ਕਹਾਣੀਨਾਮਾ ''ਚ ਪੜ੍ਹੋ ਛੋਟੀ ਕਹਾਣੀ: ਨਵੀਂ ਬਨਾਮ ਪੁਰਾਣੀ ਤਹਿਜ਼ੀਬ

02/08/2023 12:45:43 PM

ਸਟੱਡੀ ਵੀਜ਼ਾ 'ਤੇ ਕੈਨੇਡਾ ਆਈ ਨੂੰ ਕੋਈ ਅੱਠ ਮਹੀਨੇ ਹੋ ਗਏ ਸਨ ਮੈਨੂੰ। ਕੋਵਿਡ ਵਲੋਂ ਹੁਣ ਕਾਫ਼ੀ ਰਾਹਤ ਸੀ। ਕੰਮ ਮੁੜ ਗਤੀ ਫੜ ਗਏ ਪਰ ਡਾਹਢੇ ਹੱਥ ਪੈਰ ਮਾਰਨ ਉਪਰੰਤ ਵੀ ਮੈਨੂੰ ਹਾਲੇ ਤੱਕ ਕੰਮ ਨਹੀਂ ਸੀ ਮਿਲਿਆ। GIC ਦੀ ਜਮ੍ਹਾਂ ਰਾਸ਼ੀ ਵੀ ਮੁੱਕਣ ਦੇ ਕਿਨਾਰੇ ਸੀ। ਭਲਾ ਹੋਵੇ ਮੇਰੀ ਵੱਡੀ ਭੈਣ ਵਰਗੀ ਸਹੇਲੀ, ਨਵਪ੍ਰੀਤ ਕੌਰ ਦਾ, ਉਸ ਨੇ ਕਦੇ ਵੀ ਮੈਨੂੰ ਕਮਰੇ ਦੇ ਕਿਰਾਏ ਜਾਂ ਰਸੋਈ ਖ਼ਰਚ ਦਾ ਹਾਲਾਂ ਤੱਕ ਹੇਜ ਨਹੀਂ ਸੀ ਜਤਾਇਆ। ਪਿਤਾ ਜੀ ਤੋਂ ਮੈਂ ਏਨੀਂ ਛੇਤੀ ਹੋਰ ਜੇਬ ਖ਼ਰਚ ਮੰਗਵਾਉਣ ਤੋਂ ਝਿਜਕਦੀ ਸਾਂ ਕਿਉਂ ਜੋ ਪਹਿਲਾਂ ਹੀ ਮੇਰੇ ਇਧਰ ਆਉਣ 'ਤੇ ਚੜ੍ਹਿਆ ਕਰਜ਼ ਹਾਲੇ ਖੜ੍ਹਾ ਸੀ। ਪਿਤਾ ਜੀ ਵਲੋਂ ਜ਼ੋਰ ਦੇਣ 'ਤੇ ਮੈਂ ਸਾਡੇ ਪਿੰਡ ਤੋਂ ਹੀ ਉਨ੍ਹਾਂ ਦੇ ਫਰੈਂਡ ਸਰਕਲ 'ਚੋਂ ਕੈਨੇਡਾ ਸੈਟਲਡ ਹੋਏ 3-4 ਜਾਣੂਆਂ ਨੂੰ ਮਿਲਣ ਗਈ। ਉਨ੍ਹਾਂ ਸਭਨਾਂ ਚਾਹ-ਪਾਣੀ ਤਾਂ ਪਿਆਇਆ ਪਰ ਕਿਸੇ ਵੀ ਜੇਬ ਖ਼ਰਚ ਵਜੋਂ ਕੋਈ 10-20 ਡਾਲਰ ਪਿਆਰ ਤੱਕ ਨਾ ਦਿੱਤਾ।

ਕੋਈ ਹੋਰ ਤਿੰਨ ਕੁ ਮਹੀਨੇ ਬਾਅਦ ਮੈਂ ਇਕ ਦਿਨ ਸ਼ਾਮ ਢਲੇ ਸਟੋਰ ਤੋਂ ਰਸੋਈ ਦਾ ਸਾਮਾਨ ਲੈਣ ਗਈ। ਪੈਸੈ ਹਾਲਾਂ ਦਿੱਤੇ ਨਹੀਂ ਸਨ ਕਿ ਸਟੋਰ ਵਿੱਚ ਇਕ ਬਜ਼ੁਰਗ ਜੋੜੇ ਨੇ ਪ੍ਰਵੇਸ਼ ਕੀਤਾ। ਉਨ੍ਹਾਂ ਮੈਨੂੰ ਕੁਝ ਨੀਝ ਨਾਲ ਤੱਕਦਿਆਂ/ਝਿਜਕਦਿਆਂ ਬੁਲਾ ਲਿਆ।

"ਪੁੱਤਰ ਕਿਹੜਾ ਪਿੰਡ ਐ ਆਪਣਾ", ਉਨ੍ਹਾਂ ਪੁੱਛਿਆ।
ਮੈਂ ਕਿਹਾ, ਜ਼ਿਲ੍ਹਾ ਜਲੰਧਰ ਦਾ ਚਾਨੀਆਂ ਪਿੰਡ ਐ ਬਾਪੂ।
"ਕਿਹਦੀ ਪੋਤਰੀ ਐਂ ਧੀਏ?" ਉਨ੍ਹਾਂ ਦਾ ਅਗਲਾ ਸਵਾਲ ਸੀ।
ਚੇਲਿਆਂ ਦੇ ਸਰਦਾਰ ਸਤਨਾਮ ਸਿੰਘ ਦੀ ਪੋਤਰੀ ਆਂ ਬਾਪੂ, ਮੈਂ ਕਿਹਾ।

"ਉਹ ਤੇਰੀ,ਉਹ ਤੇ ਮੇਰੇ ਬਚਪਨ ਦਾ ਬੇਲੀ ਐ। ਪੰਜਵੀਂ ਤੱਕ ਕੱਠੇ ਪੜ੍ਹੇ ਆਂ, ਅਸੀਂ। ਔਖੀਆਂ ਘੜੀਆਂ 'ਚ ਬੜਾ ਸਾਥ ਦਿੱਤਾ, ਉਨ੍ਹਾਂ। ਮੈਂ ਵੀ ਚਾਨੀਆਂ ਤੋਂ ਆਂ ਬੇਟਾ",ਉਸ ਕਹਿੰਦਿਆਂ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਅਸੀਸਾਂ ਦੀਆਂ ਬੋਰੀਆਂ ਭਰ ਭਰ ਮੇਰੇ ਉਪਰੋਂ ਵਾਰੀਆਂ। ਉਨ੍ਹਾਂ ਜਬਰੀ ਮੇਰਾ ਗਰੋਸਰੀ ਦਾ ਬਿੱਲ ਹੀ ਨਹੀਂ ਅਦਾ ਕੀਤਾ ਸਗੋਂ ਪੰਜਾਹ ਡਾਲਰ ਪਿਆਰ ਵਜੋਂ ਵੱਖਰੇ ਦਿੰਦਿਆਂ, ਆਉਂਦੇ ਸੰਡੇ ਘਰ ਆਉਣ ਦੀ ਤਾਕੀਦ ਵੀ ਕੀਤੀ। ਮੈਨੂੰ ਅੱਜ ਅਸਲੋਂ ਨਵੀਂ ਅਤੇ ਪੁਰਾਣੀ ਤਹਿਜ਼ੀਬ ਵਿਚਲੇ ਫ਼ਰਕ ਦਾ ਅਹਿਸਾਸ ਹੋਇਆ।

ਈਸ਼ਰ ਕੌਰ 

Harnek Seechewal

This news is Content Editor Harnek Seechewal