ਤੋਤਾ, ਚਿੜੀ ਤੇ ਕਬੂਤਰ ਦੀ ਦੋਸਤੀ

08/17/2018 4:28:34 PM

ਜੰਗਲ ਦੇ ਇੱਕ ਰੁੱਖ 'ਤੇ ਤੋਤਾ, ਚਿੜੀ ਤੇ ਕਬੂਤਰ ਰਹਿੰਦੇ ਸਨ। ਉਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਇਕ ਦੂਜੇ ਦੀ ਮਦਦ ਲਈ ਉਹ ਸਦਾ ਤਿਆਰ ਰਹਿੰਦੇ ਸਨ। ਹਰ ਦੁੱਖ-ਸੁੱਖ ਵਿਚ ਇਕ ਦੂਜੇ ਦੇ ਕੰਮ ਆਉਣਾ ਉਨ੍ਹਾਂ ਨੇ ਆਪਣਾ ਫਰਜ਼ ਸਮਝਿਆ ਹੋਇਆ ਸੀ। ਉਨ੍ਹਾਂ ਦੇ ਆਪਸੀ ਪਿਆਰ ਦੀਆਂ ਗੱਲਾਂ ਸਾਰੇ ਜੰਗਲ ਵਿਚ ਹੁੰਦੀਆਂ ਸਨ। ਇਹ ਹੀ ਕਾਰਨ ਸੀ ਕਿ ਜਦੋਂ ਜੰਗਲ ਦੇ ਰਾਜੇ ਦੀ ਚੋਣ ਕਰਨੀ ਹੁੰਦੀ ਤਾਂ ਉਨਾਂ ਦੀ ਸਲਾਹ ਜ਼ਰੂਰ ਲਈ ਜਾਂਦੀ।
ਇਸ ਵਾਰ ਵੀ ਚੋਣਾਂ ਨਜ਼ਦੀਕ ਆ ਰਹੀਆ ਸਨ। ਇਸ ਕਰਕੇ ਉਨ੍ਹਾਂ ਦੀ ਸਲਾਹ ਲੈਣ ਲਈ ਬਹੁਤ ਸਾਰੇ ਸਾਥੀ ਉਨ੍ਹਾਂ ਦੇ ਰੁੱਖ 'ਤੇ ਆਉਂਦੇ। ਉਨ੍ਹਾਂ ਨਾਲ ਗੱਲਬਾਤ ਕਰਦੇ ਤੇ ਉਨ੍ਹਾਂ ਦੇ ਫੈਸਲੇ 'ਤੇ ਫੁੱਲ ਚੜ•ਾਉਂਦੇ ਵਾਪਸ ਚਲੇ ਜਾਂਦੇ।
ਪਰ ਇਸ ਵਾਰ ਸਥਿਤੀ ਅਜੀਬ ਬਣ ਰਹੀ ਸੀ। ਜੰਗਲ ਦੇ ਬਹੁਤੇ ਪੰਛੀ ਤੇ ਜਾਨਵਰ ਇਸ ਗੱਲ 'ਤੇ ਸਹਿਮਤੀ ਪ੍ਰਗਟਾ ਰਹੇ ਸਨ ਕਿ ਰਾਜਾ ਚੁਣਨ ਦੇ ਨਾਲ਼-ਨਾਲ਼ ਤੋਤਾ, ਚਿੜੀ ਜਾਂ ਕਬੂਤਰ ਵਿਚੋਂ ਕਿਸੇ ਇੱਕ ਨੂੰ ਮੰਤਰੀ ਦਾ ਅਹੁਦਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਅਮਨ ਚੈਨ ਤੇ ਆਪਸੀ ਪ੍ਰੇਮ-ਪਿਆਰ ਦਾ ਪਾਠ ਸਾਰੇ ਜੰਗਲ ਵਿਚ ਪੜ੍ਹਾਇਆ ਜਾ ਸਕੇ।
ਜਦੋਂ ਹੀ ਇਸ ਗੱਲ ਦੀ ਭਿਣਕ ਤੋਤੇ ਨੂੰ ਪਈ ਤਾਂ ਉਸਨੇ ਆਪਣੇ ਦੋਨਾਂ ਸਾਥੀਆਂ ਨੂੰ ਕੋਲ ਬੁਲਾ ਕਿਹਾ, 'ਦੇਖੋ ਭਰਾਵੋ, ਸਾਡੇ ਇਮਤਿਹਾਨ ਦੀ ਅਸਲ ਘੜੀ ਹੁਣ ਆਈ ਹੈ। ਸਾਡੇ ਬਹੁਤੇ ਸਾਥੀ ਸਾਨੂੰ ਆਪਸ ਵਿਚ ਭਿੜਨ ਲਈ ਮਜ਼ਬੂਰ ਕਰਨਗੇ ਤੇ ਅਸੀਂ ਇਸ ਤੋਂ ਬਚਣਾ ਹੈ।'
ਚਿੜੀ ਸਾਰੀ ਸਥਿਤੀ ਨੂੰ ਸਮਝਦੀ ਬੋਲੀ, 'ਹਾਂ ਬਿਲਕੁਲ, ਜੇਕਰ ਅਸੀਂ ਆਪਸ ਵਿਚ ਇਕ ਨਾ ਰਹੇ ਤਾਂ ਜੋ ਲੋਕ ਅੱਜ ਸਾਡੀ ਦੋਸਤੀ ਦੀ ਤਾਰੀਫ਼ ਕਰ ਰਹੇ ਹਨ ਕੱਲ•ਉਹ ਹੀ ਸਾਡੀ ਦੋਸਤੀ ਦਾ ਮਜ਼ਾਕ ਉਡਾਉਣਗੇ।' ਕਬੂਤਰ ਨੇ ਵੀ ਨਾਲ ਹੀ ਹਾਂ ਵਿਚ ਹਾਮੀ ਭਰੀ।
ਜਿਉਂ-ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਸੀ, ਹਰ ਪਾਸੇ ਤਿੰਨਾਂ ਨੂੰ ਚੋਣਾਂ ਵਿਚ ਭਾਗ ਲੈਣ ਦੀ ਚਰਚਾ ਹੀ ਛਿੜ ਰਹੀ ਸੀ। ਕਾਂ ਨੇ ਕਬੂਤਰ ਤਕ ਪਹੁੰਚ ਕੀਤੀ। ਉਸਨੇ ਮਿਲਦੇ ਸਾਰ ਹੀ ਕਿਹਾ, 'ਭਰਾਵਾ, ਮੇਰੀ ਗੱਲ 'ਤੇ ਗੌਰ ਕਰੀਂ, ਆਪਾਂ ਸਾਰੀਆਂ ਵੋਟਾਂ ਤੈਨੂੰ ਪਾਉਣ ਨੂੰ ਤਿਆਰ ਹਾਂ ਤੇ ਤੂੰ ਤੋਤੇ ਤੇ ਚਿੜੀ ਨੂੰ ਇੱਕ ਪਾਸੇ ਕਰ ਆਪ ਚੋਣਾਂ ਵਿਚ ਭਾਗ ਲੈ।' ਕਬੂਤਰ ਨੇ ਉਸਦੀ ਗੱਲ ਨੂੰ ਤੁਰੰਤ ਕੱਟਦਿਆਂ ਕਿਹਾ, 'ਅਜਿਹਾ ਨਹੀਂ ਹੋ ਸਕਦਾ, ਜੇ ਤੁਸੀਂ ਅਜਿਹਾ ਕਰਨਾ ਹੈ ਤਾਂ ਸਾਡੀ ਇਸ ਬਾਰੇ ਨਾਂਹ ਹੀ ਸਮਝੋ।'
ਚਿੜੀ ਕੋਲ ਗੁਟਾਰ, ਭਾਲੂ ਆਏ ਤੇ ਉਨ•ਾਂ ਨੇ ਕਈ ਤਰ•ਾਂ ਦੇ ਲਾਲਚ ਦਿੱਤੇ। ਇਸੇ ਤਰ•ਾਂ ਹੀ ਵਾਰੀ-ਵਾਰੀ ਤੋਤੇ ਨੂੰ ਬਹੁਤ ਸਾਰੇ ਮਿਲੇ ਪਰ ਉਸ ਨੇ ਕਿਸੇ ਦੀ ਇੱਕ ਨਾ ਮੰਨੀ। ਕਈਆਂ ਨੇ ਆਪਸੀ ਦੋਸਤੀ ਤਾਂ ਕੁਝ ਨਹੀਂ ਹੁੰਦੀ, ਅਹੁਦਾ ਵੱਡਾ ਹੁੰਦਾ ਆਦਿ ਜਿਹੇ ਵਾਕ ਦੁਹਰਾਏ ਪਰ ਤਿੰਨਾਂ 'ਚੋਂ ਕੋਈ ਵੀ ਇਸ ਗੱਲ ਲਈ ਤਿਆਰ ਨਾ ਹੋਇਆ।
ਆਖਿਰ ਜੰਗਲ ਦੇ ਵਿਚਕਾਰ ਵੱਡੇ ਪਿੱਪਲ ਦੇ ਰੁੱਖ ਹੇਠ ਇਕੱਠ ਹੋਇਆ। ਜੰਗਲ ਦਾ ਰਾਜਾ ਸ਼ੇਰ ਆਖਣ ਲੱਗਾ, 'ਹਾਂ ਬਈ ਜਿਨ•ਾਂ-ਜਿਨ•ਾਂ ਦੀ ਡਿਊਟੀ ਤੋਤੇ, ਕਬੂਤਰ ਤੇ ਚਿੜੀ ਨੂੰ ਆਪਸ ਵਿੱਚ ਤੋੜਨ 'ਤੇ ਲਗਾਈ ਗਈ ਸੀ ਉਹ ਆਪਣੀ ਰਿਪੋਰਟ ਪੇਸ਼ ਕਰਨ। ਦੇਖਦਿਆਂ-ਦੇਖਦਿਆਂ ਵੀਹ-ਪੱਚੀ ਜਣੇ ਸਾਹਮਣੇ ਆ ਗਏ ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਤਿੰਨੋਂ ਆਪਸ ਵਿੱਚ ਟੁੱਟਣ ਵਿੱਚ ਕਾਮਯਾਬ ਹੋਏ ਹਨ। ਤੋਤਾ, ਚਿੜੀ ਤੇ ਕਬੂਤਰ ਵੀ ਉੱਥੇ ਹੀ ਮੌਜੂਦ ਸਨ।
ਰਾਜਾ ਸ਼ੇਰ ਨੇ ਉਨ•ਾਂ ਤਿੰਨਾਂ ਵੱਲ ਇਸ਼ਾਰਾ ਕਰਦਿਆਂ ਕਿਹਾ, 'ਮਾਫ਼ ਕਰਨਾ, ਅਸੀਂ ਥੌਨੂੰ ਪਰਖਣ ਲਈ ਅਜਿਹਾ ਕੁਝ ਕੀਤਾ ਪਰ ਥੋਡੀ ਦੋਸਤੀ ਦੀਆਂ ਗੱਲਾਂ ਸਾਰੇ ਜੰਗਲ ਵਿੱਚ ਹੁੰਦੀਆਂ ਹਨ। ਇਸ ਕਰਕੇ ਅਸੀਂ ਇਸ ਵਾਰ ਤੁਹਾਡੇ 'ਚੋਂ ਕਿਸੇ ਨੂੰ ਰਾਜਾ ਬਣਿਆ ਦੇਖਣਾ ਚਾਹੁੰਦੇ ਹਾਂ। ਪਰ ਤੁਸੀਂ ਤੋੜਨ 'ਤੇ ਟੁੱਟੇ ਨਹੀਂ ਸਗੋਂ ਹੋਰ ਜੁੜਦੇ ਗਏ।'
ਇਹ ਸੁਣ ਕਬੂਤਰ ਬੋਲਿਆ, 'ਰਾਜਾ ਜੀ, ਇਹ ਹੀ ਅਸਲ ਦੋਸਤੀ ਹੁੰਦੀ ਹੈ।' ਰਾਜਾ ਫਿਰ ਬੋਲਿਆ, 'ਚਲੋ ਫਿਰ ਅਸੀਂ ਵੀ ਇਸ ਵਾਰ ਫੈਸਲਾ ਲਿਆ ਹੈ ਕਿ ਰਾਜਾ ਤੁਹਾਡੇ 'ਚੋਂ ਕੋਈ ਇੱਕ ਬਣੇਗਾ ਤੇ ਇਸ ਰਾਜ-ਭਾਗ ਨੂੰ ਚੰਗੀ ਤਰ•ਾਂ ਚਲਾਏਗਾ ਤੇ ਆਪਣੇ ਇਸੇ ਦੋਸਤੀ ਦੇ ਫੁੱਲ ਨੂੰ ਪੂਰੇ ਜੰਗਲ ਵਿੱਚ ਫੈਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।' 
ਤਿੰਨਾਂ ਨੇ ਇੱਕ ਦੂਜੇ ਵੱਲ ਦੇਖਦਿਆਂ ਭਰੀ ਸਭਾ ਵਿੱਚ ਖੜ•ੇ ਹੋ ਕੇ ਆਪਣਾ ਫੈਸਲਾ ਸੁਣਾਇਆ। ਸਭ ਤੋਂ ਪਹਿਲਾਂ ਤੋਤਾ ਬੋਲਿਆ, 'ਜੇ ਤੁਸੀਂ ਸਾਨੂੰ ਹੀ ਰਾਜਾ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਸਾਲ ਵਿੱਚੋਂ ਪਹਿਲੇ 4 ਮਹੀਨੇ ਚਿੜੀ ਰਾਜ-ਭਾਗ ਦੀ ਸੇਵਾ ਕਰੇਗੀ।'
ਚਿੜੀ ਨੇ ਗੱਲ ਅੱਗੇ ਤੋਰਦਿਆਂ ਕਿਹਾ, 'ਤੇ ਅਗਲੇ 4 ਮਹੀਨੇ ਕਬੂਤਰ ਰਾਜ-ਭਾਗ ਦੀ ਸੇਵਾ ਕਰੇਗਾ ਤੇ ਰਹਿੰਦੇ 4 ਮਹੀਨੇ ਤੋਤਾ ਇਸ ਰਾਜ-ਭਾਗ ਦੀ ਸੇਵਾ ਕਰੇਗਾ।' ਸਭ ਨੂੰ ਤਿੰਨਾਂ ਦਾ ਫੈਸਲਾ ਬਹੁਤ ਪਸੰਦ ਆਇਆ। ਤਿੰਨਾਂ ਨੇ ਸਭ ਦਾ ਧੰਨਵਾਦ ਕਰਦਿਆਂ ਰਾਜ-ਭਾਗ ਨੂੰ ਚਲਾਉਣ ਦਾ ਫੈਸਲਾ ਲਿਆ। ਸਾਰੇ ਅਹੁਦੇ ਸਰਵਸੰਮਤੀ ਨਾਲ ਚੁਣ ਕੇ ਰਾਜ-ਭਾਗ ਦਾ ਕੰਮ ਉਨ•ਾਂ ਦੇ ਹੱਥਾਂ ਵਿੱਚ ਦੇ ਦਿੱਤਾ। ਸ਼ਾਮੀ ਘਰਾਂ ਨੂੰ ਪਰਤ ਰਹੇ ਸਾਰੇ ਪ੍ਰਾਣੀ  ਇਸ ਨਵੇਕਲੇ ਫੈਸਲੇ ਦੀ ਤਾਰੀਫ਼ ਕਰਦੇ ਨਹੀਂ ਸਨ ਥੱਕ ਰਹੇ।
ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕ : ਮਕੜੌਨਾ ਕਲਾਂ,
ਤਹਿਸੀਲ : ਸ੍ਰੀ ਚਮਕੌਰ ਸਾਹਿਬ,
ਜ਼ਿਲਾ : ਰੂਪਨਗਰ-140102
ਮਿਤੀ : 17 ਅਗਸਤ, 2018  
ਮੋਬਾਇਲ : 98550-20025