ਮਹਿੰਗੇ ਡੀਜ਼ਲ ਦੇ ਦੌਰ 'ਚ ਉਮੀਦ ਦੀ ਕਿਰਨ ਬਣਿਆ ਊਠ ਨਾਲ ਖੇਤੀ ਕਰਨ ਵਾਲਾ ਇਹ ਪੰਜਾਬੀ ਬਾਬਾ (ਵੀਡੀਓ)

04/05/2022 7:21:40 PM

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ)- ਜਿਵੇਂ ਹੀ ਸਾਡੇ ਸਮਾਜ ਅੰਦਰ ਮਸ਼ੀਨੀ ਯੁੱਗ ਨੇ ਆਪਣੇ ਪੈਰ ਪਸਾਰੇ, ਇਸ ਨੇ ਸਾਨੂੰ ਸਾਡੀ ਵਿਰਾਸਤ, ਸੱਭਿਆਚਾਰ ਤੇ ਸਾਡੇ ਪਹਿਰਾਵੇ ਤੋਂ ਦੂਰ ਕਰ ਦਿੱਤਾ। ਮਸ਼ੀਨੀ ਯੁੱਗ ਨੇ ਸਾਨੂੰ ਮਸ਼ੀਨਾਂ 'ਤੇ ਨਿਰਭਰ ਰਹਿਣ ਲਈ ਮਜਬੂਰ ਕਰ ਦਿੱਤਾ। ਅੱਜ ਦੀ ਪੀੜ੍ਹੀ ਹੱਥੀਂ ਕਿਰਤ ਕਰਨ ਤੋਂ ਕਤਰਾਉਂਦੀ ਹੈ। ਉੱਥੇ ਹੀ ਗੱਲ ਕਰਦੇ ਹਾਂ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਚੂਹੜੀਵਾਲਾ ਧੰਨਾ ਦੀ, ਜਿੱਥੋਂ ਦੇ ਬਜ਼ੁਰਗ ਅਤੇ ਨੌਜਵਾਨ ਮਸ਼ੀਨਾਂ ਤੋਂ ਦੂਰੀ ਬਣਾ ਕੇ ਆਪਣੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇ ਰਹੇ ਹਨ ਤੇ ਆਪਣੇ ਖੇਤ 'ਚ ਊਠ ਨਾਲ ਖੇਤੀ ਕਰਕੇ ਪੰਜਾਬ ਅੰਦਰ ਇਕ ਵੱਖਰੀ ਮਿਸਾਲ ਪੈਦਾ ਕਰ ਰਹੇ ਹਨ।

ਪੁਰਖਿਆਂ ਦੀ ਵਿਰਾਸਤ ਨੂੰ ਸੋਨੇ ਦੀਆਂ ਮੋਹਰਾਂ ਵਾਂਗ ਰੱਖਿਆ ਸਾਂਭ ਕੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਚਿਮਨ ਲਾਲ ਤੇ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ, ਪੜਦਾਦੇ ਵੀ ਊਠ ਨਾਲ ਖੇਤੀ ਕਰਕੇ ਚੰਗੀ ਪੈਦਾਵਾਰ ਕਰਦੇ ਸਨ ਅਤੇ ਉਨ੍ਹਾਂ ਨੇ ਆਪਣੀ ਪੀੜ੍ਹੀ ਦਰ ਪੀੜ੍ਹੀ ਊਠਾਂ ਨਾਲ ਖੇਤੀ ਕਰਨ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਦੀ ਝੋਲੀ ਪਾਇਆ। ਉਨ੍ਹਾਂ ਦੇ ਪਿਤਾ ਨੇ ਵੀ ਇਹ ਵਿਰਾਸਤ ਉਨ੍ਹਾਂ ਦੀ ਝੋਲੀ ਪਾਈ ਤਾਂ ਉਹ ਵੀ ਕਈ ਸਾਲਾਂ ਤੋਂ ਊਠ ਨਾਲ ਖੇਤੀ ਕਰਦੇ ਹਨ ਤੇ ਅੱਗੇ ਆਪਣੀ ਪੀੜ੍ਹੀ ਨੂੰ ਵੀ ਊਠ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਆਪਣੇ ਪੁਰਖਿਆਂ ਦੀ ਇਸ ਵਿਰਾਸਤ ਨੂੰ ਸੋਨੇ ਦੀਆਂ ਮੋਹਰਾਂ ਵਾਂਗ ਸਾਂਭ ਕੇ ਰੱਖਿਆ ਹੋਇਆ ਹੈ।

PunjabKesari

ਬੱਚਿਆਂ ਨਾਲੋਂ ਵੱਧ ਊਠਾਂ ਦੀ ਕਰਦੇ ਹਨ ਸੇਵਾ
ਚਿਮਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 10 ਤੋਂ ਵੱਧ ਊਠ ਹਨ ਅਤੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨਾਲੋਂ ਵੀ ਵੱਧ ਇਨ੍ਹਾਂ ਊਠਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਨੂੰ ਖਾਣ ਲਈ ਹਰਾ ਚਾਰਾ, ਗੁੜ, ਮਹਿੰਗੀ ਫੀਡ ਤੇ ਹੋਰ ਕਈ ਤਰ੍ਹਾਂ ਦੀਆਂ ਦੇਸੀ ਖੁਰਾਕਾਂ ਦਿੰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਊਠ ਖੇਤਾਂ 'ਚ ਬੜੇ ਜ਼ੋਰ ਨਾਲ ਕੰਮ ਕਰਦੇ ਹਨ। 

ਊਠਾਂ ਲਈ ਇਲਾਕੇ 'ਚ ਕੋਈ ਡਾਕਟਰ ਨਹੀਂ, ਲੱਛਣ ਦੇਖ ਕਰਦੇ ਹਾਂ ਇਲਾਜ
ਚਿਮਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਊਠਾਂ ਦੇ ਇਲਾਜ ਲਈ ਕੋਈ ਮਾਹਿਰ ਡਾਕਟਰ ਨਹੀਂ ਹੈ। ਉਹ ਊਠ ਦੇ ਲੱਛਣ ਦੇਖ ਕੇ ਆਪਣੇ ਪੁਰਖਿਆਂ ਵੱਲੋਂ ਦੱਸੇ ਨੁਸਖੇ ਰਾਹੀਂ ਉਸ ਦਾ ਦੇਸੀ ਇਲਾਜ ਕਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ 'ਚ ਊਠਾਂ ਦੇ ਇਲਾਜ ਲਈ ਹਸਪਤਾਲ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਊਠਾਂ ਦਾ ਇਲਾਜ ਕਰਵਾਉਣ ਲਈ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਊਠ ਨਾਲ ਖੇਤੀ ਕਰਨ ਵਾਲਾ ਵਿਅਕਤੀ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ
ਰਾਮ ਪਾਲ ਨੇ ਦੱਸਿਆ ਕਿ ਜੋ ਊਠ ਨਾਲ ਖੇਤੀ ਕਰਦਾ ਹੈ ਤੇ ਖੇਤ 'ਚ ਪਸੀਨਾ ਵਹਾਉਂਦਾ ਹੈ, ਉਹ ਕਦੇ ਬਿਮਾਰੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਵਿਅਕਤੀ ਦਾ ਸਰੀਰ ਨਰੋਆ ਅਤੇ ਚਿਹਰਾ ਖੁਸ਼ ਰਹਿੰਦਾ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਦੀ ਉਮਰ 55 ਸਾਲ ਹੈ, ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤ 'ਚ ਲਗਾਤਾਰ ਕੰਮ ਕਰਦਾ ਆ ਰਿਹਾ ਹੈ। ਬਿਮਾਰੀ ਕਦੇ ਉਸ ਦੇ ਨੇੜੇ ਨਹੀਂ ਆਈ, ਉਹ ਹਮੇਸ਼ਾ ਫਿੱਟ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਮਸ਼ੀਨੀ ਯੁੱਗ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਮਸ਼ੀਨੀ ਯੁੱਗ 'ਤੇ ਨਿਰਭਰ ਰਹਿਣ ਦੀ ਬਜਾਏ ਰੇਗਿਸਤਾਨ ਦੇ ਜਹਾਜ਼ ਊਠ ਅਤੇ ਬਲਦਾਂ ਨਾਲ ਖੇਤੀ ਕਰਨੀ ਚਾਹੀਦੀ ਹੈ, ਜੋ ਸਾਡੇ ਲਈ ਲਾਹੇਵੰਦ ਸਾਬਿਤ ਹੁੰਦੀ ਹੈ।

 


Harnek Seechewal

Content Editor

Related News