ਅਣਖ ਦੇ ਨਾਂ ''ਤੇ ਹੁੰਦੇ ਕਤਲਾਂ ਦੀ ਕਥਾ

11/28/2019 3:48:09 PM

ਮਾਨਸਾ ਵਿਖੇ ਅਣਖ ਦੇ ਨਾਂ 'ਤੇ ਇਕ ਮਨੁੱਖ ਨੂੰ ਜਿਉਂਦਿਆਂ ਸਾੜ ਦੇਣ ਦਾ ਮਾਮਲਾ ਦਿਲ ਦਹਿਲਾਉਣ ਵਾਲਾ ਮਾਮਲਾ ਹੈ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਕ ਵਾਰ ਅਣਖ ਦੇ ਨਾਂ ਤੇ ਹੁੰਦੇ ਕਤਲਾਂ ਦਾ ਮੁੱਦਾ ਫਿਰ ਚਰਚਾ ਵਿਚ ਆ ਜਾਂਦਾ ਹੈ। ਇਸ ਮਾਮਲੇ ਵਿਚ ਬਹੁਤ ਸਵਾਲ ਨੇ ਜੋ ਸਾਡੇ ਤੋਂ ਜਵਾਬ ਮੰਗਦੇ ਨੇ ਤੇ ਜੇ ਅਸੀਂ ਇਨ੍ਹਾਂ ਸਵਾਲਾਂ ਨੂੰ ਸੰਜੀਦਗੀ ਨਾਲ ਨਾ ਹੱਲ ਕੀਤਾ ਤਾਂ ਇਤਿਹਾਸ ਸਾਡੇ ਤੇ ਸਵਾਲ ਕਰੇਗਾ ਤੇ ਫਿਰ ਸਾਡੇ ਕੋਲ ਜਵਾਬ ਦੇਣ ਦਾ ਵੇਲਾ ਲੰਘ ਚੁੱਕਾ ਹੋਵੇਗਾ ਅਤੇ ਅਸੀਂ ਮੁਜ਼ਰਮਾਂ ਦੀ ਕਤਾਰ ਵਿਚ ਖੜ੍ਹੇ ਹੋਵਾਂਗੇ...
ਅਣਖ ਦੇ ਨਾਂ 'ਤੇ ਕਤਲਾਂ ਦੀ ਲੜੀ ਬਹੁਤ ਲੰਮੀ ਹੈ ਤੇ ਦਿਲ-ਦਹਿਲਾਊ ਵੀ. . .
ਇਤਿਹਾਸ 'ਤੇ ਸਰਸਰੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ਈ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ । ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ 'ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ । ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ.....
ਵਿਸ਼ਵ ਪੱਧਰ 'ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ :
(À) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ
(Â) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ
ਸਾਡੇ ਇਤਿਹਾਸ 'ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ 'ਤੇ ਹੋਏ ਮਿਲਦੇ ਹਨ  ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ । ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ 'ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ 'ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ । ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।
ਅਜੋਕੇ ਸਮੇਂ 'ਚ ਖਾਸਕਰ ਭਾਰਤ ਦੇ ਪ੍ਰਸੰਗ 'ਚ ਅਣਖ਼ ਦੀ ਖ਼ਾਤਿਰ ਕਤਲ ਇਕ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਜਾਂ ਮਰਤ ਜਾਂ ਦੋਵਾਂ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਲਾਫ ਵਿਆਹ ਕਰਵਾਉਂਦੇ ਹਨ ਜਾਂ ਜੋ ਆਪਣੇ ਹੀ ਗੋਤ 'ਚ ਜਾਂ ਹੋਰ ਜਾਤ 'ਚ ਵਿਆਹ ਕਰਵਾਉਂਦੇ ਹਨ ਪਰ ਅਣਖ਼ ਦੀ ਖ਼ਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ ਖਾਸਕਰ ਓਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ । ਵਧੇਰੇ ਕਤਲ ਓਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚੱਲਦਾ ਹੈ ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ ।
ਅਣਖ਼ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ । ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ 'ਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ । ਅਜਿਹਾ ਵਾਪਰਨਾ ਸੁਭਾਵਿਕ ਹੈ ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਦਾਂ ਹੈ ।
ਅਣਖ਼ ਦੇ ਨਾਂ 'ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਆਿਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ । ਜ਼ਕਿਰਯੋਗ ਹੈ ਕਿ ਅਜਿਹੇ ਕਤਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਅਖੌਤੀ ਬੇਇੱਜ਼ਤੀ ਦਾ ਦਾਗ ਇਸ ਤਰ੍ਹਾਂ ਧੋ ਲੈਣਗੇ ਪਰ ਵਾਪਰਦਾ ਇਸਦੇ ਬਿਲਕੁਲ ਉਲਟ ਹੈ, ਨਾ ਸਿਰਫ ਉਹ ਕਿਸੇ ਦੀ ਜ਼ੰਿਦਗੀ ਖ਼ਤਮ ਕਰ ਦਿੰਦੇ ਹਨ ਬਲਕਿ ਖ਼ੁਦ ਵੀ ਕੈਦ ਕੱਟਦੇ ਹਨ ਤੇ ਉਮਰ ਭਰ ਆਪਣੇ ਆਪ ਨੂੰ ਗੁਨਾਹਗਾਰ ਵੀ ਸਮਝਦੇ ਰਹਿੰਦੇ ਹਨ । ਓਹੀ ਸਮਾਜ, ਜਿਸ 'ਚ ਆਪਣੀ ਨੱਕ ਸਲਾਮਤ ਰੱਖਣ ਲਈ ਲੋਕ ਕਤਲ ਕਰਦੇ ਹਨ, ਕਾਤਲਾਂ ਨੂੰ ਕੁੜੀਮਾਰ ਵੀ ਕਹਿੰਦਾ ਰਹਿੰਦਾ ਹੈ । ਭਾਵ ਇਨਸਾਨ ਵੀ ਖੋ ਲੈਂਦੇ ਹਨ ਤੇ ਮਾਣ ਵੀ । ਪੱਲੇ ਰਹਿ ਜਾਂਦਾ ਹੈ ਸਿਰਫ ਪਛਤਾਵਾ। ਇਹ ਮਾਮਲਾ ਓਵੇਂ ਹੀ ਹੈ ਜਿਵੇਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਤੀ ਪ੍ਰਥਾ ਨੂੰ ਜਾਇਜ਼ ਸਮਝਦੇ ਲੋਕਾਂ ਲਈ ਵਿਧਵਾ ਹੋਈ ਔਰਤ ਨੂੰ ਸਤੀ ਕਰਨਾ ਜਿੰਨਾ ਕੁ ਸਹੀ ਲਗਦਾ ਸੀ ਓਨਾ ਹੀ ਕੁਝ ਲੋਕਾਂ ਨੂੰ ਅਣਖ਼ ਦੀ ਖਾਤਿਰ ਕਤਲ ਜਾਇਜ਼ ਲੱਗਦਾ ਹੈ । ਜਿਵੇਂ ਇਤਿਹਾਸ ਨੇ ਇਹ ਦਿਖਾ ਦਿੱਤਾ ਹੈ ਕਿ ਸਤੀ ਪ੍ਰਥਾ ਵੀ ਪਸ਼ੂਪੁਣਾ ਸੀ ਓਵੇਂ ਅਣਖ਼ ਦੀ ਖਾਤਿਰ ਕਤਲ ਵੀ ਇਤਿਹਾਸ ਦੇ ਪੰਨਿਆਂ ਉੱਤੇ ਪਸ਼ੂਪੁਣੇ ਵਜੋਂ ਦਰਜ਼ ਹੋਣਗੇ । ਸ਼ਾਇਦ ਅਜਿਹੀਆਂ ਹਾਲਤਾਂ ਬਾਰੇ ਹੀ ਸ਼ਾਇਰਾ ਸਾਰਾ ਸ਼ਗੁਫ਼ਤਾ ਨੇ ਲਿਖਿਆ ਹੈ :
ਅਸੀਂ ਅੱਜ ਵੀ ਸਤੀ ਹੋ ਰਹੀਆਂ ਬਸ ਚਿਖ਼ਾ ਦਾ ਅੰਦਾਜ਼ ਬਦਲ ਗਿਆ ਹੈ  
ਬਿਨਾਂ ਸ਼ੱਕ ਮੌਜੂਦਾ ਦੌਰ ਵਿਚ ਆਈ ਸੂਚਨਾ ਕ੍ਰਾਂਤੀ ਨੇ ਪੀੜ੍ਹੀ ਪਾੜੇ ਨੂੰ ਬਹੁਤ ਵਧਾ ਦਿੱਤਾ ਹੈ। ਨਵੀਂ ਪੀੜ੍ਹੀ ਸੂਚਨਾ ਕ੍ਰਾਂਤੀ ਦੇ ਜ਼ਰੀਏ ਬਾਹਰੀ ਖਾਸਕਰ ਪੱਛਮੀ ਸਭਿਅਤਾ ਦੇ ਖੁੱਲ੍ਹੇਪਣ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ ਹੈ, ਮਾਨਸਿਕ ਤੌਰ ਤੇ ਬਹੁਤ ਅਜ਼ਾਦ ਮਹਿਸੂਸ ਕਰਦੀ ਹੈ ਪਰ ਜ਼ਮੀਨੀ ਹਕੀਕਤਾਂ ਉਪਰ ਹਾਲੇ ਵੀ ਪਰੰਪਰਾ ਦੀ ਪੀਡੀ ਪਕੜ ਹੋਣ ਕਰਕੇ ਖੂਨੀ ਟਕਰਾਅ ਵਾਪਰ ਰਿਹਾ ਹੈ। ਪੱਛਮੀ ਸਮਾਜਾਂ ਦੀ ਇਹ ਸਮੱਸਿਆ ਹੀ ਨਹੀਂ ਕਿ ਮੁੰਡਾ ਕੁੜੀ ਦੇ ਸਬੰਧਾਂ ਵਿਚ ਜਾਤ, ਜਮਾਤ ਤੇ ਜਾਇਦਾਦ ਹੀ ਨਿਰਣਾਇਕ ਹੋਣ। ਉਨ੍ਹਾਂ ਲਈ ਸੋਚ, ਸੁਹੱਪਣ ਤੇ ਸੁਪਨੇ ਵਧੇਰੇ ਮਾਇਨੇ ਰੱਖਦੇ ਹਨ। ਅਸਲ ਵਿਚ ਉਨ੍ਹਾਂ ਸਮਾਜਾਂ ਵਿਚ ਜੋ ਵੀ ਵਾਪਰ ਰਿਹਾ ਹੈ ਉਥੋਂ ਦੀ ਸਥਾਨਕ ਹਾਲਤਾਂ ਦੇ ਵਿਕਾਸ ਦੀ ਵਿਸ਼ੇਸ਼ ਦੇਣ ਹੈ ਜਿਸ ਕਰਕੇ ਸਾਡੇ ਸਮਾਜ ਲਈ ਜੋ ਅਣਹੋਣੀ ਹੈ ਉਨ੍ਹਾਂ ਲਈ ਸਮਾਜ ਦਾ ਸਹਿਜ ਹਿੱਸਾ ਹੀ ਹੈ।
ਇਥੇ ਇਹ ਵੀ ਸਪਸ਼ਟ ਕਰਨਾ ਬਣਦਾ ਹੈ ਕਿ ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਕਰਵਾਇਆ ਪਿਆਰ-ਵਿਆਹ ਜ਼ਰੂਰੀ ਨਹੀਂ ਕਿ ਮੁੰਡੇ-ਕੁੜੀ ਦੀ ਸਹੀ ਚੋਣ ਹੀ ਹੋਵੇ ਇਹ ਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦਾ ਬੁਰਾ ਨਤੀਜਾ ਵੀ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿਚ ਇਨ੍ਹਾਂ ਜੋੜਿਆਂ ਪ੍ਰਤੀ ਸਮਾਜ ਦੀ ਪਹੁੰਚ ਕੀ ਹੋਵੇ? ਕੀ ਉਹ ਨਿਰਦਈ ਢੰਗ ਨਾਲ ਕਤਲ ਕਰ ਦਿੱਤੇ ਜਾਣ? ਆਖਰ ਇਸ ਸਾਰੇ ਕੁਝ ਵਿਚ ਸਾਡੇ ਸਮਾਜਿਕ-ਰਾਜਸੀ-ਪ੍ਰਬੰਧ ਦੀ ਜਿੰਮੇਵਾਰੀ ਕਿਥੇ ਨਿਰਧਾਰਤੀ ਕੀਤੀ ਜਾਵੇ?
ਅਣਖ ਦੇ ਨਾਂ ਤੇ ਹੁੰਦੇ ਕਤਲਾਂ ਦਾ ਮਾਮਲਾ ਬਹੁਤ ਹੀ ਪੇਚੀਦਾ ਹੈ। ਇਸ ਬਾਰੇ ਹਾਲੇ ਤਕ ਗੰਭੀਰ ਚਿੰਤਨ ਅਤੇ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਰਿਹਾ। ਇਹ ਮਾਮਲਾ ਸਾਡੇ ਸਮਾਜ ਦੀ ਜਾਤੀ ਵਿਵਸਥਾ, ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਪਿਆਰ-ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਵਿਸ਼ੇਸ਼ ਧਾਰਮਿਕ ਪਰੰਪਰਾਵਾਂ, ਅਨਪੜ੍ਹਤਾ, ਜਾਗੀਰੂ ਮਾਨਸਿਕਤਾ, ਮਰਦ ਪ੍ਰਧਾਨਗੀ, ਔਰਤ ਦੀ ਦਸ਼ਾ ਤੇ ਦਿਸ਼ਾ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਇਸ ਲਈ ਅਣਖ ਦੇ ਨਾਂ ਤੇ ਹੁੰਦੇ ਕਤਲਾਂ ਬਾਰੇ ਸੋਚਣ ਦੇ ਨਾਲ-ਨਾਲ ਇਸ ਨਾਲ ਜੁੜੇ ਮੁੱਦਿਆਂ ਨੂੰ ਮੁੜ ਵਿਚਾਰਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਹੋਵੇਗਾ।
ਕਾਨੂੰਨਨ ਵੀ, ਸਮਾਜਿਕ ਤੇ ਵਿਗਿਆਨਕ ਤੌਰ 'ਤੇ ਵੀ ਅੰਤਰਜਾਤੀ ਵਿਆਹ ਸਮਾਜ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਇਹਦੇ ਨਾਲ ਸਮਾਜ ਲਈ ਸਭ ਤੋਂ ਵੱਡੀ ਅਲਾਮਤ ਜਾਤ-ਪਾਤ ਦੀ ਜ਼ਹਿਰ ਘਟੇਗੀ ਜਿਹੜੀ ਸਦੀਆਂ ਤੋਂ ਭਾਰਤੀ ਸਮਾਜ ਦੇ ਮੱਥੇ ਦਾ ਕਲੰਕ ਹੈ ਅਤੇ ਵਿਕਾਸ, ਅਖੰਡਤਾ,ਨੈਤਿਕਤਾ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਆਰਥਿਕ ਬਰਾਬਰਤਾ ਆ ਸਕੇਗੀ। ਮਨੁੱਖੀ ਨਸਲ 'ਚ ਨਵੇਂ ਗੁਣ ਪੈਦਾ ਹੋ ਸਕਣਗੇ । ਸਭ ਤੋਂ ਵੱਡੀ ਗੱਲ ਆਮ ਮਨੁਖ ਮੌਤ ਦੇ ਖ਼ੌਫ ਤੋਂ ਬੇਖ਼ੌਫ ਹੋ ਕੇ ਕੁਝ ਨਵਾਂ ਸਿਰਜ ਸਕੇਗਾ ਅਤੇ ਅਸੀਂ ਦੋ ਇਨਸਾਨਾਂ ਨੂੰ ਮਨ ਮਰਜ਼ੀ ਤੇ ਆਜ਼ਾਦੀ ਨਾਲ ਜਿਉਣ ਦਾ ਹੱਕ ਦੇ ਰਹੇ ਹੋਵਾਂਗੇ।
ਅਰੂਸੀ ਕਤਲ ਕਾਂਡ ਦਾ ਫੈਸਲਾ ਚਰਚਾ ਵਿਚ ਰਿਹਾ। ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ­ ਹੌਲੀ-ਹੌਲੀ ਅਸੀਂ ਭੁਲ-ਭੁਲਾ ਵੀ ਜਾਂਦੇ ਹਾਂ। ਵਿਸ਼ਾਲ ਅਰਥਾਂ ਵਾਲੀਆਂ ਸੁਰਜੀਤ ਪਾਤਰ ਦੀਆਂ ਕਾਵਿ-ਸਤਰਾਂ ਇਥੇ ਵੀ ਲਾਗੂ ਹੁੰਦੀਆਂ ਹਨ :
ਅਸੀਂ ਚੇਤਨਾ ਦੀਆਂ ਜੰਗਾਲੀਆਂ ਘੜੀਆਂ ਹਾਂ
ਵਕਤ ਦੇ ਕਿਸੇ ਹਿੰਦਸੇ ਤੇ
ਬਸ ਐਵੇਂ ਹੀ ਖੜੀਆਂ ਹਾਂ
ਜਦੋਂ ਕੋਈ ਹਾਦਸਾ ਝੰਜੋੜਦਾ ਹੈ
ਅਸੀਂ ਤ੍ਰਭਕ ਕੇ ਅੱਭੜਵਾਹੇ ਰਵਾਂ ਹੋ ਜਾਂਦੀਆਂ ਹਾਂ
ਕੁਝ ਦੇਰ ਟਿਕ ਟਿਕ ਕਰਕੇ
ਕੱਠੀਆਂ ਜਾਂ ਇਕ ਇਕ ਕਰਕੇ
ਫੇਰ ਐਵੇਂ ਕਿਸੇ ਹਿੰਦਸੇ 'ਤੇ ਖਲੋ ਜਾਂਦੀਆਂ ਹਾਂ  

ਪਰਮਜੀਤ ਸਿੰਘ ਕੱਟੂ
ਪਿੰਡ ਤੇ ਡਾਕ. ਕੱਟੂ (ਬਰਨਾਲਾ)
70873 20578

Aarti dhillon

This news is Content Editor Aarti dhillon