ਕਵਿਤਾ : ‘ਜਿਗਰ ਏ ਵਤਨ’

07/27/2020 11:34:50 AM

ਕਵਿਤਾ :- ਦੇਸ਼ ਦੇ ਰਾਖੇ ਫੌਜੀ ਵੀਰਾਂ ਨੂੰ ਸਮਰਪਿਤ 26 ਜੁਲਾਈ ਕਾਰਗਿਲ ਵਿਜੈ ਦਿਵਸ 'ਤੇ ਵਿਸ਼ੇਸ਼

‘ਜਿਗਰ ਏ ਵਤਨ’

ਮਿੱਟੀ ਦੇਸ਼ ਦੀ ਚੁੰਮਕੇ ਸੀਸ਼ ਲਾਵਾਂ,

ਅਣਖੀ ਖੂਨ ਦੀ ਮਹਿਕ ਨਾ ਭਰੀ ਹੋਈ ਐ 

ਜਿਗਰੇ ਵਤਨ ਹੈ ਸਾਡਾ ਸਲੂਟ ਤੈਨੂੰ,

ਜਾਨ ਤੇਰੇ ਲੲੀ ਤਲੀ 'ਤੇ ਧਰੀ ਹੋੲੀ ਐ।

 

ਭੌਰੇ ਫੁੱਲਾਂ 'ਤੇ ਉਡ-ਉਡ ਬੈਠਦੇ ਨੇ,

ਪ੍ਰਵਾਨੇ ਸਮਾਂ ਤੋਂ ਹੋਣ ਕੁਰਬਾਨ ਇਥੇ।

ਅੱਖ ਭਰ ਵੈਰੀ ਨੇ ਜਦ ਤੱਕਿਆ ਏ,

ਮੈਂਦਾਨੇ ਜੰਗ ਨੇ ਬਣਦੇ ਸ਼ਮਸ਼ਾਨ ਏਥੇ।

ਦੇਸ਼ ਕੌਮ ਲੲੀ ਜੀਣਾਂ ਤੇ ਕਿਵੇਂ ਮਰਨਾ,

ਐਸੀ ਸਖ਼ਤ ਟ੍ਰੇਨਿੰਗ ਅਸੀਂ ਕਰੀ ਹੋਈ ਐ।

ਜਿਗਰੇ ਵਤਨ ਹੈ ਸਾਡਾ ਸਲੂਟ......

 

ਤੱਤੇ ਰੇਤਿਆਂ ਤਪਸ਼ ਹੰਢਾਈ ਪਿੰਡੇ,

ਸੁਆਦ ਚੱਖੇ ਆ ਖਾਰੇ ਸਮੁੰਦਰਾਂ ਦੇ।

ਪਾਰਾ ਡਿੱਗੇ ਬਰਫਾ਼ ਦੀ ਚੋਟੀਆਂ ਦਾ,

ਬਿਜਲੀ ਗੜ੍ਹਕੇ ਲਿਸ਼ਕੇ ਵਿੱਚ ਅੰਬਰਾਂ ਦੇ।

ਜੰਮਣ ਭੋਇਂ ਲਈ ਮਿਟਨਾ ਜਨੂੰਨ ਸਾਡਾ,

ਇਹੋ ਭਾਵਨਾ ਕੁੱਟ-ਕੁੱਟ ਭਰੀ ਹੋਈ ਐ।

ਜਿਗਰੇ ਵਤਨ ਹੈ ਸਾਡਾ ਸਲੂਟ.....

 

ਗੋਲੀ ਤਾੱੜ-ਤਾੱੜ ਚਲੇ ਮੈਂਦਾਨ ਅੰਦਰ,

ਮੌਤ ਕੰਬਦੀ ਚੁਫੇਰੇ  ਸਾਡੇ  ਨੱਚਦੀ ਏ।

ਤੋਪਾਂ ਚੱਲਣ ਅੱਗ  ਅੰਗਿਅਰ  ਉਗਲਣ,

ਭੱਠੀ ਅਣਖੀ ਖੂਨ ਦੀ ਮੱਚਦੀ ਏ।

ਛਾਇਆ ਤਿੱਖੇ ਸੰਗੀਨਾਂ ਦਾ ਸਾਥ ਸਾਡਾ,

ਅਸੀਂ ਮੰਗਣੀ ਮੌਤ ਨਾ ਕਰੀ ਹੋਈ ਐ।

ਜਿਗਰੇ ਵਤਨ ਹੈ ਸਾਡਾ ਸਲੂਟ-----

 

ਝੰਡਾ ਦੇਸ਼ ਦਾ ਝੂਲਦਾ ਰਹੇ ਉਂਚਾ,

ਜਾਨਾਂ ਵਾਰਕੇ ਫਰਜ਼ ਨਿਭਾ ਦਿਆਂਗੇ।

ਜਗਦੀ ਰਹੇ ਜੋ ਅਮਰ-ਜਵਾਨ ਜੋਤੀ,

ਤੇਲ ਓ੍ਹਦੇ ਵਿੱਚ ਖੂਨ ਦਾ ਪਾ ਦਿਆਂਗੇ।

ਧਾਲੀਵਾਲ ਕੁਲਵੰਤ ਸਿੰਘ ਸੈਦੋ ਵਾਲੇ,

ਇੱਕੀ ਸਾਲ ਸੇਵਾ ਦੇਸ਼ ਦੀ ਕਰੀ ਹੋਈ ਐ।

ਜਿਗਰੇ ਵਤਨ ਹੈ ਸਾਡਾ ਸਲੂਟ ਤੈਨੂੰ,

ਜਾਨ ਤੇਰੇ ਲੲੀ ਤਲੀ 'ਤੇ ਧਰੀ ਹੋਈ ਐ।

*ਕੁਲਵੰਤ ਸਿੰਘ ਸੈਦੋਕੇ
ਮੁੱਖ ਖਜ਼ਾਨਚੀ ਹੈਡ ਪੋਸਟ ਆਫਿਸ ਪਟਿਆਲਾ
ਮੋ: 7889172043

rajwinder kaur

This news is Content Editor rajwinder kaur