ਹੁਨਰ-ਏ-ਸ਼ਹਾਦਤ

11/22/2017 2:27:47 PM

ਸ਼ਹੀਦ ਕਿਸੇ ਇੱਕ ਕੌਮ ਦੇ ਨਹੀ ਹੁੰਦੇ , ਬਲਕਿ ਸ਼ਹੀਦ ਤਾਂ ਸਮੁੱਚੀ ਲੋਕਾਈ ਦੇ ਹੁੰਦੇ ਨੇ...ਅਜਿਹਾ ਹੀ ਸ਼ਖਸ ਹੈ ਸਾਡਾ ਮਾਣ , ਸਾਡੀ ਸਾਨ. . .ਸ਼ਹੀਦ ਊਧਮ ਸਿੰਘ। ਇਨਸਾਨੀਅਤ ਦਾ ਲਖਾਇਕ , ਨਿਡਰ ਅਣਥੱਕ ਸੁਤੰਤਰਤਾ ਸੰਗਰਾਮੀ ਊਧਮ ਸਿੰਘ ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ। ਉਸ ਨੇ 40 ਸਾਲ ਦੀ ਉਮਰ ਵਿਚ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਭਾਵੇਂ ਉਸ ਨੂੰ ਇੰਗਲੈਂਡ ਵਿਖੇ ਦਫ਼ਨ ਕੀਤਾ ਗਿਆ ਸੀ, ਪਰੰਤੂ ਊਧਮ ਸਿੰਘ ਦੀ ਅੰਤਿਮ ਇੱਛਾ ਅਨੁਸਾਰ 1974-75 ਵਿਚ ਉਸ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ। ਸੁਨਾਮ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਉਪਰੰਤ ਰਾਖ ਦੇ ਕੁਝ ਭਾਗ
ਨੂੰ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ ਅਤੇ ਕੁਝ ਭਾਗ ਨੂੰ ਜਲਿਆਂਵਾਲੇ ਭਾਗ ਵਿਖੇ ਸੁਰੱਖਿਅਤ ਰੂਪ ਵਿਚ ਰੱਖਿਆ ਗਿਆ।ਅਜਾਦੀ ਦੇ ਇਸ ਪਰਵਾਨੇ ਦਾ ਜਨਮ ਪੰਜਾਬ ਦੀ ਜਰਖ਼ੇਜ ਧਰਤੀ ਦੇ ਮਾਲਵਾ ਖਿੱਤੇ ਦੇ ਮੌਜੂਦਾ ਜਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ 26 ਦਸੰਬਰ 1899 ਵਿਚ ਸਰਦਾਰ ਟਹਿਲ ਸਿੰਘ ਦੇ ਘਰ ਹੋਇਆ। ਸ੍ਰ. ਉਧਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਓਸ ਦਾ ਪਰਿਵਾਰ ਭਾਵੇ ਕਿਰਸਾਨੀ ਕਿੱਤੇ ਨਾਲ ਸਬੰਧਤ ਸੀ ਪਰੰਤੂ ਊਧਮ ਸਿੰਘ ਦੇ ਪਿਤਾ ਸ੍ਰ: ਟਹਿਲ ਸਿੰਘ ਪਿੰਡ ਉੱਪਲ ਵਿਖੇ ਰੇਲਵੇ ਕਰਾਸਿੰਗ 'ਤੇ ਨੌਕਰੀ ਕਰਦੇ ਸਨ। ਸੱਤ ਸਾਲ ਦੀ ਉਮਰ ਤੋਂ ਪਹਿਲਾ ਹੀ ਮਾਤਾ ਪਿਤਾ ਦਾ ਸਾਇਆ ਉੱਠ ਜਾਣ ਨਾਲ ਹੀ ਜੀਵਨ ਦੀਆਂ ਕਰੂਰ ਸਮੱਸਿਆਵਾਂ ਨਾਲ ਨਜਿੱਠਣਾ ਪਿਆ । ਕਿਸੇ ਤਰ੍ਹਾਂ ਸੈਂਟਰਲ ਖਾਲਸਾ ਯਤੀਮਖਾਨਾ ਅਮ੍ਰਿਤਸਰ ਵਾਲੇ ਸ਼ੇਰ ਸਿੰਘ (ਊਧਮ ਸਿੰਘ ) ਅਤੇ ਉਸ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅਮ੍ਰਿਤਸਰ ਲੈ ਗਏ ਉਥੇ ਇਸ ਨੇ ਦਸਵੀਂ ਪਾਸ ਕੀਤੀ। ਉਸ ਦੀ ਕਾਬਲੀਅਤ ਨੂੰ ਦੇਖ ਕੇ ਉਹਦਾ ਨਾ ਸ਼ੇਰ ਸਿੰਘ ਤੋਂ ਊਧਮ ਸਿੰਘ ਰੱਖ ਦਿਤਾ। ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖ ਦਿੱਤਾ ਗਿਆ ।ਭਰਾ ਦੀ ਮੌਤ ਉਪਰੰਤ ਬੇਸ਼ੱਕ ਊਧਮ ਸਿੰਘ ਦਾ ਸੰਸਾਰ ਵਿੱਚ ਕੋਈ ਨਾ ਰਿਹਾ ਪਰ ਉਹ ਸਾਰੀ ਲੋਕਾਈ ਦਾ ਹੋ ਗਿਆ ਤੇ ਸਾਰੀ ਲੋਕਾਈ ਓਸ ਦੀ...। ਉਧਮ ਸਿੰਘ ਦੀ ਮੁਢਲੀ ਸਿੱਖਿਆ ਤੇ ਪਾਲਣ ਪੌਸ਼ਣ ਅਮ੍ਰਿੰਤਸਰ ਯਤੀਮਖਾਨੇ ਵਿੱਚ ਹੀ ਹੋਇਆ ।ਸ੍ਰ ਉਧਮ ਸਿੰਘ ਨੇ ਮੈਟ੍ਰਿਕ ਦੀ ਪੜਾਈ ਪੂਰੀ ਕਰਨ ਉਪਰੰਤ ਯਤੀਮਖਾਨਾ ਛੱਡ ਦਿੱਤਾ ।ਓਸ ਨੂੰ ਗਦਰ ਸਾਹਿਤ ਨੂੰ ਪੜਨ ਦਾ ਬਹੁਤ ਸ਼ੌਕ ਸੀ। ਇਹੋ ਕਾਰਨ ਸੀ ਕਿ ਉਸ ਅੰਦਰ ਕ੍ਰਾਤੀਕਾਰੀ ਵਿਚਾਰ ਆਉਣ ਲਗ ਪਏ ਅਤੇ ਜਿਥੇ ਕਿੱਤੇ ਵੀ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਉਥੇ ਹੀ ਊਧਮ ਸਿੰਘ ਜਾ ਪਹੁੰਚਦਾ। 13 ਅਪ੍ਰੇਲ 1919ਨੂੰ ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਊਧਮ ਸਿੰਘ ਨੇ ਆਪਣੀ ਅੱਖੀ ਦੇਖਿਆ ਰੂਹ 'ਤੇ ਮਹਿਸੂਸਿਆ ।ਬ੍ਰਿਟਿਸ਼ ਸਰਕਾਰ ਦੁਆਰਾ ਮਾਰੇ ਗਏ ਨਿਰਦੋਸ਼ ਅਤੇ ਮਾਸੂਮ ਭਾਰਤੀਆਂ ਦੀ ਮੋਤ ਦੇ ਖੌਫਨਾਕ ਮੰਜਰ ਨੇ ਊਧਮ ਸਿੰਘ ਦਾ ਮਨ ਝੰਜੋੜ ਕੇ ਰੱਖ ਦਿੱਤਾ । ਇਸ ਦੁਖਦਾਈ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀ ਦੇ ਰਾਹ ਵੱਲ ਪ੍ਰੇਰਿਆ । ਜਲਦੀ ਹੀ ਉਹ ਅਮਰੀਕਾ ਗਏ ਅਤੇ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀ ਵਿਧੀਆ ਬਾਰੇ ਜਾਣਕਾਰੀ ਲੈ ਕੇ ਵਾਪਸ ਭਾਰਤ ਪਰਤ ਆਇਆ ।ਸ੍ਰ ਉਧਮ ਸਿੰਘ ਆਪਣੇ ਨਾਲ ਗੁਪਤ ਤਰੀਕੇ ਨਾਲ ਇਕ ਪਿਸਤੋਲ ਲੈ ਕੇ ਆਏ । ਅੰਮ੍ਰਿਤਸਰ ਪੁਲਿਸ ਨੇ ਓਸਨੂੰ ਗ੍ਰਿਫਤਾਰ ਕਰ ਲਿਆ ਅਤੇ ਆਰਮ ਐਕਟ ਅਧੀਨ ਚਾਰ ਸਾਲ ਕੈਦ ਦੀ ਸਜਾ ਸੁਣਾ ਗਈ ।
ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਧਮ ਸਿੰਘ ਆਪਣੇ ਪਿੰਡ ਸੁਨਾਮ ਵਿਖੇ ਚਲੇ ਗਿਆ ਪਰ ਇਥੇ ਵੀ
ਪੁਲਿਸ ਨੇ ਓਸ ਦਾ ਪਿੱਛਾ ਕਰਨਾ ਨਾ ਛੱਡਿਆ ਅਖੀਰ ਉਹ ਫਿਰ ਵਾਪਸ ਅੰਮ੍ਰਿਤਸਰ ਆ ਗਿਆ ਇੱਥੇ ਉਨ੍ਹਾਂ ਸਾਈਨ ਬੋਰਡ-ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ 'ਤੇ ਮਾਈਕਲ ਉਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲੇ ਕਾਰਨਾਮੇ ਤਕ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਉਹ ਸੰਨ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ। ਉਸ ਦੇ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ।ਸ੍ਰ ਉਧਮ ਸਿੰਘ , ਸ਼ਹੀਦ ਭਗਤ ਸਿੰਘ ਜੀ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਸੀ। ਊਧਮ ਸਿੰਘ ਨੇ ਆਪਣੀ ਜਵਾਨੀ ਦੇ ਕਈ ਸਾਲ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬਿਤਾਏ। ਆਪਣੀ ਕੈਦ ਦੇ ਸਮੇਂ ਦੋਰਾਨ ਊਧਮ ਸਿੰਘ ਦਾ ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਭਗਤ ਸਿੰਘ ਨਾਲ ਲਾਹੌਰ, ਮੀਆਂਮੀਰ ਤੇ ਮੁਲਤਾਨ ਦੀਆਂ ਜੇਲਾਂ ਵਿੱਚ ਮੇਲ ਮਿਲਾਪ ਹੋਇਆ ਸੀ। ਊਧਮ ਸਿੰਘ ਇੱਕ ਅਜਿਹੀ ਸਮਾਜਕ ਵਿਵਸਥਾ ਦੀ ਸਿਰਜਨਾ ਕਰਨਾ ਚਾਹੁੰਦਾ ਸੀ। ਜਿਸ ਵਿੱਚ ਕੋਈ ਇਨਸਾਨ ਦੂਸਰੇ ਇਨਸਾਨ ਦੀ ਲੁੱਟ ਖਸੁੱਟ ਨਾ ਕਰ ਸਕੇ ਊਧਮ ਸਿੰਘ ਇੰਟਰਨੈਸ਼ਨਲਿਜਮ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਰਾਸ਼ਟਰਵਾਦ ਦਾ ਪੱਕਾ ਹਮਾਇਤੀ ਸੀ। ਊਧਮ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜਾਦ ਉਸ ਦੀ ਧਰਮ ਨਿਰਪੱਖ ਸੋਚ ਦਾ ਹੀ ਪ੍ਰਤੀਕ ਸੀ।•ਸਹੀਦੀ1934 ਵਿੱਚ ਫਿਰ ਕਸ਼ਮੀਰ ਤੋਂ ਜਰਮਨ ਹੁੰਦਾ ਹੋਇਆ ਇੰਗਲੈਂਡ ਪਹੁੰਚ ਗਿਆ।ਇਥੇ ਆ ਕੇ ਵੀ ਉਸ ਦੇ ਦਿਲ ਵਿਚ ਜਰਨਲ ਡਾਇਰ ਵੱਲੋਂ ਭਾਰਤੀਆਂ ਤੇ ਕੀਤੇ ਜ਼ੁਲਮ ਦੀ ਜਵਾਲਾ ਭਟਕਦੀ ਰਹੀ। ਉਸ ਨੂੰ ਆਪਣਾ ਮਿਸ਼ਨ ਪੂਰਾ ਕਰਨ ਵਿੱਚ ਲੱਗ ਪੱਗ ਛੇ ਸਾਲ ਲੱਗ ਗਏ। 13 ਮਾਰਚ 1940 ਨੂੰ ਜਰਨਲ ਡਾਇਰ ਨੇ ਈਸਟ ਇੰਡੀਆ ਅਸੋਸੀਏਸ਼ਨ ਅਤੇ ਸੈਂਟਰਲ ਏਸ਼ੀਆ ਸੁਸਾਇਟੀ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ। ਊਧਮ ਸਿੰਘ ਆਪਣੀ ਕਿਤਾਬ ਕੱਟ ਵਿੱਚ ਰੀਵਾਲਵਰ ਲੈ ਕੇ ਕਿਸੇ ਤਰਾਂ੍ਹ ਹਾਲ ਵਿੱਚ ਦਾਖਲ ਹੋ ਗਿਆ ਅਤੇ ਇਕ ਕੰਧ ਨਾਲ ਲੱਗ ਕੇ ਖੜੋ ਗਿਆ। ਜਿਉਂ ਹੀ ਡਾਇਰ ਭਾਸ਼ਨ ਦੇ ਕੇ ਹਟਿਆ ਤਾਂ ਊਧਮ ਸਿੰਘ ਨੇ ਉਸ ਤੇ ਰੀਵਾਲਵਰ ਦੇ ਦੋ ਫਾਇਰ ਕੀਤੇ ਅਤੇ ਡਾਇਰ ਨੂੰ ਢੇਰੀ ਕਰ ਦਿਤਾ, ਨਾਲ ਕੁਝ ਹੋਰ ਵੀ ਜ਼ਖਮੀ ਹੋ ਗਏ। ਊਧਮ ਸਿੰਘ ਆਪਣੇ ਥਾਂ ਤੋਂ ਭੱਜਿਆ ਨਹੀਂ। ਉਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ।ਇੱਕ ਅਪ੍ਰੈਲ 1940 ਨੂੰ ਉਸ ਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ। ਉਸ ਨੇ ਬਰਿਕਸਟਨ ਜੇਲ ਵਿੱਚ ਬਿਆਲੀ ਦਿਨ ਭੁੱਖ ਹੜਤਾਲ ਕੀਤੀ। ਉਸ ਨੂੰ ਜਬਦਸਤੀ ਖਾਣਾ ਖੁਆਇਆ ਗਿਆ। ਜਦੋਂ ਜੱਜ ਨੇ ਪੁਛਿਆ ਕਿ ਤੂੰ ਇਹ ਕੰਮ ਕਿਉਂ ਕੀਤਾ ਤਾਂ ਉਸ ਨੇ ਉੱਤਰ ਦਿੱਤਾ ਕਿ ਮੇਰੇ ਮਨ ਵਿੱਚ ਨਿਰਦੋਸ਼ ਭਾਰਤੀਆਂ ਨੂੰ ਮਾਰਨ ਦਾ ਰੋਸ ਸੀ। ਉਸ ਨੂੰ ਪਤਾ ਸੀ ਕਿ ਜੋ ਫੈਸਲਾ ਹੋਣਾ ਹੈ। ਪਰ ਊਧਮ ਸਿੰਘ ਸੂਰਮਾ ਡੋਲਿਆ ਨਹੀਂ। ਇਕੱਤੀ ਜੁਲਾਈ ਉਨੀ ਸੌ ਚਾਲੀ ਨੂੰ ਉਸ ਨੂੰ ਫਾਸੀ ਦੇ ਦਿਤੀ ਗਈ। ਇਸ ਨਾਲ ਭਾਰਤ ਦੀ ਅਜ਼ਾਦੀ ਦਾ ਇੱਕ ਹੋਰ ਇਨਕਲਾਬੀ ਯੋਧਾ ਅਸਤ ਹੋ ਗਿਆ। ਭਾਵੇਂ ਉਹ ਸਰੀਰਕ ਤੌਰ ਤੇ ਨਹੀਂ ਰਿਹਾ ਪਰ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਲਈ ਆਪਣੀਆਂ ਉਹ ਪੈੜਾਂ ਛੱਡ ਗਿਆ ਜਿਨ੍ਹਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਬੇਇਨਸਾਫੀਆਂ ਅਤੇ ਭ੍ਰਿਸ਼ਟ ਸਿਸਟਮ ਦੇ ਖਿਲਾਫ ਲੜਣ ਵਾਲੇ ਅਤੇ ਮਨੁੱਖੀ ਅਜ਼ਾਦੀ ਲਈ ਜਦੋ ਜਹਿਦ ਕਰਨ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੋ ਗਏ। ਅੱਜ ਵੀ ਉਸ ਸੂਰਮੇ ਦੀਆਂ ਵਾਰਾਂ ਲੋਕ ਗਾਉਂਦੇ ਹਨ। ਇਸ ਤਰ੍ਹਾਂ ਇਹ ਅਣਖੀਲਾ ਯੋਧਾ ਭਾਰਤ ਦੀ ਅਣਖ ਦੇ ਪ੍ਰਤੀਕ ਦੇ ਰੂਪ ਵਿਚ ਪ੍ਰਵੇਸ਼ ਕਰਦਾ ਹੈ। ਉਹ ਭਾਰਤ ਦੀ ਕਿਸਮਤ ਨੂੰ ਬਦਲਣ ਵਾਲਾ ਨਾਇਕ ਹੈ ।ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਉੱਥੇ ਅਪਣੇ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਖ਼ੁਦ ਨੂੰ ਵਿਸ਼ੇਸ਼ ਰੂਪ ਵਿੱਚ ਮਾਣਮੱਤਾ ਮਹਿਸੂਸ ਕਰਦਾ ਹਨ।ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਨ੍ਹਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ।
ਗਗਨਦੀਪ ਸਿੰਘ ਸੰਧੂ
(+917589431402)