ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ ‘ਰਮਨ ਕੱਦੋਂ’

11/15/2020 2:55:56 PM

ਉਜਾਗਰ ਸਿੰਘ

ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਦੇ ਪਿੰਡ ਕੱਦੋਂ ਨੂੰ ਕਲਾਕਾਰਾਂ ਅਤੇ ਗੀਤਕਾਰਾਂ ਦੀ ਨਰਸਰੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਪਿੰਡ ਦੇ ਜੰਮਪਲ ਵਿਅਕਤੀਆਂ ਨੇ ਸੰਸਾਰ ਵਿਚ ਆਪਣੀਆਂ ਕਲਾ ਕਿਰਤਾਂ ਕਰਕੇ ਨਾਮਣਾ ਖੱਟਕੇ ਪਿੰਡ ਦਾ ਨਾਂ ਦੁਨੀਆਂ ਦੇ ਨਕਸ਼ੇ ਉਪਰ ਚਮਕਣ ਲਾ ਦਿੱਤਾ। ਪਿੰਡ ਕੱਦੋਂ ਦੇ ਜੰਮਪਲ ਵਿਅੰਗਾਤਮਕ ਕਲਾਕਾਰ ਜਸਵਿੰਦਰ ਭੱਲਾ ਦਾ ਨਾਂ ਕਲਾਕਾਰਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸੇ ਤਰ੍ਹਾਂ ਸਮਾਜਿਕ ਸਰੋਕਾਰਾਂ-ਨਸ਼ਿਆਂ ਅਤੇ ਰੁਮਾਂਟਿਕ ਗੀਤਾਂ ਨੂੰ ਲਿਖਣ ਵਾਲਾ ਕਰਮਜੀਤ ਸਿੰਘ ਮੁੰਡੀ ਜਿਹੜਾ-ਜੀਤ ਕੱਦੋਂਵਾਲਾ-ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਉਹ ਪਿੰਡ ਕੱਦੋਂ ਦਾ ਜੰਮਪਲ ਹੈ। ਕੱਦੋਂ ਅੱਜ ਕਲ੍ਹ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਨਾਲ ਜੀਵਨ ਬਸਰ ਕਰ ਰਿਹਾ ਹੈ। ਰਮਨਦੀਪ ਸਿੰਘ ਮੁੰਡੀ ਸਾਹਿਤਕ ਖੇਤਰ ਵਿਚ-ਰਮਨ ਕੱਦੋਂ-ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜੋ ਉਭਰਦਾ ਨੌਜਵਾਨ, ਗੀਤ ਲੇਖਕ ਅਤੇ ਕਵੀ ਹੈ। ਰਮਨਦੀਪ ਰੋਜ਼ੀ ਰੋਟੀ ਦੀ ਖ਼ਾਤਰ ਦੋ ਹਜ਼ਾਰ ਨੌਂ ਵਿਚ ਕੈਨੇਡਾ ਪਰਵਾਸ ਕਰ ਗਿਆ ਸੀ, ਜੋ ਹੁਣ ਕੈਨੇਡਾ ਦੇ ਬਰਾਮਪਟਨ ਸ਼ਹਿਰ ਵਿਚ ਰਹਿ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਪੇਸ਼ੇ ਵੱਜੋਂ ਭਾਵੇਂ ਉਹ ਮਕੈਨੀਕਲ ਅਤੇ ਆਟੋਮੋਬਾਈਲ ਇੰਜਿਨੀਅਰ ਹੈ ਪਰ ਅੱਜ ਕਲ੍ਹ ਉਹ ਟਰੱਕ ਚਲਾਉਂਦਾ ਹੈ। ਰਮਨ ਕੱਦੋਂ ਦੇ ਅੰਦਰ ਸਾਹਿਤਕ ਦਿਲ ਧੜਕਦਾ ਹੈ, ਜੋ ਉਸਨੂੰ ਗੀਤ ਅਤੇ ਕਵਿਤਾਵਾਂ ਲਿਖਣ ਲਈ ਪ੍ਰੇਰਦਾ ਰਹਿੰਦਾ ਹੈ। ਟਰਾਂਸਪੋਰਟ ਦੇ ਇਸ ਖੇਤਰ ਵਿਚ ਰਹਿਕੇ, ਜਿਥੇ ਟਰੱਕ ਡਰਾਇਵਰਾਂ ਬਾਰੇ ਲੋਕ ਰਾਇ ਇਹ ਬਣੀ ਹੋਈ ਹੈ ਕਿ ਉਹ ਅਸਭਿਅਕ ਗੀਤਾਂ ਨੂੰ ਤਰਜੀਹ ਦਿੰਦੇ ਹਨ, ਉਸੇ ਕਿਤੇ ਵਿਚ ਰਹਿੰਦਿਆਂ ਉਹ ਬਹੁਤ ਸੰਜੀਦਾ ਕਿਸਮ ਦੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਗੀਤ ਲਿਖਦਾ ਹੈ। 

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

ਰਮਨ ਕੱਦੋਂ ਦਾ ਬਚਪਨ ਦਿਹਾਤੀ ਵਾਤਾਵਰਨ ਵਿਚ ਗੁਜਰਿਆ, ਇਸ ਕਰਕੇ ਦਿਹਾਤੀ ਰਸਮੋ ਰਿਵਾਜਾਂ-ਪਰੰਪਰਾਵਾਂ ਅਤੇ ਧਾਰਨਾਵਾਂ ਦੀ ਉਹ ਬਾਖ਼ੂਬੀ ਜਾਣਕਾਰੀ ਰੱਖਦਾ ਹੈ। ਇਸੇ ਕਰਕੇ ਉਸਦੇ ਗੀਤ ਅਤੇ ਕਵਿਤਾਵਾਂ ਧਰਾਤਲ ਨਾਲ ਜੁੜੇ ਹੋਏ ਦਿਹਾਤੀ ਜੀਵਨ ਵਿਚ ਵਿਚਰ ਰਹੇ ਘਰਾਂ ਪਰਿਵਾਰਾਂ ਦੀਆਂ ਸਮਾਜਿਕ ਗੁੰਝਲਾਂ ਨੂੰ ਗੀਤਾਂ ਦੇ ਰੂਪ ਵਿਚ ਪਰਦਰਸ਼ਤ ਕਰਦਾ ਹੈ। ਹੁਣ ਤੱਕ ਰਮਨ ਕੱਦੋਂ ਲਗਪਗ 50 ਗੀਤ ਅਤੇ ਕਵਿਤਾਵਾਂ ਲਿਖ ਚੁੱਕਾ ਹੈ, ਜਿਹੜੇ ਸਾਰੇ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਤੀਕ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਵਾਲੇ ਹਨ। ਉਸਦੇ ਬਹੁਤੇ ਗੀਤ ਅਤੇ ਕਵਿਤਾਵਾਂ ਪੰਜਾਬ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਪੰਜਾਬ ਦੀ ਧਰਤੀ ਉਸ ਦੇ ਗੀਤਾਂ ਵਿਚ ਹਮੇਸ਼ਾ ਝਲਕਦੀ ਰਹਿੰਦੀ ਹੈ। ਉਸ ਦੇ ਗੀਤਾਂ ’ਚ ਖਾਸ ਤੌਰ ’ਤੇ ਮਾਂ ਦਾ ਪਿਆਰ ਅਤੇ ਜਨਾਨੀ ਦੀ ਤ੍ਰਾਸਦੀ ਦਾ ਜ਼ਿਕਰ ਵੀ ਵਾਰ-ਵਾਰ ਆਉਂਦਾ ਹੈ, ਜਦੋਂ ਉਹ ਲਿਖਦਾ ਹੈ ਕਿ

ਮਾਏ ਤੇਰੇ ਕਦਮਾ ਵਿਚ ਜੱਨਤ ਹੈ ਵਸਦੀ।
ਲੱਗਦਾ ਰੱਬ ਖ਼ੁਸ਼ ਹੋ ਗਿਆ, ਮਾਏਂ ਤੂੰ ਜਦੋਂ ਵੀ ਹਸਦੀ।
ਤੁਸੀਂ ਧੀਆਂ ਕੁੱਖ ’ਚ ਮਾਰਦੇ ਸੀ-ਥੋਡੇ ਪੁੱਤ ਨਸ਼ਿਆਂ ਨੇ ਮਾਰ ਦੇਣੇ।
ਤੁਸੀਂ ਨੂੰਹਾਂ ਅੱਗ ’ਚ ਸਾੜਦੇ ਸੀ-ਹੁਣ ਘਰ ਆਪਣੇ ਹੀ ਸਾੜ ਲੈਣੇ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਇਸਤਰੀ ਸਮਾਜ ਦੀ ਸਿਰਜਕ ਹੈ। ਇਸਤਰੀ ਤੋਂ ਬਿਨਾ ਸੰਸਾਰ ਦਾ ਪਾਸਾਰ ਨਹੀਂ ਹੋ ਸਕਦਾ। ਉਹ ਅਨੇਕਾਂ ਦੁੱਖ ਝੱਲਕੇ ਵੀ ਆਪਣੇ ਪਰਿਵਾਰ ਪਾਲਦੀ ਅਤੇ ਨਿਹਾਰਦੀ ਹੈ ਪਰ ਸਮਾਜ ਉਸਨੂੰ ਕਿਸੇ ਵੀ ਰੂਪ ਵਿਚ ਸਣਦਾ ਸਤਿਕਾਰ ਨਹੀਂ ਦਿੰਦਾ। ਰਮਨ ਇਸਤਰੀ ਦੇ ਦੁੱਖਾਂ ਬਾਰੇ ਲਿਖਦਾ ਹੈ-

ਜਨਾਨੀ ਕੀ ਏ ਇੱਕ ਦਰਦ ਕਹਾਣੀ-ਦੁੱਖ ਭੋਗਦੀ ਇਹ ਮਰ ਜਾਣੀ।
ਕਿਸੇ ਵੇਲੇ ਨਾ ਵੇਖੀ ਹੱਸਦੀ-ਬਸ ਅੱਖੀਓਂ ਡੁਲ੍ਹਦਾ ਰਹਿੰਦਾ ਪਾਣੀ।

ਭਾਵੇਂ ਉਸਨੇ ਬਹੁਤ ਸਾਰੇ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ ਪਰ ਉਸਦੇ 5 ਗੀਤ ਬਹੁਤ ਬਿਹਤਰੀਨ ਅਤੇ ਦਿਲ ਨੂੰ ਟੁੰਬਣ ਵਾਲੇ ਹਨ, ਜਿਨ੍ਹਾਂ ਵਿਚੋਂ ਇੱਕ ਗੀਤ ਪਾਕਿਸਤਾਨ ਦੇ ਬਾਲੀਵੁਡ ਗਾਇਕ ਜਾਵੇਦ ਬਸ਼ੀਰ ਅਤੇ ਦੋ ਗੀਤ ਸਿਧਾਰਥ ਮੋਹਨ ਵੱਲੋਂ ਗਾਏ ਗਏ ਹਨ। ਜਾਵੇਦ ਬਸ਼ੀਰ ਦਾ ਗਾਇਆ ਗੀਤ ਅਜੇ ਜਾਰੀ ਹੋਣਾ ਹੈ। ਨੌਜਵਾਨ, ਸ਼ਾਇਰ ਅਤੇ ਗੀਤਕਾਰ ਸਮੇਂ ਦੀ ਲੋੜ ਅਨੁਸਾਰ ਜਲਦੀ ਪ੍ਰਸੰਸਾ ਖੱਟਣ ਲਈ ਇਸ਼ਕ ਮਜਾਜੀ ਵਾਲੇ ਰੋਮਾਂਟਿਕ ਗੀਤ ਲਿਖਦੇ ਹਨ ਪਰ ਰਮਨ ਕੱਦੋਂ ਨੇ ਅਜਿਹਾ ਨਹੀਂ ਕੀਤਾ। ਉਸਨੇ ਸੂਫੀਆਨਾ ਗੀਤ ਵੀ ਲਿਖੇ ਹਨ, ਜਿਨ੍ਹਾਂ ਵਿਚੋਂ ਦੋ ਸਿਧਾਰਥ ਮੋਹਨ ਵੱਲੋਂ ਗਾਏ ਗਏ ਹਨ। ਰਮਨ ਨੇ ਇਹ ਗੀਤ ਪ੍ਰਮਾਤਮਾ ਦੀ ਉਸਤਤ ਵਿਚ ਲਿਖੇ ਹਨ, ਜਿਵੇਂ ਸੂਫੀ ਸੰਤ ਲਿਖਦੇ ਰਹੇ ਹਨ-ਉਸਦੇ ਇੱਕ ਗੀਤ ਦੇ ਬੋਲ ਹਨ-

ਮੈਂ ਤੇਰੀ ਤੂੰ ਮੇਰਾ-ਮੈਨੂੰ ਗਲ ਨਾਲ ਲਾ ਲੈ ਵੇ।
ਹੁਣ ਬਣਜਾ ਰਾਂਝਣ ਮੇਰਾ-ਮੈਨੂੰ ਹੀਰ ਬਣਾ ਲੈ ਵੇ।

ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ

ਅਜਿਹਾ ਹੀ ਇੱਕ ਹੋਰ ਗੀਤ ਹੈ, ਜਿਸ ਵਿਚ ਇਸ਼ਕ ਹਕੀਕੀ ਦੀ ਗੱਲ ਦੀ ਗੱਲ ਕੀਤੀ ਗਈ ਹੈ-

ਛੱਡਕੇ ਮੈਂ ਦੁਨੀਆਂ ਦੇ ਦਰ ਸਾਰੇ-ਕੱਢ ਕੇ ਮੈਂ ਦਿਲ ਵਿਚੋਂ ਸਾਰੇ।
ਲੈ ਕੇ ਆਸਾਂ ਇੱਕ ਤੇਰੇ ਘਰ ਆਈ ਆਂ-ਮੇਰੇ ਮੌਲਾ ਮੇਰੇ ਸਾਈਆਂ।

ਸਭ ਤੋਂ ਪਹਿਲਾ ਗੀਤ ਉਸਨੇ ਖ਼ੁਦ ਗਾਇਆ ਹੈ, ਜਿਹੜਾ 2017 ਵਿਚ ਰਮਨ ਆਡੀਓ ਦੇ ਨਾਂ ’ਤੇ ਜਾਰੀ ਹੋਇਆ ਸੀ। ਦੂਜਾ ਗੀਤ ਡਿਊਟ ਹੈ, ਜਿਸਨੂੰ ਇੰਗਲੈਂਡ ਦੇ ਗਾਇਕਾਂ ਨੇ ਗਾਇਆ ਹੈ। ਉਸਦਾ ਇੱਕ ਡਿਊਟ ਗੀਤ ਟੀ-ਸੀਰੀਜ ਨੇ ਜਾਰੀ ਕੀਤਾ ਹੈ, ਜਿਸਨੂੰ ਆਵਾਜ਼ ਬਾਵਾ ਸਾਹਨੀ ਅਤੇ ਮਾਨਿਆਂ ਅਰੋੜਾ ਨੇ ਦਿੱਤੀ ਹੈ। ਭਰੂਣ ਹੱਤਿਆ ਵਰਗੇ ਸੰਜੀਦਾ ਵਿਸ਼ੇ ਨੂੰ ਉਸਨੇ ਦਿਲ ’ਚ ਟੁੰਬਣ ਵਾਲੇ ਅੰਦਾਜ ਵਿਚ ਲਿਖਿਆ ਹੈ, ਜਿਸਨੂੰ ਸੁਣਕੇ ਹਰ ਮਾਨਵਾਦੀ ਇਨਸਾਨ ਨੂੰ ਅਜਿਹਾ ਹਲੂਣਾ ਮਿਲਦਾ ਹੈ, ਜਿਸ ਨਾਲ ਉਸ ਦੀਆਂ ਅੱਖਾਂ ਵਿਚੋਂ ਅਣਜੰਮੀ ਬੱਚੀ ਦੀ ਪੁਕਾਰ ਸੁਣਕੇ ਅੱਥਰੂ ਵਹਿਣ ਲੱਗ ਜਾਂਦੇ ਹਨ। ਇੱਕ ਕਿਸਮ ਨਾਲ ਇਸ ਸਮਾਜਿਕ ਬਿਮਾਰੀ ਦੀ ਹੂ-ਬ-ਹੂ-ਤਸਵੀਰ ਸਰੋਤੇ ਦੇ ਮਨ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਦਿਲ ਨੂੰ ਹਲੂਣਾ ਦੇਣ ਵਾਲੇ ਇਸ ਗੀਤ ਦੇ ਬੋਲ ਹਨ-

ਨਾ ਮਾਏ ਨਾ ਮਾਏ ਨਾ ਤੂੰ ਕਤਲ ਕਰਾ ਮੈਨੂੰ, ਹੁੰਦੀ ਕਿਦਾਂ ਦੀ ਦੁਨੀਆਂ ਨੀ ਮਾਏ ਵੇਖ ਲੈਣ ਦੇ ਤੂੰ।
ਹਾਏ ਵੀਰੇ ਨੂੰ ਨਿਤ ਹੀ ਕੁੱਟ-ਕੁੱਟ ਚੂਰੀਆਂ ਦਿੰਦੀ ਏਂ, ਮੈਨੂੰ ਜੰਮਣ ਤੋਂ ਪਹਿਲਾਂ ਕਿਉਂ ਘੂਰੀਆਂ ਦਿੰਦੀ ਏਂ।
ਮੈਂ ਖੇਡਾਂ ਤੇਰੀ ਗੋਦੀ ਵਿਚ ਦੱਸ ਚਾਹਵੇਂ ਕਿਉਂ ਨਾ ਤੂੰ, ਹਾਏ ਬਾਪੂ ਨੂੰ ਹੁਣ ਤੋਂ ਮੇਰੇ ਵਿਆਹ ਦਾ ਝੋਰਾ ਖਾਏ ।
ਕਹਿ ਉਹ ਮੈਨੂੰ ਦਾਜ ਨਾ ਦੇਵੇ ਪਰ ਪੜ੍ਹਨ ਸਕੂਲੇ ਲਾਏ, ਪੜ੍ਹ-ਪੜ੍ਹਕੇ ਵੱਡੀ ਅਫਸਰ ਲੱਗ ਸਭ ਬੰਦ ਕਰਦੂੰ ਮੂੰਹ।
ਹਾਏ ਦਾਦੀ ਮੈਨੂੰ ਨਿੱਤ ਸਕੀਮਾ ਖ਼ਤਮ ਕਰਨ ਦੀਆਂ ਕਰਦੀ, ਅਸੀਂ ਨਹੀਂ ਪੱਥਰੀ ਜਰਨਾ ਇਹੋ ਕਹਿ ਕੇ ਲੜਦੀ।
ਉਹ ਵੀ ਧੀ ਸੀ ਕਿਸੇ ਦੀ ਹੁਣ ਕਿਉਂ ਕਰਦੀ ਹੈ ਫੂੰ-ਫੂੰ, ਹੁੰਦੀ ਕਿਦਾਂ ਦੀ ਦੁਨੀਆਂ ਨੀ ਮਾਏ ਵੇਖ ਲੈਣ ਦੇ ਤੂੰ।
ਰਮਨ ਕੱਦੋਂ ਮੇਰਾ ਵੀਰਾ ਮੇਰੇ ਲਈ ਅਰਦਾਸਾਂ ਕਰਦਾ, ਕੁੜੀ-ਮੁੰਡੇ ਵਿਚ ਫ਼ਰਕ ਹੋਣ ਦਾ ਜੇ ਮਨਾਂ ਤੋਂ ਹੱਟ ਜੇ ਪਰਦਾ।
ਹਾਏ ਪੁੱਤਾਂ ਵਾਂਗੂੰ ਮੋਹ ਮਾਇਆ ਦਾ ਜਦ ਮਿਲਜੇ ਕੁੜੀਆਂ ਨੂੰ, ਹੁੰਦੀ ਕਿਦਾਂ ਦੀ ਦੁਨੀਆਂ ਵੇਖ ਲੈਣ ਦੇ ਤੂੰ।

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਰਮਨ ਕੱਦੋਂ ਦਾ ਜਨਮ ਪਿਤਾ ਜ਼ੋਰਾ ਸਿੰਘ ਮੁੰਡੀ ਅਤੇ ਮਾਤਾ ਪ੍ਰੀਤਮ ਕੌਰ ਮੁੰਡੀ ਦੇ ਘਰ ਮੱਧ ਵਰਗੀ ਕਿਸਾਨ ਪਰਿਵਾਰ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਵਿਖੇ 18 ਨਵੰਬਰ 1984 ਵਿਚ ਹੋਇਆ। ਮੁੱਢਲੀ ਪੜ੍ਹਾਈ ਉਨ੍ਹਾਂ ਨੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। 2004 ਵਿਚ ਗੁਰੂ ਨਾਨਕ ਇੰਜਿਨੀਅਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਇੰਜਿਨੀਅਰਿੰਗ ਵਿਚ ਡਿਪਲੋਮਾ ਪਾਸ ਕੀਤਾ ਅਤੇ ਫਿਰ 2005 ਵਿਚ ਆਟੋਮੋਬਾਈਲ ਇੰਜਿਨੀਅਰਿੰਗ ਵਿਚ ਪੋਸਟ ਡਿਪਲੋਮਾ ਕੀਤਾ। ਉਸਤੋਂ ਬਾਅਦ ਬੀ.ਏ. ਸੰਗੀਤ ਦੇ ਵਿਸ਼ੇ ਨਾਲ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੋਂ 2008 ਵਿਚ ਪਾਸ ਕੀਤੀ। ਸੰਗੀਤ ਵਿਚ ਆਪ ਨੂੰ ਬਚਪਨ ਤੋਂ ਸ਼ੌਕ ਸੀ। ਪੰਜਾਬ ਵਿਚ ਰੋਜ਼ਗਾਰ ਦੇ ਬਹੁਤੇ ਮੌਕੇ ਨਾ ਹੋਣ ਕਰਕੇ 2009 ਵਿਚ ਕੈਨੇਡਾ ਪਰਵਾਸ ਕਰ ਗਏ। ਕੈਨੇਡਾ ਵਿਚ ਪਤਨੀ ਹਰਦੀਪ ਕੌਰ ਮੁੰਡੀ-ਲੜਕੀ ਸੀਰਤ ਕੌਰ ਮੁੰਡੀ ਅਤੇ ਲੜਕਾ ਸਾਹਿਬ ਸਿੰਘ ਮੁੰਡੀ ਨਾਲ ਰਹਿ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੈ ‘ਤਿਲਾਂ ਦਾ ਤੇਲ’, ਝੜਦੇ ਵਾਲਾਂ ਦੀ ਪ੍ਰੇਸ਼ਾਨੀ ਵੀ ਹੋਵੇਗੀ ਦੂਰ

ਰਮਨ ਕੱਦੋਂ ਪ੍ਰਵਾਸ ਵਿਚ ਰਹਿ ਰਿਹਾ ਹੈ। ਇਸੇ ਲਈ ਕੁਦਰਤੀ ਹੈ ਕਿ ਉਸਦੀ ਲੇਖਣੀ ਵਿਚ ਪ੍ਰਵਾਸ ਦੀ ਜਦੋਜਹਿਦ ਦਾ ਜ਼ਿਕਰ ਹੋਵੇਗਾ, ਕਿਉਂਕਿ ਪੰਜਾਬ ਵਿਚ ਇਹ ਸਮਝਿਆ ਜਾ ਰਿਹਾ ਹੈ ਕਿ ਪ੍ਰਵਾਸੀ ਆਨੰਦਮਈ ਜੀਵਨ ਬਸਰ ਕਰ ਰਹੇ ਹਨ। ਜਿਵੇਂ ਬਿਨਾ ਕੰਮ ਕੀਤਿਆਂ ਉਹ ਆਨੰਦ ਮਾਣ ਰਹੇ ਹੋਣ। ਉਨ੍ਹਾਂ ਔਖੇ ਤੋਂ ਔਖੇ ਸਮੇਂ ਵਿਚ ਵੀ ਕੰਮ ਕਰਨਾ ਪੈਂਦਾ ਹੈ। ਇਥੇ ਵਰਕ ਕਲਚਰ ਹੈ, ਕਿਉਂਕਿ ਵਿਹਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ। ਰਮਨ ਕੱਦੋਂ ਪ੍ਰਵਾਸੀਆਂ ਦੀ ਸਖਤ ਮਿਹਨਤ ਬਾਰੇ ਲਿਖਦਾ ਹੈ ਕਿ-

ਲੋਕ ਆਖਦੇ ਡਰਾਇਵਰਾਂ ਦੀ ਮੋਟੀ ਆ ਕਮਾਈ, ਸੱਚ ਜਾਣਿਓਂ ਹੈ ਸਾਡੀ ਬੜੀ ਇਹ ਕਮਾਈ।
ਚੱਲੇ ਭਾਵੇਂ ਨ੍ਹੇਰੀ ਪਵੇ ਅੱਤ ਦੀ ਸਨੋਅ, ਮਾੜੇ ਬੰਦੇ ਵਾਂਗੂੰ ਦਿਲ ਸਾਡੇ ਨਹੀਓਂ ਘਟਦੇ।
ਜਿਹੜੇ ਟਾਈਮ ਸੌਂਦੇ ਲੋਕ ਲੈ ਕੇ ਰਜਾਈਆਂ, ਉਦੋਂ ਯਾਰ ਹੁੰਦੇ ਰੋਡਾਂ ਉਤੇ ਧੂੜ ਪੱਟਦੇ।

ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਮਨ ਕੱਦੋਂ ਆਮ ਕਵੀਆਂ ਅਤੇ ਗੀਤਕਾਰਾਂ ਵਰਗਾ ਨੌਜਵਾਨ ਗੀਤਕਾਰ ਨਹੀਂ ਜਿਹੜਾ ਆਪਣੀ ਵਿਰਾਸਤ ਨੂੰ ਭੁੱਲਕੇ ਵਰਤਮਾਨ ਦੀ ਰੋਮਾਂਟਿਕ ਹਨ੍ਹੇਰੀ ਵਿਚ ਵਹਿ ਤੁਰੇਗਾ। ਉਸਦਾ ਰਾਹ ਬਾਕੀਆਂ ਨਾਲੋਂ ਵੱਖਰਾ ਹੈ। ਅਜੇ ਉਹ ਨੌਜਵਾਨੀ ਵਿਚ ਐਨੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਰਚਨਾਵਾਂ ਲਿਖਕੇ ਮੱਲਾਂ ਮਾਰ ਚੁੱਕਾ ਹੈ। ਇਸ ਤੋਂ ਭਾਸਦਾ ਹੈ ਕਿ ਉਸਦਾ ਸਾਹਿਤਕ ਸਫਰ ਸੁਨਹਿਰੀ ਅਤੇ ਵਿਲੱਖਣ ਹੋਵੇਗਾ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com   

rajwinder kaur

This news is Content Editor rajwinder kaur