ਸ਼ਬਦਾਂ ਦੀ ਵਿਰਾਸਤ ਨੂੰ ਸੰਭਾਲਦਿਆਂ...

12/02/2020 4:35:45 PM

ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਿਛਲੇ ਸਾਲ ਤੋਂ ਰੋਜ਼ਾਨਾ ਇਕ ਪੰਜਾਬੀ ਅਤੇ ਇਕ ਅੰਗਰੇਜ਼ੀ ਸ਼ਬਦ ਸਕੂਲਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਇੱਥੇ ਅੱਜ ਪੰਜਾਬੀ ਸ਼ਬਦਾਂ ਦੀ ਗੱਲ ਕਰਾਂਗੇ। ਵਿਭਾਗ ਵਲੋਂ ਇਹ ਸਿਲਸਿਲਾ ਪਿਛਲੇ ਸਾਲ ਸ਼ੁਰੂ ਕੀਤਾ ਸੀ ਜਿਸਨੂੰ ਚੰਗਾ ਉਪਰਾਲਾ ਕਿਹਾ ਜਾ ਸਕਦਾ ਹੈ। ਇਹ ਸ਼ਬਦ ਸੂਬਾ ਪੱਧਰ ਤੋਂ ਹੁੰਦਾ ਹੋਇਆ ਸਕੂਲ ਪੱਧਰ ਤੱਕ ਹਰ ਵਿਦਿਆਰਥੀ ਤੱਕ ਪਹੁੰਚ ਜਾਂਦਾ ਹੈ। ਕੋਈ ਸਮਾਂ ਹੁੰਦਾ ਸੀ ਕਿ ਇਕ ਨਿੱਕੀ ਜਿਹੀ ਗੱਲ ਕਹਿਣ ਲਈ ਵੀ ਵਿਭਾਗ ਨੂੰ ਮੀਟਿੰਗਾਂ ਸੱਦਣੀਆਂ ਪੈਂਦੀਆਂ ਸਨ ਪਰ ਮੀਡੀਏ ਦੀ ਕ੍ਰਾਂਤੀ ਸਦਕਾ ਇਹ ਕੰਮ ਸੁਖਾਲ਼ਾ ਹੋ ਗਿਆ ਹੈ। ਵਿਦਿਆਰਥੀਆਂ ਦਾ ਇਹਨਾਂ ਸ਼ਬਦਾਂ ਨਾਲ ਨਾਤਾ ਜੁੜ ਰਿਹਾ ਹੈ। ਵਿਦਿਆਰਥੀ ਅੱਜ ਦੇ ਸ਼ਬਦ ਨੂੰ ਬੜੀ ਉਤਸੁਕਤਾ ਨਾਲ ਉਡੀਕ ਦੇ ਹਨ। ਇਹ ਸ਼ਬਦ ਭਾਵੇਂ ਪੁਰਾਣੇ ਹੁੰਦੇ ਹਨ ਪਰ ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤੇ ਜਾਂਦੇ ਹਨ। ਮਾਹਿਰਾਂ ਵਲੋਂ ਇਸ ਢੰਗ ਨਾਲ ਵਿਸਥਾਰ ਕੀਤਾ ਹੁੰਦਾ ਹੈ ਕਿ ਵਿਦਿਆਰਥੀ ਦਿਲਚਸਪੀ ਲੈਂਦੇ ਹਨ। ਇਹ ਸ਼ਬਦ ਹੀ ਹਨ ਜੋ ਇਕ ਬੰਦੇ ਨੂੰ ਦੂਜੇ ਨਾਲੋਂ ਵੱਖ ਕਰਦੇ ਹਨ। ਇਹ ਸ਼ਬਦ ਹੀ ਹਨ ਜਿਹੜੇ ਕਿਸੇ ਚੰਗੇ ਭਲੇ ਬੰਦੇ ਦੇ ਕੋਮਲ ਮਨ 'ਤੇ ਜਖਮ ਕਰ ਸਕਦੇ ਹਨ ਅਤੇ ਪਿਆਰ ਦੇ ਕੁਝ ਸ਼ਬਦ ਜਖਮਾਂ 'ਤੇ ਫੈਹੇ ਬੰਨ੍ਹਣ ਦੀ ਸਮਰੱਥਾ ਰੱਖਦੇ ਹਨ। ਕਿਸੇ ਦੇ ਮੂੰਹੋਂ ਮੁਰਦਾ ਬੋਲੂੰ ਕੱਫਣ ਪਾੜੂੰ ਵਾਂਗ ਕੋਈ ਸ਼ਬਦ ਸੁਣਨ ਨੂੰ ਜੀਅ ਨਹੀਂ ਕਰਦਾ ਪਰ ਕਈਆਂ ਦੇ ਮੂੰਹੋਂ ਸ਼ਬਦ ਰੂਪੀ ਫੁੱਲ ਕਿਰਦੇ ਹਰ ਕੋਈ ਚੁਗਣਾ ਲੋਚਦਾ ਹੈ। ਇਹ ਸ਼ਬਦ ਹੀ ਹਨ ਜੋ ਡਿੱਗੇ ਹੋਏ ਨੂੰ ਉਠਾ ਸਕਦੇ ਹਨ ਅਤੇ ਉੱਠੇ ਹੋਏ ਨੂੰ ਮੰਜ਼ਿਲ ਵੱਲ੍ਹ ਤੋਰ ਸਕਦੇ ਹਨ। ਸ਼ਬਦਾਂ ਦੀ ਵਰਤੋਂ ਕਿਸੇ ਹੰਢੇ-ਵਰਤੇ ਮਿਸਤਰੀ ਵਾਂਗ ਹੈ ਜਿਸ ਨੂੰ ਭਲੀਭਾਂਤ ਪਤਾ ਹੁੰਦਾ ਹੈ ਕਿ ਕਿਹੜੀ ਇੱਟ ਕਿੱਥੇ ਜੜਨੀ ਹੈ ਅਤੇ ਸੁੰਦਰ ਮਹਿਲ ਉਸਾਰਨਾ ਹੈ। ਸ਼ਬਦਾਂ ਦੀ ਢੁੱਕਵੀਂ ਵਰਤੋਂ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ। ਇਕ ਪ੍ਰਸਿੱਧ ਲੇਖਕ ਅਨੁਸਾਰ ਰੱਬ ਨੇ ਨਦੀਆਂ ਬਣਾਈਆਂ, ਸੋਹਣੇ ਪਹਾੜ ਬਣਾਏ, ਸੁੰਦਰ ਦ੍ਰਿਸ਼ ਸਿਰਜੇ ਪਰ ਸ਼ਬਦਾਂ ਤੋਂ ਸੁੰਦਰ ਕੋਈ ਚੀਜ਼ ਬਣਾ ਨਾ ਸਕਿਆ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਜਫਰਨਾਮਾ ਭਾਵ ਜਿੱਤ ਦੀ ਚਿੱਠੀ ਨੇ ਔਰੰਗਜ਼ੇਬ ਦੀ ਹਾਲਤ ਪਾਗਲਾਂ ਵਰਗੀ ਬਣਾ ਦਿੱਤੀ ਸੀ।

PunjabKesari
ਵਿਭਾਗ ਵਲੋਂ ਭੇਜੇ ਸ਼ਬਦ 'ਪਰਾਗਾ' ਦਾ ਜ਼ਿਕਰ ਕਰਦੇ ਹਾਂ। ਭੁੱਲਿਆ ਵਿਸਰਿਆ ਇਹ ਸ਼ਬਦ ਪੰਜਾਬੀ ਸੱਭਿਆਚਾਰ ਦੇ ਅਹਿਮ ਅੰਗ ਭੱਠੀ ਦੀ ਯਾਦ ਤਾਜ਼ਾ ਕਰ ਗਿਆ। ਭੱਠੀ 'ਚ ਭੁੰਨੇ ਜਾਣ ਵਾਲੇ ਪਰਾਗੇ ਪਿੰਡਾਂ ਵਿਚਲੀ ਸਾਂਝ ਦਾ ਸਬੱਬ ਹੁੰਦੇ ਸਨ। ਇਸ ਪ੍ਰਕਾਰ ਹੋਰ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਹਨਾਂ ਦਾ ਇੱਥੇ ਵਿਸਥਾਰ ਦੇਣਾ ਔਖਾ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਨਾਲ ਜੋੜਨਾ ਅਮੀਰ ਸੱਭਿਆਚਾਰ ਨਾਲ ਸਾਂਝ ਪੱਕੀ ਕਰਨਾ ਹੈ। ਪੰਜਾਬ ਦੇ ਪੇਂਡੂ ਖੇਤਰਾਂ 'ਚ ਚੱਲਦੇ ਕਬੱਡੀ ਮੈਚਾਂ 'ਚ ਆਮ ਦੇਖਿਆ ਹੈ ਕਿ ਹੰਢੇ-ਵਰਤੇ ਕੁਮੈਂਟਰੀ ਕਰਨ ਵਾਲੇ ਦੇ ਬੋਲ ਸੁਣਨ ਨਾਲ ਮੈਚ ਦੇਖਣ ਦਾ ਅਨੰਦ ਦੂਣਾ ਹੋ ਜਾਂਦਾ ਹੈ। ਹੁਣ ਛੋਟੇ ਪਿੰਡਾਂ ਦੇ ਖੇਡ ਮੇਲਿਆਂ 'ਚ ਵੀ ਅਜਿਹੇ ਕੁਮੈਂਟਰੀ ਕਰਨ ਵਾਲਿਆਂ ਦੀ ਲੋੜ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਉਹਨਾਂ ਦਾ ਇਕ-ਇਕ ਸ਼ਬਦ ਜਿਵੇਂ ਸਵਾ-ਸਵਾ ਲੱਖ ਦਾ ਹੁੰਦਾ ਹੈ। ਬਹੁਤ ਸਾਰੇ ਸਟੇਜ਼ੀ ਬੁਲਾਰੇ ਅਜਿਹੇ ਹਨ ਜਿਹਨਾਂ ਨੂੰ ਸਰੋਤੇ ਸਾਹ ਰੋਕ ਕੇ ਸੁਣਦੇ ਹਨ। ਉਹ ਸ਼ਬਦਾਂ ਨੂੰ ਸੁਣਦੇ ਨਹੀਂ ਮਾਣਦੇ ਹਨ। ਟੈਲੀਵੀਜ਼ਨ 'ਤੇ ਚੱਲਣ ਵਾਲੀਆਂ ਬਹਿਸਾਂ 'ਚ ਵੀ ਕਈ ਬੁਲਾਰੇ ਅਜਿਹੇ ਹੁੰਦੇ ਹਨ ਜਿਹਨਾਂ ਦੀ ਗੱਲ 'ਚ ਦਮ ਹੁੰਦਾ ਹੈ। ਆਪਣੀ ਗੱਲ ਨੂੰ ਦੂਜਿਆਂ ਅੱਗੇ ਕਿਵੇਂ ਪੇਸ਼ ਕਰਨਾ ਹੈ ਇਹ ਸਿਰਫ ਸ਼ਬਦਾਂ ਦੀ ਅਮੀਰੀ ਵਾਲੇ ਲੋਕ ਹੀ ਜਾਣਦੇ ਹਨ। ਬੋਲ-ਬਾਣੀ ਸ਼ਖਸ਼ੀਅਤ ਦਾ ਅਹਿਮ ਅੰਗ ਹੁੰਦੀ ਹੈ ਪਰ ਸ਼ਬਦਾਂ ਦੇ ਖਜ਼ਾਨੇ ਤੋਂ ਬਿਨਾਂ ਇਸ ਦਾ ਕੋਈ ਵਜ਼ੂਦ ਨਹੀਂ ਹੁੰਦਾ। ਇਕ ਸ਼ਬਦ ਪਿੱਛੇ ਇਕ ਸੰਸਾਰ ਹੁੰਦਾ ਹੈ, ਇਸ ਦਾ ਅਰਥ ਤਾਂ ਸ਼ਬਦਾਂ ਦੀ ਮਹੱਤਤਾ ਜਾਣਨ ਵਾਲਾ ਹੀ ਦੱਸ ਸਕਦਾ ਹੈ। ਇਕ ਵਾਰ ਮੈਂ ਇਕ ਸਕੂਲ ਦੇ ਸਮਾਗਮ 'ਚ ਇਕ ਪ੍ਰਸਿੱਧ ਪੰਜਾਬੀ ਵਿਦਵਾਨ ਨੂੰ ਬੋਲਦਿਆਂ ਸੁਣਿਆ ਸੀ। ਉਹਨਾਂ ਦਾ ਮੱਤ ਸੀ ਕਿ ਬੱਚੇ ਨੂੰ ਜ਼ਰੂਰ ਸਟੇਜ਼ 'ਤੇ ਲਿਆਓ ਭਾਵੇਂ ਉਹ ਗਾਲ਼ੀ ਦੇ ਕੇ ਵਾਪਸ ਚਲਾ ਜਾਵੇ। ਉਹਨਾਂ ਦਾ ਭਾਵ ਅਸਲ 'ਚ ਗਾਲ਼ੀ ਤੋਂ ਨਹੀਂ ਸੀ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਬੱਚੇ ਨੂੰ ਸਟੇਜ਼ 'ਤੇ ਬੋਲਣ ਦੀ ਜਾਚ ਆਉਣੀ ਚਾਹੀਦੀ ਹੈ।

ਇਸ ਕਲਾ ਨੂੰ ਸਕੂਲੀ ਪੱਧਰ 'ਤੇ ਬਾਖੂਬੀ ਸਿਖਾਇਆ ਜਾ ਸਕਦਾ ਹੈ। ਵੈਸੇ ਵੀ ਸਿੱਖਣ ਲਈ ਸਕੂਲ ਹੀ ਸਭ ਤੋਂ ਵਧੀਆ ਮੰਚ ਹਨ। ਕਾਲਜ਼ ਪੱਧਰ 'ਤੇ ਪ੍ਰਤਿਭਾ ਖੋਜ ਰਾਹੀਂ ਕਲਾ ਨੂੰ ਨਿਖਾਰਿਆ ਜਾ ਸਕਦਾ ਹੈ। ਬੱਚਿਆਂ ਨੂੰ ਸਟੇਜ਼ 'ਤੇ ਲਿਆਉਣ ਲਈ ਸ਼ਬਦਾਂ ਨਾਲ ਸਾਂਝ ਜ਼ਰੂਰੀ ਹੈ। ਸ਼ਬਦਾਂ ਤੋਂ ਬਿਨਾਂ ਸਟੇਜ਼ 'ਤੇ ਟਿਕਣਾ ਔਖਾ ਹੋ ਜਾਂਦਾ ਹੈ। ਰੋਜ਼ਾਨਾ ਇਕ-ਇਕ ਸ਼ਬਦ ਬੱਚੇ ਦੇ ਸ਼ਬਦ-ਭੰਡਾਰ 'ਚ ਵਾਧਾ ਕਰਦਾ ਹੈ। ਮੈਂ ਇਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਇਕ ਸਮਾਗਮ 'ਚ ਬੁਲਾਰਾ ਬੜੇ ਜੋਸ਼ ਨਾਲ ਬੋਲ ਰਿਹਾ ਸੀ। ਸ਼ਬਦ ਉਸ ਕੋਲ ਸੀਮਿਤ ਹੀ ਸਨ। ਸ਼ਬਦ ਭਾਵੇਂ ਉਸ ਕੋਲ ਸੀਮਿਤ ਸਨ ਪਰ ਸਵੈ-ਵਿਸ਼ਵਾਸ ਨਾਲ ਉਸ ਨੇ ਮੌਕਾ ਸੰਭਾਲਦਿਆ ਬੜੇ ਜੋਸ਼ ਨਾਲ ਕਿਹਾ,“ ਮੈਂ ਹਾਲੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਪਰ ਸਮੇਂ ਦੀ ਘਾਟ ਕਾਰਨ ਸਟੇਜ਼ ਸੈਕਟਰੀ ਮੇਰੀ ਵਾਰ-ਵਾਰ ਪੈਂਟ ਖਿੱਚ ਰਿਹਾ ਹੈ। ਸਟੇਜ਼ ਸੈਕਟਰੀ ਤਾਂ ਉਸ ਕੋਲੋਂ ਕਾਫ਼ੀ ਹਟਵਾਂ ਬੈਠਾ ਸੀ ਅਤੇ ਸਮੇਂ ਦੀ ਵੀ ਕੋਈ ਘਾਟ ਨਹੀਂ ਸੀ ਫਿਰ ਵੀ ਉਹ ਮੌਕੇ 'ਤੇ ਅਹੁੜੇ ਸ਼ਬਦਾਂ ਰਾਹੀਂ ਆਪਣੀ ਕਮੀ ਨੂੰ ਛੁਪਾਉਣ 'ਚ ਸਫਲ ਹੋ ਗਿਆ।ਇਹ ਸ਼ਬਦ ਹੀ ਹਨ ਜੋ ਬੇਜਾਨ 'ਚ ਸ਼ਕਤੀ ਦਾ ਸੰਚਾਰ ਕਰ ਦਿੰਦੇ ਹਨ। ਜਦੋਂ 40 ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਪਰਤ ਆਏ ਮਾਈ ਭਾਗੋ ਦੇ ਸ਼ਬਦਾਂ ਨੇ ਉਹਨਾਂ ਨੂੰ ਝੰਜੋੜਿਆ ਅਤੇ ਉਹ ਫਿਰ ਗੁਰੂ ਜੀ ਦੇ ਲੜ ਲਗ ਗਏ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਅਧਿਆਪਕ ਦੇ ਕਹੇ ਹੋਏ ਸ਼ਬਦ ਫ਼ਿਲਮਾਂ ਦੀ ਫਲੈਸ਼-ਬੈਕ ਵਾਂਗ ਸਾਰੀ ਉਮਰ ਕੰਨਾਂ 'ਚ ਗੂੰਜਦੇ ਰਹਿੰਦੇ ਹਨ। ਇਹਨਾਂ ਸ਼ਬਦਾਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਅਧਿਆਪਕ ਹੀ ਵਿਦਿਆਰਥੀਆਂ ਨੂੰ ਇਹ ਜਾਚ ਬਾਖੂਬੀ ਸਿਖਾ ਸਕਦਾ ਹੈ।ਇਹਨਾਂ ਸ਼ਬਦਾਂ ਸੰਚਾਰ ਕਰਨ ਵਾਲਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਰੂਪ 'ਚ ਅਗਲੀਆਂ ਪੀੜ੍ਹੀਆਂ ਜੀਅ ਲੈਣ ਦੇ ਸਮਰੱਥ ਹੋ ਜਾਂਦਾ ਹੈ। 

ਅਮਰੀਕ ਸਿੰਘ ਦਿਆਲ
ਪਿੰਡ ਤੇ ਡਾ: ਕਾਲੇਵਾਲ ਬੀਤ
ਤਹਿਸੀਲ: ਗੜ੍ਹਸ਼ੰਕਰ
ਜ਼ਿਲ੍ਹਾ:  ਹੁਸ਼ਿਆਰਪੁਰ
ਮੋਬਾਇਲ ਨੰ: 94638-51568
amrikdayal@gmail.comamrikdayal@gmail.com


Aarti dhillon

Content Editor

Related News