ਕਵਿਤਾ ਖਿੜਕੀ 'ਚ ਪੜ੍ਹੋ ਤਿੰਨ ਕਵਿਤਾਵਾਂ

07/17/2021 11:27:07 AM

ਸਾਉਣ ਮਹੀਨੇ 
ਬਾਹੀਂ ਵੰਗਾਂ ਗੁੱਤ ਡੋਰੀਆਂ ਪਾਈਆਂ।
ਸਾਉਣ ਮਹੀਨੇ ਬੱਦਲ ਵਰਦੇ
ਸਾਰੇ ਨੇ ਇਹੋ ਗੱਲਾਂ ਕਰਦੇ
ਸਭ ਦੀ ਇੱਕ ਦੂਜੀ ਤੋਂ ਚੜਾਈਆਂ
ਬਾਹੀਂ ਵੰਗਾਂ ਗੁੱਤ ਡੋਰੀਆਂ ਪਾਈਆਂ।

ਖੇਤ ਬੰਨੇ ਤੇ ਦਰੱਖ਼ਤ ਹਰੇ ਕਚੋਰ
ਸੁਖਚੈਨ, ਪੈਲਾਂ ਨੇ ਪਾਉਂਦੇ ਮੋਰ
ਗਿੱਧੇ 'ਚ ਬਣ ਟੋਲੀਆਂ ਆਈਆਂ
ਬਾਹੀਂ ਵੰਗਾਂ ਗੁੱਤ ਡੋਰੀਆਂ ਪਾਈਆਂ।

ਬਾਗ਼ਾਂ  ਵਿੱਚ ਕੋਇਲ ਪਈ ਕੂਕੇ
ਠੰਡੀ-ਠੰਡੀ ਪੌਣ ਪੁਰੇ ਦੀ ਛੂਕੇ
ਰਲੀਆਂ ਗਿੱਧੇ ਨੰਨਦਾਂ ਭਰਜਾਈਆਂ
ਬਾਹੀਂ ਵੰਗਾਂ ਗੁੱਤ ਡੋਰੀਆਂ ਪਾਈਆਂ।

 

ਸੁਖਚੈਨ ਸਿੰਘ,ਠੱਠੀ ਭਾਈ,
00971527632924

-------------------------
" ਉਲਟੇ ਜ਼ਮਾਨੇ "
ਝੂਠ ਦੇ ਇਸ ਦੌਰ ਵਿੱਚ 
ਸੱਚ ਕਹਿਣਾ ਮੁਹਾਲ ਹੈ 
ਜਿਊਣਾ ਦੁਸ਼ਵਾਰ ਹੈ 
ਸਭ ਕੁੱਝ ਹੀ ਵਿਓਪਾਰ ਹੈ 
ਉਲਟੇ ਜ਼ਮਾਨੇ ਆਏ ਨੇ
ਦੇਸ਼ ਭਗਤ ਗੱਦਾਰ ਨੇ 
ਤੇ 'ਗੱਦਾਰ' ਭਗਤ ਕਹਿਲਾਏ ਨੇ

ਜਾਲਮ ਖੁੱਲ੍ਹਮ-ਖੁੱਲ੍ਹੇ ਫਿਰਨ  
ਬੇਦੋਸ਼ੇ ਜੇਲ੍ਹੀਂ ਪਾਏ ਨੇ 
ਜਿੱਧਰ ਵੀ ਜਾਏ ਨਜ਼ਰ 
ਆਪੋ-ਧਾਪੀ ਆਏ ਨਜ਼ਰ 
ਪਦਾਰਥਵਾਦੀ ਯੁਗ ਵਿੱਚ 
ਆਪਣੇ ਵੀ ਬੇਗਾਨੇ ਨਜ਼ਰ ਆਏ ਨੇ 

ਕਵੀ, ਅੱਬਾਸ ਧਾਲੀਵਾਲ 
 


 

" ਬਿਰਖ "
ਦਿਲ ਨੂੰ ਮੇਰੇ ਵੱਜੀ ਸੱਟ
ਵੇਖ ਕੇ ਇਹ ਗਹਿਰੀ ਬਹੁਤ 
ਸੜਕ 'ਤੇ ਅੱਜ ਚਲਦਿਆਂ 
ਜਦੋਂ ਖੇਤਾਂ ਦੇ ਕਿਨਾਰੇ 
ਕਿਸੇ ਦੀ ਲਾਈ ਅੱਗ 'ਚ 
ਜਿਊਂਦੇ ਬੰਦੇ ਸੜਨ ਵਾਂਗ 
ਨਜ਼ਰੀਂ ਪਏ ਕੁਝ ਬੇਬੱਸ ਬਿਰਖ 
ਬਿਲਕਦੇ, ਸਿਸਕਦੇ ਤੇ ਸਹਿਕਦੇ
ਦਰਦ ਦੇ ਮਾਰੇ ਉਹ ਭੁੱਬਾਂ ਮਾਰਦੇ 
ਸ਼ਾਇਦ ਨਾ ਆਏ ਕਿਸੇ ਨੂੰ ਨਜ਼ਰ 
ਸੋਚਿਆ ਇਹਨਾਂ ਬੇਗੁਨਾਹਾਂ ਨੂੰ 
ਆਖਿਰ ਸਜ਼ਾ ਕਿਸ ਗੱਲ ਦੀ ਮਿਲੀ 
ਕੀ ਇਨ੍ਹਾਂ ਦਾ ਇਹੋ ਜੁਰਮ ਹੈ 
ਲੋਕਾਂ ਨੂੰ ਛਾਵਾਂ ਦੇਣ ਲਈ 
ਖ਼ੁਦ ਨੂੰ ਧੁੱਪਾਂ 'ਚ ਸਾੜਦੇ ਨੇ 
ਪ੍ਰਦੂਸ਼ਿਤ ਜ਼ਹਿਰਾਂ ਨੂੰ ਚੂਸ ਕੇ ਇਹ
ਸ਼ੁੱਧ ਹਵਾਵਾਂ ਪਸਾਰਦੇ ਨੇ  
ਸੜਕਾਂ 'ਤੇ ਖੜ੍ਹੇ ਇਹ ਬਿਰਖ 
ਲੋਕਾਂ ਨੂੰ ਫ਼ਲ, ਫੁੱਲ ਈਂਧਨ ਦੇ  
ਸਿਰਾਂ 'ਤੇ ਪੱਥਰ ਖਾਂਵਦੇ ਨੇ

ਅੱਬਾਸ ਧਾਲੀਵਾਲ 
ਮਲੇਰਕੋਟਲਾ।
ਸੰਪਰਕ ਨੰਬਰ 9855259650 


 

Aarti dhillon

This news is Content Editor Aarti dhillon