21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ: ਭਾਗ-6

06/19/2020 5:00:19 PM

ਪਰਸੋਂ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇ ਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾ ਰਿਹਾ ਹੈ। ਅੱਜ ਪੇਸ਼ ਹੈ ਇਸ ਲੜੀ ਦੀ ਛੇਵੀਂ ਅਤੇ ਆਖਰੀ ਕੜੀ।

ਸੂਰਜ ਗ੍ਰਹਿਣ ਬਾਰੇ ਪ੍ਰਕਾਸ਼ਿਤ ਲੇਖਾਂ ਵਿੱਚ ਤੁਸੀਂ ਹੁਣ ਤੱਕ ਸੂਰਜ ਗ੍ਰਹਿਣ, ਇਸ ਦੀਆਂ ਕਿਸਮਾਂ, ਇਸ ਸਬੰਧੀ ਮਨੁੱਖੀ ਉਤਸੁਕਤਾ, ਅੱਖਾਂ ਦੀ ਸੁਰੱਖਿਆ ਅਤੇ ਸੂਰਜ ਗ੍ਰਹਿਣ ਦੇਖਣ ਦੇ ਢੰਗਾਂ ਬਾਰੇ ਪੜ੍ਹ ਚੁੱਕੇ ਹੋ। ਅੱਜ ਅਸੀਂ ਗੱਲ ਕਰਾਂਗੇ ਇਸ ਸੂਰਜ ਗ੍ਰਹਿਣ ਦੇ ਸਮੇਂ ਬਾਰੇ।    

ਸੂਰਜ ਗ੍ਰਹਿਣ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰੀ ਲੱਗ ਸਕਦਾ ਹੈ। ਇਨ੍ਹਾਂ ਵਿੱਚੋਂ ਵੀ ਕਈ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ ਕਿਉਂਕਿ ਉਹ ਗ੍ਰਹਿਣ ਸਮੁੰਦਰਾਂ ਜਾਂ ਧਰਤੀ ਦੇ ਅਜਿਹੇ ਭਾਗਾਂ ਉੱਪਰ ਲੱਗਦੇ ਹਨ, ਜਿੱਥੇ ਸਾਡਾ ਜਾਣਾ ਸੰਭਵ ਹੀ ਨਹੀਂ ਹੁੰਦਾ। ਇਸ ਵਾਰ ਦਾ ਸੂਰਜ ਗ੍ਰਹਿਣ ਧਰਤੀ ਦੇ ਅਜਿਹੇ ਕਾਫੀ ਵੱਡੇ ਹਿੱਸੇ ਦੇ ਉੱਪਰ ਦੀ ਗੁਜ਼ਰਨਾ ਹੈ, ਜਿੱਥੇ ਮਨੁੱਖੀ ਵਸੋਂ ਹੋਣ ਕਾਰਨ ਇਸ ਨੂੰ ਦੇਖਣਾ ਸੰਭਵ ਹੋਵੇਗਾ।

ਇਹ ਸੂਰਜ ਗ੍ਰਹਿਣ ਸਵੇਰ ਤੋਂ ਹੀ ਲੱਗਣ ਲੱਗੇਗਾ ਪਰ ਉਸ ਸ਼ੁਰੂਆਤੀ ਸਮੇਂ ਵਿੱਚ ਇਹ ਅਫਰੀਕਾ ਦੇ ਮੱਧ ਵਿੱਚ ਦਿਖਾਈ ਦੇਵੇਗਾ। ਉਸ ਤੋਂ ਬਾਅਦ ਇਹ ਕਾਂਗੋ, ਇਥੋਪੀਆ, ਯਮਨ, ਸਾਊਦੀ ਅਰਬ, ਓਮਾਨ ਅਤੇ ਪਾਕਿਸਤਾਨ ਹੁੰਦਾ ਹੋਇਆ ਭਾਰਤ ਦਾਖਲ ਹੋਵੇਗਾ। ਭਾਰਤ ਵਿੱਚ ਇਹ ਸੂਰਜ ਗ੍ਰਹਿਣ ਪੂਰੇ ਦੇਸ਼ ਵਿੱਚ ਦਿਖਾਈ ਦੇਵੇਗਾ ਪਰ ਕੰਗਣਾਕਾਰ ਸੂਰਜ ਗ੍ਰਹਿਣ ਕੇਵਲ ਚਾਰ ਸੂਬਿਆਂ ਵਿੱਚ ਹੀ ਦਿਸੇਗਾ। ਇਹ ਚਾਰ ਸੂਬੇ ਹੋਣਗੇ – ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ। ਬਾਕੀ ਦੇ ਸੂਬਿਆਂ ਵਿੱਚ ਸੂਰਜ ਗ੍ਰਹਿਣ ਅੰਸ਼ਿਕ ਰੂਪ ਵਿੱਚ ਦਿਖਾਈ ਦੇਵੇਗਾ। ਪੂਰਨ ਸੂਰਜ ਗ੍ਰਹਿਣ ਦੌਰਾਨ ਦਿਨੇ ਸ਼ਾਮ ਦਾ ਨਜ਼ਾਰਾ ਇਨ੍ਹਾਂ ਚਾਰ ਸੂਬਿਆਂ ਵਿੱਚ ਵਧੀਆ ਦੇਖਿਆ ਜਾ ਸਕੇਗਾ।

ਜੇਕਰ ਭਾਰਤ ਦੇ ਮਹਾਂਨਗਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਸੂਰਜ ਗ੍ਰਹਿਣ ਮੁੰਬਈ ਵਿੱਚ ਦਿਸੇਗਾ, ਜਿੱਥੇ ਇਹ ਅੰਸ਼ਿਕ ਹੋਵੇਗਾ ਅਤੇ ਸਵੇਰੇ 10 ਵਜੇ ਸ਼ੁਰੂ ਹੋ ਕੇ ਕਰੀਬ 11 ਵੱਜ ਕੇ 37 ਮਿੰਟ 'ਤੇ ਸਭ ਤੋਂ ਵੱਧ ਹੁੰਦਾ ਹੋਇਆ ਦੁਪਹਿਰ ਡੇਢ ਵਜੇ ਦੇ ਕਰੀਬ ਸਮਾਪਤ ਹੋ ਜਾਵੇਗਾ।

ਬੰਗਲੌਰ ਵਿੱਚ ਇਹ 10:12:59 'ਤੇ ਸ਼ੁਰੂ ਹੋ ਕੇ 3 ਘੰਟੇ 18 ਮਿੰਟ 42 ਸਕਿੰਟ ਤੱਕ ਰਹੇਗਾ। ਨਵੀਂ ਦਿੱਲੀ ਵਿੱਚ ਇਹ 10:20 'ਤੇ ਸ਼ੁਰੂ ਹੋ ਕੇ ਤਕਰੀਬਨ ਸਾਢੇ 3 ਘੰਟੇ ਤੱਕ ਰਹੇਗਾ। ਚੇੱਨਈ ਵਿੱਚ ਇਹ 10:22 'ਤੇ ਸ਼ੁਰੂ ਹੋ ਕੇ ਤਕਰੀਬਨ 3 ਘੰਟੇ ਸਾਢੇ 19 ਮਿੰਟ ਤੱਕ ਰਹੇਗਾ। ਕਲਕੱਤਾ ਵਿੱਚ ਇਹ ਤਕਰੀਬਨ ਪੌਣੇ ਗਿਆਰਾਂ ਵਜੇ ਸ਼ੁਰੂ ਹੋ ਕੇ ਸਾਢੇ 3 ਘੰਟੇ ਤੱਕ ਰਹੇਗਾ।

ਹਰਿਆਣਾ ਵਿੱਚ ਕਈ ਸਥਾਨਾਂ 'ਤੇ ਇਹ ਪੂਰਨ ਸੂਰਜ ਗ੍ਰਹਿਣ ਦਿਖਾਈ ਦੇਵੇਗਾ ਪਰ ਪੂਰੇ ਸੂਬੇ ਵਿੱਚ ਪੂਰਨਤਾ ਵਾਲੀ ਸਥਿਤੀ ਬੜੀ ਮੁਸ਼ਕਲ ਨਾਲ ਅੱਧਾ ਮਿੰਟ ਵੀ ਨਹੀਂ ਰਹਿਣੀ। ਸੋ ਪੂਰਨ ਸੂਰਜ ਗ੍ਰਹਿਣ ਦੇਖਣ ਦੇ ਚਾਹਵਾਨ ਵਿਅਕਤੀਆਂ ਲਈ ਇੱਕ-ਇੱਕ ਸਕਿੰਟ ਕੀਮਤੀ ਹੋਵੇਗਾ। ਸਿਰਸਾ ਵਿਖੇ ਪੂਰਨ ਸੂਰਜ ਗ੍ਰਹਿਣ 11:56 'ਤੇ ਸ਼ੁਰੂ ਹੋ ਕੇ ਸਿਰਫ 24 ਸਕਿੰਟ ਤੱਕ ਰਹੇਗਾ। ਉਂਜ ਅੰਸ਼ਿਕ ਸੂਰਜ ਗ੍ਰਹਿਣ ਚਾਰ ਮਹਾਂਨਗਰਾਂ ਵਾਂਗ ਸਵਾ ਕੁ ਦਸ ਵਜੇ ਸ਼ੁਰੂ ਹੋ ਕੇ ਸਾਢੇ ਕੁ ਤਿੰਨ ਘੰਟਿਆਂ ਤੱਕ ਰਹੇਗਾ। ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿੱਚ ਪੂਰਨ ਸੂਰਜ ਗ੍ਰਹਿਣ ਕਰੀਬ 12 ਵਜੇ ਲੱਗੇਗਾ ਜਦ ਕਿ ਅੰਸ਼ਿਕ ਸੂਰਜ ਗ੍ਰਹਿਣ ਦਾ ਸਮਾਂ ਅਤੇ ਅਵਧੀ ਸਿਰਸਾ ਵਾਂਗ ਹੀ ਹੋਵੇਗੀ।

ਦੇਹਰਾਦੂਨ (ਉੱਤਰਾਖੰਡ) ਵਿੱਚ ਪੂਰਨ ਸੂਰਜ ਗ੍ਰਹਿਣ ਦੁਪਹਿਰ 12 ਵੱਜ ਕੇ 5 ਮਿੰਟ 'ਤੇ ਲੱਗੇਗਾ ਅਤੇ ਕੇਵਲ 9 ਸਕਿੰਟ ਲਈ ਰਹੇਗਾ ਜਦ ਕਿ ਅੰਸ਼ਿਕ ਸੂਰਜ ਗ੍ਰਹਿਣ ਦਸ ਵੱਜ ਕੇ ਚੌਵੀ ਮਿੰਟ 'ਤੇ ਸ਼ੁਰੂ ਹੋ ਕੇ ਸਾਢੇ ਕੁ ਤਿੰਨ ਘੰਟਿਆਂ ਤੱਕ ਰਹੇਗਾ।

ਸੂਰਤਗੜ੍ਹ (ਰਾਜਸਥਾਨ) ਵਿੱਚ ਪੂਰਨ ਸੂਰਜ ਗ੍ਰਹਿਣ ਦੁਪਹਿਰ 11 ਵੱਜ ਕੇ 52 ਮਿੰਟ 'ਤੇ ਲੱਗੇਗਾ ਅਤੇ 30 ਸਕਿੰਟ ਲਈ ਰਹੇਗਾ ਜਦ ਕਿ ਅੰਸ਼ਿਕ ਸੂਰਜ ਗ੍ਰਹਿਣ ਦਸ ਵੱਜ ਕੇ ਚੌਦਾਂ ਮਿੰਟ 'ਤੇ ਸ਼ੁਰੂ ਹੋ ਕੇ ਸਾਢੇ ਕੁ ਤਿੰਨ ਘੰਟਿਆਂ ਤੱਕ ਰਹੇਗਾ।

ਪਿਛਲੀ ਕੜੀ ਵਿੱਚ ਦੱਸੀਆਂ ਗਈਆਂ ਸੁੱਰਖਿਅਤ ਵਿਧੀਆਂ ਵਿੱਚੋਂ ਕੋਈ ਵੀ ਵਿਧੀ ਆਪਣੀ ਸਹੂਲਤ ਅਨੁਸਾਰ ਵਰਤ ਕੇ ਇਸ ਗ੍ਰਹਿਣ ਨੂੰ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਕੀਤਾ ਗਿਆ ਅਵਲੋਕਨ ਕਈ ਕਈ ਕੰਮਾਂ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਪੂਰਨ ਸੂਰਜ ਗ੍ਰਹਿਣ ਦੀ ਅਵਧੀ ਜਾਂ ਧਰਤੀ ਦਾ ਘੇਰਾ ਮਾਪਣਾ, ਸੂਰਜ ਅਤੇ ਚੰਨ ਦਾ ਕੋਣੀ ਅਕਾਰ ਮਾਪਣਾ, ਸੂਰਜ ਗ੍ਰਹਿਣ ਦੌਰਾਨ ਕੁਦਰਤ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੋਟ ਕਰਨਾ ਆਦਿ। ਇਹ ਵਡਮੁੱਲੀਆਂ ਵਿਗਿਆਨਕ ਗਤੀਵਿਧੀਆਂ ਕਿਸੇ ਲਈ ਵੀ ਬਹੁਤ ਰੌਚਕ ਅਤੇ ਗਿਆਨ ਵਰਧਕ ਹੋ ਸਕਦੀਆਂ ਹਨ।

ਫੋਟੋ ਕੈਪਸ਼ਨ: ਦੋ ਵਿਗਿਆਨ ਪ੍ਰੇਮੀ ਪਰਸੋਂ ਲੱਗਣ ਵਾਲੇ ਸੂਰਜ ਗ੍ਰਹਿਣ ਨੂੰ ਕੰਧ ਉੱਤੇ ਪ੍ਰਾਜੈਕਟ ਕਰਨ ਲਈ ਆਪੇ ਬਣਾਏ 'ਸਨ ਪ੍ਰਾਜੈਕਟਰ' ਨਾਲ ਅਭਿਆਸ ਕਰਦੇ ਹੋਏ। ਕੰਧ ਉੱਤੇ ਸੂਰਜ ਦਾ ਪ੍ਰਤੀਬਿੰਬ ਸਪਸ਼ਟ ਝਲਕ ਰਿਹਾ ਹੈ। ਇਸ 'ਸਨ ਪ੍ਰਾਜੈਕਟਰ' ਨੂੰ ਤਿਆਰ ਕਰਨ ਦੀ ਵਿਧੀ ਪਿਛਲੀ ਕੜੀ ਵਿੱਚ ਦੱਸੀ ਜਾ ਚੁੱਕੀ ਹੈ।

PunjabKesari

ਸਿਰਸਾ, ਕੁਰੂਕਸ਼ੇਤਰ, ਯਮੁਨਾਨਗਰ, ਦੇਹਰਾਦੂਨ ਅਤੇ ਸੂਰਤਗੜ੍ਹ ਵਿੱਚ ਵਿਗਿਆਨ ਪ੍ਰਿਆਕਰਨ ਸੰਸਥਾਵਾਂ ਦੁਆਰਾ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਗਿਆਨੀ ਅਤੇ ਸਿਖਲਾਈ ਪ੍ਰਾਪਤ ਵਿਗਿਆਨ-ਕਾਰਜਕਰਤਾ ਜਗਿਆਸੂ ਵਿਅਕਤੀਆਂ ਨੂੰ ਵਿਸ਼ੇਸ਼ ਯੰਤਰਾਂ ਨਾਲ ਇਹ ਗ੍ਰਹਿਣ ਦਿਖਾਉਣਗੇ ਅਤੇ ਹੋਰ ਬਰੀਕੀਆਂ ਬਾਰੇ ਸਮਝਾਉਣਗੇ।

ਜੇਕਰ ਤੁਹਾਡੇ ਨੇੜੇ-ਤੇੜੇ ਅਜਿਹਾ ਕੋਈ ਪ੍ਰਬੰਧ ਹੋ ਰਿਹਾ ਹੈ ਤਾਂ ਤੁਸੀਂ ਓਥੇ ਜਾ ਕੇ ਮਾਹਿਰਾਂ ਨਾਲ ਇਸ ਅਦਭੁਤ ਖਗੋਲੀ ਨਜ਼ਾਰੇ ਦਾ ਆਨੰਦ ਮਾਣ ਸਕਦੇ ਹੋ। ਸੂਰਜ ਗ੍ਰਹਿਣ ਦੇਖਣ ਲਈ ਦੇਹਰਾਦੂਨ (ਉੱਤਰਾਖੰਡ), ਕੁਰੂਕਸ਼ੇਤਰ, ਸਿਰਸਾ, ਯਮੁਨਾਨਗਰ (ਹਰਿਆਣਾ) ਅਤੇ ਸੂਰਤਗੜ੍ਹ (ਰਾਜਸਥਾਨ) ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਗਿਆਨੀ ਅਤੇ ਸਿਖਲਾਈ ਪ੍ਰਾਪਤ ਵਿਗਿਆਨ-ਕਾਰਜਕਰਤਾ ਜਗਿਆਸੂ ਵਿਅਕਤੀਆਂ ਨੂੰ ਵਿਸ਼ੇਸ਼ ਯੰਤਰਾਂ ਨਾਲ ਇਹ ਗ੍ਰਹਿਣ ਦਿਖਾਉਣਗੇ ਅਤੇ ਹੋਰ ਬਰੀਕੀਆਂ ਬਾਰੇ ਸਮਝਾਉਣਗੇ। ਅਨੇਕਾਂ ਵਿਗਿਆਨ-ਕਾਰਜਕਰਤਾ ਆਪੋ ਆਪਣੇ ਇਲਾਕਿਆਂ ਵਿੱਚ ਇਸ ਸਬੰਧੀ ਕੈਂਪ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ।

ਦੁਹਰਾ ਦੇਈਏ ਕਿ ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਕੋਈ ਵੀ ਵਿਸ਼ੇਸ਼ ਕਿਰਨਾਂ ਆਦਿ ਨਹੀਂ ਨਿੱਕਲਦੀਆਂ, ਜਿਨ੍ਹਾਂ ਕਾਰਨ ਸੂਰਜ ਗ੍ਰਹਿਣ ਵੇਲੇ ਬਾਹਰ ਨਿੱਕਲਣਾ ਜਾਂ ਗ੍ਰਹਿਣ ਨੂੰ ਦੇਖਣਾ ਖਤਰਨਾਕ ਹੋਵੇ। ਗ੍ਰਹਿਣ ਵੇਲੇ ਸੂਰਜ ਤਾਂ ਆਮ ਵਾਂਗ ਚਮਕ ਰਿਹਾ ਹੁੰਦਾ ਹੈ। ਉਸ ਦੀਆਂ ਬਹੁਤੀਆਂ ਕਿਰਨਾਂ ਤਾਂ ਇਸ ਸਮੇਂ ਧਰਤੀ 'ਤੇ ਪਹੁੰਚਣ ਵਿੱਚ ਸਫਲ ਨਹੀਂ ਹੋ ਰਹੀਆਂ ਹੁੰਦੀਆਂ। ਤਾਹੀਓਂ ਤਾਂ ਗ੍ਰਹਿਣ ਲੱਗਦਾ ਹੈ। ਕੋਈ ਵਾਧੂ ਜਾਂ ਵਿਸ਼ੇਸ਼ ਖਤਰਨਾਕ ਕਿਰਨਾਂ ਇਸ ਦੌਰਾਨ ਨਹੀਂ ਨਿੱਕਲਦੀਆਂ। ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ ਜਾਂ ਹੋਰ ਕਿਸੇ ਵਰਗ ਦੇ ਲੋਕਾਂ ਲਈ ਇਸ ਦੌਰਾਨ ਕੋਈ ਨਵਾਂ ਖਤਰਾ ਖੜ੍ਹਾ ਨਹੀਂ ਹੁੰਦਾ। ਵਿਗਿਆਨ ਜਗਤ ਵਿੱਚ ਇਸ ਸਬੰਧੀ ਕੋਈ ਵੀ ਦੋ ਰਾਇ ਨਹੀਂ ਹੈ। ਫਿਰ ਵੀ ਸੂਰਜ ਗ੍ਰਹਿਣ ਦੇਖਣਾ ਜਾਂ ਨਹੀਂ ਦੇਖਣਾ ਹਰ ਕਿਸੇ ਦਾ ਨਿੱਜੀ ਫੈਸਲਾ ਹੈ।

 ਸਮਾਪਤ 

PunjabKesari
ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ
ਮੋ. . 98761-35823
ਈ ਮੇਲ: drskjindal123@gmail.com


rajwinder kaur

Content Editor

Related News