ਕਹਾਣੀਨਾਮਾ ''ਚ ਪੜ੍ਹੋ ਅੱਜ ਦੀ ਕਹਾਣੀ ''ਪੁੱਤ ਸਰਦਾਰਾਂ ਦੇ''

06/09/2021 2:17:43 PM

ਰੋਜ਼ ਵਾਂਗ ਗੱਡੀਆਂ ਵਾਲਿਆਂ ਦੀ ਕੁੜੀ ਨੇ ਗੇਟ ਵੜਦਿਆਂ ਅਵਾਜ਼ ਮਾਰੀ ! ਸਰਦਾਰਨੀਏ ! "ਦੋ ਰੋਟੀਆਂ ਤਾਂ ਦੇਹ!ਲੱਸੀ ਵੀ ਪਾ ਘੁੱਟ" ਕਹਿ ਕੇ ਪਸ਼ੂਆਂ ਦੇ ਅਹਾਤੇ ਵੱਲ ਖੜ੍ਹੇ ਸਰਦਾਰ ਵੱਲ੍ਹ ਤੁਰ ਪਈ !

ਜਦੋਂ ਸਰਦਾਰਨੀ ,ਦੋ ਰੋਟੀਆਂ ਤੇ ਲੱਸੀ ਦਾ ਜੱਗ ਲੈ ਕੇ ਮਗਰ ਗਈ ...ਤਾਂ ਸਰਦਾਰਨੀ ਨੇ ਜਾ ਕੇ ਕੀ ਵੇਖਿਆ ? ਦੋਹਾਂ ਦੇ ਇੱਕ ਦੂਜੇ ਦੇ ਹੱਥਾਂ ਵਿੱਚ ਘੁੱਟੇ ਹੱਥ .. ਇਕ ਦਮ ਸਰਦਾਰਨੀ ਨੂੰ ਵੇਖ ਕੇ ਛੁੱਟ ਗਏ...!ਤੇ ਦੋਹਾਂ  ਨੇ ਕਦਮ ਇੱਕ ਦੂਜੇ ਤੋਂ ਪਿਛਾਂਹ ਕਰ ਲਏ ।ਕਾਹਲ ਨਾਲ ਕੁੜੀ ਦੇ ਹੱਥੋਂ ਦੋ ਹਜ਼ਾਰ ਰੁਪਏ ਦਾ ਨੋਟ ਥੱਲੇ ਡਿੱਗ ਪਿਆ...ਉਹ ਕਿੱਲ੍ਹਿਆਂ ਵਾਲਾ ਸਰਦਾਰ ਤੇ ਗੱਡੀਆਂ ਵਾਲੀ ਸੋਹਣੀ ਕੁੜੀ ਦੇ ਚਿਹਰਿਆਂ ਦਾ ਰੰਗ ਉੱਡ ਗਿਆ ... !

ਸਰਦਾਰਨੀ ਨੇ ਸਭ ਤਮਾਸ਼ਾ ਵੇਖ ,ਗੁੱਸੇ  ਨਾਲ ਕਿਹਾ .. “ਇਹ ਕੀ ਕੰਮ ਚਲਾਇਆ ਤੁਸੀਂ ? ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਐ ..!" ਆਪਣੀ ਪਤਨੀ ਦੀ ਗੱਲ ਸੁਣ ਕੇ ਉਸਦਾ ਸਰਦਾਰ ਅੱਗ ਬਬੂਲਾ ਹੋਇਆ ,ਝੂਠਾ ਰੋਅਬ ਪਾਉਂਦਾ ,ਆਪਣੀ ਪਤਨੀ ਨੂੰ ਬੋਲਿਆ ! “ਤੈਨੂੰ ਇੱਧਰ ਆਉਣ ਦੀ ਇਜਾਜ਼ਤ ਕੀਹਨੇ ਦਿੱਤੀ ਹੈ ? ਤੈਨੂੰ ਕਿੰਨੇ ਵਾਰੀ ਕਿਹਾ ! “ਮੇਰੇ ਕੰਮਾਂ ਵਿੰਚ ਦਖ਼ਲ ਨਾ ਦਿਆ ਕਰ ?ਭੌਂਕਣ ਲੱਗੀ ਆ ਕੇ ... ਦਫ਼ਾ ਹੋਜਾ ਇੱਥੋਂ ! ਲੈਂਦੀ ਫਿਰਦੀ ਕਨਸੋਆਂ"

ਗੱਡੀਆਂ ਵਾਲੀ ਕੁੜੀ ਨੀਵੀਂ ਪਾ ਕੇ ਕਹਿਣ ਲੱਗੀ ,“ਗ਼ਲਤੀ ਹੋ ਗਈ ,ਸਰਦਾਰਨੀਏ !" ਸਰਦਾਰਨੀ ਉਸ ਕੁੜੀ ਦੀ ਗ਼ਰੀਬੀ ਦੀ ਮਜਬੂਰੀ ਸਮਝਦੀ ਹੋਈ  ਆਪਣੇ ਸਰਦਾਰ ਦੇ ਡਰ ਥੱਲੇ ਬੇਵੱਸੀ ਜ਼ਾਹਿਰ ਕਰਦੀ ਬੋਲੀ ,“ਕੁੜੀਏ ! ਮੈਨੂੰ ਕਾਹਦਾ ਫੋਕਾ ਰੁਤਬਾ ਦਿੰਦੀ ਏ, ਸਰਦਾਰਨੀ ਦਾ ! ਮੈਨੂੰ ਤਾਂ ਅਸਲ ਸਰਦਾਰਨੀ ਤੂੰ ਲੱਗ ਰਹੀ ਏਂ .. ! ਤੇ ਮੈਂ ਨੌਕਰਾਣੀ ਮਹਿਸੂਸ ਕਰ ਰਹੀ ਹਾਂ ...ਇਸ ਘਰ ਦੀ ..? ਦੋ ਰੋਟੀਆਂ ਪਿੱਛੇ ਸਾਰਾ ਦਿਨ ਆਪਾ ਗੁਆ ਕੇ ਧੰਦ ਪਿੱਟਣਾ ...! ਐਹ ! ਤੇਰੇ ਕਿੱਲਿਆਂ  ਵਾਲੇ ਸਰਦਾਰ ਨੇ ਕਦੇ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹੋਣੀ ... ?  ਤੈਨੂੰ ਤਾਂ ਦੋ ਪਲ਼ ਦੀ ਖੁਸ਼ੀ ਬਦਲੇ  ਦੋ ਹਜ਼ਾਰ ਦਾ ਨੋਟ ਕੱਢ ਫੜ੍ਹਾਇਆ ਤੇ ਮੇਰੀ ਸੱਚੀ ਵਫ਼ਾਦਾਰੀ ਅਤੇ ਰੋਜ਼ਾਨਾ ਦੀ ਹੱਡ-ਭੰਨਵੀਂ ਮਿਹਨਤ ਨੂੰ ਕਦੇ ਇਸਨੇ ਮਹਿਸੂਸ ਹੀ ਨਹੀਂ ਕੀਤਾ ..?

ਗੁੰਮ-ਸੁੰਮ ਜਿਹੀ ਹੋਈ ਸਰਦਾਰਨੀ ਦੇ ਝੂਠੇ ਰੁਤਬੇ ਹੇਠ ...ਆਪਣੇ ਔਰਤ ਹੋਣ ਨੂੰ ਕੋਸਦੀ ਅਨੇਕਾਂ ਸਵਾਲ ਮਨ ਵਿੱਚ ਲੈ ਕੇ ਕਮਰਾ ਬੰਦ ਕਰ ਹੁੱਬਕੀਂ ਹੁੱਬਕੀਂ ਰੋਣ ਲੱਗੀ । ਇਹ ਇੱਕ ਔਰਤ ਦੀ ਬੇਵੱਸੀ ਤੇ ਦੂਜੀ ਔਰਤ ਦੀ ਮਜਬੂਰੀ ਹੀ ਸੀ ।ਪਤਾ ਨਹੀਂ !ਕਿੰਨੀਆਂ ਹੋਰ ਬੇਵੱਸ ਤੇ ਮਜਬੂਰ ਔਰਤਾਂ ...ਇਹਨਾਂ 
ਸਰਦਾਰਾਂ ਦੇ ਨੋਟਾਂ ਦੇ ਬੋਝ ਥੱਲੇ ਸਿਸਕਦੀਆਂ ਹੋਣਗੀਆਂ ...?

ਰਾਜਵਿੰਦਰ ਕੌਰ ਵਿੜਿੰਗ
ਪਿੰਡ ਦੀਪ ਸਿੰਘ ਵਾਲਾ 
ਫਰੀਦਕੋਟ

Harnek Seechewal

This news is Content Editor Harnek Seechewal