21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ-5

06/12/2020 4:30:03 PM

ਸੂਰਜ ਗ੍ਰਹਿਣ ਬਾਰੇ ਪਹਿਲਾਂ ਪ੍ਰਕਾਸ਼ਿਤ ਲੇਖਾਂ ਵਿੱਚ ਤੁਸੀਂ ਸੂਰਜ ਗ੍ਰਹਿਣ, ਇਸ ਦੀਆਂ ਕਿਸਮਾਂ, ਇਸ ਸਬੰਧੀ ਮਨੁੱਖੀ ਉਤਸੁਕਤਾ ਅਤੇ ਅੱਖਾਂ ਦੀ ਸੁਰੱਖਿਆ ਬਾਰੇ ਪੜ੍ਹ ਚੁੱਕੇ ਹੋ। ਅੱਜ ਅਸੀਂ ਗੱਲ ਕਰਾਂਗੇ ਕਿ ਇਸ ਸੂਰਜ ਗ੍ਰਹਿਣ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਅਸੀਂ ਪੜ੍ਹ ਹੀ ਚੁੱਕੇ ਹਾਂ ਕਿ ਸੂਰਜ ਗ੍ਰਹਿਣ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰੀ ਲੱਗ ਸਕਦਾ ਹੈ। ਇਨ੍ਹਾਂ ਵਿੱਚੋਂ ਵੀ ਕਈ ਗ੍ਰਹਿਣ ਤਾਂ ਕੇਵਲ ਸਮੁੰਦਰਾਂ ਉੱਪਰ ਜਾਂ ਧਰਤੀ ਦੇ ਅਜਿਹੇ ਭਾਗਾਂ ਉੱਪਰ ਲੱਗਦੇ ਹਨ ਜਿੱਥੇ ਸਾਡਾ ਜਾਣਾ ਸੰਭਵ ਹੀ ਨਹੀਂ ਹੁੰਦਾ। ਅਜਿਹੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਇਸ ਕਾਰਨ ਜਦੋਂ ਸੂਰਜ ਗ੍ਰਹਿਣ ਨੂੰ ਦੇਖਣ ਦਾ ਮੌਕਾ ਮਿਲੇ ਤਾਂ ਇਸ ਨੂੰ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ। 

ਪੜ੍ਹੋ ਇਹ ਵੀ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਅਸੀਂ ਚਰਚਾ ਕਰ ਚੁੱਕੇ ਹਾਂ ਕਿ ਸੂਰਜ ਗ੍ਰਹਿਣ ਦੌਰਾਨ ਸੂਰਜੀ ਰੋਸ਼ਨੀ ਸਾਡੇ ਤੱਕ ਘੱਟ ਪੁੱਜਦੀ ਹੈ। ਪੂਰਨ ਸੂਰਜ ਗ੍ਰਹਿਣ ਦੌਰਾਨ ਤਾਂ ਸ਼ਾਮ ਹੀ ਢਲ ਜਾਂਦੀ ਹੈ। ਇਸ ਕਾਰਨ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਵੀ ਇਸ ਸਮੇਂ ਫੈਲੀਆਂ ਹੋਈਆਂ ਹੁੰਦੀਆਂ ਹਨ। ਜੇਕਰ ਅਸੀਂ ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਦੇਖ ਰਹੇ ਹੋਈਏ ਅਤੇ ਇਸ ਦੌਰਾਨ ਗ੍ਰਹਿਣ ਰਤਾ ਕੁ ਵੀ ਘਟ ਜਾਵੇ ਤਾਂ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਦੀਆਂ ਕਿਰਨਾਂ ਸਾਡੀਆਂ ਅੱਖਾਂ ਵਿੱਚ ਦਾਖਲ ਹੋ ਸਕਦੀਆਂ ਹਨ। ਅਜਿਹਾ ਹੋਣ ਨਾਲ ਸਾਡੀ ਅੱਖ ਦਾ ਪਰਦਾ ਸੜ ਸਕਦਾ ਹੈ ਅਤੇ ਅੰਨ੍ਹਾਪਣ ਹੋ ਸਕਦਾ ਹੈ। ਕਈ ਵਾਰ ਵੈਲਡਿੰਗ ਦੀ ਰੋਸ਼ਨੀ ਅਚਾਨਕ ਦੇਖਣ ਨਾਲ ਵੀ ਇਸੇ ਕਾਰਨ ਕਈ ਲੋਕ ਅੱਖਾਂ ਦੀ ਜੋਤੀ ਗੁਆ ਬੈਠਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਫਿਰ ਇੱਕ ਆਮ ਵਿਅਕਤੀ/ਵਿਦਿਆਰਥੀ ਸੂਰਜ ਗ੍ਰਹਿਣ ਨੂੰ ਕਿਵੇਂ ਦੇਖ ਸਕਦਾ ਹੈ। ਇਸ ਕੰਮ ਲਈ ਕਿਸੇ ਵਿਗਿਆਨ ਅਧਿਆਪਕ/ਕਾਰਜਕਰਤਾ ਦੀ ਮੱਦਦ ਲਈ ਜਾਣੀ ਚਾਹੀਦੀ ਹੈ। 

ਪੜ੍ਹੋ ਇਹ ਵੀ - ਤੁਹਾਡੇ ਵਿਆਹ ਨੂੰ ਚਾਰ ਚੰਨ ਲਗਾ ਸਕਦੇ ਹਨ ਨਵੇਂ ਡਿਜ਼ਾਇਨ ਦੇ ਇਹ ਕਲੀਰੇ

ਇੱਕ ਸੁਰੱਖਿਅਤ ਤਰੀਕਾ ਹੈ - ਸੂਈ-ਛੇਦ/ਪਿੰਨ-ਹੋਲ ਕੈਮਰੇ ਰਾਹੀਂ ਦੇਖਣਾ। ਇਸ ਲਈ ਘਰ ਵਿੱਚ ਆਮ ਮਿਲਦੀ ਕੋਈ ਵੀ ਖਾਲੀ ਡੱਬੀ ਜਿਵੇਂ ਕਿ ਬਿਜਲੀ ਵਾਲੇ ਬਲਬ ਦੀ ਖਾਲੀ ਡੱਬੀ ਜਾਂ ਟੁੱਥ ਪੇਸਟ ਦੀ ਖਾਲੀ ਡੱਬੀ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਦੀ ਕੋਈ ਹੋਰ ਡੱਬੀ ਵੀ ਓਨੀ ਹੀ ਕੰਮ ਦੀ ਹੋਵੇਗੀ। ਜੇ ਕੋਈ ਵੀ ਡੱਬੀ ਨਾ ਮਿਲੇ ਤਾਂ ਕਿਸੇ ਚਾਰਟ ਪੇਪਰ ਆਦਿ ਨੂੰ ਗੋਲ ਕਰਕੇ ਭੂਕਣੀ ਜਿਹੀ ਬਣਾ ਕੇ ਵੀ ਕੰਮ ਚੱਲ ਸਕਦਾ ਹੈ। ਇਸ ਡੱਬੀ/ਭੂਕਣੀ ਦੇ ਇੱਕ ਪਾਸੇ ਬਰੀਕ ਸੁਰਾਖ ਕੀਤਾ ਜਾਂਦਾ ਹੈ ਅਤੇ ਉਸ ਦੇ ਸਾਹਮਣੇ ਵਾਲੇ ਤਲ 'ਤੇ ਇੱਕ ਧੁੰਦਲਾ ਕਾਗਜ਼ ਲਗਾ ਕੇ ਪਰਦਾ ਬਣਾਇਆ ਜਾਂਦਾ ਹੈ। ਜਦੋਂ ਸੁਰਾਖ ਵਾਲੇ ਪਾਸੇ ਨੂੰ ਸੂਰਜ ਵੱਲ ਕੀਤਾ ਜਾਂਦਾ ਹੈ ਤਾਂ ਪਰਦੇ ਉੱਪਰ ਸੂਰਜ ਦੀ ਛਾਪ ਬਣਦੀ ਹੈ। ਜੇਕਰ ਸੂਰਜ, ਗ੍ਰਹਿਣ-ਮੁਕਤ ਹੋਵੇਗਾ ਤਾਂ ਸੂਰਜ ਦੀ ਟਿੱਕੀ ਪੂਰੀ ਦਿਖੇਗੀ ਨਹੀਂ ਤਾਂ ਸੂਰਜ ਦੀ ਟਿੱਕੀ ਦਾ ਗ੍ਰਹਿਣਿਆ ਹੋਇਆ ਭਾਗ ਕਾਲਾ ਦਿਖੇਗਾ। ਇਸ ਤਰ੍ਹਾਂ ਅਸੀਂ ਆਪਣੇ ਐਨ ਨੇੜੇ ਸਪਸ਼ਟ ਦੇਖ ਸਕਦੇ ਹਾਂ ਕਿ ਸੂਰਜ ਦਾ ਕਿਹੜਾ ਅਤੇ ਕਿੰਨਾ ਭਾਗ ਗ੍ਰਹਿਣਿਆ ਹੋਇਆ ਹੈ। ਬਿਲਕੁਲ ਮੁਫਤ 'ਚ ਬਣੀ ਇਹ ਯੁਕਤੀ (ਸੂਈ-ਛੇਦ/ਪਿੰਨ-ਹੋਲ ਕੈਮਰਾ) ਬਾਅਦ 'ਚ ਬੱਚਿਆਂ ਅਤੇ ਅਧਿਆਪਕਾਂ ਲਈ ਸਕੂਲੀ ਪੜ੍ਹਾਈ 'ਚ ਵੀ ਮਦਦਗਾਰ ਸਾਬਤ ਹੁੰਦੀ ਰਹੇਗੀ।

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

PunjabKesari

ਇਸੇ ਤਰ੍ਹਾਂ ਸੋਲਰ ਪ੍ਰਾਜੈਕਟਰ ਤਿਆਰ ਕਰਕੇ ਵੀ ਸੂਰਜੀ ਗ੍ਰਹਿਣ ਨੂੰ ਸੁਰੱਖਿਅਤ ਢੰਗ ਨਾਲ ਦੇਖਿਆ ਜਾ ਸਕਦਾ ਹੈ। ਇਸ ਕੰਮ ਲਈ ਇੱਕ ਆਮ ਗੇਂਦ 'ਤੇ ਸ਼ੀਸ਼ੇ ਦਾ ਇੱਕ ਛੋਟਾ ਜਿਹਾ ਗੋਲ ਟੁਕੜਾ ਕਿਸੇ ਵੀ ਢੰਗ ਨਾਲ ਚੇਪ ਕੇ 21 ਜੂਨ ਨੂੰ ਉਸ ਨੂੰ ਇਸ ਤਰ੍ਹਾਂ ਧੁੱਪ ਵਿੱਚ ਰੱਖਿਆ ਜਾ ਸਕਦਾ ਹੈ ਕਿ ਸੂਰਜ ਦਾ ਪ੍ਰਤੀਬਿੰਬ ਕਿਸੇ ਛਾਂਅਦਾਰ ਥਾਂ 'ਚ ਕੰਧ ਆਦਿ ਉੱਤੇ ਬਣੇ। ਕੱਚ ਦਾ ਇਹ ਟੁਕੜਾ ਔਰਤਾਂ ਦੀ ਮੇਕ-ਅੱਪ ਕਿੱਟ 'ਚ ਕਿਸੇ ਡੱਬੀ ਆਦਿ ਦੇ ਢੱਕਣ ਅੰਦਰ ਲੱਗਾ ਹੋਵੇ ਤਾਂ ਉਸ ਨਾਲ ਵੀ ਬੜਾ ਵਧੀਆ ਕੰਮ ਚੱਲ ਜਾਂਦਾ ਹੈ। ਮੂੰਹ ਦੇਖਣ ਵਾਲੇ ਸ਼ੀਸ਼ੇ ਦਾ ਕੋਈ ਟੁੱਟਿਆ-ਭੱਜਿਆ ਟੁਕੜਾ ਮਿਲ ਜਾਵੇ ਤਾਂ ਉਸ ਨਾਲ ਵੀ ਕੰਮ ਸਰ ਸਕਦਾ ਹੈ। ਸੂਟਾਂ/ਚੁੰਨੀਆਂ 'ਤੇ ਕਾਰੀਗਰੀ ਕਰਦੇ ਹੋਏ ਕਈ ਵਾਰੀ ਜੋ ਛੋਟੇ-ਛੋਟੇ ਗੋਲ ਸ਼ੀਸ਼ੇ ਜੜੇ ਜਾਂਦੇ ਹਨ ਉਹ ਵੀ ਇਸ ਕੰਮ ਲਈ ਪੂਰੇ ਉਪਯੋਗੀ ਰਹਿੰਦੇ ਹਨ। ਇੱਕ ਵਾਰੀ ਇਸ ਯੁਕਤੀ ਨੂੰ ਕਿਸੇ ਢੁਕਵੀਂ ਥਾਂ 'ਤੇ ਧੁੱਪ ਵਿੱਚ ਰੱਖ ਕੇ ਛਾਂ ਵਿੱਚ ਕੰਧ/ਪਰਦੇ ਕੋਲ ਬੈਠ ਕੇ ਬੜੇ ਵਧੀਆ ਤਰੀਕੇ ਨਾਲ ਸੂਰਜ ਗ੍ਰਹਿਣ ਲੱਗਦਾ ਅਤੇ ਫਿਰ ਹਟਦਾ ਦੇਖਿਆ ਜਾ ਸਕਦਾ ਹੈ। ਨਾਲ ਹੀ, ਜੇਕਰ ਥੋੜ੍ਹੀ ਜਿਹੀ ਕਾਰੀਗਰੀ ਵਰਤੀ ਜਾਵੇ ਤਾਂ, ਧਰਤੀ ਦੀ ਘੁੰਮਣ ਗਤੀ ਦਾ ਅਧਿਐਨ ਵੀ ਨਾਲੋ ਨਾਲ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

ਇਸ ਤੋਂ ਇਲਾਵਾ ਵਿਗਿਆਨ ਪ੍ਰਿਆਕਰਨ ਸੰਸਥਾਵਾਂ ਸੋਲਰ ਫਿਲਟਰ ਵੀ ਜਗਿਆਸੂ ਮੈਂਬਰਾਂ ਨੂੰ ਉਪਲਬਧ ਕਰਵਾਉਂਦੀਆਂ ਹਨ। ਇਹ ਸੋਲਰ ਫਿਲਟਰ ਅਤੇ ਵੈਲਡਿੰਗ ਦੌਰਾਨ ਵਰਤੇ ਜਾਣ ਵਾਲੇ ਕੁਝ ਵਿਸ਼ੇਸ਼ ਸ਼ੀਸ਼ੇ ਵੀ ਸੂਰਜ ਗ੍ਰਹਿਣ ਦੇਖਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਵਰਤਣ ਲਈ ਵੀ ਚੰਗਾ ਹੋਵੇ ਜੇਕਰ ਪਹਿਲਾਂ ਕਿਸੇ ਵਿਗਿਆਨ ਕਾਰਜਕਰਤਾ ਤੋਂ ਸਿਖਲਾਈ ਲੈ ਲਈ ਜਾਵੇ।

ਇਸ ਸੂਰਜ ਗ੍ਰਹਿਣ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹੋਈ ਇੱਕ ਰਾਜ ਪੱਧਰੀ ਵੈੱਬ-ਮੀਟਿੰਗ ਵਿੱਚ ਕੁਝ ਸ੍ਰੋਤਿਆਂ ਨੇ ਐਕਸ-ਰੇ ਫਿਲਮ, ਸੀ.ਡੀ. ਆਦਿ ਨਾਲ ਸੂਰਜ ਗ੍ਰਹਿਣ ਦੇਖ ਸਕਣ ਬਾਰੇ ਸਵਾਲ ਕੀਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਤੇ-ਕਿਤੇ ਅਜਿਹੀਆਂ ਭ੍ਰਾਂਤੀਆਂ ਵੀ ਸਾਡੇ ਲੋਕਾਂ ਵਿੱਚ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਐਕਸ-ਰੇ ਫਿਲਮ, ਸੀ.ਡੀ., ਖੜ੍ਹੇ ਪਾਣੀ, ਸ਼ੀਸ਼ੇ ਦੀ ਲਿਸ਼ਕੋਰ, ਦੂਰਬੀਨ ਜਾਂ ਹੋਰ ਕਿਸੇ ਅਜਿਹੀ ਤਕਨੀਕ, ਜਿਸ ਦੀ ਮਾਹਿਰਾਂ ਵੱਲੋਂ ਸਿਫਾਰਿਸ਼ ਨਾ ਕੀਤੀ ਗਈ ਹੋਵੇ, ਦੀ ਵਰਤੋਂ ਕਰਕੇ ਸੂਰਜ ਗ੍ਰਹਿਣ ਦੇਖਣ ਦਾ ਖਤਰਾ ਨਹੀਂ ਉਠਾਉਣਾ ਚਾਹੀਦਾ। ਯਾਦ ਰੱਖਣਾ ਬਣਦਾ ਹੈ ਕਿ ਅੱਖਾਂ ਸਰੀਰ ਦਾ ਬਹੁਤ ਹੀ ਕੋਮਲ ਅਤੇ ਜ਼ਰੂਰੀ ਅੰਗ ਹਨ – ਇਨ੍ਹਾਂ ਪ੍ਰਤੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਕਿਹਾ ਵੀ ਗਿਆ ਹੈ:

ਦੰਦ ਗਏ ਸੁਆਦ ਗਿਆ,
ਅੱਖਾਂ ਗਈਆਂ ਜਹਾਨ ਗਿਆ।

ਬਸ ਇੱਕ ਗੱਲ ਹੋਰ – ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਕੋਈ ਵੀ ਵਿਸ਼ੇਸ਼ ਕਿਰਨਾਂ ਆਦਿ ਨਹੀਂ ਨਿਕੱਲਦੀਆਂ ਜਿਨ੍ਹਾਂ ਕਾਰਨ ਸੂਰਜ ਗ੍ਰਹਿਣ ਵੇਲੇ ਬਾਹਰ ਨਿੱਕਲਣਾ ਜਾਂ ਗ੍ਰਹਿਣ ਨੂੰ ਦੇਖਣਾ ਖਤਰਨਾਕ ਹੋਵੇ। ਗ੍ਰਹਿਣ ਵੇਲੇ ਸੂਰਜ ਤਾਂ ਆਮ ਵਾਂਗ ਹੀ ਚਮਕ ਰਿਹਾ ਹੁੰਦਾ ਹੈ; ਉਸ ਦੀਆਂ ਬਹੁਤੀਆਂ ਕਿਰਨਾਂ ਤਾਂ ਇਸ ਸਮੇਂ ਧਰਤੀ 'ਤੇ ਪਹੁੰਚਣ ਵਿੱਚ ਸਫਲ ਨਹੀਂ ਹੋ ਰਹੀਆਂ ਹੁੰਦੀਆਂ। ਤਾਹੀਓਂ ਤਾਂ ਗ੍ਰਹਿਣ ਲੱਗਦਾ ਹੈ। ਕੋਈ ਵਾਧੂ ਜਾਂ ਵਿਸ਼ੇਸ਼ ਖਤਰਨਾਕ ਕਿਰਨਾਂ ਇਸ ਦੌਰਾਨ ਨਹੀਂ ਨਿੱਕਲਦੀਆਂ। ਵਿਗਿਆਨ ਜਗਤ ਵਿੱਚ ਇਸ ਸਬੰਧੀ ਕੋਈ ਵੀ ਦੋ ਰਾਇ ਨਹੀਂ ਹੈ। ਫਿਰ ਵੀ ਸੂਰਜ ਗ੍ਰਹਿਣ ਦੇਖਣਾ ਜਾਂ ਨਹੀਂ ਦੇਖਣਾ ਹਰ ਕਿਸੇ ਦਾ ਨਿੱਜੀ ਫੈਸਲਾ ਹੈ।

ਪੜ੍ਹੋ ਇਹ ਵੀ - ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’

ਅਨੇਕਾਂ ਵਿਗਿਆਨੀ ਇਸ ਦਿਨ ਸੂਰਜ ਵੱਲ ਆਪਣੀਆਂ ਦੂਰਬੀਨਾਂ ਅਤੇ ਹੋਰ ਯੰਤਰ ਬੀੜਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਜਿੰਨੀ ਦੇਰ ਸੂਰਜ ਗ੍ਰਹਿਣ ਲੱਗਿਆ ਰਹੇਗਾ, ਬੇਚਾਰੇ ਕਮਲਿਆਂ ਵਾਂਗ ਅੰਕੜੇ ਇਕੱਠੇ ਕਰਦੇ ਰਹਿਣਗੇ ਤਾਂ ਜੋ ਬਾਅਦ ਵਿੱਚ ਵਿਸ਼ਲੇਸ਼ਣ ਕਰਕੇ ਇਹੀ ਗਿਆਨ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾ ਸਕੇ। ਸੂਰਜ ਗ੍ਰਹਿਣ ਦੌਰਾਨ ਮਾਨਵ-ਭਲਾਈ ਲਈ ਅੰਕੜੇ ਇਕੱਠੇ ਕਰਨ ਹਿੱਤ ਵਿਗਿਆਨੀ ਤਾਂ ਕਈ ਵਾਰ ਹਜ਼ਾਰਾਂ ਮੀਲ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਵੀ ਆਪਣੇ ਯੰਤਰ ਬੀੜਦੇ ਹਨ। ਜੇਕਰ ਤੁਹਾਡੇ ਨੇੜੇ-ਤੇੜੇ ਅਜਿਹਾ ਕੋਈ ਪ੍ਰਬੰਧ ਹੋ ਰਿਹਾ ਹੈ ਤਾਂ ਤੁਸੀਂ ਓਥੇ ਜਾ ਕੇ ਮਾਹਿਰਾਂ ਨਾਲ ਇਸ ਅਦਭੁਤ ਖਗੋਲੀ ਨਜ਼ਾਰੇ ਦਾ ਆਨੰਦ ਮਾਣ ਸਕਦੇ ਹੋ। ਸੂਰਜ ਗ੍ਰਹਿਣ ਦੇਖਣ ਲਈ ਦੇਹਰਾਦੂਨ (ਉੱਤਰਾਖੰਡ), ਕੁਰੂਕਸ਼ੇਤਰ, ਸਿਰਸਾ, ਯਮੁਨਾਨਗਰ (ਹਰਿਆਣਾ) ਅਤੇ ਸੂਰਤਗੜ੍ਹ (ਰਾਜਸਥਾਨ) ਵਿੱਚ ਵਿਸ਼ੇਸ਼ ਮਾਹਿਰਾਂ ਦੀਆਂ ਟੀਮਾਂ ਜਗਿਆਸੂ ਲੋਕਾਂ ਲਈ ਅਜਿਹੇ ਵਿਸ਼ੇਸ਼ ਕੈਂਪ ਲਗਾ ਰਹੀਆਂ ਹਨ। ਅਨੇਕਾਂ ਵਿਗਿਆਨ-ਕਾਰਜਕਰਤਾ ਆਪੋ ਆਪਣੇ ਇਲਾਕਿਆਂ ਵਿੱਚ ਇਸ ਸਬੰਧੀ ਕੈਂਪ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ।

 PunjabKesari
ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇ ਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ, ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾ ਰਿਹਾ ਹੈ। ਸੂਰਜ ਗ੍ਰਹਿਣ ਦੀ ਅੱਜ ਪੰਜਵੀਂ ਕੜੀ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ, ਇਸ ਦੀ 6ਵੀਂ ਕੜੀ ਸ਼ੁੱਕਰਵਾਰ ਨੂੰ ਪ੍ਰਕਾਸ਼ਿਕ ਕੀਤੀ ਜਾਵੇਗੀ।


rajwinder kaur

Content Editor

Related News