ਸੂਰਜ ਦੀ ਅੱਖ

02/15/2019 2:07:27 PM

ਚੰਗਿਆਈਆਂ ਤੋਂ ਜਾਣੂ ਕਰਵਾਉਣ ਵਾਲਾ ਵਿਅਕਤੀ ਪ੍ਰਸ਼ੰਸਕ ਤਾਂ ਜ਼ਰੂਰ ਹੋ ਸਕਦਾ ਹੈ, ਪ੍ਰੰਤੂ ਗੁਣਾਂ ਦੇ ਨਾਲ- ਨਾਲ ਬੀਤੇ ਵਕਤ ਉੱਪਰ ਝਾਂਤੀ ਪਵਾਉਂਦੇ ਹੋਏ, ਔਗੁਣਾਂ- ਖਾਮੀਆਂ ਬਾਰੇ ਧਿਆਨ ਦਿਵਾਉਣ ਵਾਲਾ ਅਤੇ ਭਵਿੱਖ ਲਈ ਸੁਚੇਤ ਕਰਨ ਵਾਲਾ ਸ਼ਖਸ ਅਸਲ ਅਰਥਾਂ 'ਚ ਸ਼ੀਸ਼ੇ ਦੇ ਨਿਆਈਂ ਆਪਣਾ ਵਜ਼ੂਦ ਰੱਖਦਾ ਹੈ।
ਬਲਦੇਵ ਸਿੰਘ ਸਾਡੇ ਸਮਿਆਂ ਦਾ ਸਮਰੱਥ ਸਾਹਿਤਕਾਰ ਹੈ, ਉਸ ਕੋਲ ਆਪਣੀ ਗੱਲ ਕਹਿਣ ਤੇ ਜਚਾਉਣ ਦਾ ਵਲ (ਹੁਨਰ) ਬਾਖ਼ੂਬੀ ਹੈ।
ਕੱਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਅਤੇ ਵੱਕਾਰੀ 'ਢਾਹਾਂ ਪੁਰਸਕਾਰ' ਨਾਲ ਸਨਮਾਨਿਤ ਉਸਦਾ ਇਤਿਹਾਸਕ ਨਾਵਲ 'ਸੂਰਜ ਦੀ ਅੱਖ' ਪੜ੍ਹਿਆ। ਉਸ ਦੀਆਂ ਹੋਰ ਸਾਹਿਤਕ ਰਚਨਾਵਾਂ ਵਾਂਗ ਇਹ ਲਿਖ਼ਤ ਵੀ ਕਾਫ਼ੀ ਉਮਦਾ ਲੱਗੀ।
ਇਸ ਵੱਡ-ਆਕਾਰੀ ਇਤਿਹਾਸਕ ਗਲਪੀ ਰਚਨਾ ਵਿੱਚ ਨਾਵਲਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਸ਼ਖ਼ਸੀਅਤ ਦੇ ਨਾਲ- ਨਾਲ ਤੱਤਕਾਲੀਨ: ਸਮਾਜਿਕ, ਰਾਜਨੀਤਕ, ਆਰਥਿਕਤਾ, ਅਫ਼ਗਾਨਾਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਉਹਨਾਂ ਪਹਿਲੂਆਂ ਨੂੰਛੋਹਣ ਦੀ ਜ਼ੁਰਤ ਕੀਤੀ ਜੋ ਕੁੱਝ ਇਤਿਹਾਸਕਾਰਾਂ ਤੇ ਲੇਖਕਾਂ ਦੁਆਰਾ ਬੀਤੇ ਸਮੇਂ ਦੇ ਕਲੇਵਰ 'ਚ ਦਬਾ ਦਿੱਤੇ ਗਏ ਅਤੇ ਪਹਿਲਾਂ ਕਦੇ ਪ੍ਰਤੱਖ ਤੌਰ ਨਾਲ ਪਾਠਕਾਂ ਦੇ ਸਨਮੁੱਖ ਲਿਆਂਦੇ ਹੀ ਨਹੀਂ ਗਏ।
ਸਦੀਆਂ ਤੋਂ ਸ਼ਰਧਾ, ਮਿੱਥ ਤੇ ਲੋਕ ਮਨਾਂ 'ਚ ਵਸੇ ਧਾਰਮਿਕ ਅਕੀਦਿਆਂ ਦੇ ਸਹਿਮ ਕਾਰਨ ਲੇਖਕਾਂ ਨੇ ਰਣਜੀਤ ਸਿੰਘ ਦੇ ਕਿਰਦਾਰ ਨੂੰ ਕਲਮ ਦੀਆਂ ਬੁਰਸ਼ੀ ਛੋਹਾਂ ਦਿੰਦਿਆਂ ਉਸਨੂੰ ਸਿਰਫ਼ ਪ੍ਰਸ਼ੰਸਾ ਮੂਲਕ ਸੁਰ ਦੁਆਰਾ ਹੀ ਪੇਸ਼ ਕੀਤਾ। ਬਲਦੇਵ ਸਿੰਘ ਨੇ ਬੇਹੱਦ ਬੇਬਾਕੀ ਨਾਲ ਤਾਕਤ ਅਤੇ ਸੱਤਾ ਦੇ ਜ਼ੋਰ ਦੁਆਰਾ ਰਾਜੇ- ਮਹਾਰਾਜਿਆਂ ਦਾ ਨਿਰੰਕੁਸ਼ ਹੋ ਕੇ ਭੋਗ-ਵਿਲਾਸ ਵਿੱਚ ਲਿਪਤ ਹੋਣ ਦੇ ਨਾਲ ਹੀ ਮਨ ਆਈਆਂ ਕਰਨ ਦੀ ਸਦੀਵੀਂ
ਕੌੜੀ ਸੱਚਾਈ ਅਤੇ ਪੰਜਾਬ ਦੇ ਮਹਾਰਾਜੇ ਤੇ ਖਾਲਸਾ ਰਾਜ ਦੇ ਉਥਾਨ-ਪਤਨ ਦੇ ਕਾਰਨਾਂ ਸੰਬੰਧੀ ਨਿਧੜਕ ਹੋ ਕੇ ਲਿਖਿਆ।
ਨਾਵਲ ਵਿੱਚ ਪੇਸ਼ ਘਟਨਾਵਾਂ, ਤੱਥ ਪਾਤਰਾਂ ਦੇ ਕਿਰਦਾਰ ਕਿੰਨੇ ਕੁ ਪ੍ਰਮਾਣਿਕ ਤੇ ਸੱਚੇ ਹਨ, ਇਨ੍ਹਾਂ ਸੰਬੰਧੀ ਮੇਰਾ ਕੋਈ ਦਾਅਵਾ ਨਹੀਂ, ਯਕੀਨਨ 
ਕੁੱਝ ਪਾਠਕ ਇਨ੍ਹਾਂ ਨਾਲ ਸਹਿਮਤ ਨਹੀਂ ਹੋਣਗੇ। ਪਰ ਨਾਵਲ ਲਿਖਣ ਤੋਂ ਪਹਿਲਾਂ ਲੇਖਕ ਦੁਆਰਾ ਕੀਤਾ ਭਰਪੂਰ ਅਧਿਐਨ, ਨਾਵਲਕਾਰ ਦੀ ਸਮਰੱਥਾ, ਭਾਸ਼ਾ- ਸ਼ੈਲੀ, ਇੱਕ ਪ੍ਰਸ਼ੰਸਾਮਈ ਸਿੱਖ: ਇਤਿਹਾਸਿਕ- ਧਾਰਮਿਕ ਲੋਕ ਨਾਇਕ ਦੀ ਨਵੇਂ ਜਾਵੀਏ ਤੋਂ ਪਾਤਰ ਸਿਰਜਣਾ ਅਤੇ ਲਿਖਤ ਦੀ ਪੜ੍ਹਨਯੋਗਤਾ ਵਾਕਿਆ ਹੀ ਪ੍ਰਭਾਵਸ਼ਾਲੀ ਅਤੇ ਸਲਾਹੁਣਯੋਗ ਹੈ।

ਲੇਖਕ- ਬਲਦੇਵ ਸਿੰਘ


Aarti dhillon

Content Editor

Related News