ਲੇਖ: ਅੱਗ ਦੀ ਬਲੀ ਚੜ੍ਹ ਰਿਹਾ ਪੰਜਾਬੀ ਸਭਿਆਚਾਰ ਦਾ ਅਨਮੋਲ ਗਹਿਣਾ 'ਚਰਖਾ'

09/14/2020 2:52:09 PM

ਚਰਖਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਮੰਨਿਆਂ ਜਾਂਦਾ ਹੈ। ਇੱਕ ਅਜਿਹਾ ਸਮਾਂ ਹੁੰਦਾ ਸੀ, ਜਦੋਂ ਚਰਖਾ ਹਰ ਘਰ ਦਾ ਸ਼ਿੰਗਾਰ ਹੋਇਆ ਕਰਦਾ ਸੀ। ਚਰਖਾ ਪੇਂਡੂ ਜੀਵਨ ਦੀ ਅਹਿਮ ਕੜੀ ਸੀ, ਇਹ ਜਨਾਨੀਆਂ ਦੇ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਸਧਰਾਂ ਦੀ ਤਰਜ਼ਮਾਨੀ ਕਰਦਾ ਆਇਆ ਹੈ। ਚਰਖਾ ਆਮ ਕਰਕੇ ਟਾਹਲੀ ਦੀ ਕਾਲੀ ਲੱਕੜ ਨੂੰ ਤਰਾਸ਼ ਕੇ ਬਣਾਇਆ ਹੁੰਦਾ ਸੀ । ਥੱਲੇ ਵਾਲੇ ਪਾਸੇ ਚਰਖੇ ਦਾ ਧੁਰਾ ਹੁੰਦਾ ਸੀ, ਜਿਸ 'ਤੇ ਸਾਰਾ ਚਰਖਾ ਖੜਾ ਹੁੰਦਾ ਸੀ। ਦੋ ਪਾਵੇ ਵੱਡੇ ਜਿੰਨ੍ਹਾਂ ਵਿਚਾਲੇ ਚਰਖੜੀ ਘੁੰਮਦੀ ਸੀ। ਇਹ ਚਰਖੜੀ ਦਾ ਖਾਂਚਾ ਵਿਚਾਲੋਂ ਖਾਲੀ ਹੁੰਦਾ ਸੀ, ਜਿਸਨੂੰ ਕਰੜੇ ਧਾਗੇ ਦੀ ਮਦਦ ਨਾਲ ਮੜ੍ਹ ਕੇ ਇਸ ਉੱਪਰ ਸੂਤ ਦੀ ਮੋਟੀ ਅੱਟੀ ਲੈ ਕੇ ਇਸ ਦੇ ਦੁਆਲੇ ਘੁਮਾ ਕੇ ਅੱਗੇ ਛੋਟੇ ਪਾਵਿਆਂ ਵਿੱਚ ਫਿੱਟ ਕੀਤੇ ਤੱਕਲੇ ਨੂੰ ਘੁੰਮਾਉਣ ਦਾ ਕੰਮ ਕਰਦੀ ਸੀ। 

ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਇਸ ਨੂੰ ਘੁੰਮਾਉਣ ਵਾਲੀ ਵੱਡੇ ਪਾਵਿਆਂ ਦੇ ਬਾਹਰ ਇੱਕ ਹੱਥੀ ਲੱਗੀ ਹੁੰਦੀ ਸੀ, ਜਿਸਨੂੰ ਸੁਆਣੀਆਂ ਆਪਣੀ ਬਾਂਹ ਦੇ ਬਲ ਨਾਲ ਘੁਮਾਉਂਦੀਆਂ ਸਨ। ਤੱਕਲਾ ਪਤਲੇ ਲੋਹੇ ਦਾ ਫੁੱਟ ਡੇਢ ਫੁੱਟ ਲੰਮਾ ਬਿਲਕੁੱਲ ਸਿੱਧਾ ਹੁੰਦਾ ਸੀ, ਜਿਹੜਾ ਖੱਬੀ ਬਾਂਹ ਵਾਲੇ ਪਾਸੇ ਛੋਟੇ ਪਾਵਿਆਂ ਵਿੱਚ ਲੱਗੀਆਂ ਚਰਮਖਾਂ ਦੀ ਸਹਾਇਤਾ ਨਾਲ ਘੁੰਮਦਾ ਸੀ। ਇਹ ਚਰਮਖਾਂ ਆਮ ਕਰਕੇ ਚਮੜੇ ਜਾਂ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ। ਇਸ ਚਰਖੇ ਨੂੰ ਘੁੰਮਾਉਣ ਵਾਲੇ ਧਾਗੇ ਨੂੰ ਮਾਹਲ ਕਿਹਾ ਜਾਂਦਾ ਸੀ। ਖੱਬੀ ਬਾਂਹ ਵਾਲੇ ਪਾਸੇ ਚਰਖੇ ਦੀ ਮਾਹਲ ਦੇ ਬਿਲਕੁੱਲ ਵਿਚਾਲੇ ਛੋਟੇ ਪਾਵੇ ਵਿੱਚ ਖਾਂਚਾ ਕੱਢ ਕੇ ਇੱਕ ਫਿਰਕੀ ਪਾਈ ਹੋਈ ਹੁੰਦੀ ਸੀ, ਜਿਸ ਉੱਪਰ ਮਾਹਲ ਘੁੰਮਦੀ ਸੀ ਅਤੇ ਤਕਲੇ ਨੂੰ ਘੁੰਮਾਉਂਦੀ ਸੀ। ਚਰਖੇ ਉੱਤੇ ਪੂਣੀਆਂ ਦੇ ਗਲੋਟੇ ਨੂੰ ਬਣਾਉਣ ਲਈ ਤੱਕਲੇ ਦੇ ਇੱਕ ਸਿਰੇ ਉੱਪਰ ਦੌਂਕੜਾ ਲਗਾਇਆ ਜਾਂਦਾ ਸੀ, ਜਿਹੜਾ ਗਲੋਟੇ ਨੂੰ ਅੱਗੇ ਨਹੀਂ ਜਾਣ ਦਿੰਦਾ ਸੀ। ਇਹ ਚਰਖੇ ਖ਼ਾਸ ਕਾਰੀਗਰਾਂ ਦੁਆਰਾ ਤਿਆਰ ਕੀਤੇ ਜਾਂਦੇ ਸਨ। ਕਈ ਕਾਰੀਗਰ ਦਾਜ ਵਿੱਚ ਦਿੱਤੇ ਜਾਣ ਵਾਲੇ ਚਰਖਿਆਂ ਉੱਤੇ ਸ਼ੀਸ਼ੇ, ਮੋਤੀਆਂ ਦੀ ਕਾਰਾਗੀਰੀ ਕਰਦੇ ਸਨ, ਜਿਹੜੇ ਬਹੁਤ ਸੋਹਣੇ ਲੱਗਦੇ ਸਨ।

ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੂਤ ਕੱਤ ਕੇ ਧੀ ਲਈ ਦਾਜ ਤਿਆਰ ਕਰਨਾ 

ਪਹਿਲਾਂ ਸੁਆਣੀਆਂ ਖੇਤਾਂ ਵਿੱਚੋਂ ਕਪਾਹ ਜਾਂ ਨਰਮਾ ਚੁਘ ਕੇ ਲਿਆਉਂਦੀਆਂ ਸਨ ਫਿਰ ਉਸਨੂੰ ਪੇਂਜੇ ਦੀ ਸਹਾਇਤਾ ਨਾਲ ਵਲਾ ਕੇ ਉਸ ਤੋਂ ਰੂੰ ਤਿਆਰ ਕਰ ਲਈ ਜਾਂਦੀ ਸੀ। ਅੱਗੇ ਕਾਨੀ ਦੀ ਸਹਾਇਤਾ ਨਾਲ ਉਸ ਵਲਾਈ ਹੋਈ ਰੂੰ ਦੀਆਂ ਪੱਲੀ ਉੱਪਰ ਪੂਣੀਆਂ ਬਣਾ ਲਈਆਂ ਜਾਂਦੀਆਂ ਸਨ। ਇਸ ਕੰਮ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਸੁਆਣੀਆਂ ਦੀ ਮਦਦ ਵਿੱਚ ਜੁੱਟ ਜਾਂਦੇ ਸਨ, ਕੀ ਸਿਆਣੇ ਕੀ ਨਿਆਣੇ। ਜਦੋਂ ਬਹੁਤ ਸਾਰੀਆਂ ਪੂਣੀਆਂ ਬਣ ਜਾਂਦੀਆਂ ਸਨ ਤਾਂ ਔਰਤਾਂ ਦੁਪਹਿਰ ਵੇਲੇ ਕੰਮ ਧੰਦਾ ਕਰਕੇ ਦਰਵਾਜ਼ੇ ਵਿੱਚ ਚਰਖਾ ਡਾਹ ਕੇ ਪੂਣੀਆਂ ਕੱਤਦੀਆਂ ਸਨ। ਕਈ ਵਾਰੀ ਆਂਢ-ਗੁਆਂਢ ਦੀਆਂ ਮੁਟਿਆਰਾਂ ਕੱਠੀਆ ਹੋ ਕੇ ਇੱਕ ਘਰ ਵਿੱਚ ਬਹਿ ਕੇ ਚਰਖੇ ਕੱਤਦੀਆਂ ਸਨ। ਇਹ ਚਰਖੇ 'ਤੇ ਕੱਤਿਆ ਸੂਤ ਘਰ ਵਿੱਚ ਮੁਟਿਆਰ ਹੋ ਰਹੀ ਧੀ ਲਈ ਦਾਜ ਦੇ ਰੂਪ ਵਿੱਚ ਦਿੱਤੇ ਜਾਣ ਵਾਲੇ ਬਿਸਤਰੇ, ਦਰੀਆਂ ਖੇਸ , ਚਾਦਰਾਂ ਅਤੇ ਮੰਜੇ ਆਦਿ ਬਣਾਉਣ ਲਈ ਕੱਤਦੀਆਂ ਸਨ। ਕਈ ਮੁਟਿਆਰਾਂ ਸਾਂਝੀ ਜਗ੍ਹਾ ਉੱਪਰ ਪਿੱਪਲਾਂ ਬੋਹੜਾਂ ਦੀ ਸੰਘਣੀ ਛਾਂ ਹੇਠ ਬੈਠ ਕੇ ਚਰਖੇ ਕੱਤਦੀਆਂ, ਚਾਦਰਾਂ ਕੱਢਦੀਆਂ ਅਤੇ ਬਾਗ ਬਗੀਚੇ ਤਿਆਰ ਕਰਦੀਆਂ ਸਨ, ਉਸ ਥਾਂ ਨੂੰ ਤਿੰਝਣ ਕਿਹਾ ਜਾਂਦਾ ਸੀ। ਇਹ ਮੁਟਿਆਰਾਂ ਕੱਤਦੀਆਂ ਦੇ ਮੂੰਹੋਂ ਆਪ ਮੁਹਾਰੇ ਕਈ ਲੋਕ ਗੀਤ ਮੂੰਹਾਂ 'ਤੇ ਉਮੜ ਆੳਂਦੇ ਸਨ ਜਿਵੇਂ-
ਮੈਂ ਕੱਤਾ ਪ੍ਰੀਤਾਂ ਨਾਲ, 
ਚਰਖਾ ਚੰਨਣ ਦਾ,
ਸ਼ਾਵਾ ! ਚਰਖਾ ਚੰਨਣ ਦਾ 

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਚਰਖਾ ਕੱਤਣਾ ਵਰਜ਼ਿਸ਼ ਬਰਾਬਰ ਹੁੰਦਾ ਸੀ

ਇਹ ਕਿੱਤੇ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸਨ, ਜੋ ਸਾਨੂੰ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਦਿੰਦੇ ਸਨ। ਰਾਤ ਸਮੇਂ ਛੋਪ ਪਾਉਣ ਦੀ ਰਵਾਇਤ ਉਸ ਸਮੇਂ ਆਮ ਪ੍ਰਚਲਿਤ ਸੀ, ਦੁਪਹਿਰ ਵੇਲੇ ਔਰਤਾਂ ਆਪਣੇ ਖੇਤੀ ਬੰਨੀ ਦੇ ਕੰਮ ਵਿੱਚ ਰੁੱਝੀਆਂ ਹੁੰਦੀਆਂ ਸਨ। ਰਾਤ ਨੂੰ ਕੰਮ ਧੰਦਾ ਨਬੇੜਨ ਤੋਂ ਬਾਅਦ ਘਰਾਂ ਦੀਆਂ ਔਰਤਾਂ ਤੱਕੜੀ ਜਾਂ ਕਿਸੇ ਹੋਰ ਕਿਸੇ ਪੈਮਾਨੇ ਨਾਲ ਇੱਕੋਂ ਜਿਹੀਆਂ ਪੂਣੀਆਂ ਵੰਡ ਕੇ ਛੋਪ ਪਾ ਲੈਦੀਆਂ ਸਨ, ਜਦੋਂ ਤੱਕ ਪੂਰੀਆਂ ਪੂਣੀਆਂ ਨਾ ਕੱਤੀਆਂ ਜਾਂਦੀਆਂ ਕੋਈ ਵੀ ਆਪਣੇ ਘਰ ਨਹੀਂ ਜਾਂਦੀ ਸੀ। ਜਿਹੜੀ ਔਰਤ ਜਾਂ ਮੁਟਿਆਰ ਪਹਿਲਾਂ ਪੂਣੀਆਂ ਕੱਤ ਲੈਦੀਂ ਫਿਰ ਉਸਨੂੰ ਦੂਜੀਆਂ ਮੁਟਿਆਰਾਂ ਇਨਾਮ ਵਜੋਂ ਚੰਗੀ ਜੀ ਚਾਹ ਕਰਕੇ ਪਿਆਉਂਦੀਆਂ ਸਨ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ। ਫਿਰ ਇਨ੍ਹਾਂ ਚਰਖਾ ਕੱਤਣ ਵਾਲੀਆਂ ਦਾ ਕਦੇ ਕੋਈ ਅੰਗ ਪੈਰ ਨਹੀਂ ਦੁਖਿਆ ਸੀ ਸਗੋਂ ਬਾਹਾਂ ਦੀ ਤਾਕਤ ਬਹੁਤ ਹੁੰਦੀ ਸੀ। ਔਰਤਾਂ ਕੰਮ ਵਿੱਚ ਮਰਦਾਂ ਦੇ ਬਰਾਬਰ ਪੁੱਗਦੀਆਂ ਸਨ। ਪੰਜਾਬੀ ਵਿੱਚ ਚਰਖੇ ਨਾਲ ਜੁੜੇ ਅਨੇਕਾਂ ਤਰ੍ਹਾਂ ਦੇ ਲੋਕ ਗੀਤ, ਟੱਪੇ ਅਤੇ ਬੋਲੀਆਂ ਸਾਡੇ ਦਿਲਾਂ ’ਤੇ ਅੱਜ ਵੀ ਰਾਜ ਕਰਦੇ ਹਨ। ਜਿਵੇਂ: 
ਬਜ਼ਾਰ ਵਿਕੇਂਦੀ ਬਰਫ਼ੀ 
ਮੈਨੂੰ ਲੈ ਦੇ ਵੇ ਨਿੱਕੀ ਜਿਹੀ ਚਰਖੀ
ਚਰਖਾ ਮੇਰਾ ਰੰਗ ਰੰਗੀਲਾ
ਕੌਡੀਆ ਨਾ ਸਜਾਇਆ

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਲੋਕ ਗੀਤਾਂ ਵਿੱਚ ਨਣਾਨ-ਭਰਜਾਈ ਦੇ ਰਿਸ਼ਤੇ ਦਾ ਜਿਕਰ 

ਇੱਕ ਸਮਾਂ ਅਜਿਹਾ ਸੀ ਜਦੋਂ ਹਰ ਘਰ ਅੰਦਰ ਚਰਖੇ ਦੀ ਘੂਕਰ ਸੁਣਾਈ ਦਿੰਦੀ ਸੀ। ਵਿਹੜੇ ਵਿੱਚ ਬੈਠੀ ਘਰ ਦੀ ਕੋਈ ਨਾ ਕੋਈ ਔਰਤ ਚਰਖਾ ਕੱਤ ਰਹੀ ਦਿਖਾਈ ਦਿੰਦੀ ਸੀ, ਉਸਦੇ ਛਿੱਕੂ ਵਿੱਚ ਵਿੱਚ ਪੂਣੀਆਂ ਰੱਖੀਆ ਹੋਈਆ ਕਰਦੀਆਂ ਸਨ। ਪੂਣੀਆਂ ਕੱਤ ਕੱਤ ਕੇ ਗਲੋਟੇ ਬੋਹਟੇ ਵਿੱਚ ਰੱਖੀ ਜਾਂਦੀ ਸੀ। ਇਹ ਗਲੋਟੇ ਅਟੇਰਨੇ ਦੀ ਸਹਾਇਤਾ ਨਾਲ ਅੱਟੀਆਂ ਬਣਾ ਲਈਆਂ ਜਾਂਦੀਆਂ ਸਨ ਫਿਰ ਇਹ ਅੱਟੀਆਂ ਨੂੰ ਆਪਣੀਆਂ ਰੀਝਾਂ ਦੇ ਰੰਗਾਂ ਦੀ ਪਾਨ ਚਾੜ ਲਈ ਜਾਂਦੀ ਸੀ। ਇਹ ਰੰਗਿਆ ਹੋਇਆ ਸੂਤ ਖੱਡੀ ਦੀ ਸਹਾਇਤਾ ਨਾਲ ਗਦੇਲੇ, ਖੇਸ ਚਾਦਰਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਇਸ ਕੰਮ ਵਿੱਚ ਊਰੀ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਜਿਸ ਉੱਪਰ ਅੱਟੀ ਚੜ੍ਹਾ ਕੇ ਚਰਖੇ ਦੀ ਮਦਦ ਨਾਲ ਘੁਮਾਇਆ ਜਾਂਦਾ ਸੀ। ਸੱਚੋਂ ਜਾਣੋ ਕਿੰਨਾ ਸਕੂਨ ਮਿਲਦਾ ਸੀ ਇਸ ਤਰ੍ਹਾਂ ਹੱਥੀ ਕੰਮ ਕਰਕੇ ਆਪਣੇ ਸੁਪਨਿਆਂ ਨੂੰ ਸਕਾਰ ਹੁੰਦਾ ਦੇਖ ਕੇ ਮੁਟਿਆਰਾ ਦਾ ਚਾਅ ਫੁੱਲਿਆ ਨਹੀਂ ਸਮਾਉਂਦਾ ਸੀ।ਘਰ ਵਿੱਚ ਵੱਡੇ ਭਰਾ ਦੇ ਘਰ ਵਾਲੀ ਭਾਬੀ ਆਪਣੀ ਨਣਾਨ ਲਈ ਦਾਜ ਦਾ ਸਮਾਨ ਤਿਆਰ ਕਰਨ ਵਿੱਚ ਉਸਦੀ ਮਦਦ ਕਰਦੀ ਸੀ, ਜਿਸ ਨਾਲ ਨਣਾਨ ਭਰਜਾਈ ਦੇ ਰਿਸ਼ਤੇ ਨੂੰ ਇੱਕ ਪਾਕੀਜਗੀ ਮਿਲਦੀ ਸੀ। ਪੰਜਾਬੀ ਦੇ ਬਹੁਤ ਸਾਰੇ ਲੋਕ ਗੀਤਾਂ ਵਿੱਚ ਚਰਖੇ ਦੇ ਨਾਲ-ਨਾਲ ਨਣਾਨ ਭਰਜਾਈ ਦੇ ਰਿਸ਼ਤੇ ਦਾ ਜ਼ਿਕਰ ਆਉਂਦਾ ਹੈ: 
ਭਿੱਜ ਗਈਆਂ ਨਣਾਨੇ ਪੂਣੀਆਂ ,
ਨਾਲੇ ਬਾਹਰੇ ਭਿੱਜ ਗਏ ਚਰਖੇ।

ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

ਮਾਂ ਆਪਣੀ ਜਵਾਨ ਹੋਈ ਧੀ ਦੇ ਵਿਆਹ ਲਈ ਉਸਦੇ ਵਿਆਹ ਸਮੇਂ ਦਿੱਤੇ ਜਾਣ ਵਾਲੇ ਚਰਖੇ ਨੂੰ ਖਾਸ ਕਾਰੀਗਰ ਤੋਂ ਸ਼ੀਸ਼ੇ ਅਤੇ ਕੋਕੇ ਲਗਵਾ ਕੇ ਬਣਾਉਂਦੀ ਸੀ। ਜਿਸਨੂੰ ਉਸਦੇ ਸਹੁਰੇ ਪਰਿਵਾਰ ਦੀਆ ਔਰਤਾਂ ਦੇਖ ਕੇ ਦੰਗ ਰਹਿ ਜਾਂਦੀਆਂ ਸਨ, ਜਿਸਦਾ ਜਿਕਰ ਇੱਕ ਲੋਕ ਗੀਤ ਵਿੱਚ ਇਉਂ ਕੀਤਾ ਗਿਆ ਹੈ :
ਮਾਂ ਮੇਰੀ ਨੇ ਚਰਖਾ ਦਿੱਤਾ
ਵਿੱਚ ਸ਼ੀਸ਼ੇ , ਕੋਕੇ ਤੇ ਮੇਖਾਂ
ਮਾਏ ਤੈਨੂੰ ਯਾਦ ਕਰਾਂ
ਜਦ ਚਰਖੇ ਵੱਲ ਦੇਖਾਂ।

ਜੇ ਕਿਸੇ ਮੁਟਿਆਰ ਨੂੰ ਦਾਜ ਵਿੱਚ ਚਰਖਾ ਨਾ ਦਿੱਤਾ ਜਾਂਦਾ ਤਾਂ ਉਹ ਆਪਣੇ ਕੰਤ ਤੋਂ ਚਰਖੇ ਦੀ ਮੰਗ ਕਰਦੀ ਹੈ। ਜੇ ਕਿਸੇ ਮੁਟਿਆਰ ਦਾ ਪਤੀ ਰੋਜ਼ੀ ਰੋਟੀ ਲਈ ਪ੍ਰਦੇਸ਼ ਗਿਆ ਹੋਵੇ ਤਾਂ ਉਹ ਵੀ ਚਰਖੇ ਦੇ ਹਰ ਗੇੜੇ ਆਪਣੇ ਮਾਹੀ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ : 
ਚਰਖੇ ਦੇ ਹਰ ਹਰ ਗੇੜੇ
ਮਾਹੀ ਮੈਂ ਤੈਨੂੰ ਯਾਦ ਕਰਾਂ

ਅੱਗ ਦੀ ਬਲੀ ਚੜ੍ਹ ਰਿਹਾ ਚਰਖਾ

ਪਰ ਕੀ ਪਤਾ ਸੀ ਸਮੇਂ ਦੀਆਂ  ਮਾਰੂ ਹਵਾਵਾਂ ਚਰਖੇ ਨੂੰ ਇਉਂ ਤੋੜ ਮਰੋੜ ਕੇ ਆਪਣੇ ਨਾਲ ਉਡਾ ਲੈ ਜਾਣਗੀਆਂ ਅਤੇ ਉਹ ਚਰਖੇ ਕੱਤਣ ਵਾਲੀਆ ਸੁਆਣੀਆਂ ਕਿੱਧਰੇ ਗੁੰਮ ਹੋ ਜਾਣਗੀਆਂ। ਚਰਖਾ ਅਜੋਕੇ ਪੰਜਾਬੀ ਸੱਭਿਆਚਾਰ ਵਿੱਚ ਅਲੋਪ ਹੋ ਚੁੱਕਿਆ ਹੈ। ਬਹੁਤੇ ਘਰਾਂ ਨੇ ਇਸ ਚਰਖੇ ਨੂੰ ਵਾਧੂ ਦਾ ਸਮਾਨ ਸਮਝ ਕੇ ਅੱਗ ਦੀ ਬਲੀ ਚਾੜ ਦਿੱਤਾ ਹੈ। ਕੋਈ ਵਿਰਲਾ ਘਰ ਹੀ ਹੋਵੇਗਾ ਜਿੱਥੇ ਕਿਸੇ ਔਰਤ ਨੇ ਇਸ ਚਰਖੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਚਰਖੇ ਹੁਣ ਤਾਂ ਸਿਰਫ ਸਕੂਲ ਕਾਲਜਾਂ ਦੀਆਂ ਸਟੇਜਾਂ ਅਤੇ ਡੀ.ਜੇ ਸਿਸਟਮ ਵਾਲੀਆਂ ਦੀਆਂ ਪਾਰਟੀਆਂ ਦੁਆਰਾ ਸਟੇਜਾਂ ਉੱਤੇ ਸੱਭਿਆਚਾਰ ਦੇ ਪਛਾਣ ਚਿੰਨ੍ਹ ਦੇ ਤੌਰ ’ਤੇ ਸ਼ਿੰਗਾਰ ਕੇ ਰੱਖੇ ਜਾਂਦੇ ਹਨ। ਜੇ ਕਿਸੇ ਘਰ ਵਿੱਚ ਇਹ ਚਰਖਾ ਬਚਿਆ ਵੀ ਹੋਵੇ ਤਾਂ ਇਹ ਵੀ ਪੜਛੱਤੀ 'ਤੇ ਪਿਆ ਮੁਟਿਆਰ ਜਾਂ ਕਿਸੇ ਸੁਆਣੀ ਦੀ ਛੋਹ ਲਈ ਤਰਸ ਰਿਹਾ ਹੋਵੇਗਾ। ਪੰਜਾਬੀ ਦੇ ਇਕ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਨੇ ਇੱਕ ਗੀਤ ਰਾਹੀਂ ਕਿਹਾ ਸੀ ਕਿ ਚਰਖਾ ਰੋਂਦਾ ਦੇਖਿਆ ਮੈਂ ਮੁਟਿਆਰ ਬਿਨਾ, ਬਿਲਕੁੱਲ ਸੋਲਾਂ ਆਨੇ ਸੱਚੀ ਗੱਲ ਹੈ। ਇਹ ਚੰਦਰੀਆਂ ਵਿਦੇਸ਼ੀ ਤਕਨੀਕਾਂ ਸਾਡੇ ਤੋਂ ਸਾਡੇ ਲੋਕ ਕਿੱਤੇ ਰੂਪੀ ਚਰਖੇ ਦੇ ਹੱਥੀ ਕੰਮ ਨੂੰ ਖੋਹ ਕੇ ਲੈ ਗਈਆਂ।

ਸਤਨਾਮ ਸਮਾਲਸਰੀਆ
ਸੰਪਰਕ: 9710860004

rajwinder kaur

This news is Content Editor rajwinder kaur