੋ-ਜੁੱਟ ਗਏ ਤਾਂ ਉਹਨ੍ਹਾਂ ਨੇ ਆਪਣੀ ਨਿੱਜੀ ਗਾਰਦ ਵਿੱਚ 52 ਬਲਵਾਨ ਜਵਾਨਾਂ ਦੀ ਭਰਤੀ ਕੀਤੀ ਜੋ ਭਵਿੱਖਤ ਸਿੱਖ ਫੌਜ ਦਾ ਮੁੱਢ ਬਣੀ|
ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 12 ਸਾਲ ਦੀ ਕੈਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਤਾਂ ਉਸ ਕਿਲ੍ਹੇ ਵਿੱਚ ਪਹਿਲਾਂ ਹੀ 52 ਰਾਜੇ ਕੈਦ ਸਨ|ਜਦੋਂ ਫਿਰ ਜਹਾਂਗੀਰ ਨੇ ਗੁਰੂ ਜੀ ਨੂੰ ਕਿਲ੍ਹੇ 'ਚੋਂ ਰਿਹਾ ਕਰਨ ਦਾ ਹੁਕਮ ਦਿੱਤਾ ਤਾਂ ਵੀ ਗੁਰੂ ਜੀ ਨੇ ਸਾਰੇ 52 ਰਾਜਿਆਂ ਨੂੰ ਨਾਲ ਰਿਹਾ ਕਰਨ ਦੀ ਸ਼ਰਤ ਰੱਖੀ|ਇਹਨ੍ਹਾਂ ਸਾਰੇ ਰਾਜਿਆਂ ਨੂੰ ਇੱਕ ਸਾਥ ਰਿਹਾ ਕਰਵਾਉਣ ਲਈ ਹੀ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਸਭ ਨੂੰ ਰਿਹਾ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ 'ਚੋਂ ਬਾਹਰ ਆਏ|ਇਹ 52 ਕਲੀਆਂ ਵਾਲੇ ਚੋਲੇ ਦੇ ਅੱਜ ਕੱਲ ਗੁਰੂਦਆਰਾ ਸਾਹਿਬ ਪਿੰਡ ਘੁਡਾਣੀ (ਲੁਧਿਆਣਾ) ਵਿਖੇ ਦਰਸ਼ਨ ਕੀਤੇ ਜਾ ਸਕਦੇ ਹਨ| 
ਇਸੇ ਤਰ੍ਹਾਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਟਾ ਸਾਹਿਬ ਦੀ ਨੀਂਹ ਰੱਖੀ ਅਤੇ ਆਪ ਕੁਝ ਸਮਾਂ ਉੱਥੇ ਰਹੇ ਤਾਂ ਆਪ ਜੀ ਨੇ ਕਵੀ-ਦਰਬਾਰ ਲਈ 52 ਕਵੀਆਂ ਦੀ ਮਹੱਤਵਪੂਰਨ ਚੋਣ ਕੀਤੀ। ਇਨ੍ਹਾਂ 52 ਕਵੀਆਂ ਨੂੰ ਗੁਰੂ ਜੀ ਨੇ ਬਹੁਤ ਮਾਣ-ਸਨਮਾਨ ਬਖਸ਼ਿਆਂ|ਇਸੇ ਤਰ੍ਹਾਂ ਸੰਮਤ 1752 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੁਸੈਨੀ ਯੁੱਧ ਹੋਇਆ ਜਿਸ ਵਿੱਚ ਹੁਸੈਨੀ ਅਤੇ ਕ੍ਰਿਪਾਲ ਚੰਦ ਕਟੋਚੀਆ ਮਾਰੇ ਗਏ ਅਤੇ ਗੁਰੂ ਜੀ ਦੇ ਯੋਧੇ ਭਾਈ ਸੰਗਤੀਆ ਸਿੰਘ ਅਤੇ ਉਨ੍ਹਾਂ ਦੇ ਸੱਤ ਸਾਥੀ ਵੀ ਸ਼ਹੀਦ ਹੋਏ| ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖ ਇਤਿਹਾਸ ਵਿੱਚ 52 ਅੰਕ ਦਾ ਕਾਫ਼ੀ ਮਹੱਤਵ ਰਿਹਾ ਹੈ|
ਬਹਾਦਰ ਸਿੰਘ ਗੋਸਲ
ਮ.ਨੰ: 3098, ਸੈਕਟਰ 37-ਡੀ,
ਚੰਡੀਗੜ੍ਹ| ਮੋ.ਨੰ: 98764-52223