ਸ਼ਹੀਦ ਊਧਮ ਸਿੰਘ ਦੀ ਬਰਸੀ ’ਤੇ ਵਿਸ਼ੇਸ਼: ‘ਜਾਣੋ ਭਾਰਤ ਟੂ ਲੰਡਨ ਤੱਕ ਦੇ ਸਫ਼ਰ ਬਾਰੇ’

07/31/2022 9:38:57 AM

ਅੱਜ ਅਸੀਂ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਮਨਾ ਰਹੇ ਹਾਂ। ਹਰ ਸਾਲ ਸਰਕਾਰਾਂ ਵੱਲੋਂ ਇਸ ਦਿਨ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਂਦੇ ਹਨ ਪਰ ਕੀ ਸੱਚਮੁੱਚ ਸ਼ਹਿਦਾਂ ਦਾ ਸੁਫ਼ਨਾ ਪੂਰਾ ਹੋ ਗਿਆ ਹੈ? ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਬਾਰੇ ਜਾਣ ਲਈਏ, ਜਿਨ੍ਹਾਂ ਦਾ ਅਸਲ ਨਾਂ ਸ਼ੇਰ ਸਿੰਘ ਸੀ। ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਸੁਨਾਮ ਉਸ ਸਮੇਂ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ। ਊਧਮ ਸਿੰਘ ਜੀ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫ਼ਾਟਕ ’ਤੇ ਚੌਂਕੀਦਾਰ ਵਜੋਂ ਨੌਕਰੀ ਕਰਦੇ ਸਨ। ਸ਼ੇਰ ਸਿੰਘ ਅਜੇ ਮਹਿਜ਼ ਸੱਤ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਸਦੇ ਸਿਰ ਉੱਤੋਂ ਮਾਂ-ਬਾਪ ਦੋਵਾਂ ਦਾ ਹੀ ਸਾਇਆ ਉੱਠ ਗਿਆ। ਮਾਪਿਆਂ ਦਾ ਸਾਇਆ ਖੁਸ ਜਾਣ ਉਪਰੰਤ ਊਧਮ ਸਿੰਘ ਨੂੰ ਖਾਲਸਾ ਯਤੀਮਖ਼ਾਨਾ ਅੰਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ।

ਸੰਨ 1919 ਵਿਚ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦੇ ਫਟੜਾਂ ਦੀ ਸੇਵਾ ਉਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਕੀ ਉਸ ਦੀਆਂ ਅੱਖਾਂ ਅੱਗੋਂ ਦੀ ਲੰਘੀ, ਜਿਸ ਦਾ ਉਨ੍ਹਾਂ ਉਤੇ ਇਸ ਕਦਰ ਡੂੰਘਾ ਅਸਰ ਪਿਆ ਕਿ ਊਧਮ ਸਿੰਘ ਜੀ ਨੇ ਉਕਤ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ। ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਦੇਰ ਰਾਮ ਮਹੁੰਮਦ ਸਿੰਘ ਅਜਾਦ ਦੇ ਨਾਂ ’ਤੇ ਲੰਡਨ ਵਿੱਚ ਰਹਿਣਾਂ ਪਿਆ ਆਖਿਰ ਲੰਮੀ ਉਡੀਕ ਤੋਂ ਬਾਅਦ 13 ਮਾਰਚ 1940 ਨੂੰ ਉਹ ਘੜੀ ਵੀ ਆ ਗਈ, ਜਿਸ ਦਾ ਉਸਨੂੰ ਸਾਲਾਂ ਤੋਂ ਇੰਤਜ਼ਾਰ ਸੀ।

ਉਸ ਦਿਨ 4.30 ਵਜੇ ਕੈਕਸਟਨ ਹਾਲ, ਲੰਦਨ ਵਿਚ ਜਿਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਮਾਈਕਲ ਓਡਵਾਇਰ ਉੱਤੇ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ, ਪੰਜ-ਛੇ ਗੋਲੀਆਂ ਚਲਾਈਆ ਅਤੇ ਮਾਇਕਲ ਨੂੰ ਮਾਰਕੇ ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਲਿਆ ਸੀ। ਅਫਸੋਸ ਕਿ ਊਧਮ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਆਜ਼ਾਦ ਦੇਸ਼ ਲਈ ਜੋ ਸੁਫ਼ਨੇ ਸੰਜੋਏ ਸਨ ਅਤੇ ਜਿਸ ਧਰਮ ਨਿਰਪੱਖ ਦੇਸ਼ ਦੀ ਉਨ੍ਹਾਂ ਕਲਪਨਾ ਕੀਤੀ, ਅੱਜ ਉਨ੍ਹਾਂ ਦੇ ਸੁਫ਼ਨਿਆਂ ਨੂੰ ਦੇਸ਼ ਦੇ ਅਖੌਤੀ ਲੀਡਰਸ਼ਿਪ ਦੁਆਰਾ ਮਨਮਰਜ਼ੀ ਮੁਤਾਬਕ ਤਾਰ ਤਾਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੇਸ਼ ਅੰਦਰ ਲਗਾਤਾਰ ਅਸਹਿਣਸ਼ੀਲਤਾ ਵਾਲੇ ਮਾਹੌਲ ਨੂੰ ਸਿਰਜਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਵਿਚਲੇ ਜਮਹੂਰੀ ਨਿਜ਼ਾਮ ਨੂੰ ਖੋਖਲਾ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। 

ਹੱਕ ਸੱਚ ਲਈ ਉੱਠਣ ਵਾਲੀਆਂ ਆਵਾਜ਼ਾਂ ਨੂੰ ਆਨੀ ਬਹਾਨੀ ਦਬਾਇਆ ਜਾ ਰਿਹਾ ਹੈ। ਯਕੀਨਨ ਇਹ ਸਭ ਵੇਖ ਕੇ ਊਧਮ ਸਿੰਘ ਜਿਹਿਆਂ ਦੀਆਂ ਆਤਮਾਵਾਂ ਝੰਜੋੜੀ ਜਾ ਰਹੀਆਂ ਹੋਣਗੀਆਂ ਅਤੇ ਉਹ ਸੋਚ ਰਹੀਆਂ ਹੋਣਗੀਆਂ ਕਿ ਦੇਸ਼ ਵਾਸੀ ’ਤੇ ਜੋ ਜੁਲਮ ਓ ਤਸ਼ੱਦਦ ਗੁਲਾਮੀ ਸਮੇਂ ਵਿਦੇਸ਼ੀਆਂ ਵੱਲੋਂ ਢਾਹੇ ਜਾ ਰਹੇ ਸਨ। ਉਨ੍ਹਾਂ ਜੁਲਮਾਂ ਦਾ ਕਹਿਰ ਅੱਜ ਦੇਸ਼ ਦੇ ਲੋਕਾਂ ’ਤੇ ਆਪਣਿਆਂ ਦੁਆਰਾ ਹੀ ਢਾਹਿਆ ਜਾ ਰਿਹਾ ਹੈ। ਅੱਜ ਭਾਰਤ ਦੀ ਗੰਦੀ ਰਾਜਨੀਤੀ ਦੇ ਚਲਦੇ ਦੇਸ਼ ਜ਼ਾਤ ਪਾਤ ਅਤੇ ਧਰਮ ਦੇ ਨਾਂ ’ਤੇ ਉਲਝ ਕੇ ਰਹਿ ਗਿਆ ਹੈ। ਅਜ਼ਾਦੀ ਤੋਂ ਬਾਅਦ ਬੇਰੁਜ਼ਗਾਰੀ, ਮਹਿਗਾਈ, ਨਸ਼ਾ, ਭ੍ਰਿਸ਼ਟਾਚਾਰ ਆਦਿ ਬੀਮਾਰੀਆਂ ਘਟਣ ਦੀ ਬਜਾਏ ਹੋਰ ਵਧਦੀਆਂ ਜਾ ਰਹੀਆਂ ਹਨ। ਅਗਰ ਸਾਡੇ ਦੇਸ਼ ਦਾ ਸਿਸਟਮ ਸਹੀ ਹੁੰਦਾ ਤਾਂ ਸ਼ਾਇਦ ਅੱਜ ਸਾਡੀ ਪੀੜ੍ਹੀ ਨੂੰ ਰੁਜ਼ਗਾਰ ਲਈ ਉਨ੍ਹਾਂ ਦੇਸ਼ਾਂ ’ਚ ਨਾ ਜਾਣਾ ਪੈਂਦਾ, ਜਿਨ੍ਹਾਂ ਨੂੰ ਭਗਤ ਸਿੰਘ ਅਤੇ ਉਧਮ ਸਿੰਘ ਵਰਗੇ ਸ਼ਹੀਦਾਂ ਨੇ ਅਜ਼ਾਦ ਕਰਵਾਇਆ ਸੀ। ਅੱਜ ਦੇਸ਼ ਨੂੰ ਸਾਫ਼ ਸੁਥਰੇ ਅਕਸ ਵਾਲੇ, ਇਮਾਨਦਾਰ, ਬੁਧੀਜੀਵੀ ਨੇਤਾਵਾਂ ਦੀ ਲੋੜ ਹੈ। ਭਾਰਤ ਦੇਸ਼ ਦੇ ਲੋਕ ਖੁਸ਼ਹਾਲ ਹੋਣ ਇਹੀ ਸ਼ਹਿਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਕੁਲਦੀਪ ਸਿੰਘ ਰਾਜਪੁਰਾ
9417990040
ਪੇਸ਼ਕਸ਼:- ਕੁਲਦੀਪ ਸਿੰਘ ਰਾਜਪੁਰਾ 
ਸਿਰਨਾਵਾਂ: 16, ਏ ਫੋਕਲ ਪੁਆਇੰਟ ਰਾਜਪੁਰਾ
ਮੋਬਾਈਲ:- 94179-90040

 


rajwinder kaur

Content Editor

Related News