ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਵਿਸ਼ੇਸ਼ : 105 ਸਾਲਾਂ ਬਾਅਦ ਅੱਜ ਵੀ ਅੱਲ੍ਹੇ ਹਨ 'ਜ਼ਖ਼ਮ'

04/12/2024 4:34:56 PM

ਭਾਰਤ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਜਦੋਂ ਦੇਸ਼ ਦੇ ਕੋਨੇ-ਕੋਨੇ ’ਚ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਗੂੰਜਣ ਲੱਗੇ ਤਾਂ ਇਸ ਨਾਲ ਅੰਗਰੇਜ਼ ਘਬਰਾ ਗਏ। ਇਸ ਬੁਲੰਦ ਆਵਾਜ਼ ਨੂੰ ਰੋਕਣ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ’ਚ ਮੌਜੂਦ ਵੱਡੀ ਗਿਣਤੀ ਵਿਚ ਲੋਕਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਅਤੇ ਅਜਿਹੇ ਜ਼ਖ਼ਮ ਦਿੱਤੇ, ਜੋ 105 ਸਾਲਾਂ ਬਾਅਦ ਵੀ ਅੱਲ੍ਹੇ ਹੀ ਹਨ। ਗੁਰੂ ਨਗਰੀ 'ਚ ਆਉਣ ਵਾਲੇ ਬਹੁਤ ਸਾਰੇ ਸ਼ਰਧਾਲੂ ਅਤੇ ਸੈਲਾਨੀ ਇਥੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਜਲ੍ਹਿਆਂਵਾਲਾ ਬਾਗ 'ਚ ਸਥਾਪਿਤ ਸ਼ਹੀਦੀ ਖੂਹ ਸੈਲਾਨੀਆਂ ਲਈ ਖ਼ਾਸ ਹੈ।

13 ਅਪ੍ਰੈਲ 1919 ਨੂੰ ਬ੍ਰਿਗੇਡੀਅਰ ਜਨਰਲ ਰੇਜਿਨਾਲਡ ਐਡਵਰਡ ਡਾਇਰ ਦੀ ਅਗਵਾਈ ’ਚ ਅੰਗਰੇਜ਼ੀ ਹਕੂਮਤ ਦੀ ਫੌਜ ਨੇ ਗੋਲੀਆਂ ਚਲਾ ਕੇ ਨਿਹੱਥੇ, ਸ਼ਾਂਤ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਨਾਗਰਿਕਾਂ ਨੂੰ ਮਾਰ ਦਿੱਤਾ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।  ਇਸੇ ਜਲ੍ਹਿਆਂਵਾਲੇ ਬਾਗ ’ਚ ਸ਼ਹੀਦਾਂ ਦੀ ਯਾਦ ’ਚ ਇਕ ਸ਼ਹੀਦੀ ਯਾਦਗਾਰ ਬਣਾਈ ਗਈ ਹੈ, ਜਿਥੇ ਹਰ ਰੋਜ਼ ਹਜ਼ਾਰਾਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। 

ਅੰਗਰੇਜ਼ਾਂ ਨੇ 18 ਮਾਰਚ, 1919 ਨੂੰ ਰੋਲਟ ਐਕਟ ਰੂਪੀ ਇਕ ਕਾਲਾ ਕਾਨੂੰਨ ਪਾਸ ਕੀਤਾ। ਜਿਸ ਦੇ ਖ਼ਿਲਾਫ਼ ਪੂਰਾ ਭਾਰਤ ਉੱਠ ਖੜ੍ਹਾ ਹੋਇਆ। ਅੰਦੋਲਨ ਨੂੰ ਕੁਚਲਣ ਲਈ ਅੰਗਰੇਜ਼ਾਂ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਰਸ਼ਲ ਲਾਅ ਲਗਾ ਦਿੱਤਾ। ਦਮਕਾਰੀ ਨੀਤੀ ਦਾ ਵਿਰੋਧ ਕਰਨ ਲਈ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ’ਚ ਵਿਰੋਧ ਸਭਾ ਵਿਚ ਜਦੋਂ ਨੇਤਾ ਭਾਸ਼ਣ ਦੇ ਰਹੇ ਸਨ ਤਾਂ ਬ੍ਰਿਗੇਡੀਅਰ ਜਨਰਲ ਰੇਜਿਨਾਲਡ ਡਾਇਰ ਨੇ ਸੈਨਿਕਾਂ ਨਾਲ ਜਲ੍ਹਿਆਂਵਾਲਾ ਬਾਗ ਵਿਚ ਲੋਕਾਂ ਨੂੰ ਘੇਰ ਲਿਆ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਜਨਰਲ ਡਾਇਰ ਨੇ ਨਿਹੱਥੇ ਲੋਕਾਂ, ਔਰਤਾਂ, ਬੱਚੇ, ਨੌਜਵਾਨਾਂ ਅਤੇ ਬਜ਼ੁਰਗਾਂ ’ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। 

10 ਮਿੰਟਾਂ ’ਚ ਕੁਲ ਲਗਭਗ 1650 ਰਾਊਂਡ ਫਾਇਰ ਕੀਤੇ ਗਏ। ਕਤਲੇਆਮ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ ਪਰ ਅਧਿਕਾਰਿਕ ਦਸਤਾਵੇਜਾਂ ’ਚ ਸਿਰਫ਼ 379 ਲੋਕਾਂ ਦੀ ਮੌਤ ਦਰਸਾਈ ਗਈ। ਇਸ ਤ੍ਰਾਸਦੀ ਦੇ ਜਵਾਬ ਵਿਚ ਗੁਰੂਦੇਵ ਰਵੀਂਦਰਨਾਥ ਟੈਗੋਰ ਨੇ ਆਪਣਾ ਨਾਈਟਹੁੱਡ (ਨੋਬੇਲ ਪੁਰਸਕਾਰ) ਵਾਪਸ ਕਰ ਦਿੱਤਾ। ਹਜ਼ਾਰਾਂ ਭਾਰਤੀਆਂ ਨੇ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਆਪਣੇ ਮੱਥੇ ’ਤੇ ਲਗਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੰਕਲਪ ਲਿਆ।     

ਸੁਰੇਸ਼ ਕੁਮਾਰ ਗੋਇਲ

rajwinder kaur

This news is Content Editor rajwinder kaur