ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨੂੰ ਸਲਾਮ

03/23/2018 3:25:31 PM

ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪ੍ਰਤੀ ਆਮ ਤੌਰ ਤੇ ਇਹੀ ਧਾਰਨਾ ਹੈ ਕਿ ਉਹ ਭਾਰਤੀਆਂ ਦੀ ਗੁਲਾਮੀ ਅਤੇ ਪਛੜੇਪਨ ਲਈ ਅੰਗਰੇਜ਼ੀ ਹਕੂਮਤ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ ਅਤੇ ਭਾਰਤ ਅੰਦਰੋਂ ਅੰਗਰੇਜ਼ਾਂ ਨੂੰ ਬਾਹਰ ਭਜਾਉਣ ਲਈ ਹੀ ਬੰਦੂਕ ਚੁੱਕੀ ਫਿਰਦਾ ਸੀ ਪਰ ਉਹ ਭਾਰਤੀਆਂ ਦੇ ਮਾਨਸਿਕ ਪਛੜੇਵੇਂ,ਰਾਜਨੀਤਿਕ ਘਾਟ,ਗਿਆਨ ਵਿਹੂਣੇ ਹੋਣ ਕਾਰਨ ਜ਼ੋਰ ਸ਼ੋਰ ਨਾਲ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ।ਉਹ ਭਾਰਤੀਆਂ ਦੇ ਇਸ ਪਛੜੇਪਣ ਲਈ ਹਮੇਸ਼ਾਂ ਹੀ ਸ਼ਬਦ ਚਿਤਵ ਕੇ ਕਲਪਦਾ ਤੇ ਵਿਲਕਦਾ ਰਿਹਾ।
ਅਸੀਂ ਭਗਤ ਸਿੰਘ ਦੇ ਪੰਜਾਬੀ ਹੋਣ ਦਾ ਲੱਖ ਮਾਣ ਮਹਿਸੂਸ ਕਰਦੇ ਹਾਂ ਪਰ ਭਗਤ ਸਿੰਘ ਨੂੰ ਪੰਜਾਬੀਆਂ ਦੀ ਮਾਨਸਿਕਤਾ ਦਾ ਬਾਖੂਬੀ ਪਤਾ ਸੀ। ਆਪਣੀਆਂ ਲਿਖਤਾਂ ਰਾਹੀਂ ਭਗਤ ਸਿੰਘ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਬਾਕੀ ਭਾਰਤੀਆਂ ਦੇ ਮੁਕਾਬਲੇ ਅਕ੍ਰਿਤਘਣ ਅਤੇ ਰਾਜਸੀ ਚੇਤਨਾ ਤੋਂ ਅਵੇਸਲੇ ਸਨ। 27 ਫਰਵਰੀ 1926 ਨੂੰ ਹੋਲੀ ਵਾਲੇ ਦਿਨ  ਬੱਬਰ ਅਕਾਲੀਆਂ ਕ੍ਰਿਸ਼ਨ ਸਿੰਘ, ਨੰਦ ਸਿੰਘ,ਧਰਮ ਸਿੰਘ,ਕਰਮ ਸਿੰਘ,ਸੰਤਾ ਸਿੰਘ,ਦਲੀਪ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਇਹਨਾਂ ਸੂਰਬੀਰਾਂ ਦੇ ਜੀਵਨ ਉਦੇਸ਼ ਅਤੇ ਘਾਲਣਾ ਬਾਰੇ ਲੇਖ ਵਿਚ ਭਗਤ ਸਿੰਘ ਲਿੱਖਦਾ ਹੈ ਕਿ ਜਿਸ ਦਿਨ ਇਹਨਾਂ ਬੱਬਰ ਅਕਾਲੀ ਯੋਧਿਆਂ ਨੂੰ ਲਾਹੌਰ ਜੇਲ•ਅੰਦਰ ਫਾਂਸੀ ਦਿੱਤੀ ਗਈ ਅਤੇ ਫਿਰ ਚੁੱਪ-ਚਾਪ ਸ਼ਹਿਰ ਦੇ ਸ਼ਮਸ਼ਾਨ ਘਾਟ ਤੇ ਅੰਤਿਮ ਕਿਰਿਆ ਕੀਤੀ ਗਈ,ਉਸ ਦਿਨ ਪੰਜਾਬ ਦੇ ਲੋਕ ਬੜੀ ਬੇਸ਼ਰਮੀ ਨਾਲ ਇੱਕ ਦੂਜੇ ਤੇ ਰੰਗ ਸੁੱਟ ਕੇ ਹੋਲੀ ਖੇਡ ਰਹੇ ਸਨ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਅਸੀਂ ਭਗਤ ਸਿੰਘ ਨੂੰ ਨਹੀਂ ਸਮਝ ਸਕਦੇ ਪਰ ਭਗਤ ਸਿੰਘ ਪੰਜਾਬੀਆਂ ਨੂੰ ਬਾਖੂਬੀ ਸਮਝਦਾ ਸੀ।
ਅਸੀਂ ਸਾਰੇ ਹੀ ਸੋਚਦੇ ਹਾਂ ਕਿ ਭਗਤ ਸਿੰਘ ਹਿੰਸਕ ਇਨਕਲਾਬੀ ਸੀ,ਪਰ ਨਹੀਂ ਭਗਤ ਸਿੰਘ ਇਸ ਤੋਂ ਉਲਟ ਜਨ ਸਧਾਰਨ ਦੇ ਦੁੱਖਾਂ ਤਕਲੀਫਾਂ ਅਤੇ ਲੋਕ ਲਹਿਰਾਂ ਨਾਲ ਬੜੀ ਹੀ ਗੰਭੀਰਤਾ ਨਾਲ ਜੁੜਿਆ ਹੋਇਆ ਸੀ। ਗੁਰਦੁਆਰਾ ਸੁਧਾਰ ਲਹਿਰ 1924 ਦੌਰਾਨ ਜੈਤੋ ਦੇ ਮੋਰਚੇ ਸਮੇਂ ਸ਼ਹੀਦੀ ਜੱਥੇ ਜੈਤੋ ਨੂੰ ਜਾ ਰਹੇ ਸਨ। ਸਰਕਾਰ ਵੱਲੋਂ ਸਖਤ ਹਦਾਇਤਾਂ ਸਨ ਕਿ ਇਹਨਾਂ ਜੱਥਿਆ ਨੂੰ ਕੋਈ ਪਾਣੀ ਤੱਕ ਨਾ ਪਿਆਵੇ ਪਰ ਭਗਤ ਸਿੰਘ ਨੇ ਆਪਣੇ ਪਿੰਡ ਬੰਗੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਲੰਗਰ ਤਿਆਰ ਕਰਵਾ ਕੇ ਅਤੇ ਉੱਥੇ ਪੁਲਿਸ ਦੀ ਨਾਕਾਬੰਦੀ ਹੋਣ ਕਰਕੇ ਆਪਣੇ ਪਿੰਡ ਦੇ ਨੇੜੇ ਕਮਾਦ ਦੇ ਖੇਤਾਂ ਵਿਚ ਰਖਾਇਆ। ਉਹਨਾਂ ਵੱਲੋਂ ਤੇਰਵੇਂ ਸ਼ਹੀਦੀ ਜੱਥੇ ਨੂੰ ਰੋਕ ਕੇ ਲੰਗਰ ਛਕਾਉਣ ਉਪਰੰਤ ਬਹੁਤ ਹੀ ਜ਼ਜ਼ਬਾਤੀ ਭਾਸ਼ਣ ਦਿੱਤਾ। ਇਹ ਭਾਸ਼ਣ ਇਨਾਂ ਜ਼ਿਆਦਾ ਪ੍ਰਭਾਵਸ਼ਾਲੀ ਤੇ ਜ਼ਜ਼ਬਾਤੀ ਸੀ ਕਿ ਬਹੁਤਿਆਂ ਦੀਆਂ ਅੱਖਾਂ ਭਰ ਆਈਆਂ। ਇਸ ਸਾਰਾ ਕੁੱਝ ਦਾ ਪਤਾ ਲੱਗਣ ਤੇ ਭਗਤ ਸਿੰਘ ਦੇ ਵਾਰੰਟ ਵੀ ਨਿਕਲੇ।
ਇਹਨਾਂ ਘਟਨਾਵਾਂ ਤੋਂ ਪ੍ਰਤੱਖ ਪਤਾ ਲੱਗਦਾ ਹੈ ਕਿ ਭਗਤ ਸਿੰਘ ਇੱਕ ਘੋਖੀ ਨੌਜਵਾਨ ਸੀ। ਭਗਤ ਸਿੰਘ ਜਾਤ-ਪਾਤ ਅਧਾਰਿਤ ਸਮਾਜਿਕ ਪ੍ਰਬੰਧ ਦੇ ਬਹੁਤ ਖਿਲਾਫ ਸੀ। ਉਹ ਅਕਸਰ ਕਿਹਾ ਕਰਦਾ ਸੀ ਕਿ ਜਦੋਂ ਤੱਕ ਅਸੀਂ ਕੁੱਝ ਜਾਤਾਂ ਦੇ ਲੋਕਾਂ ਨੂੰ ਨੀਵੇਂ ਸਮਝਦੇ ਹਾਂ,ਉਹਨਾਂ ਨੂੰ ਸਮਾਜਿਕ ਤੌਰ ਤੇ ਪਿਛਾੜ ਕੇ ਰੱਖਦੇ ਹਾਂ ਤਾਂ ਸਾਨੂੰ ਅੰਗਰੇਜ਼ੀ ਹਕੂਮਤ ਤੋਂ ਆਪਣੀ ਬਰਾਬਰੀ ਅਤੇ ਆਜ਼ਾਦੀ ਦੀ ਮੰਗ ਕਰਨੀ ਕੀ ਸਾਡਾ ਨੈਤਿਕ ਅਧਿਕਾਰ ਹੈ?
ਅੱਜ ਦੀ ਨੌਜਵਾਨਾਂ ਨੂੰ ਨਸ਼ਿਆ ਦੀ ਤਿਆਗ ਕਰਕੇ,ਸ਼ੋਸ਼ਲ ਸਾਈਟਸ ਦੀ ਦੀਵਾਨਗੀ ਛੱਡ ਕੇ ਮਨੁੱਖਤਾ ਦੇ ਭਲੇ ਲਈ ਸਮਾਂ ਕੱਢਦੇ ਹੋਏ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਸੋਚ ਤੋਂ ਸੇਧ ਲੈਣੀ ਚਾਹੀਦੀ ਹੈ।
ਕਮਲਜੀਤ ਸਿੰਘ ਢੀਂਡਸਾ
ਪਿੰਡ ਟੱਪਰੀਆਂ
ਫੋਨ:98150-87267