ਅੱਜਕਲ ਦੇ ਰਿਫਿਊਜੀ

05/11/2020 6:38:30 PM

ਜਦੋਂ ਸੋਲਾਂ ਪਰਵਾਸੀ ਮਜ਼ਦੂਰਾਂ ਦੇ ਰੇਲਵੇ ਟ੍ਰੈਕ ’ਤੇ ਐਕਸੀਡੈਂਟ ਵਿਚ ਮਾਰੇ ਜਾਣ ਦੀ ਖ਼ਬਰ ਆਈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀਆਂ ਨੂੰ ਪੈਦਲ ਹੀ ਆਪਣੇ ਘਰਾਂ ਵੱਲ ਚਾਲੇ ਪਾਉਂਦੇ ਦੇਖਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬਟਵਾਰੇ ਦੇ ਸਮੇਂ ਦਾ ਪਰਵਾਸ ਯਾਦ ਆ ਗਿਆ। ਆਜ਼ਾਦੀ ਵੇਲੇ ਤਾਂ ਦੋਵੇਂ ਪਾਸੇ ਤੋਂ ਚੱਲ ਰਿਹਾ ਇਹ ਪਰਵਾਸ ਮੁਸਲਿਮ ਲੀਗ ਅਤੇ ਕਾਂਗਰਸ ਦੀ ਰਾਜਨੀਤਕ ਖਿੱਚੋ-ਤਾਨ ਅਤੇ ਅੰਗਰੇਜ਼ਾਂ ਦੀ ਫੁੱਟ ਪਾਊ ਨੀਤੀ ਦਾ ਨਤੀਜਾ ਸੀ ਪਰ ਇਹ ਪਰਵਾਸ ਤਾਂ ਆਜ਼ਾਦ ਭਾਰਤ ਵਿਚ ਹੋ ਰਿਹਾ ਹੈ। ਇਸਦੇ ਲਈ ਕੇਂਦਰ ਤੇ ਰਾਜ ਸਰਕਾਰਾਂ ਦੋਵੇਂ ਜ਼ਿੰਮੇਵਾਰ ਹਨ।

ਤਾਲੇਬੰਦੀ ਕਰਕੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਪਹਿਲਾਂ ਸਭ ਨੇ ਸੋਚਿਆ ਸੀ ਕਿ ਕੁਝ ਦਿਨਾਂ ਵਿਚ ਸਭ ਕੁਝ ਠੀਕ ਹੋ ਜਾਏਗਾ ਪਰ 50 ਦਿਨਾਂ ਦੀ ਤਾਲਾਬੰਦੀ ਨੇ ਗਰੀਬ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ‌। ਉਹ ਸਾਰੇ ਭਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਮੈਂ ਇਕ ਸਵੈ-ਸੇਵੀ ਸੰਸਥਾ ਨਾਲ ਜੁੜਿਆ ਹੋਇਆ ਹਾਂ, ਜਿਹੜੀ ਇਨ੍ਹਾਂ ਪ੍ਰਵਾਸੀਆਂ ਦੀ ਮਦਦ ਲਈ ਪਿਛਲੇ 20 ਸਾਲ ਤੋਂ ਕੰਮ ਕਰ ਰਹੀ ਹੈ। ਅਸੀਂ ਵੇਖਿਆ ਹੈ ਕਿ ਉਨ੍ਹਾਂ ਲਈ ਘਰ, ਖਾਣਾ, ਸਾਫ ਹਵਾ ਤੇ ਪਾਣੀ, ਸਿਹਤ ਸੇਵਾਵਾਂ ਦੀ ਉਪਲੱਬਧਤਾ ਬਹੁਤ ਵੱਡੀ ਚੁਣੌਤੀ ਹੈ। ਭਾਰਤ ਦੇ ਇਕ ਕੋਨੇ ਤੋਂ ਦੂਜੇ ਕੋਨੇ ਵੱਲ ਲੋਕਾਂ ਦਾ ਨੌਕਰੀ ਦੀ ਤਲਾਸ਼ ਵਿਚ ਆਵਾਗਮਨ ਕਈ ਦਹਾਕੇ ਪੁਰਾਣਾ ਹੈ। ਪਹਿਲਾਂ ਪੰਜਾਬ ਵਿਚ ਵਾਢੀਆਂ ਅਤੇ ਬਿਜਾਈ ਮੌਕੇ ਰੇਲ ਗੱਡੀਆਂ ਵਿਚ ਭਰ ਕੇ ਮਜ਼ਦੂਰ ਆਉਂਦੇ ਸਨ ਅਤੇ ਕੰਮ ਕਰਨ ਤੋਂ ਬਾਅਦ ਵਾਪਿਸ ਚਲੇ ਜਾਂਦੇ ਸਨ। ਹੌਲੀ ਹੌਲੀ ਉਦਯੋਗਿਕ ਕਰਾਂਤੀ ਦੇ ਚਲਦਿਆਂ ਮਜ਼ਦੂਰਾਂ ਨੇ ਆਪਣੇ ਪਰਿਵਾਰ ਵੀ ਬੁਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੱਕੇ ਤੌਰ ’ਤੇ ਇੱਥੇ ਵਸ ਗਏ। ਉਦਯੋਗਿਕ ਖੇਤਰ ਤਾਂ ਬਣਾਏ ਗਏ ਪਰ ਉਨ੍ਹਾਂ ਵਿਚ ਕੰਮ ਕਰਨ ਵਾਲਿਆਂ ਲਈ ਸਹੂਲਤਾਂ ਯੋਜਨਾਬੱਧ ਤਰੀਕੇ ਨਾਲ ਨਹੀਂ ਬਣਾਈਆਂ ਗਈਆਂ। ਕੋਰੋਨਾ ਮਹਾਮਾਰੀ ਨੇ ਇਸ ਪਾੜ ਨੂੰ ਨੰਗਾ ਕਰ ਦਿੱਤਾ ਹੈ।

ਸਰਕਾਰ ਨੇ ਕਿਹਾ ਸੀ, ਤਾਲੇਬੰਦੀ ਦੌਰਾਨ ਹਰ ਗਰੀਬ ਨੂੰ ਕਣਕ, ਚਾਵਲ ਅਤੇ ਦਾਲ ਤਿੰਨ ਮਹੀਨਿਆਂ ਲਈ ਦਿੱਤੀ ਜਾਏਗੀ। ਪੰਜਾਬ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਵਿਚ ਕਾਫੀ ਢਿਲ ਦੇਖਣ ਨੂੰ ਮਿਲੀ ਹੈ। ਪਹਿਲੇ ਕੁਝ ਹਫ਼ਤੇ ਤਾਂ ਸਵੈ-ਸੇਵੀ ਸੰਸਥਾਵਾਂ ਲੰਗਰ ਅਤੇ ਰਾਸ਼ਨ ਲੈ ਕੇ ਝੁੱਗੀ ਬਸਤੀਆਂ ਵਿਚ ਜਾਂਦੀਆਂ ਰਹੀਆਂ। ਫਿਰ ਉਨ੍ਹਾਂ ਵਿਚੋਂ ਕੁਝ ਦੇ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਅਧਿਕਾਰੀਆਂ ਨੇ ਇਸ ਨੂੰ ਬੰਦ ਕਰ ਦਿੱਤਾ।

ਰੋਟੀ, ਕੰਮ ਅਤੇ ਪੈਸੇ ਤੋਂ ਬੇਜ਼ਾਰ ਇਨ੍ਹਾਂ ਮਜ਼ਦੂਰਾਂ ਨੂੰ ਜਦੋਂ ਮਕਾਨ ਮਾਲਕਾ ਨੇ ਘਰੋਂ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਉਹ ਸੜਕਾਂ ’ਤੇ ਉਤਰ ਆਏ। ਅੱਗੇ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਇਸ ਮਾੜੇ ਸਮੇਂ ਵਿਚ ਉਹ ਆਪਣੇ ਰਾਜ ਵਿਚ, ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹਨ। ਚੰਗਾ ਹੁੰਦਾ ਜੇ ਸ਼ੁਰੂ ਵਿਚ ਹੀ ਉਦਯੋਗਪਤੀਆਂ ਤੇ ਮਜ਼ਦੂਰ ਜਥੇਬੰਦੀਆਂ ਨੂੰ ਬਿਠਾ ਕੇ ਸਾਰੀ ਸਥਿਤੀ ਸਾਫ ਕਰ ਦਿੱਤੀ ਜਾਂਦੀ। ਕੁਝ ਅਜਿਹਾ ਹੱਲ ਲੱਭਿਆ ਜਾਂਦਾ ਜਿਸ ਨਾਲ ਜਾਨ ਵੀ ਰਹੇ ਅਤੇ ਜਹਾਨ ਵੀ। ਅਜੇ ਵੀ ਸਮਾਂ ਹੈ। ਸਾਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਸਮਝਾਣਾ ਪਏਗਾ ਕਿ ਉਹ ਪੰਜਾਬ ਦੀ ਆਰਥਿਕ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਨੂੰ ਇੱਥੇ ਰਹਿਣ ਲਈ ਪ੍ਰੇਰਨਾ ਚਾਹੀਦਾ ਹੈ। ਜਾਨ ਤੇ ਜਹਾਨ ਦਾ ਸੰਤੁਲਨ ਜਲਦੀ ਹੀ ਲੱਭਣਾ ਬਹੁਤ ਜ਼ਰੂਰੀ ਹੈ। 

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


rajwinder kaur

Content Editor

Related News