ਸਵਾਲ ਦਰ ਸਵਾਲ

12/05/2019 10:00:03 AM

ਰੁਲਦਾ ਰਹਿੰਦਾ ਉਹ ਹਰ ਗਲੀ ਮੁਹੱਲੇ ਕਦੇ ਕਿਸੇ ਸੜਕ ਤੇ..
ਤੇ ਕਦੇ ਕਿਸੇ ਸੜਕ ਤੇ..।
ਉਹਨੂੰ ਕੋਈ ਫਿਕਰ ਨਹੀਂ ਕਿ ਉਹ ਕਿੱਥੇ ਸੋਏਗਾ ਸਵੇਰੇ ਰੋਟੀ ਨਸੀਬ ਹੋਏਗੀ ਜਾਂ ਨਹੀਂ....
ਆਪਣੀ ਧੁੰਨ ਚ ਗਾਉਂਦਾ ਕਿਸੇ ਜੋਗੀ ਦੀ ਤਰ੍ਹਾਂ ਮਸਤ ਮਲੰਗ ।
ਮੈਂ ਉਸਨੂੰ ਐਸੀਆ ਵੈਸੀਆ ਹਰਕਤਾਂ ਕਰਦੇ ਨੂੰ ਦੇਖਦੀ
ਕਿੰਨਾ ਕਿੰਨਾ ਚਿਰ ਉਸਦੇ ਚਿਹਰੇ ਵੱਲ ਤੱਕਦੀ ਲੋਕ ਉਸਨੂੰ ਪਾਗਲ
ਕਮਲਾ, ਕੰਜਰ, ਜੈਖਾਣੀ ਦਾ, ਆਖਦੇ।
ਉਹ ਕੰਮ ਕਰਦਾ ਇਕ ਦਾਰੂ ਲਈ ਜਿੰਨੇ ਪੈਸੇ ਕਮਾਉਂਦਾ
ਸਭ ਦਾਰੂ 'ਚ ਉੜਾਅ ਦਿੰਦਾ ਦਾਰੂ ਪੀ ਕਦੇ ਕਿਸੇ ਦੇ ਦਰ ਤੇ ਕਦੇ ਕਿਸੇ ਦੇ ਦਰ
ਰੁਲਦਾ ਰਹਿੰਦਾ ਉਸਨੂੰ ਹੋਸ਼ ਨਾ ਰਹਿੰਦੀ ਆਪਣੇ ਆਪ ਨੂੰ ਬਾਦਸ਼ਾਹ ਦੱਸਦਾ।
ਮਿਲਣ ਦਾ ਬਹੁਤ ਦਿਲ ਕਰਦਾ ਮੇਰਾ ਉਹਨੂੰ ਮਨ ਕਰਦਾ ਕਿ ਉਸ ਕੋਲ ਜਾਵਾਂ ਜਾ ਪੁੱਛਾਂ...
ਉਹ ਅਜਿਹਾ ਕਿਉਂ ਹੈ?
ਜਾਣ ਲੱਗਦੀ... ਮਾਂ ਰੋਕ ਦਿੰਦੀ... ਕਹਿੰਦੀ“ ਤੂੰ ਕੀ ਕਰਨ ਜਾਣਾ ਉਸਦੇ ਕੋਲ
ਐਵੇਂ ਸ਼ਰਾਬ ਪੀ ਕੇ ਬੋਲਦਾ ਰਹਿੰਦਾ...“।
ਇਕ ਦਿਨ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਉਂਦਾ ਰਿਹਾ ਰੋਟੀ ਲਈ
ਪਰ ਕਿਸੇ ਬੂਹਾ ਨਾ ਖੋਲਿਆ ਨਾ ਰੋਟੀ ਦਿੱਤੀ ਉਸ ਦਿਨ ਮੇਰੀ ਮਾਂ ਘਰ ਨਹੀਂ ਸੀ
ਮੈਨੂੰ ਤਰਸ ਆਇਆ ਮੈਂ ਥਾਲੀ 'ਚ ਰੋਟੀ ਰੱਖ ਉਸ ਲਈ ਲੈ ਗਈ...।
ਉਹ ਰੋਟੀ ਖਾਂਦਾ ਰਿਹਾ...
ਬਿਨਾਂ ਰੁੱਕੇ ਹੱਫੜਾਦਫੜੀ 'ਚ ਮੈਂ ਉਸਨੂੰ ਰੀਝ ਲਾ ਵੇਖਦੀ ਰਹੀ
ਮੈਂ ਪੁੱਛਿਆ....“ਤੁਸੀਂ ਅਜਿਹੇ ਕਿਉਂ ਹੋ....?
ਕੁਝ ਨਾ ਬੋਲਿਆ... ਮੈਂ ਫੇਰ ਤੋਂ ਪੁੱਛਿਆ.... “ਤੁਹਾਨੂੰ ਕੀ ਦੁੱਖ ਹੈ...? ਮੇਰੇ ਚਿਹਰੇ ਵੱਲ ਤੱਕਦਾ
ਬੋਲਿਆ... “ਭੋਲੀਏ..ਜਦੋਂ ਹੋਰਾਂ ਨੂੰ ਨਹੀਂ ਮੇਰੇ ਤੱਕ ਮਤਲਬ ਤੂੰ ਕਿਉਂ ਪੁੱਛਦੀ ਹੈ? ਜਾ ਚੱਲੀ ਜਾ ਆਪਦੇ ਘਰ..
ਮੈਂ ਕਿਹਾ... “ਚੱਲੀ ਜਾਵਾਂਗੀ. ਲੋਕ ਤੈਨੂੰ ਕਮਲਾ ਕਿਉਂ ਦੱਸਦੇ ਨੇ?
ਉਹ ਬੋਲਿਆ.... “ਧੀਏ ਮੈਂ ਕਮਲਾ ਨਹੀਂ
ਮੈਨੂੰ ਕਮਲਾ ਬਣਾ ਦਿੱਤਾ ਗਿਆ ਮੈਂ ਆਪਣੇ ਪਰਿਵਾਰ 'ਚ ਹੱਸਦਾ ਖੇਡਦਾ ਸੀ ਪਰ ਇਕ ਦਿਨ... ਵਕਤ ਨੇ ਐਸੀ ਮਾਰ ਮਾਰੀ
ਮੇਰਾ ਸਭ ਕੁਝ ਉਜੜ ਗਿਆ। ਪਤਨੀ ਕੈਂਸਰ ਦੀ ਬਿਮਾਰੀ ਨਾਲ ਜੂਝਦੀ ਮਰ ਗਈ ਧੀ ਦਾਜ ਦੀ ਬਲੀ ਚੜ੍ਹ ਗਈ ਪੁੱਤ ਚਿੱਟੇ ਨੇ ਖਾਂ ਲਿਆ
ਸਭ ਚਿੱਟੇ 'ਚ ਰੋੜਤਾ ਘਰ ਵਾਰ ਸਭ ਵਿਕ ਗਿਆ ਸਕੇ ਸੰਬੰਧੀ ਸਾਥ ਛੱਡ ਗਏ ਉਹ ਰੋਣ ਲੱਗ ਪਿਆ। ਮੈਂ ਚੁੱਪ ਸੀ ਆਖਾਂ ਤਾਂ ਕੀ ਆਖਾਂ ਮੇਰੀਆਂ ਅੱਖਾਂ ਸਵਾਲ ਕਰ ਰਹੀਆਂ ਸਨ....।

ਨੀਤੂ ਰਾਮਪੁਰ
ਰਾਮਪੁਰ, ਲੁਧਿਆਣਾ
98149-60725

Aarti dhillon

This news is Content Editor Aarti dhillon