ਛੋਟੀ ਕਹਾਣੀ : ਕੁੱਤੇ ਝਾਕ ਬੰਦੇ ਨੂੰ ਕਾਸੇ ਜੋਗਾ ਨੀ ਛੱਡਦੀ

09/21/2020 2:44:55 PM

"ਲੈ ਮਾੜਾ ਜਿਹਾ ਮੀਂਹ ਆਇਆ ਨਹੀਂ ਅਤੇ ਆਹ ਫਿਰਨੀ ਵਾਲੀ ਗਲੀ ਪਾਣੀ ਨਾਲ ਡੁੱਬੀ ਨੀ।" ਬਿਸ਼ਨੇ ਨੇ ਆਪਣਾ ਪਜ਼ਾਮਾਂ ਤਾਂਹ ਚੜਾ ਕੇ ਪਾਣੀ ਵਿੱਚੋਂ ਸਾਇਕਲ ਰੇੜਦੇ ਨੇ ਗਿੰਦਰ ਨੂੰ ਆਪਣੀ ਥੜ੍ਹੀ ਉੱਤੇ ਖੜ੍ਹੇ ਨੂੰ ਵੇਖ ਕੇ ਕਿਹਾ।”  ਸੁਹਰੇ ਮੇਰੇ ਦੇ ਜਿਹੜੇ ਇੱਕ ਵਾਰੀ ਮੜੇ ਜੇ ਸਰਪੰਚ ਬਣ ਜਾਂਦੇ ਏ , ਉਹ ਕਿਹੜਾ ਸੁਣਦੇ ਐ ਕਿਸੇ ਦੀ ।” 

ਗਿੰਦਰ ਨੇ ਬਿਸ਼ਨੇ ਦੀ ਗੱਲ ਨੂੰ ਟੁੱਕਦਿਆਂ ਹੋਇਆ ਜਵਾਬ ਦਿੱਤਾ... ਦੇਖ ਲੈ ਗਿੰਦਰਾਂ ਕੀ ਕੋਈ ਬੁੱਢਾ ਠੇਰਾ ਲੰਘ ਜਾਓ.. ਏਡੇ ਏਡੇ ਪਾਣੀ ’ਚੋਂ ।"ਪਿਛਲੇ ਦਸ ਸਾਲ ਆਹ ਸੀਬੋ ਕਾ ਰੁਲਦੂ ਸਰਪੰਚੀ ਕਰ ਗਿਆ, ਉਹ ਵੀ ਬਥੇਰਾ ਕਹਿੰਦਾ ਰਿਹਾ ਕੋਈ ਨੀ ਤਾਇਆ ਐਤਕੀ ਬਣਾ ਦਿਆਂਗੇ। ਪੁੱਤ ਦੇ ਨੇ ਦਸ ਸਾਲ ਇਉਂ ਹੀ ਕੱਢ ਦਿੱਤੇ । ਆਹ ਹੁਣ ਤਿੰਨ ਸਾਲ ਹੋ ਗਏ ਨੇ, ਨੱਥੇ ਨੂੰ ਸਰਪੰਚ ਬਣਾਇਆਂ ਇਹਨੇ ਨੀ ਕੋਈ ਸਾਰ ਲਈ।” ਉਏ ਸਾਰ ਕਾਹਦੀ ਲੈਣੀ ਐ, ਜੇ ਇਨ੍ਹਾਂ ਦੇ ਆਵਦੇ ਢਿੱਡ ਭਰਨ ਤਾਂ ਹੀ ਏ। ਕਦੇ ਕੋਠੀ ਵਿੱਢ ਕੇ ਬਹਿ ਜਾਂਦਾ ਤੇ ਕੋਈ ਗੱਡੀ ਲੈ ਆਉਂਦਾਂ।” 

ਉਨ੍ਹਾਂ ਦੀ ਗੱਲ ਸੁਣਦਿਆਂ ਅਮਰਜੀਤ ਨੇ ਹੁਗਾਂਰਾ ਭਰਦਿਆਂ ਕਿਹਾ, ” ਬਾਬਾ ਬੱਸ ਆਹਾ ਕੁੱਤੇ ਝਾਕ ਹੀ ਸਾਨੂੰ ਮਾਰੀ ਜਾਂਦੀ ਏ, ਆਹ ਕੈਪਟਨ ਕਹਿੰਦਾ ਸੀ ਘਰ ਘਰ ਨੌਕਰੀ ਦਿਉਂਗਾ । ਆਹ ਕਿਹੜੇ ਦਿਨ ਹੋਗੇ ਟਿੱਟ ਦਾ ਟੈਸਟ ਪਾਸ ਕੀਤੀਆਂ ਸਾਲੀ ਨੌਕਰੀ ਹਾਲੇ ਤੱਕ ਨਹੀਂ ਮਿਲੀ।” ਤੇ ਸ਼ਾਇਦ ਮਿਲੇ ..................। 

ਆਹੋ ਸ਼ੇਰਾ ! ਇਹ ਕੁੱਤੇ ਝਾਕ ਬੰਦੇ ਨੂੰ ਕਾਸੇ ਜੋਗਾ ਨੀ ਛੱਡਦੀ, ਬਿਸ਼ਨੇ ਨੇ ਉਸਦਾ ਦੁੱਖ ਸੁਣਦਿਆਂ ਕਿਹਾ।”

=============================

ਕਵਿਤਾ : ਬੜਾ ਫਰਕ ਹੁੰਦਾ ਐ...

ਬੜਾ ਫਰਕ ਹੁੰਦਾ ਐ
ਬੇਦੋਸ਼ੇ ਅਤੇ ਹਤਿਆਰੇ ਵਿੱਚ
ਝੁੱਗੀ ਅਤੇ ਚੁਬਾਰੇ ਵਿੱਚ
ਸੋਹਣੇ ਅਤੇ ਨਿਆਰੇ ਵਿੱਚ
ਝੂਠ ਅਤੇ ਲਾਰੇ ਵਿੱਚ
ਚੁੱਲ੍ਹੇ ਅਤੇ ਹਾਰੇ ਵਿੱਚ 
ਖੱਤੇ ਅਤੇ ਕਿਆਰੇ ਵਿੱਚ
ਪਤਲੇ ਅਤੇ ਭਾਰੇ ਵਿੱਚ
ਅੱਧੇ ਅਤੇ ਸਾਰੇ ਵਿੱਚ
ਬੜਾ ਫਰਕ ਹੁੰਦੈ ਐ
ਫੁੱਲ ਅਤੇ ਕੰਡੇ ਵਿੱਚ
ਮੂਲੀ ਅਤੇ ਗੰਡੇ ਵਿੱਚ
ਤੱਤੇ ਅਤੇ ਠੰਡੇ ਵਿੱਚ
ਰੋਡੇ ਅਤੇ ਲੰਡੇ ਵਿੱਚ
ਨਵੇਂ ਅਤੇ ਹੰਡੇ ਵਿੱਚ
ਬੜਾ ਫਰਕ ਹੁੰਦਾ ਐ
ਕਾਗਜ਼ ਅਤੇ ਨੋਟ ਵਿੱਚ
ਔਖੇ ਅਤੇ ਲੋਟ ਵਿੱਚ
ਆਰਜੀ ਅਤੇ ਵੋਟ ਵਿੱਚ
ਦਿਆਦਿਲੀ ਅਤੇ ਖੋਟ ਵਿੱਚ
ਇਲਾਜ ਅਤੇ ਚੋਟ ਵਿੱਚ
ਕਰਜ਼ੇ ਅਤੇ ਛੋਟ ਵਿੱਚ
ਬੇਅੰਤ ਅਤੇ ਤੋਟ ਵਿੱਚ
ਬੜਾ ਫਰਕ ਹੁੰਦਾ ਐ
ਚਾਚੇ ਅਤੇ ਪਿਉ ਵਿੱਚ
ਸ਼ਰਾਬ ਅਤੇ ਘਿਉ ਵਿੱਚ
ਨਾਸ਼ਪਾਤੀ ਅਤੇ ਸਿਉ ਵਿੱਚ
ਨਫਰਤ ਅਤੇ ਤਿਉ ਵਿੱਚ
ਤਾਕਤ ਅਤੇ ਜਲੌਅ ਵਿੱਚ
ਗ਼ਮੀ ਅਤੇ ਚਾਉ ਵਿੱਚ
ਬੜਾ ਫਰਕ ਹੁੰਦਾ ਐ
ਭੁੱਖੇ ਅਤੇ ਰੱਜੇ ਵਿੱਚ
ਵਰੇ ਅਤੇ ਗੱਜੇ ਵਿੱਚ
ਖੜ੍ਹੇ ਅਤੇ ਭੱਜੇ ਵਿੱਚ
ਤੀਲੀ ਅਤੇ ਡੱਗੇ ਵਿੱਚ
ਬਠਲੀ ਅਤੇ ਮੱਘੇ ਵਿੱਚ
ਕੁੜਤੀ ਅਤੇ ਝੱਗੇ ਵਿੱਚ
ਕਾਲੇ ਅਤੇ ਬੱਗੇ ਵਿੱਚ
ਬੰਦੇ ਅਤੇ ਢੱਗੇ ਵਿੱਚ
ਬੜਾ ਫਰਕ ਹੁੰਦਾ ਐ
ਬੁੱਢੇ ਅਤੇ ਜਵਾਨ ਵਿੱਚ
ਸਾਉ ਅਤੇ ਸ਼ੈਤਾਨ ਵਿੱਚ
ਅਣਗੌਲੇ ਅਤੇ ਮਹਾਨ ਵਿੱਚ
ਕਿਰਾਏ ਦੇ ਅਤੇ ਖੁਦ ਦੇ ਮਕਾਨ ਵਿੱਚ
ਬੁੱਤ ਅਤੇ ਜਾਨ ਵਿੱਚ
ਪੱਥਰ ਅਤੇ ਕੱਚ ਦੇ ਸਮਾਨ ਵਿੱਚ
ਸੋਟੀ ਅਤੇ ਕਿਰਪਾਨ ਵਿੱਚ
ਕੋਲਿਆਂ ਅਤੇ ਹੀਰਿਆਂ ਦੀ ਖਾਣ ਵਿੱਚ
ਬੜਾ ਫਰਕ ਹੁੰਦਾ ਐ
ਧੁੱਪ ਅਤੇ ਛਾਂ ਵਿੱਚ
ਚਾਚੀ ਅਤੇ ਮਾਂ ਵਿੱਚ
ਸ਼ਾਮਲਾਟ ਅਤੇ ਆਪਣੀ ਥਾਂ ਵਿੱਚ
ਪੱਕੇ  ਅਤੇ ਜਾਂ ਵਿੱਚ
ਦੁਲਾਵਾਂ ਅਤੇ ਜਾਂ ਵਿੱਚ
ਹਾਂ ਅਤੇ ਨਾਂਹ ਵਿੱਚ
ਕੋਇਲ ਅਤੇ ਕਾਂ ਵਿੱਚ
ਬੜਾ ਫਰਕ ਹੁੰਦਾ ਐ
ਦੁੱਧ ਅਤੇ ਪਾਣੀ ਵਿੱਚ 
ਨਵੀਂ ਅਤੇ ਪੁਰਾਣੀ ਵਿੱਚ
ਕੀਰਨੇ ਅਤੇ ਅਲਾਣੀ ਵਿੱਚ
ਮਿੱਟੀ ਅਤੇ ਘਾਣੀ ਵਿੱਚ
ਕਿੱਸੇ ਅਤੇ ਕਹਾਣੀ ਵਿੱਚ
ਬੜਾ ਫਰਕ ਹੁੰਦਾ ਐ
ਆਪਣੇ ਅਤੇ ਬੇਗਾਨੇ ਵਿੱਚ
ਦਿਲਾਸੇ ਅਤੇ ਤਾਅਨੇ ਵਿੱਚ
ਮਰਦ ਅਤੇ ਜ਼ਨਾਨੇ ਵਿੱਚ
ਦੋਸਤੀ ਅਤੇ ਯਰਾਨੇ ਵਿੱਚ
ਭਿਖਾਰੀ ਅਤੇ ਦਾਨੇ ਵਿੱਚ
ਵਾਅਦੇ ਅਤੇ ਬਹਾਨੇ ਵਿੱਚ
ਰੁਪਈਏ ਅਤੇ ਅੱਠ ਆਨੇ ਵਿੱਚ
ਬੜਾ ਫਰਕ ਹੁੰਦਾ ਐ.......

ਸਤਨਾਮ ਸਮਾਲਸਰੀਆ
ਸੰਪਰਕ:97108-60004

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ

PunjabKesari


rajwinder kaur

Content Editor

Related News