ਲੇਖ : ਸਕੂਲੀ ਸਿੱਖਿਆ ਵਿੱਚ ''ਜ਼ਿੰਦਗ਼ੀ'' ਦਾ ਸਵਾਗਤ

10/06/2020 1:56:26 PM

ਰਵਨੀਤ ਕੌਰ
ਲੈਕਚਰਾਰ ਪੰਜਾਬੀ
9876069799

"ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ,
ਤਾਂ ਆਪਣਾ ਇੱਕ ਪਲ ਵੀ ਕਿਉਂ ਮੌਤ ਕਰਨਾ? "

ਫ਼ਲ ਸਫ਼ਾਨਾ ਸ਼ਾਇਰ 'ਬਾਵਾ ਬਲਵੰਤ' ਦੇ ਉਪਰੋਕਤ ਕਾਵਿ-ਕਥਨ ਮੁਤਾਬਕ, ਜੀਵਨ ਹਮੇਸ਼ਾ ਜ਼ਿੰਦਾਦਿਲੀ ਨਾਲ਼ ਜਿਊਣਾ ਚਾਹੀਦਾ ਹੈ। ਜੇਕਰ ਅਸੀਂ ਖੁੱਲ੍ਹ ਕੇ ਜਿਊਣਾ ਚਾਹੁੰਦੇ ਹਾਂ ਤਾਂ ਫ਼ਿਕਰ, ਈਰਖਾ, ਦੁਸ਼ਮਣੀ ਤੇ ਹਰ ਬੁਰਾਈ ਨੂੰ ਭੁੱਲ ਕੇ ਜਿਊਣਾ ਚਾਹੀਦਾ ਹੈ। ਇਸ ਸਰੋਕਾਰ ਹਿੱਤ ਹੀ ਸਿੱਖਿਆ ਪ੍ਰਣਾਲੀ ਦਾ ਮੁੱਢ ਬੱਝਿਆ ਹੋਵੇਗਾ। ਚੰਗਾ ਜੀਵਨ ਜਿਊਣ ਦੇ ਉਦੇਸ਼ ਨਾਲ਼ ਹਰ ਸਕੂਲ ਵਿੱਚ ਦਾਖ਼ਲ ਹੋਣ ਵਾਲਾ ਵਿਦਿਆਰਥੀ ‘ਸਿੱਖਣ ਲਈ ਆਓ ਤੇ ਸੇਵਾ ਲਈ ਜਾਓ' ਵਾਲ਼ੇ ਗੇਟ ਵਿੱਚੋਂ ਜਿਉਂ ਹੀ ਗੁਜ਼ਰਦਾ ਹੈ, ਉਹ ਇਸ ਵੱਲ ਧਿਆਨ ਦੇਣਾ ਛੱਡ ਦਿੰਦਾ ਹੈ। ਕਿਉਂਕਿ ਇਹ ਵਿਚਾਰ ਬਹੁਤ ਆਮ ਹੈ। 

ਅਕਸਰ ਅਸੀਂ ਉਨ੍ਹਾਂ ਵਰਤਾਰਿਆਂ ਵੱਲ ਘੱਟ ਧਿਆਨ ਦਿੰਦੇ ਹਾਂ, ਜੋ ਵਧੇਰੇ ਜ਼ਰੂਰੀ ਹੁੰਦੇ ਹਨ। ਸਰਬੱਤ ਦੇ ਭਲੇ ਦਾ ਸਿੱਖਿਆ ਉਦੇਸ਼ ਵੀ ਅਕਸਰ ਇੰਜ ਹੀ ਅਣਗੌਲ਼ਿਆ ਰਹਿੰਦਾ ਹੈ। ਜ਼ਰੂਰਤ ਹੈ, ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਇਸ ਉਪਰ ਵਿਸ਼ੇਸ਼ ਧਿਆਨ ਦੇਵੇ ।

'ਸਵਾਗਤ ਜ਼ਿੰਦਗ਼ੀ '
ਨੈਤਿਕ-ਸਿੱਖਿਆ ਅਤੇ ਜਿਉਣ ਦੀ ਕਲਾ ਨਾਲ਼ ਭਰਪੂਰ ਸਬਕ, ਜੀਵਨ ਜਾਂਚ ਸਿੱਖਣ ਸਿਖਾਉਣ ਦਾ ਸਬੱਬ ਬਣਨਗੇ। ਇਹ ਇੱਕ ਸਵਾਗਤਯੋਗ ਕਦਮ ਹੈ, ਕਿਉਂ ਜੋ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਨਾਲ ਸਿੱਝਣ, ਆਪਣੇ ਜੀਵਨ-ਹੁਨਰ ਨੂੰ ਵਿਕਸਿਤ ਕਰਨ ਅਤੇ ਨੈਤਿਕ ਗੁਣਾਂ ਨਾਲ਼ ਲਬਰੇਜ਼ ਜ਼ਿੰਦਗੀ ਜਿਉਣ ਵੱਲ ਅਗਰਸਰ ਕੀਤਾ ਜਾਣਾ ਇੱਕ ਸ਼ੁਭ ਸੰਕੇਤ ਹੈ। ਦੋ ਦੂਣੀ ਚਾਰ ਦੇ ਪਹਾੜੇ ਸ਼ਾਇਦ ਸਾਨੂੰ ਪਹਾੜਾਂ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਨਾ ਸਿਖਾ ਸਕਣ ।

ਦੇਸ਼ਾਂ ਦੀਆਂ ਰਾਜਧਾਨੀਆਂ, ਰਾਜਿਆਂ, ਰਾਣੀਆਂ ਦੇ ਨਾਵਾਂ ਨੂੰ ਰੱਟੇ ਲਗਾਉਂਦੇ ਹੋਏ ਵਿਦਿਆਰਥੀ ਭੁੱਲ ਹੀ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਦੇ ਵਿੱਚ ਬਾਪ ਰਾਜੇ ਤੇ ਮਾਵਾਂ ਰਾਣੀਆਂ ਦਾ ਰੁਤਬਾ ਰੱਖਣ ਦੀਆਂ ਹੱਕਦਾਰ ਹਨ। ਇਹ ਵੀ ਯਾਦ ਨਹੀਂ ਰਹਿੰਦਾ ਕਿ ਉਨ੍ਹਾਂ ਦੇ ਆਪਣੇ ਮਨ ਦੇ ਵਿੱਚ ਵੀ ਇੱਕ ਸਲਤਨਤ ਹੈ ਤੇ ਇਸਦੇ ਸੁਲਤਾਨ ਉਹ ਖੁਦ ਹਨ, ਜਿਨ੍ਹਾਂ ਨੇ ਆਪਣੇ ਹੁਨਰਾਂ ਨਾਲ਼ ਇਨਸਾਫ਼ ਕਰਨਾ ਹੈ। 

'ਵਿੱਦਿਆ ਵੀਚਾਰੀ ਤਾਂ ਪਰ ਉਪਕਾਰੀ' ਵਾਲੇ ਸੰਦੇਸ਼ ਨੂੰ ਸਹੀ ਤਰਾਂ ਸਮਝਣ ਦੀ ਜ਼ਰੂਰਤ ਹੈ। ਵਿੱਦਿਆ ਨੂੰ ਕਿਤੇ ਤਰਸਯੋਗ 'ਵਿਚਾਰੀ' ਨਾ ਬਣਾ ਬੈਠੀਏ, ਬਲਕਿ ਇਸ ਨੂੰ ਵਿਚਾਰ ਕੇ ਪੜ੍ਹੀਏ, ਅਪਣਾਈਏ, ਪ੍ਰਸਾਰੀਏ ਤਾਂ ਹੀ ਸਿੱਖਿਆ ਦਾ ਮੰਤਵ ਸਾਕਾਰ ਹੋ ਸਕੇਗਾ। ਜਦੋਂ ਵਿਦਿਆਰਥੀ ਨੂੰ ਨੈਤਿਕ ਸਿੱਖਿਆ ਮਿਲ਼ੇਗੀ ਤਾਂ ਆਪਣੇ ਬਾਕੀ ਵਿਸ਼ਿਆਂ ਦੇ ਵਿੱਚ ਵੀ ਇਕਾਗਰਤਾ, ਇਮਾਨਦਾਰੀ, ਦਿਆਨਤਦਾਰੀ ਤੇ ਆਤਮਵਿਸ਼ਵਾਸ ਨਾਲ਼ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਕਾਰਗੁਜ਼ਾਰੀ ਕਰਕੇ ਦਿਖਾਉਣਗੇ ਅਤੇ ਆਪਣੇ ਜੀਵਨ ਦੇ ਇਮਤਿਹਾਨ ਵਿੱਚ ਵੀ ਪਾਸ ਹੋਣਾ ਸਿੱਖ ਜਾਣਗੇ। ਵੱਡੀ ਗੱਲ, ਦੂਸਰਿਆਂ ਨੂੰ ਪਛਾੜ ਕੇ ਅੱਗੇ ਵਧਣ ਦੀ ਬਜਾਏ ਸਭ ਨੂੰ ਨਾਲ਼ ਲੈ ਕੇ ਅੱਗੇ ਵਧਣ ਦੀ ਚੇਸ਼ਟਾ ਕਰਨਗੇ ।

ਇਸ ਲਈ ਜ਼ਰੂਰੀ ਹੈ ਕਿ ਬਚਪਨ ਵਿੱਚ ਹੀ ਅਜਿਹੀ ਤਾਲੀਮ ਹਾਸਲ ਹੋਵੇ ਜਿਸ ਨਾਲ ਅਸੀਂ ਸਾਰੀ ਉਮਰ ਲਈ ਚੰਗਾ ਜੀਵਨ ਗੁਜ਼ਾਰ ਸਕੀਏ । ਕਿਸੇ ਵਿਦਵਾਨ ਨੇ ਸਹੀ ਆਖਿਆ ਸੀ - "Behave child-like, not childish."

ਅਕਸਰ ਹੀ ਅਸੀਂ ਆਪਣੇ ਬੱਚਿਆਂ ਨੂੰ ਇਹੋ ਸਿਖਾਉਂਦੇ ਹਾਂ ਅਤੇ ਪੁੱਛਦੇ ਹਾਂ - " ਤੂੰ ਵੱਡਾ ਹੋ ਕੇ ਕੀ ਬਣੇਂਗਾ? "

ਇਹ ਨਹੀਂ ਪੁੱਛਦੇ ,"ਤੂੰ ਵੱਡਾ ਹੋ ਕੇ ਕੀ ਕਰੇਂਗਾ?" ਕਿਉਂਕਿ ਕੁਝ ਕਰਨਾ, ਬਣਨ ਨਾਲ਼ੋਂ ਜ਼ਿਆਦਾ ਮਹੱਤਵਪੂਰਨ ਹੈ। ਕੋਈ ਆਪਣੇ ਮਾਪਿਆਂ ਦੀ ਜਾਇਦਾਦ ਦੇ ਸਿਰ 'ਤੇ ਅਮੀਰ ਤਾਂ ਬਣ ਸਕਦਾ ਹੈ ਪਰ ਜਦੋਂ ਕਰਨ ਦੀ ਗੱਲ ਆਵੇ ਤਾਂ ਉਸ ਨੂੰ ਮਿਹਨਤ ਕਰਨ ਦੇ ਸਬਕ ਵੱਲ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ।

ਵਿਦਿਆਰਥੀਆਂ ਨੂੰ ਚੰਗੀ ਨੈਤਿਕ ਸਿੱਖਿਆ ਹਾਸਲ ਕਰਕੇ ਸਮਾਜ ਵਿੱਚ ਵਿਚਰਦਿਆਂ ਸਾਬਤ ਕਦਮੀ ਜੀਵਨ-ਪੰਧ ਨੂੰ ਅਪਣਾਉਣਾ ਚਾਹੀਦਾ ਹੈ। ਨੈਤਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਵੱਲ ਪ੍ਰੇਰਿਤ ਹੋ ਕੇ ਨੇਕ ਮੰਜ਼ਲ ਨੂੰ ਆਪਣਾ ਨਿਸ਼ਾਨਾ ਬਣਾਈਏ। ਚੰਗਾ ਹੈ ਜੇ ਉਸ ਤੱਕ ਅੱਪੜਨ ਦੇ ਮਨ-ਚਾਹੇ ਰਾਹ ਮਿਲ਼ ਜਾਣ ਪਰ ਜੇ ਮਜਬੂਰੀ ਵੱਸ ਕਿਸੇ ਹੋਰ ਰਾਹ ਤੋਂ ਵੀ ਲੰਘਿਆ ਜਾਵੇ ਤਾਂ ਆਪਣਾ ਚੰਗਾ ਪ੍ਰਭਾਵ ਹੀ ਦੇ ਕੇ ਜਾਈਏ। ਮਾਰਗ ਵੀ ਚੰਗੇ ਚੁਣੇ ਜਾਣ, ਰਾਹ ਵੀ ਸੋਹਣੇ ਬਣਾਏ ਜਾਣ ਅਤੇ ਤੁਰਿਆ ਵੀ ਸਲੀਕੇ ਨਾਲ਼ ਸਾਬਤ-ਕਦਮੀ।
 


rajwinder kaur

Content Editor

Related News