ਰਬਾਬੀ ਭਾਈ ਮਰਦਾਨਾ

11/27/2020 3:00:36 PM

ਅਕਾਲ ਰੂਪੀ ਗੁਰੂ ਨਾਨਕ ਦਾ ਆਪਣੇ ਪਰਮ ਸੰਗੀ ਰਬਾਬੀ ਭਾਈ ਮਰਦਾਨਾ ਨਾਲ ਸਦੀਵੀ ਸਾਂਝ ਨੂੰ ਦੁਨੀਆਵੀਂ ਦ੍ਰਿਸ਼ਟੀ ਨਾਲ ਨਰੀਖਣਾ ਤੇ ਪਰਖਣਾ ਸੌਖਾ ਨਹੀਂ। ਇਹ ਸ਼ਬਦ ਤੇ ਸੰਗੀਤ ਨਾਲ ਰਤੀਆਂ ਦੋ ਰੂਹਾਂ ਦਾ ਸਮੇਲ ਹੈ ਜਿਨ੍ਹਾਂ ਆਪਣੇ ਸਮੇਂ 'ਚ ਜਾਲੰਦੇ ਜਗਤ ਏ ਤਾਰਨ ਅਤੇ ਅੰਧਕਾਰ 'ਚ ਡੁੱਬੀ ਲੋਕਾਈ ਏ ਸੰਗੀਤਮਈ ਬਾਣੀ ਦੁਆਰਾ ਰੋਸ਼ਨਾਉਣ ਦਾ ਕਾਰਜ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਰੱਬੀ ਸਰੂਪ ਨੂੰ ਪਹਿਚਾਨਣ ਵਾਲੀਆਂ ਕੁਝ ਸਖਸ਼ੀਅਤਾਂ 'ਚੋਂ ਗੁਰੂ ਨਾਨਕ ਦੇਵ ਜੀ ਨੇ ਕੇਵਲ ਆਪਣੇ ਬਾਲ ਸਖਾਈ ਭਾਈ ਮਰਦਾਨਾ ਨੂੰ ਆਪਣਾ ਸਾਥੀ ਚੁਣਿਆ। ਭਾਈ ਮਰਦਾਨਾ ਆਪਣੇ ਜੀਵਨ ਦੇ ਆਖਰੀ ਸੁਆਸਾਂ ਤੱਕ ਗੁਰੂ ਪਾਤਸ਼ਾਹ ਲਈ ਪੂਰਨ ਰੂਪ 'ਚ ਸਮਰਪਿਤ ਰਹੇ। ਇਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਦੀ ਸਖ਼ਸ਼ੀਅਤ ਨੂੰ ਇਤਿਹਾਸਕ ਸਰੋਤਾਂ ਤੋਂ ਚਿਤਰਣਾ ਹੋਵੇ ਤਾਂ ਇਹ ਕਾਰਜ ਭਾਈ ਮਰਦਾਨੇ ਦੇ ਉਲੇਖ ਤੇ ਜ਼ਿਕਰ ਤੋਂ ਬਿਨਾਂ ਅਧੂਰਾ ਹੀ ਰਹੇਗਾ।ਇਤਿਹਾਸਕ ਸਰੋਤਾਂ ਤੋਂ ਪ੍ਰਾਪਤ ਹਵਾਲਿਆਂ ਅਨੁਸਾਰ ਬਹੁਤੇ ਵਿਦਵਾਨਾਂ ਨੇ ਭਾਈ ਮਰਦਾਨ ਦਾ ਜਨਮ ਗੁਰੂ ਨਾਨਕ ਪਾਤਸ਼ਾਹ ਤੋਂ 10ਵਰੇ ਪਹਿਲਾਂ 1459ਈਸਵੀ 'ਚ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਕਿਸਤਾਨ) 'ਚ ਮੰਨਿਆ ਹੈ। ਆਪ ਦੇ ਪਿਤਾ ਭਾਈ ਬਾਦਰਾ ਜੀ ਤੇ ਮਾਤਾ ਬੀਬੀ ਲਖੋ ਸਨ ਜੋ ਪਿਤਾ ਪੁਰਖੀਂ ਕਾਰ_ਵਿਹਾਰ ਵਜੋਂ ਬੇਦੀਆਂ ਦੇ ਮੀਰਾਸੀ ਡੂਮ ਰਹੇ। ਮੀਰਾਸੀ ਅਤੇ ਡੂੰਮ ਸਾਡੇ ਸੱਭਿਆਚਾਰ ਦੀ ਇਕ ਅਮੀਰ ਪਰੰਪਰਾ ਦੇ ਵਾਰਸ ਹਨ। ਸਦੀਆਂ ਤੋਂ 'ਮੀਰਾਸ' ਭਾਵ ਮਾਲਕੀ ਜਾਂ ਵਿਰਾਸਤ ਦੇ ਹੱਕਦਾਰ ਇਨ੍ਹਾਂ ਮੀਰਾਸੀਆਂ/ਡੂੰਮਾਂ ਕੋਲ ਭਾਵੇਂ ਦੁਨੀਆਵੀਂ ਮਾਇਆ ਤੇ ਪਦਾਰਥ ਘੱਟ ਹੋਣ ਪਰ ਸੰਗੀਤ ਦੀ ਰੱਬੀ ਕਲਾ, ਬੁਲੰਦ ਸੁਰੀਲੀ ਆਵਾਜ਼ ਤੇ ਸਾਜ਼ ਵਜਾਉਣ ਦਾ ਪੀੜੀ ਦਰ ਪੀੜੀ ਹੁਨਰ ਇਨ੍ਹਾਂ ਦੀ ਅਮੀਰ ਵਿਰਾਸਤ ਹੈ। ਰਾਜਪੂਤ ਰਾਜਿਆਂ ਕੋਲ ਵੀ ਉਨ੍ਹਾਂ ਦੀ ਵਿਰਾਸਤ ਦੇ ਇਤਿਹਾਸਕ ਉਲੇਖਾਂ ਦਾ ਗਾਇਨ ਕਰਨ ਲਈ ਭੱਟਾਂ ਦੀ ਪਰੰਪਰਾ ਰਹੀ। ਇਸੇ ਤਰ੍ਹਾਂ ਰਾਜ ਦਰਬਾਰਾਂ ਤੇ ਆਮ ਲੋਕਾਂ 'ਚ ਸੂਰਬੀਰ ਯੋਧਿਆਂ ਦੇ ਜੰਗਾਂ ਯੁੱਧਾਂ ਸੂਰਮਗਤੀ ਦੀਆਂ ਗਾਥਾਵਾਂ ਦਾ ਗਾਇਨ ਢਾਡੀ ਕਰਦੇ ਆ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਡੂੰਮ ਮੀਰਾਸੀਆਂ, ਭੱਟਾਂ, ਢਾਡੀਆਂ ਤੇ ਰਬਾਬੀਆਂ ਦੀ ਪਰੰਪਰਾ ਦੀ ਅਮੀਰ ਵਿਰਾਸਤ ਨੂੰ ਸਿੱਖ ਪਰੰਪਰਾ 'ਚ ਪਿਆਰ ਤੇ ਸਤਿਕਾਰ ਦਾ ਦਰਜਾ ਹੀ ਨਹੀਂ ਦਿੱਤਾ ਸਗੋਂ ਇਸ ਨੂੰ ਸਿੱਖ ਪਰੰਪਰਾ ਤੇ ਮਰਿਯਾਦਾ ਦਾ ਅਨਿਖੜ ਅੰਗ ਵੀ ਬਣਾਇਆ। ਇਤਿਹਾਸਕ ਤੌਰ 'ਤੇ ਦੇਖੀਏ ਤਾਂ 'ਬਾਬਰ ਕੇ ਗਵੱਈਏ' ਪਤਾ ਨਹੀਂ ਕਿੱਧਰ ਦਗ਼ਨ ਹੋ ਗਏ ਪਰ ‘'ਬਾਬੇ ਕੇ' ਗਾਇਕਾਂ 'ਚੋਂ ਮਰਦਾਨੇ ਦੀਆਂ ਕੁਲਾਂ ਦੇ ਸ਼ਬਦ ਤੇ ਸੰਗੀਤ ਦੁਆਰਾ ਜੱਸ ਤੇ ਵਡਿਆਈ ਕਮਾ ਰਹੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਬੇਦੀਆਂ ਦੇ ਇਸ ਡੂਮ ਮੀਰਾਸੀ (ਭਾਈ ਮਰਦਾਨਾ) ਨੂੰ ਆਪਣਾ ਬਣਾ ਕੇ 'ਭਾਈ ਮਰਦਾਨੇ' ਵਜੋਂ ਨਿਵਾਜਿਆ। ਬਾਅਦ 'ਚ ‘'ਭਾਈ' ਦਾ ਇਹੋ ਲਕਬ ਸਿੱਖ ਪਰੰਪਰਾ ਦਾ ਵਿਸ਼ੇਸ਼ ਹਿੱਸਾ ਬਣਿਆ।
ਖਾਨਦਾਨ ਗਵੱਈਏ ਹੋਣ ਕਾਰਨ ਭਾਈ ਮਰਦਾਨਾ ਸੁਰੀਲੇ ਗਾਇਕ ਸਨ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਏ ਤਾਰ ਸਾਜ਼ ਵਜਾਉਣ ਦੀ ਬਖਸ਼ਿਸ਼ ਕੀਤੀ। ਬੇਬੇ ਨਾਨਕੀ ਦੇ ਪਿਆਰ ਅਤੇ ਭਾਈ ਫਿਰੰਦਾ ਦੁਆਰਾ ਵਿਸ਼ੇਸ਼ ਰਬਾਬ ਭੇਂਟ ਕੀਤਾ।ਇਸੇ ਕਰਕੇ ਭਾਈ ਗੁਰਦਾਸ ਨੇ ਭਾਈ ਮਰਦਾਨੇ ਨੂੰ‘'ਭਲਾ ਰਬਾਬ ਵਜਾਇਦਾ ਮਜਲਸ ਮਰਦਾਨਾ ਮੀਰਾਸੀ' ਵਜੋਂ ਅੰਕਿਤ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਜਨਮ ਸਾਖੀਆਂ 'ਚ ਭਾਈ ਮਰਦਾਨਾ ਇਕ ਦੁਨਿਆਵੀਂ ਪਾਤਰ ਬਣ ਆਪਣੇ ਵਿਹਾਰ ਨਾਲ ਗੁਰੂ ਨਾਨਕ ਪਾਤਸ਼ਾਹ ਦੀਆਂ ਇਲਾਹੀ ਰਮਜ਼ਾਂ ਜਨ ਸਧਾਰਨ ਲਈ ਪਰਤ_ਦਰ_ਪਰਤ ਖੋਲ੍ਹਦੇ ਨਜ਼ਰ ਆ ਰਹੇ ਹਨ। ਭਾਈ ਮਰਦਾਨਾ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਰਿਸ਼ਤਾ ਭੌਤਿਕ ਤੋਂ ਪ੍ਰਾਭੌਤਿਕ ਜਗਤ ਦੇ ਇਲਾਹੀ ਸਨੇਹੇ ਏ ਸਹਿਜ ਰੂਪ 'ਚ ਦਰਸਾਉਣ ਦਾ ਪ੍ਰਤੀਕ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਸ ਇਲਾਹੀ ਸੁਨੇਹੇ ਬੋਲਾਂ ਦਾ ਬਾਣੀ ਦੇ ਸੁਰਾਤਮਕ ਤੇ ਸੰਗੀਤਕ ਰੂਪ 'ਚ ਕੀਰਤਨ ਕੀਤਾ। ਭਾਈ ਮਰਦਾਨਾ ਬਾਣੀ ਅਵਰਤਣ ਦੇ ਇਨ੍ਹਾਂ ਸਾਰੇ ਵਿਸ਼ੇਸ਼ ਪਲਾਂ ਦੇ ਪਹਿਲੇ ਦੀਦਾਰੀ, ਪ੍ਰਥਮ ਸਰੋਤੇ, ਰਬਾਬ ਵਜੰਤ੍ਰੀ ਅਤੇ ਗੁਰੂ ਨਾਨਕ ਪਾਤਾਹ ਸੰਗ ਬਾਣੀ ਗਾਇਨ ਕਰਨ ਵਾਲੀ ਸੁਭਾਗੀ ਸਖਸ਼ੀਅਤ ਸਨ। 
ਗੁਰੂ ਨਾਨਕ ਪਾਤਸ਼ਾਹ ਦੇ ਉਦਾਸੀਆਂ ਸਮੇਂ ਸੰਗੀ ਭਾਈ ਮਰਦਾਨਾ ਕੀਰਤਨਕਾਰ ਗਾਇਕ ਵਜੋਂ ਗੁਰੂ ਨਾਨਕ ਬਾਣੀ ਦੀਆਂ ਸਨਾਤਨੀ ਤੇ ਦੇਸੀ ਗਾਇਨ ਸ਼ੈਲੀਆਂ ਦੇ ਪ੍ਰਬੀਨ ਗਾਇਕ ਸਨ। ਸਿੱਖ ਪਰੰਪਰਾ ਦੇ ਸੰਦਰਭ 'ਚ ਗਾਇਨ, ਰਾਗ, ਸਾਜ਼ ਵਜੋਂ ਗੁਰਮਤਿ ਸੰਗੀਤ ਪਰੰਪਰਾ ਦੀ ਅਮੀਰੀ ਦਾ ਮੁੱਢ ਇਥੋਂ ਹੀ ਬੱਝਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਬਿਹਾਗੜੇ ਵਾਰ 'ਚ 'ਸਲੋਕ ਮਰਦਾਨਾ' ਵੀ ਵਿਸ਼ੇਸ਼ ਹੈ।ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਚਉਕੀ ਪਰੰਪਰਾ ਦੇ ਪ੍ਰਾਰੰਭ 'ਚ ਭਾਈ ਮਰਦਾਨਾ ਦਾ ਵਿਸ਼ੇਸ਼ ਸਬੰਧ ਰਿਹਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੋਦਰੁ ਅਤੇ ਆਰਤੀ ਦੀ ਸ਼ਬਦ ਕੀਰਤਨ ਚਉਕੀ ਦੇ ਪ੍ਰਸਤੁਤਕਾਰ ਵਜੋਂ ਭਾਈ ਮਰਦਾਨੇ ਨੇ ਵਿਸ਼ੇਸ਼ ਸੇਵਾ ਨਿਭਾਈ।ਭਾਈ ਮਰਦਨਾ ਦਾ ਜੀਵਨ ਪ੍ਰਸੰਗ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਪ੍ਰਸੰਗ ਦੇ ਸਮਾਨਾਂਤਰ ਹੀ ਚਿਤਾਰਿਆ ਉਕਰਿਆ ਜਾ ਸਕਦਾ ਹੈ ਪਰ ਮਰਦਾਨਾ ਦੇ ਅੰਤ ਸਮੇਂ ਦਾ ਅਤਿ ਸੰਵੇਦਨਸ਼ੀਲ ਉਲੇਖ ਸਾਖੀਕਾਰਾਂ ਨੇ ਬੜੇ ਭਾਵਪੂਰਤ ਅੰਦਾਜ਼ ਨਾਲ ਕੀਤਾ ਹੈ। ਬਹੁਤੇ ਵਿਦਵਾਨਾਂ ਨੇ ਭਾਈ ਮਰਦਾਨਾ ਦਾ ਅੰਤਿਮ ਸਮਾਂ ਕੁਰਮ ਨਦੀ (ਅਫਗਾਨਿਸਤਾਨ) ਤੇ ਕੁਝ ਨੇ ਕਰਤਾਰਪੁਰ ਸਾਹਿਬ ਲਿਖਿਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਭਾਈ ਮਰਦਾਨਾ ਆਪਣੇ ਸੁਆਸਾਂ ਨੂੰ ਤਿਆਗਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਮੌਤ ਤੋਂ ਬਾਅਦ ਮ੍ਰਿਤਕ ਦੇਹ ਬਾਰੇ ਪੁੱਛਿਆ ਤਾਂ ਮਰਦਾਨੇ ਉੱਤਰ ਦਿੰਦਿਆ ਕਿਹਾ ਵਾਹ ਬਾਬਾ ਵਾਹ! ਅਜੇ ਵੀ ਸਰੀਰ ਦੇ ਚੱਕਰਾਂ 'ਚ। ਤੁਹਾਡੇ ਉਪਦੇਸ਼ ਕਰਕੇ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ ਮੈਂ ਤਾਂ ਆਪਣੀ ਆਤਮਾ ਨੂੰ ਹੀ ਆਪਣਾ ਸਾਥੀ ਸਮਝਦਾ ਹਾਂ।
ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕਿਹਾ ਮਰਦਾਨਿਆ ਤੇਰੀ ਸਮਾਧ ਬਣਾ ਦਿਆਂ ਤਾਂ ਜੋ ਤੇਰੀ ਯਾਦ ਦੁਨੀਆਂ 'ਚ ਬਣੀ ਰਹੇ ਮਰਦਾਨੇ ਨੇ ਆਖਿਆ ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ 'ਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ 'ਚ ਕਿਉਂ ਪਾਂਵਦੇ ਹੋ। ਇਹ ਸੁਣ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਸੀਨੇ ਨਾਲ ਲਾ ਲਿਆ ਤੇ ਕਿਹਾ ਕਿ ਮਰਦਾਨਿਆਂ ਤੂੰ ਬ੍ਰਹਮ ਨੂੰ ਪਛਾਣ ਲਿਆ ਤੇ ਤੂੰ ਬ੍ਰਹਮ ਗਿਆਨੀ ਹੋ ਗਿਆ ਹੈ।ਭਾਈ ਮਰਦਾਨੇ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰੂ ਘਰ ਕੀਰਤਨ ਦੀ ਸੇਵਾ ਕਰਦੇ ਰਹੇ ਤੇ ਰਬਾਬੀਆਂ ਕੀਰਤਨੀਆਂ ਦਾ ਵਿਸ਼ਾਲ ਸਮੂਹ ਗੁਰੂ ਘਰ ਦੀ ਕੀਰਤਨ ਪਰੰਪਰਾ ਦਾ ਅਨਿੱਖੜ ਅੰਗ ਰਿਹਾ। ਪੂਰਬੀ ਤੇ ਪੱਛਮੀ ਪੰਜਾਬ 'ਚ ਅਨੇਕ ਰਬਾਬੀ ਕੀਰਤਨੀਏ ਸਿੱਖੀ ਸਰੂਪ ਅਤੇ ਆਪਣੇ ਮੂਲ ਰੂਪ 'ਚ ਨਿਰੰਤਰ ਸੇਵਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਸੰਗੀਤ ਜਗਤ 'ਚ ਭਾਈ ਮਰਦਾਨੇ ਦੇ ਵੰਸ਼ਜਾਂ ਨੇ ਭਰਪੂਰ ਨਾਮਣਾ ਖੱਟਿਆ ਹੈ। ਸਾਡੇ ਮਨ 'ਚ ਇਸ ਗੱਲ ਦਾ ਜ਼ਰੂਰ ਖੇਦ ਰਹੇਗਾ ਕਿ ਅਜ਼ਾਦੀ ਤੋਂ ਬਾਅਦ ਸਿੱਖ ਪੰਥ ਭਾਈ ਮਰਦਾਨਾ ਦੇ ਵੰਸ਼ਜ ਰਬਾਬੀਆਂ ਨੂੰ ਆਪਣੀ ਮੂਲ ਕੀਰਤਨ ਧਾਰਾ ਦਾ ਹਿੱਸਾ ਬਣਾਉਣ 'ਚ ਸਫਲ ਨਹੀਂ ਹੋ ਸਕਿਆ। ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਪਕਿਸਤਾਨ ਤੋਂ ਰਬਾਬੀ ਭਾਈ ਲਾਲ ਤੇ ਰਬਾਬੀ ਭਾਈ ਚਾਂਦ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਬੁਲਾ ਕੇ ਰਬਾਬੀ ਵਰਕਸ਼ਾਪਾਂ ਕੀਤੀਆਂ ਅਤੇ ਇਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੁਆਰਾ ਫਿਰੰਦੀਆ ਰਬਾਬ ਭੇਂਟ ਕੀਤਾ ਗਿਆ ਤਾਂ ਜੋ ਇਨ੍ਹਾਂ ਦੀ ਗੁਰੂ ਘਰ ਨਾਲ ਪੀਡੀ ਸਾਂਝ ਦੀ ਪੁਨਰ ਸੁਰਜੀਤੀ ਹੋ ਸਕੇ। ਪਿਛਲੇ ਦਿਨੀਂ ਖੁਸ਼ਗਵਾਰ ਸੁਨੇਹਾ ਪ੍ਰਾਪਤ ਹੋਇਆ ਹੈ ਕਿ ਨਨਕਾਣਾ ਸਾਹਿਬ ਵਿਖੇ 'ਬਾਬਾ ਨਾਨਕ ਯੂਨੀਵਰਸਿਟੀ' ਸਥਾਪਿਤ ਹੋ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਯੂਨੀਵਰਸਿਟੀ ਭਾਈ ਮਰਦਾਨੇ ਦੀ ਯਾਦ 'ਚ ਜ਼ਰੂਰ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਕਰੇਗੀ ਅਤੇ ਪਾਕਿਸਤਾਨ ਵਿਖੇ ਭਾਈ ਮਰਦਾਨੇ ਦੇ ਵੰਸ਼ਜ ਰਬਾਬੀਆਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਯਾਦਾ ਅਨੁਸਾਰ ਕੀਰਤਨ ਕਰਨ ਲਈ ਅਵਸਰ ਪ੍ਰਦਾਨ ਕਰੇਗੀ। ਅਜਿਹੇ ਯਤਨ ਭਾਈ ਮਰਦਾਨੇ ਜੀ ਦੇ ਸਦੀਵੀ ਸਾਂਝ ਤੇ ਅਕਾਲ ਚਲਾਣੇ ਪ੍ਰਤੀ ਸੱਚੀ ਸਰਧਾਂਜਲੀ ਹੋਣਗੇ।

ਡਾ. ਗੁਰਨਾਮ ਸਿੰਘ
ਫਾਊਂਡਰ, ਗੁਰਮਤਿ ਸੰਗੀਤ ਚੇਅਰ
ਗੁਰਮਤਿ ਸੰਗੀਤ ਵਿਭਾਗ, 
ਪੰਜਾਬੀ ਯੂਨੀਵਰਸਿਟੀ, ਪਟਿਆਲਾ।


Aarti dhillon

Content Editor

Related News