ਨੱਕ ਵੀ ਰਗੜੇ, ਹੱਥ ਵੀ ਬੰਨੇ

06/11/2020 6:23:04 PM

੧, ਨੱਕ ਵੀ ਰਗੜੇ, ਹੱਥ ਵੀ ਬੰਨੇ

ਘੰਟੀਆਂ ਦੇ ਨਾਲ ਸਿਰ ਵੀ ਭੰਨੇ

ਡੰਡੋਤ ਵੀ ਕੀਤੀ, ਪੱਥਰ ਪੂਜੇ। 

ਕੈਸਾ ਰੱਬ, ਫਿਰ ਵੀ ਨਾ ਮੰਨੇ। 

 

ਦੁੱਧ ਚੜਾਏ, ਔਖੇ ਹੋ ਕੇ। 

ਰਾਤ ਨਾ ਕੋਈ ਦੇਖੀ ਸੋ ਕੇ। 

ਡੁਬਕੀ ਲਾ ਲਈ ਗੋਤੇ ਖਾਧੇ। 

ਮੁੜ ਆਏ ਆਂ ਦਰ ਤੋਂ ਰੋ ਕੇ। 

 

ਨਾਮ ਵੀ ਜੱਪ ਲਏ, ਮੰਤਰ ਰੱਟੇ। 

ਉਂਗਲਾਂ ਦੇ ਵਿੱਚ ਪਾ ਲਏ ਵੱਟੇ। 

ਵਿੱਚ ਪਹਾੜਾਂ ਨੰਗੇ ਹੋ ਕੇ। 

ਵਾਂਗ ਸ਼ੁਦਾਈਆਂ ਦਿਨ ਵੀ ਕੱਟੇ। 

 

ਭੇਸ ਬਦਲਿਆ ਬਾਣੇ ਪਾ ਲਏ। 

ਕਈਆਂ ਜੁਠੇ ਦਾਣੇ ਖਾ ਲਏ। 

ਪੰਜ ਵਾਰੀ ਵੀ ਪੜ੍ਹ ਕੇ ਦੇਖੀ। 

ਭੇਂਟਾਂ ਸੁਣੀਆਂ, ਗਾਣੇ ਗਾ ਲਏ।

 

ਉਹ ਨਹੀਂ ਮਿਲਦਾ ਜੰਗਲ ਬੇਲੇ।

ਉਹ ਪਿੰਡ ਬੱਚਿਆਂ ਦੇ ਸੰਗ ਖੇਲੇ। 

ਉਹ ਨਹੀਂ ਮੰਗਦਾ ਸੋਨਾ ਚਾਂਦੀ। 

ਨਾ ਰੁਪਈਏ, ਨਾ ਹੀ ਧੇਲੇ।

 

ਉਹ ਨਹੀਂ ਕਹਿੰਦਾ ਮੱਥੇ ਟੇਕੋ। 

ਉਹ ਨਹੀਂ ਕਹਿੰਦਾ ਧੂਣੀ ਸੇਕੋ।

ਉਹ ਤਾਂ ਕਣ ਕਣ ਦੇ ਵਿੱਚ ਵਸਿਆ। 

ਨਾਮ ਅਨੇਕਾਂ ਹੈ ਪਰ ਏਕੋ। 

 

ਉਹ ਤਾਂ ਮਿਲਦਾ ਆਮ ਜਿਹਾ ਹੋ। 

ਮਿਲ ਉਸਨੂੰ ਸ਼ਰੇਆਮ ਜਿਹਾ ਹੋ। 

ਨੀਅਤ ਸੱਚੀ ਸੁੱਚੀ ਰੱਖੀਂ। 

ਤਾਂ ਮਿਲਦਾ ਗੁਰ-ਧਾਮ ਜਿਹਾ ਹੋ।

 

੨,

ਇਸ ਯੁਗ ਅੰਦਰ ਬਾਬਾ ਨਾਨਕ

ਫਿਰ ਜੇਕਰ ਮੁੜ ਆਵੇ

ਬਾਣੀ ਆਈ ਬਾਬਾ ਗਾਵੇ

ਪਰ ਕੌਣ ਰਬਾਬ ਵਜਾਵੇ

 

ਨਾ ਕੋਈ ਮਰਦਾਨਾ ਲੱਭਣਾ

ਨਾ ਕੋਈ ਦਿੱਸਣਾ ਬਾਲਾ

ਕੋਈ ਆਖੇ ਇੱਥੇ ਗਰਮੀ ਪੈਂਦੀ

ਕੋਈ ਆਖੇ ਬੜਾ ਪਾਲ਼ਾ

 

ਇਸ ਸ਼ਾਨੋ ਸ਼ੌਕਤ ਨੂੰ ਉਸ

ਪਿੱਠ ਦਿਖਾ ਤੁਰ ਪੈਣਾ

ਰਾਹੀ ਕੋਈ ਫ਼ਕੀਰ ਜੇ ਦਿਸ ਪਏ

ਨਾਨਕ ਓਥੇ ਬਹਿਣਾ

 

ਪੈਦਲ ਤੁਰਨਾ ਵਿੱਚ ਬਰਫ਼ ਦੇ

ਜਾਂ ਰੇਗਿਸਤਾਨੀ ਤਪਣਾ

ਤੁਸਾਂ ਨੇ ਜਪਣਾ ਨਾਨਕ ਨਾਨਕ

ਉਸਨੇ ਅੱਲ੍ਹਾ ਜਪਣਾ

 

ਬਾਬਾ ਆਖੇ ਇਹ ਮੇਰੇ ਸਿੱਖ

ਕਿਸਦੀ ਪੂਜਣ ਮੂਰਤ?

ਹਰ ਘਰ ਜਾ ਜਦ ਝਾਤੀ ਮਾਰੀ

ਨਾਨਕ ਵਰਗੀ ਸੂਰਤ

 

ਬਾਬਾ ਆਖੇ ਨਾ ਕੋਈ ਸੂਤਕ

ਨਾ ਹੀ ਮੰਨੀਏ ਪਾਤਕ

ਲੋਕੀ ਆਖਣ ਨਾ ਬਾਬਾ ਜੀ

ਇਹ ਬੜੇ ਨੇ ਘਾਤਕ

 

ਬਾਬਾ ਆਖੇ ਚਲੋ ਚੱਲੀਏ

ਐਥੇ ਕੀ ਤੁਸਾਂ ਕਰਨਾ

ਸੰਗਤ ਆਖੇ ਵੀਰਵਾਰ ਐ

ਮੜ੍ਹੀ 'ਤੇ ਦੀਵਾ ਧਰਨਾ

 

ਇੱਥੇ ਸਾਰੇ ਭਾਗੋ ਤੁਰਦੇ

ਲਾਲੋ ਨਜ਼ਰ ਨਈਂ ਪੈਂਦਾ

ਨਾਨਕ ਦੇ ਬਲਿਹਾਰੇ ਜਾਈਏ

ਫਿਰ ਵੀ ਲੱਭਦਾ ਰਹਿੰਦਾ

 

ਬਾਬਾ ਆਖੇ ਰੁੱਖੀ ਖਾ ਕੇ

ਭਵ-ਸਾਗਰ ਨੂੰ ਤਰ ਲੋ

ਸੰਗਤ ਆਖੇ ਭੋਗ ਲਵਾ ਕੇ

36 ਭੋਜਨ ਕਰ ਲੋ

 

ਬਾਬਾ ਕਹਿੰਦਾ ਭੈਣ ਨਾਨਕੀ

ਹੱਥ ਦੀ ਰੋਟੀ ਖਾਣੀ

ਲੋਕੀ ਆਖਣ ਪੀਜੇ ਬਰਗਰ

ਜਾਂ ਲਿਆਈਏ ਬਰਿਅਾਨੀ

 

ਬਾਬਾ ਪੈਸੇ ਵਰਖਾ ਕਰਦਾ

ਸਬਰ ਸੰਤੋਖ ਹੈ ਗਹਿਣਾ

ਪਿੱਛੇ ਜਦ ੳੁਸ ਪਰਤ ਦੇਖਿਆ

ਕੋਈ ਨਾ ਦਿਸਦਾ 'ਲਹਿਣਾ'

 

ਨਾਨਕ ਨਾਨਕ ਕਰਦੇ ਰਹਿੰਦੇ

ਨਾਨਕ ਕਥਾ ਵਿਚਾਰੋ

'ਮੈਂ' ਤੋਂ 'ਤੂੰ' ਦਾ ਸਫ਼ਰ ਨਿਰਾਲਾ

ਅਪਣੀ ਹਉਮੈਂ ਮਾਰੋ

 

ਅਰਜ਼ ਕਰੇ ਅਰਜ਼ੋਈ ਲੋਕੋ

ਮੱਥੇ 'ਤੇ ਹੱਥ ਮਾਰੋ

'ਮੈਂ' ਤੋਂ 'ਤੂੰ' ਦਾ ਸਫ਼ਰ ਨਿਰਾਲਾ

ਅਪਣੀ ਹਉਮੈਂ ਮਾਰੋ

ਅਰਜ਼ਪ੍ਰੀਤ


rajwinder kaur

Content Editor

Related News