ਸਫ਼ਰ-ਏ-ਸ਼ਹਾਦਤ : ਜਾਣੋ ਕੀ ਕੁਝ ਵਾਪਰਿਆ ਸਰਸਾ ਨਦੀ ਦੇ ਕੰਢੇ

12/21/2022 6:06:02 PM

6 ਅਤੇ 7 ਪੋਹ ਦੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਛੱਡਣ ਮਗਰੋਂ ਸਫਰ-ਏ-ਸ਼ਹਾਦਤ ਦੌਰਾਨ ਸਰਸਾ ਨਦੀ ਦੇ ਕਿਨਾਰੇ ਜੋ ਕੁਝ ਵਾਪਰਿਆ ਉਸ ਦਾ ਜ਼ਖਮ ਤਵਾਰੀਖ ਦੇ ਆਗੋਸ਼ ’ਚ ਆਪਣੀ ਵਚਿੱਤਰ ਅਤੇ ਅਸਹਿ ਪੀੜ ਸਮੋਈ ਬੈਠਾ ਹੈ। ਇਸ ਸਮੁੱਚੇ ਦੁਖਾਂਤ ਦੇ ਵਾਪਰ ਜਾਣ ਦਾ ਖਦਸ਼ਾ ਗੁਰੂ ਜੀ ਨੂੰ ਕਿਲ੍ਹਾ ਛੱਡਣ ਤੋਂ ਪਹਿਲਾਂ ਹੀ ਸੀ। ਇਹੋ ਕਾਰਣ ਸੀ ਕਿ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਦੀ ਸਾਂਝੀ ਨੀਤੀ ਦੇ ਨਾਲ-ਨਾਲ ਸਿੰਘਾਂ ਅਤੇ ਮਾਤਾ ਗੁਜਰੀ ਜੀ ਦਾ ਸੁਝਾਅ ਗੁਰੂ ਜੀ ਨੂੰ ਕਿਲ੍ਹਾ ਛੱਡਣ ਲਈ ਮਜਬੂਰ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਗੁਰੂ ਜੀ ਨੇ ਇਸ ਫ਼ੈਸਲੇ ਨੂੰ ਤਸਦੀਕ ਕਰਨ ਤੋਂ ਪਹਿਲਾਂ ਸਮੇਂ ਦੇ ਹਾਲਾਤ ਦੀ ਰਣਨੀਤੀ ਪ੍ਰਤੀ ਗੰਭੀਰਤਾ ਨਾਲ ਵਿਚਾਰ ਕੀਤੀ।

ਗੁਰੂ ਜੀ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਉਨ੍ਹਾਂ ਨੀਤੀਆਂ ਨੂੰ ਪੂਰੀ ਤਰ੍ਹਾਂ ਭਾਪ ਵੀ ਚੁੱਕੇ ਸਨ ਜੋ ਉਹ ਕਈ ਮਹੀਨਿਆਂ ਤੋਂ ਸ਼ਤਰੰਜਬਾਜ਼ੀ ਦੇ ਰੂਪ ’ਚ ਖੇਡਦੇ ਆ ਰਹੇ ਸਨ ਤੇ ਉਹ ਆਪਣੇ ਗਏ-ਗੁਜਰੇ ਉਸ ਵਿਸ਼ਵਾਸ ਨੂੰ ਗੁਰੂ ਜੀ ਦੀਆਂ ਨਜ਼ਰਾਂ ’ਚ ਮੁੜ ਬਹਾਲ ਕਰਨ ਲਈ ਯਤਨਸ਼ੀਲ ਸਨ, ਜੋ ਉਨ੍ਹਾਂ ਦੀਆਂ ਸਵੈਨੀਤੀਆਂ ਕਾਰਣ ਗੁਰੂ ਜੀ ਦੇ ਦਿਲੋਂ ਖਤਮ ਹੋ ਗਿਆ ਸੀ। ਮੁਗਲ ਇਹ ਗੱਲ ਵੀ ਭਲੀਭਾਂਤ ਜਾਣਦੇ ਸਨ ਕਿ 9 ਵਰ੍ਹਿਆਂ ਦੀ ਉਮਰ ’ਚ ਆਪਣੇ ਪਿਤਾ ਨੂੰ ਧਰਮ ਦੀ ਚਾਦਰ ਦੀ ਉਪਾਧੀ ਦਿਵਾਕੇ ਅਤੇ ਉਨ੍ਹਾਂ ਦੇ ਬਲੀਦਾਨ ਨਾਲ ਦੁਨੀਆ ’ਚ ਨਿਆਰਾ ਪੰਥ ਸਾਜਣ ਦਾ ਸੰਕਲਪ ਅਖਤਿਆਰ ਕਰਨ ਵਾਲਾ ਜਰਨੈਲ ਉਨ੍ਹਾਂ ਅੱਗੇ ਕਿਸੇ ਕੀਮਤ ’ਤੇ ਝੁਕੇਗਾ ਨਹੀਂ। ਅੰਤ ਗੁਰੂ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਤਾਂ ਗੁਰੂ ਜੀ ਦਾ ਤਲਖ ਤਜਰਬਾ ਕੁਝ ਫਰਲਾਂਗ ਦੀ ਦੂਰੀ ’ਤੇ ਜਾ ਕੇ ਹੀ ਉਦੋਂ ਸਿਰ ਚੜ੍ਹ ਬੋਲ ਪਿਆ ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਦੇ ਸਾਂਝੇ ਮੁਹਾਜ ਨੇ ਸੰਤ ਸਿਪਾਹੀ ਦੇ ਕਾਫਲੇ ’ਤੇ ਹੱਲਾ ਬੋਲ ਦਿੱਤਾ।

ਕੀ ਕੁਝ ਵਾਪਰਿਆ ਸਰਸਾ ਨਦੀ ਦੇ ਕੰਢੇ ਤੱਕ?

ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਨੇ ਹਕੂਮਤ ਦੀ ਨੀਤੀ ਦੇ ਮੱਦੇਨਜ਼ਰ ਕਾਫਲੇ ਨੂੰ 50-50 ਹਥਿਆਰਬੰਦ ਸਿੰਘਾਂ ਦੀਆਂ ਟੁਕੜੀਆਂ ’ਚ ਤਕਸੀਮ ਕੀਤਾ ਹੋਇਆ ਸੀ। ਵੱਡੇ ਸਾਹਿਬਜ਼ਾਦੇ ਅਤੇ ਪ੍ਰਮੁੱਖ ਸੈਨਿਕ ਗੁਰੂ ਜੀ ਦੇ ਐੈਨ ਨਾਲ ਚੱਲ ਰਹੇ ਸਨ ਜਦੋਂਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਕ ਥਾਂ ਸਨ। ਦੁਸ਼ਮਣ ਦਲ ਕਦਮ ਦਰ ਕਦਮ ਸਿੰਘਾਂ ਦੇ ਕਾਫਲਿਆਂ ’ਤੇ ਹਮਲਾ ਕਰਦੇ ਸਨ ਅਤੇ ਸਿੰਘ ਹਮਲਿਆਂ ਦਾ ਮੂੰਹ ਤੋੜਵਾਂ ਜੁਆਬ ਦੇ ਰਹੇ ਸਨ। ਅਜਿਹੇ ਹਾਲਾਤ ’ਚ ਜਦੋਂ ਕਾਫਲਾ ਸ੍ਰੀ ਕੀਰਤਪੁਰ ਸਾਹਿਬ ਲੰਘਿਆ ਤਾਂ ਨਿਰਮੋਹਗੜ੍ਹ ਲਾਗੇ ਭਾਰੀ ਲਸ਼ਕਰ ਉਸ ਕਾਫਲੇ ’ਤੇ ਟੁੱਟ ਪਿਆ ਜਿਸ ਦੀ ਅਗਵਾਈ ਭਾਈ ਉਦੈ ਸਿੰਘ ਕਰ ਰਹੇ ਸਨ। ਇਸ ਮੁਠਭੇੜ ’ਚ ਭਾਈ ਉਦੈ ਸਿੰਘ ਸਣੇ ਸਮੁੱਚਾ ਕਾਫਲਾ ਸ਼ਹਾਦਤ ਦਾ ਜਾਮ ਪੀ ਗਿਆ। 

ਸਰਸਾ ਨਦੀ ਗੁਰੂ ਜੀ ਅਤੇ ਗੁਰੂਕਿਆਂ ਲਈ ਵੱਡੀ ਮੁਸੀਬਤ ਹੋ ਨਿਬੜੀ

ਮੌਸਮ ਦੀ ਵੱਡੀ ਰੁਕਾਵਟ ਦੇ ਆਲਮ ’ਚ ਜਦੋਂ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਦੇ ਕਿਨਾਰੇ ਤਕ ਵੱਡੀਆਂ ਚੁਣੌਤੀਆਂ ਦਾ ਸਿਰ ਮਿੱਧਦੇ ਪੁੱਜਿਆ ਤਾਂ ਤੂਫਾਨ ਵਾਗੂੰ ਸ਼ੂਕਦੀ ਸਰਸਾ ਨਦੀ ਗੁਰੂ ਜੀ ਅਤੇ ਗੁਰੂਕਿਆਂ ਲਈ ਵੱਡੀ ਮੁਸੀਬਤ ਹੋ ਨਿਬੜੀ। ਦੁਸ਼ਮਣ ਨੂੰ ਇਸ ਘੜੀ ਹਮਲਾ ਕਰਨ ਦਾ ਸ਼ੁੱਭ ਸਬੱਬ ਮਿਲ ਗਿਆ। ਸਿੰਘਾਂ ਅਤੇ ਫੌਜਾਂ ਵਿਚਕਾਰ ਲੋਹੇ ਨਾਲ ਭਿੜ ਰਹੇ ਲੋਹੇ ਨੇ ਸਰਸਾ ਦਾ ਪਾਣੀ ਲਹੂ-ਲੁਹਾਨ ਕਰ ਦਿੱਤਾ। ਹਜ਼ਾਰਾਂ ਮੁਗਲਾਂ ਦੇ ਆਹੂ ਲਾ ਕੇ ਸੈਂਕੜਿਆਂ ਦੀ ਗਿਣਤੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘਾਂ ਨਾਲ ਸਿੰਘਣੀਆਂ ਅਤੇ ਬੱਚਿਆਂ ਦੀ ਗਿਣਤੀ ਵੀ ਘੱਟ ਨਹੀਂ ਸੀ। ਲੋਕਾਈ ਨੂੰ ਸਿਰਲੱਥ ਸੂਰਬੀਰ ਯੋਧਿਆਂ ਨਾਲੋਂ ਵੱਧ ਘਾਟਾ ਉਨ੍ਹਾਂ ਪੁਰਾਤਨ ਗ੍ਰੰਥਾਂ ਦਾ ਪਿਆ ਜੋ ਸਰਸਾ ’ਚ ਰੁੜ੍ਹ ਗਏ। ਬੇਸ਼ੁਮਾਰ ਸਿੰਘ ਸਰਸਾ ਦੀ ਭੇਟ ਚੜ੍ਹ ਗਏ। ਕੌਮ ਦਸਮ ਪਾਤਸ਼ਾਹ ਦੇ ਰਚਿਤ ਉਸ ਸਾਹਿਤ ਨੂੰ ਪੜ੍ਹਨ ਲਈ ਸਦੀਵੀ ਕਾਲ ਲਈ ਵਿਰਵਾ ਹੋ ਗਈ ਜੋ ਗੁਰੂ ਜੀ ਨੇ ਖੁਦ ਕਲਮਬੱਧ ਕੀਤਾ ਸੀ।

ਸਰਸਾ ਨਦੀ ਦੇ ਕੰਢੇ ਵਾਪਰੇ ਇਸ ਭਿਆਨਕ ਦੁਖਾਂਤ ਨੂੰ ਇਕ ਕਵੀ ਦੀ ਕਲਮ ਨੇ ਇਉਂ ਬਿਆਨਿਆ :

‘ਸਰਸਾ ਕੰਢੇ ਘਮਸਾਨ ਦਾ ਯੁੱਧ ਹੋਇਆ, ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ।
ਭੇਟਾ ਨਦੀ ਦੇ ਕੀਮਤੀ ਗ੍ਰੰਥ ਹੋ ਗਏ, ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ।
ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ।
‘ਕੋਮਲ’ ਚੰਦ ਤੇ ਸੂਰਜ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ।’

ਕੁਝ ਕੁ ਇਤਿਹਾਸਕਾਰਾਂ ਨੇ ਪੰਜ ਪਿਆਰਿਆਂ ’ਚੋਂ ਇਕ ਭਾਈ ਹਿੰਮਤ ਸਿੰਘ ਦੀ ਸਿੰਘਣੀ ਦੀ ਕਰੀਬ 200 ਸਿੰਘਣੀਆਂ ਦੇ ਜਥੇ ਸਣੇ ਸਰਸਾ ਕਿਨਾਰੇ ਹੋਈ ਸ਼ਹੀਦੀ ਦਾ ਵੀ ਜ਼ਿਕਰ ਕੀਤਾ ਹੈ। ਅਜਿਹੇ ਮੁਠਭੇੜ ’ਚ ਗੁਰੂ ਜੀ ਦਾ ਸਰਬੰਸ ਤਿੰਨ ਹਿੱਸਿਆਂ ’ਚ ਤਕਸੀਮ ਹੋ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਸਣੇ ਗਿਣਤੀ ਦੇ ਸਿੰਘਾਂ ਨਾਲ ਰੂਪਨਗਰ ਵਲ ਹੋ ਤੁਰੇ ਜਦਕਿ ਗੁਰੂ ਦੇ ਮਹਿਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਰਵਾਨਾ ਹੋ ਗਏ। ਬਿਰਧ ਮਾਤਾ ਗੁਜਰੀ ਜੀ, ਦੋਵੇ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਢੇ ਤੁਰਦੇ-ਤੁਰਦੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਤਕ ਪਹੁੰਚ ਗਏ।


ਸ਼ਮਸ਼ੇਰ ਸਿੰਘ ਡੂਮੇਵਾਲ

Harnek Seechewal

This news is Content Editor Harnek Seechewal