ਜਦ ਬਣਗੇ ਆਪਾਂ ਸਰਪੰਚ/ ਕਾਵਿ ਰਚਨਾ

04/21/2019 5:02:25 PM

'ਕੱਲੇ-'ਕੱਲੇ ਨੂੰ ਚੋਟ ਪਹੁੰਚਾਉਣੀ, ਥਾਂ ਚੁਣਨੀ ਤਨ ਮਨ ਵਿੱਚ,
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣਗੇ ਆਪਾਂ ਸਰਪੰਚ।
ਲੁੱਚਿਆਂ-ਲੰਡਿਆਂ ਸੰਗ ਖਲੋਣਾ, ਚੌਧਰ ਦਾ ਗਲ ਹਾਰ ਪੁਆਉਣਾ,
ਗਰੀਬ-ਮਜ਼ਲੂਮਾਂ ਨਾ' ਧੱਕਾ ਹੋਊ, ਇੰਝ ਅਸਾਂ ਨੇ ਨਾਂ ਚਮਕਾਉਣਾ,
ਘਰ-ਘਰ ਦੇ ਵਿੱਚ ਫੁੱਟ ਪੁਆਉਣੀ, ਚੁਗ਼ਲੀ ਮਾਰਨੀ ਹਰ ਕੰਨ ਵਿੱਚ।
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣਗੇ ਆਪਾਂ ਸਰਪੰਚ।
ਘਰਵਾਲੀ ਸੀਨਾ ਤਾਣ ਖਲੋਊ, ਉਹ ਦਾ ਵੀ ਇੱਕ ਸਟੇਟਸ ਹੋਊ,
ਉਹਦੇ ਕੋਲ ਵੀ ਹਰ ਕੋਈ ਆ ਕੇ, ਆਪਣੇ ਘਰ ਦਾ ਦੁੱਖੜਾ ਰੋਊ,
ਗਰੀਬ ਘਰਾਂ ਵਿੱਚ ਮਰਗ ਪੁਆ ਕੇ, ਚਤੁਰਾਂ ਦੀ ਜਾਣਾ ਜੰਝ ਵਿੱਚ।
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣਗੇ ਆਪਾਂ ਸਰਪੰਚ।
ਸਰਕਾਰੀ ਤੰਤਰ ਹੱਥ ਵਿੱਚ ਆਉਂਣਾ, ਗਰੀਬ ਵੋਟਰ ਬਣੂ ਦਾਦੇ ਮਗਾਉਣਾ,
ਜੇ ਕੋਈ ਗੱਲ ਕਰਨ ਨੂੰ ਆਵੇ, ਉਹਨੂੰ ਕਹਿਣਾ ਭਾਈ ਹਾਲੇ ਮੈਂ ਨਾਉਣਾ,
ਟਿਕਣ ਨਹੀਂ ਦਿੰਦੇ ਲੋਕੀ ਕਹਿ ਕੇ, ਬੁੜ-ਬੁੜ ਕਰਨੀ ਆਪਣੇ ਮਨ ਵਿੱਚ।
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣਗੇ ਆਪਾਂ ਸਰਪੰਚ।
ਜੇਕਰ ਕੋਈ ਸਾਡੀ ਗੱਲ ਨਾ ਮੰਨੇ, ਗੁੰਡੇ ਛੱਡ ਕੇ ਉਹਦੇ ਗਿੱਟੇ ਭੰਨੇ,
ਭੁੱਲ ਜਾਣਾ ਇਨਸਾਨੀਅਤ ਤਾਈਂ, ਹੋ ਜਾਵਾਂਗੇ ਫਿਰ ਸੱਚ ਤੋਂ ਅੰਨੇ,
ਹੱਕ ਖੋਹਣ ਲਈ ਡੰਗ ਮਾਰਨਾ, ਜ਼ਹਿਰ ਭਰ ਰੱਖਣੀ ਫ਼ਨ ਵਿੱਚ।
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣ ਗੇ ਆਪਾਂ ਸਰਪੰਚ।
ਕਿੱਥੇ ਰਹਿੰਦਾ ਏਂ ਸਵਾਲ ਉਠਾਉਣਾ, ਕੀ ਕਿਸੇ ਘਰ ਆਇਐਂ ਪਰਾਉੁਣਾ,
ਪਰਸ਼ੋਤਮ ਭੁੱਲ ਜਾਂਦਾ ਉਹ ਚਿਹਰਾ, ਜਿਸ ਘਰ ਹੱਥ ਜੋੜ ਕੇ ਆਉਂਣਾ,
ਜਿੱਤ ਗਏ ਉੱਪਰ ਧਰਤੀਓਂ ਉੱਠ ਕੇ, ਸਮਝਣਾ ਬੈਠੇ ਆਂ ਚੰਨ ਵਿੱਚ।
ਦੇਖੀ ਜਾ ਭਾਈ ਕੀ ਕੁਝ ਕਰਨਾ, ਜਦ ਬਣਗੇ ਆਪਾਂ ਸਰਪੰਚ।

ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348

Aarti dhillon

This news is Content Editor Aarti dhillon