ਪੰਜਾਬ, ਪੰਜਾਬੀ ਅਤੇ ਪੰਜਾਬੀਅਤ

12/08/2019 4:34:23 PM

ਜਿਵੇਂ ਜਿਸਮ ਅਤੇ ਰੂਹ ਦੇ ਸੁਮੇਲ ਨਾਲ ਜ਼ਿੰਦਗਾਨੀ ਮਿਲਦੀ ਹੈ, ਠੀਕ ਉਸੇ ਤਰ੍ਹਾਂ  ਪੰਜਾਬੀ ਨਾਲ ਪੰਜਾਬ ਅਤੇ ਪੰਜਾਬੀਅਤ ਮਿਲਦੀ ਹੈ।  ਰੂਹ ਤੋਂ ਬਿਨ੍ਹਾਂ ਜਿਸਮ ਬੇਜ਼ਾਨ ਅਤੇ ਪੰਜਾਬੀ ਤੋਂ ਬਿਨ੍ਹਾਂ ਪੰਜਾਬ ਅਤੇ ਪੰਜਾਬੀਅਤ ਵੀ ਬੇਜ਼ਾਨ ਹੁੰਦੀ ਹੈ। ਸ਼ੁਰੂ ਤੋਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਪੰਜਾਬੀਆਂ ਵੱਲੋ ਕੀਤੇ ਜਾਂਦੇ ਰਹੇ, ਪਰ ਪੰਜਾਬੀ ਦੇ ਸਿਰ ਤੇ ਰਾਜ ਭਾਗ ਪ੍ਰਾਪਤ ਕਰਨ ਵਾਲੀਆਂ ਧਿਰਾਂ ਪੰਜਾਬੀ ਅਤੇ ਪੰਜਾਬ ਲਈ ਉਹ ਸੰਦੇਸ਼ ਨਾ ਦੇ ਸਕੀਆਂ ਜਿਸ ਦੀ ਪੰਜਾਬੀਆਂ ਨੂੰ ਆਸ ਸੀ ।  
1947 ਦੇ ਬਟਵਾਰੇ ਨੇ ਦੇਸ਼ ਦੀ ਅਜ਼ਾਦੀ ਦਾ ਜੂਨ ਪੰਜਾਬ ਲਈ ਜਾਨ ਦਾ ਖੌਫ ਬਣ ਦਿੱਤਾ ਸੀ। ਇਸ ਵਿੱਚ ਪੰਜਾਬ ਅਤੇ ਪੰਜਾਬ ਦੇ ਪਾਣੀ ਦੋ ਫਾੜ ਹੋ ਕੇ  ਆਪਣਾ ਮੂਲ  ਗਵਾ  ਗਏ । 1948 ਦੀ ਭਾਸ਼ਾ ਕਮਿਸ਼ਨ ਦੀ ਰਿਪੋਰਟ ਨੇ ਪੰਜਾਬੀ ਨੂੰ ਬਣਦੇ ਰੁਤਬੇ ਉੱਤੇ ਰੱਖਿਆ। 1 ਨਵੰਬਰ 1966 ਵਿੱਚ ਪੰਜਾਬੀ ਸੂਬੇ ਦੀ ਹੋਂਦ ਬਣਨ ਤੋਂ ਬਾਅਦ ਜਨਵਰੀ 1968 ਵਿੱਚ ਪੰਜਾਬੀ ਭਾਸ਼ਾ ਲਾਗੂ ਹੋਈ ਹਰ ਤਰ੍ਹਾਂ ਦੀ ਜਾਗਰੂਕਤਾ ਅਤੇ
ਉਪਰਾਲਿਆਂ ਤੋਂ ਬਾਅਦ ਵੀ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾਅ ਉੱਤੇ ਲੱਗੀ ਹੋਈ ਹੈ। ਧੜਾ ਧੜ ਪੰਜਾਬੀ ਜਿਸ ਰਫਤਾਰ ਨਾਲ ਵਿਦੇਸ਼ ਜਾ ਰਹੇ ਹਨ, ਉਸ ਨਾਲ ਸਾਡੇ ਸਿਸਟਮ ਅਤੇ ਰਾਜਨੀਤਕ ਗਲਿਆਰਿਆ ਨੇ ਸਾਨੂੰ ਨਿਰਾਸ਼ਾ ਦਾ ਆਲਮ ਦਿੱਤਾ ਹੈ। ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬੇ ਦੀ ਬਣੀ ਹੋਂਦ ਵੀ ਪੰਜਾਬੀ ਭਾਸ਼ਾ ਲਈ ਜੱਦੋ ਜਹਿਦ ਵਿੱਚ ਰਹਿੰਦੀ ਹੈ। ਇਹ ਕੋਈ ਦੂਰਰਸੀ ਨਤੀਜੇ ਵੀ ਨਹੀਂ ਦੇ ਸਕੀ।
ਪੰਜਾਬ ਪਿੱਛਲੇ 20 ਕੁ ਸਾਲਾਂ ਤੋਂ ਸਿਹਤ ਅਤੇ ਸਿੱਖਿਆ ਪੱਖੋਂ ਜਿਸ ਤਰ੍ਹਾਂ ਗ੍ਰਸਿਆ ਉਸ ਤੋਂ ਲੱਗਦਾ ਹੈ ਕਿ ਭਵਿੱਖ ਅਨਿਸ਼ਚਿੰਤਾ ਵਾਲਾ  ਹੈ ।  ਹੁਣ ਪੰਜਾਬ ਤੋਂ ਬਾਅਦ ਪੰਜਾਬੀ ਲਈ ਵੀ ਰਾਜਨੀਤਕ ਵੰਗਾਰਾਂ ਸ਼ੁਰੂ ਹੋਣ ਲੱਗੀਆਂ ਹਨ। ਇਸ ਸਭ ਕਾਸੇ ਦਾ ਹੱਲ ਉਹਨਾਂ ਲੋਕਾਂ ਕੋਲ ਹੁੰਦਾ ਹੈ । ਜੋ ਪੰਜਾਬੀ ਦੇ ਸਿਰ ਤੇ ਰਾਜ ਕਰਦੇ ਹਨ। ਅਫਸੋਸ ਇਸ ਗੱਲ ਦਾ ਵੱਧ ਹੁੰਦਾ ਹੈ, ਜਦੋਂ ਰਾਜਨੀਤੀ ਸੱਤਾ ਹੱਥਿਆ ਕੇ ਪੰਜਾਬ ਅਤੇ ਪੰਜਾਬੀ ਨੂੰ
ਭੁੱਲ ਜਾਂਦੀ ਹੈ। ਕੁਝ ਖੁਰਾਸਾਨੀ ਦੁਲੱਤੇ ਮਾਰਨ ਵਾਲੇ ਪੰਜਾਬ ਵਿੱਚ ਰਹਿ ਕੇ ਪੰਜਾਬੀ ਨੂੰ ਠੀਕ ਨਹੀਂ ਸਮਝਦੇ। ਅੰਦਰ ਝਾਤ ਮਾਰ ਕੇ ਦੇਖੀਏ ਅਸੀਂ ਮਜ਼ਹਬ ਦੇ ਪੱਕੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੇ ਇਸ ਦੇ ਨਾਲ ਪੰਜਾਬੀ ਜ਼ੁਬਾਨ ਅਤੇ ਪੰਜਾਬ ਦੇ ਹੱਕਾਂ ਦੇ ਵੀ ਪੱਕੇ ਹੋ ਜਾਈਏ ਤਾਂ ਸੋਨੇ ਤੇ
ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਨਾਲ ਭਾਈਚਾਰਕ ਏਕਤਾ ਬਹੁਤ ਵਧੇਗੀ ।
ਹਰ ਸਾਲ ਪੰਜਾਬੀ ਸੂਬੇ ਦੀ ਵਰ੍ਹੇਗੰਢ ਅਤੇ ਪੰਜਾਬੀ ਭਾਸ਼ਾ ਹਫਤਾ ਮਨਾ ਕੇ ਡੰਗ ਟਪਾ ਲਿਆ ਜਾਂਦਾ ਹੈ। ਅਸਲ ਮੁੱਦੇ ਅਤੇ ਹੱਕ ਨਜ਼ਰ ਅੰਦਾਜ਼ ਕਰ ਦਿੱਤੇ ਜਾਂਦੇ ਹਨ। ਇਸ ਸਭ ਕੁਝ ਨੂੰ ਸੁਣਦਿਆਂ, ਪੜ੍ਹਦਿਆਂ ਨੂੰ ਬਹੁਤ ਚਿਰ ਹੋ ਚੁੱਕਾ ਹੈ । ਅੱਜ ਪੰਜਾਬ ਅਤੇ ਪੰਜਾਬੀ ਲਈ  ਨਵੇਂ ਰਾਹ ਅਪਣਾਉਣ ਅਤੇ  ਨਵੇਂ ਸੁਨੇਹੇ ਦੇਣ ਦੀ ਵੱਡੀ ਲੋੜ ਹੈ। ਸਮੇਂ ਦੀ ਹਕੂਮਤ ਜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਸਰਅੰਦਾਜ਼ ਕਰਕੇ ਤਾਲਮੇਲ ਬਿਠਾ ਕੇ ਸਖਤ ਨਿਯਮਾਂਵਲੀ ਨਿਰਧਾਰਤ ਕਰੇ ਇਸ ਨਾਲ ਸੁਨਹਿਰੀ ਭਵਿੱਖ ਦੀ ਆਸ ਬੱਝੇਗੀ। ਇਸ ਤੋਂ ਵੱਡਾ ਹੋਰ ਕੋਈ ਪੁੰਨ ਕਰਮ ਵੀ ਨਹੀਂ ਹੋ ਸਕਦਾ  ।  


ਸੁਖਪਾਲ ਸਿੰਘ ਗਿੱਲ
9878111445    
ਅਬਿਆਣਾ ਕਲਾਂ   

Aarti dhillon

This news is Content Editor Aarti dhillon