ਕਵਿਤਾ ਖਿੜਕੀ: ਨੌਜਵਾਨ ਕਵੀ ਰਾਜਨ ਵਿਰਦੀ ਦੇ ਭਖ਼ਦੇ ਜਜ਼ਬਾਤ

10/19/2020 10:52:47 AM

ਪਰਛਾਵਾਂ

ਇਕ ਪਰਛਾਵਾਂ  ਦਿਸਦਾ ਮੈਨੂੰ
ਖੌਰੇ ਮੇਰਾ ਖੌਰੇ ਤੇਰਾ ।
ਅਦਰਕ ਵਾਲੀ ਚਾਹ ਦੇ ਵਰਗਾ, 
ਮੇਰੇ ਲਈ ਇਹ ਚਾਅ ਦੇ ਵਰਗਾ,
ਜਾਂ ਗੂੰਗੇ ਦੀ ਮਾਂ ਦੇ ਵਰਗਾ,
ਦੂਰ ਨਾ ਹੋਵੇ ਇਹ ਹਨੇਰਾ,
ਇਕ ਪਰਛਾਵਾਂ  ਦਿਸਦਾ ਮੈਨੂੰ
ਖੌਰੇ ਮੇਰਾ ਖੌਰੇ ਤੇਰਾ ।

ਸੁਫ਼ਨੇ ਦੀ ਸ਼ੁਰੂਆਤ ਦੇ ਵਰਗਾ,
ਯਾਦਾਂ ਦੇ ਆਯਾਤ ਦੇ ਵਰਗ,
ਗ਼ਜ਼ਲਾਂ ਦੇ ਨਿਰਯਾਤ ਦੇ ਵਰਗਾ,
ਸੋਹਣਾ ਸੱਜਰਾ ਸੰਦਲੀ ਚਿਹਰਾ,
ਇਕ ਪਰਛਾਵਾਂ  ਦਿਸਦਾ ਮੈਨੂੰ
ਖੌਰੇ ਮੇਰਾ ਖੌਰੇ ਤੇਰਾ।

ਉਮਰਾਂ ਵਾਲੇ ਜੋੜ ਦੇ ਵਰਗਾ,
ਜਾਂ ਸ਼ਿਮਲੇ ਦੇ ਮੋੜ ਦੇ ਵਰਗਾ,
ਜਾਂ ਅਮਲੀ  ਦੀ ਤੋੜ ਦੇ ਵਰਗਾ,
ਜ਼ਿੱਦੀ ਸੁਣ ਸੁੱਖ ਨਾਲ ਬਥੇਰਾ,
ਇਕ ਪਰਛਾਵਾਂ  ਦਿਸਦਾ ਮੈਨੂੰ
ਖੌਰੇ ਮੇਰਾ ਖੌਰੇ ਤੇਰਾ ।

ਸ਼ਾਇਰ ਦੀ ਆਵਾਜ਼ ਦੇ ਵਰਗਾ,
ਮੌਕੇ ਦੇ ਕਿਸੇ ਸਾਜ਼ ਦੇ ਵਰਗਾ,
ਵਿਰਦੀ ਲਈ ਸੁਣ ਨਾਜ਼ ਦੇ ਵਰਗਾ,
ਜਾਪੇ ਮੱਸਿਆ ਦਾ ਸਵੇਰਾ 
ਇਕ ਪਰਛਾਵਾਂ  ਦਿਸਦਾ ਮੈਨੂੰ
ਖੌਰੇ ਮੇਰਾ ਖੌਰੇ ਤੇਰਾ ।

 

ਰੁੱਖ
ਛਾਂ ਲੈਣੀ ਨੀ ਧੁੱਪ ਚਾਹੀਦੀ ਨੀ
ਇਹ ਕਿੱਧਰ ਦਾ ਅਸੂਲ ਏ ?
ਇੱਕ ਲਾ ਦਿੰਦੇ ਇੱਕ ਵੱਢ ਦਿੰਦੇ
ਇਹ ਕੰਮ ਜ਼ਿੰਦਗੀ ਵਿੱਚ ਫਜ਼ੂਲ ਏ,

ਜੜ੍ਹ ਵੱਲੋ ਮੈਂ ਮਰਦਾ ਨਹੀਂ
ਇੱਕ ਤਣੇ ਤੋਂ ਮੈਨੂੰ ਖਤਰਾ ਏ
ਬਸ ਬੂਰਾ ਜਿਹਾ ਹੀ ਉੱਡੇਗਾ
ਇਹ ਹੀ ਖੂਨ ਮੇਰੇ ਦਾ ਕਤਰਾ ਏ,

ਮੈਂ ਤਾਂ ਆਪ ਰੁੱਖ ਹਾਂ ਛਾਂਵਾਂ ਦਾ
ਕਈ ਪੁੱਤਾਂ ਦਾ ਕਈ ਮਾਵਾਂ ਦਾ
ਕਈ ਭੁੱਲਿਆਂ ਭਟਕਿਆਂ ਰਾਹਵਾਂ ਦਾ
ਕਈ ਤਪਦੇ ਸੂਰਜ ਸ਼ਾਹਾਂ ਦਾ,

ਕਈ ਮੇਰੇ ਵਰਗੇ ਰੁਲ ਜਾਂਦੇ
ਲੰਮੀਆਂ ਸੜਕਾਂ ਵਿੱਚ ਤੁਲ ਜਾਂਦੇ
ਦਿੰਦੇ ਵੱਢ ਕੇ  ਸੁੱਟ ਕਿਨਾਰਿਆਂ ਤੇ
ਮੀਂਹ ਕਣੀ 'ਚ ਹੜ੍ਹ ਦੇ ਫੁੱਲ ਜਾਂਦੇ,

ਹੁਣ 'ਵਿਰਦੀ' ਸ਼ਾਇਰ ਵੀ ਬਦਲ ਗਿਆ
ਮੈਨੂੰ ਵੱਢਣ ਦੇ ਲਈ ਆਵੇਗਾ
ਮੇਰੀ ਹਿੱਕ ਤੇ ਆਰਾ ਚੱਲੇਗਾ
ਫੜ ਜੜ੍ਹਾਂ ਤੋਂ ਧੂਹ ਲੈ ਜਾਵੇਗਾ ।

    

ਜ਼ਹਿਰ
ਜ਼ਿੰਦਗੀ ਵਿੱਚ ਜ਼ਹਿਰਾਂ ਘੁਲ ਗਈਆਂ,
ਕਈ  ਰੂਹਾਂ ਸੱਜਣਾਂ ਰੁਲ ਗਈਆਂ,
ਕੁਝ ਕੀਤੀਆਂ ਨੇਕੀਆਂ ਭੁੱਲ ਗਈਆਂ,
ਇੱਜਤਾਂ ਦੀਆਂ ਸਤਰਾਂ ਡੁੱਲ ਗਈਆਂ।

ਹੁਣ ਆਪਾ ਮੈਂ ਪਛਾਣਾਂਗਾ,
ਦੋ ਰੰਗੀ ਦੁਨੀਆਂ ਨੂੰ ਜਾਣਾਂਗਾ ,
ਭਰ ਤੂੜੀ ਗਈ ਦਿਮਾਗਾਂ 'ਚ,
ਹੁਣ ਹਿੱਕ ਦੇ ਜ਼ੋਰ ਤੇ ਛਾਣਾਂਗਾ।

ਬੱਸ ਰਿਸ਼ਤਾ ਸ਼ੱਕ ਦਾ ਰਹਿ ਗਿਆ ਏ,
ਕੋਈ ਕੀੜਾ ਜਹਿਨ 'ਚ ਬਹਿ ਗਿਆ ਏ,
ਕੋਈ ਕਦਰ ਨਹੀ ਜਜ਼ਬਾਤਾਂ ਦੀ,
ਚੰਗੇ ਮਾੜੇ ਹਾਲਾਤਾਂ ਦੀ।

ਜੋ ਜਿੱਦਾਂ ਤੁਰੂ ਉੱਦਾਂ ਚੱਲਾਂਗੇ ,
ਰਾਹ  ਦੁਨੀਆਂ ਤੋ ਵੱਖ ਮੱਲਾਂਗੇ,
ਕਈ ਸਾਧੂ ਨਰਕ ਨੂੰ ਘੱਲਾਂਗੇ,
ਜਾਂ ਮੱਲਾਂਗੇ ਜਾਂ ਠੱਲਾਂਗੇ ।

ਗੱਲ ਸੱਚੀ ਕਲਮ ਸੁਣਾਵੇਗੀ,
ਕੁਝ ਖੋਪੜੀਆਂ ਸੁਲਝਾਵੇਗੀ,
ਬਂਸ ਵਿਰਦੀ ਸ਼ਾਇਰ ਤੂੰ ਖੜਾ ਰਵੀਂ ,
ਪਾੜ ਝੂਠ ਨੂੰ ਸੱਚ ਅਪਣਾਵੇਗੀ।

  

  ਸੁਫ਼ਨੇ      
 ਚਮਕਦੇ ਅੱਖਰ ਖੋਜ ਲਏ ਮੈਂ
ਜੋ ਕਵਿਤਾ ਪੂਰੀ ਕਰ ਜਾਣਗੇ
ਦਿਲੀ ਅਮੀਰੀ ਮਾਇਨੇ ਰੱਖ ਕੇ
ਹੋਸ਼ ਫਕੀਰੀ ਭਰ ਜਾਣਗੇ
ਮੈਂ ਮੰਦਾ ਮੇਰੇ ਖੁਆਬ  ਸੁਰੀਲੇ
ਸੁਣਿਆ ਠੋਕਰ ਜਰ ਜਾਣਗੇ
ਆਖਰ ਵਿਰਦੀ !ਸ਼ਾਇਰ ਬਣੇਗਾ
ਕਈ ਸੁਫ਼ਨੇ ਸੱਚ ਕਰ ਜਾਣਗੇ

 

ਮੈਂ ਤੇ ਠੰਡੀ ਰਾਤ
ਮੈਂ ਤੇ ਠੰਡੀ ਰਾਤ ਸ਼ੁਦਾਇਣ
ਇਕ ਦੂਜੇ ਵੱਲ ਤੱਕਦੇ
ਗਮ ਨੇ ਸਾਂਝੇ ਨਿੱਘ ਨਹੀਂ ਕੋਈ
ਚਾਦਰ ਝਾੜ ਕੇ ਰੱਖਦੇ

ਠਾਰ ਹੈ ਕਰਦੀ ਇਹ ਨਜ਼ਦੀਕੀ
ਇੱਕ ਸਾਥੀ ਜਿਹਾ ਜੁੜਿਆ
ਜਿਸ ਨੇ ਮੇਰੇ ਪੈਰਾਂ ਥੱਲੇ
ਰੁਮਕੀ ਸੂਆ ਪੁੜਿਆ

ਅਸਰ ਹੈ ਐਸਾ ਇੰਝ ਲਗਦਾ ਹੈ
ਰਾਤ ਬਾਝੋਂ ਮੈਂ ਸੁੰਨਾ
ਰਾਤ ਹੋਵੇ ਤਾਂ ਮੈਂ ਹੁੰਨਾ ਹਾਂ
ਨਹੀਂ ਤਾਂ ਮੈਂ ਨਹੀਂ ਹੁੰਨਾ

ਚੰਨ ਦੇ ਦਾਗੀ ਹੋਣ ਦਾ ਪੜਦਾ
ਖੁੱਸ ਜਾਂਦਾ ਫਿਰ ਆਪ-ਮੁਹਾਰੇ
ਦਿਸਦੇ ਨੇ ਪਰ ਮੂਲ ਨਹੀਂ ਕੋਈ
ਭਟਕੇ ਖਿਲਰੇ ਉਖੜੇ ਤਾਰੇ

ਲੀਨ ਨਜ਼ਰ ਜਿਹੀ ਵੱਜ ਜਾਂਦੀ
ਕਾਲੇ ਰੰਗ ਦਿਆਂ ਰੁੱਖਾਂ ਦੇ
ਲਟਕੇ ਨੇ ਕਈ ਡੂੰਘੀ ਚੁੱਪ ਵਿਚ
ਲੱਤਾਂ ਵੱਜੀਆਂ ਕੁੱਖਾਂ ਤੇ

ਜਾਂ ਉਹ ਨਹਿਰਾਂ ਜਾਗਦੀਆਂ ਨੇ
ਜਿਨ੍ਹਾਂ ਵੱਲਾ ਸ਼ੋਰ ਮਚਾਇਆ
ਕੁਝ ਲਾਸ਼ਾਂ ਨੇ ਉੱਛਲ ਦੱਸਿਆ
ਸ਼ਾਇਰ ਅਵੱਲੜਾ ਮਿਲਣੇ ਆਇਆ

ਇਸ ਚੁੱਪੀ ਦਾ ਜਾਮ ਬਣਾ ਕੇ
ਦੇਣਾ ਮੈਂ ਜਲਾਦਾਂ ਨੂੰ
ਬਾਪ ਦੇ ਪੈਰ ਗਾਰਾ ਲੱਗਿਆ 
ਅਸਰ ਹੋਵੇ ਔਲਾਦਾਂ ਨੂੰ

ਰਾਜਨ ਪ੍ਰੀਤ ਸਿੰਘ
ਫ਼ੋਨ ਨੰ: +91 84373 26232


shivani attri

Content Editor

Related News