ਪੜ੍ਹੋ ਅੱਜ ਦੀ ਮਿੰਨੀ ਕਹਾਣੀ-ਅਦਲੇ ਦਾ ਬਦਲਾ

07/12/2021 1:44:48 PM

ਸ.ਮਲਕੀਅਤ ਸਿੰਘ ਕਾਹਲੋਂ, ਰਾਹੋਂ ਪਿੰਡ ਦੇ ਸੇਵਾ ਭਾਵਨਾ ਵਾਲੇ ਭਜਨੀਕ ਗੁਰਸਿੱਖ ਹਨ।ਇੱਕ ਦਫ਼ਾ ਦੂਰ ਦੁਰਾਡੇ ਪਿੰਡ ਤੋਂ ਕੋਈ ਗੁਰਮੁੱਖ ਚਟਾਲੇ ਦਾ ਬੀਜ ਲੈਣ ਲਈ, ਪੁੱਛਦਾ ਪੁਛਾਉਂਦਾ ਸਿਖਰ ਦੁਪਹਿਰੇ ਉਨ੍ਹਾਂ ਦੇ ਦਰਵਾਜ਼ੇ ਤੇ ਆ ਦਸਤਕ ਦਿੰਦਾ। ਕਾਹਲੋਂ ਸਾਬ੍ਹ ਨੇ ਵਕਤ ਅਤੇ ਉਮਰ ਦਾ ਤਕਾਜ਼ਾ ਦੇਖਦਿਆਂ ਉਸ ਬਜ਼ੁਰਗ ਨੂੰ ਘਰ ਅੰਦਰ ਬੈਠਾਇਆ।ਘੜੇ ਦਾ ਪਾਣੀ ਪਿਆ ਕੇ ਫਿਰ ਪ੍ਰਸ਼ਾਦਾ ਛਕਾਇਆ।ਇਕ ਘੜੀ ਆਰਾਮ ਕਰਨ ਲਈ ਕਿਹਾ। ਉਪਰੰਤ ਚਾਹ ਦਾ ਪਿਆਲਾ ਪਿਆ ,ਚਟਾਲੇ ਦਾ ਬੀਜ ਦੇ ਕੇ ਉਸ ਨੂੰ ਸਕੂਟਰ 'ਤੇ ਬਸ ਅੱਡੇ ਛੱਡ ਆਏ।

ਢਾਈ ਕੁ ਸਾਲ ਬਾਅਦ ਕਾਹਲੋਂ ਸਾਬ੍ਹ ਇਕ ਵਿਆਹੁਤਾ ਦੇ ਝਗੜੇ ਦੇ ਫ਼ੈਸਲੇ ਸਬੰਧੀ ਪਿੰਡ ਪੰਚਾਇਤ ਨਾਲ ਮਾਛੀਵਾੜਾ ਦੇ ਪਿੰਡ ਪਵਾਤ ਗਏ। ਨਾਰਾਜ਼ ਮੁੰਡੇ ਵਾਲਿਆਂ ਪੰਚਾਇਤ ਨੂੰ ਚਾਹ ਪਾਣੀ ਵੀ ਨਾ ਪੁੱਛਿਆ।ਪਵਾਤ ਪਿੰਡ ਦੀ ਪੰਚਾਇਤ 'ਚ ਬੈਠੇ ਇਕ ਬਜ਼ੁਰਗ ਨੇ ਆਪਣੇ ਰਸੂਖ ਨਾਲ ਪਤੀ-ਪਤਨੀ ਦੀ ਰਜ਼ਾਮੰਦੀ ਕਰਵਾਤੀ।ਇਹੀ ਨਹੀਂ ਉਸ ਨੇ ਆਪਣੇ ਘਰ, ਰਾਹੋਂ ਪਿੰਡ ਦੀ ਪੰਚਾਇਤ ਦੇ ਸੋਲਾਂ ਬੰਦਿਆਂ ਦਾ ਚਾਹ ਪਾਣੀ ਅਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਲਈ ਵੀ ਸੁਨੇਹਾ ਭੇਜਤਾ। ਅੰਦਰੋਂ ਅੰਦਰੀ ਬਜ਼ੁਰਗ ਦੀ ਅਪਣੱਤ ਤੇ ਹੈਰਾਨੀ ਜਤਾਉਂਦਿਆਂ, ਪ੍ਰਸ਼ਾਦਾ ਪਾਣੀ ਛਕ ਕੇ ਜਦ ਮੋਹਤਬਰਾਂ ਨੇ ਪਵਾਤ ਦੇ ਬਜ਼ੁਰਗ ਦਾ ਧੰਨਵਾਦ ਕਰਦਿਆਂ ਵਿਦਾਇਗੀ ਲਈ ਤਾਂ ਮੇਜ਼ਬਾਨ ਸਤਿਕਾਰ 'ਚ ਉੱਠ ਖੜ ਕਾਹਲੋਂ ਸਾਬ੍ਹ ਨੂੰ ਬੋਲਿਆ, ਭਾਈ ਸਿੰਘਾਂ ਮੈਨੂੰ ਪਛਾਣਿਆਂ ਨਹੀਂ ਤੁਸੀਂ।ਮੈਂ ਉਹੀ ਬੰਦੈਂ ਜੋ ਢਾਈ ਸਾਲ ਪਹਿਲਾਂ ਤੁਹਾਡੇ ਘਰ ਚਟਾਲੇ ਦਾ ਬੀਜ ਲੈਣ ਗਿਆ ਸੀ। ਮੈਂ ਉਦੋਂ ਤੋਂ ਹੀ ਇਸ ਫ਼ਿਰਾਕ ਵਿਚ ਸਾਂ ਕਿ ਥੋਡੀ ਸੇਵਾ ਦਾ ਬਦਲ ਕਿਵੇਂ ਮੋੜਾਂ।ਅੱਜ ਮੈਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਿਹੈਂ।

 'ਆਇ ਸਿੱਖ ਗੁਰਸਿੱਖ ਆਇ ਮਿਲ ਤੂੰ ਮੇਰੇ ਸਤਿਗੁਰ ਕੇ ਪਿਆਰੇ'  ਕਹਿੰਦਿਆਂ ਉਨ੍ਹਾਂ ਦੋਹਾਂ ਇਕ ਦੂਜੇ ਨੂੰ ਜੱਫੀ ਵਿਚ ਲੈ ਲਿਆ। ਹੁਣ ਦੋਹਾਂ ਦੀਆਂ ਅੱਖਾਂ ਵਿਚ ਭਾਵੁਕਤਾ ਦੇ ਅੱਥਰੂ ਸਨ।
ਲੇਖਕ ਸਤਵੀਰ ਸਿੰਘ ਚਾਨੀਆਂ 
92569-73526


Harnek Seechewal

Content Editor

Related News