ਚੰਗਾ ਹੁੰਦਾ ਜੇ ਦੀਵਾਰ ਬਣਾਉਣ ਦੀ ਥਾਂ ਗਰੀਬਾਂ ਲਈ ਪੱਕੇ ਘਰ ਬਣਾਏ ਜਾਂਦੇ

02/24/2020 2:25:34 PM

ਅੱਜ ਕੱਲ੍ਹ ਮੀਡੀਆ ਵਿਸ਼ੇਸ਼ ਕਰ ਸੋਸ਼ਲ ਸਾਈਟਾਂ ਤੇ ਗੁਜਰਾਤ ਵਿਖੇ ਬਣ ਰਹੀ ਇਕ ਦੀਵਾਰ ਖੂਬ ਚਰਚਾ ਬਟੋਰ ਰਹੀ ਹੈ। ਵੈਸੇ ਜਦੋਂ ਕਦੀ ਦੁਨੀਆ 'ਚ ਦੀਵਾਰਾਂ ਦੀ ਗੱਲ ਚੱਲਦੀ ਹੈ ਤਾਂ ਚੀਨ ਦੀ ਕੰਧ ਦਾ ਵਿਸ਼ੇਸ਼ ਉਲੇਖ ਹੁੰਦਾ ਹੈ।ਉੱਤਰ ਪੂਰਬ ਤੋਂ ਲੈ ਕੇ ਪੱਛਮ ਤੱਕ ਮਾਰੂਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚੋਂ ਦੀ ਸੱਪ ਵਾਂਗੂੰ ਮੇਲਦੀ ਜਾਂਦੀ ਇਹ ਚੀਨੀ ਦੀਵਾਰ ਆਪਣੇ ਆਪ 'ਚ ਪਤਾ ਨਹੀਂ ਕਿੰਨੀਆਂ ਕੁ
ਅਣਕਹੀਆਂ ਇਤਿਹਾਸਕ ਤੇ ਮਿਥਿਹਾਸਕ ਕਹਾਣੀਆਂ ਲੁਕਾਈ ਬੈਠੀ ਹੈ। ਕਰੀਬ 4000 ਮੀਲ ( 6700 ਕਿਲੋਮੀਟਰ) ਲੰਮੀ ਦੀਵਾਰ ਇਸ ਕੰਧ ਨੂੰ ਵਿਸ਼ਵ ਦੀ ਸਭ ਤੋਂ ਵੱਧ ਵੱਡੀ ਦੀਵਾਰ ਹੋਣ ਦਾ ਮਾਣ ਪ੍ਰਾਪਤ ਹੈ। ਕਹਿੰਦੇ ਹਨ ਇਹ ਦੀਵਾਰ ਚੀਨ ਨੇ ਆਪਣੇ ਦੇਸ਼ ਨੂੰ ਮੰਗੋਲ ਹਮਲਾਵਰਾਂ ਤੋਂ ਮਹਿਫੂਜ ਰੱਖਣ ਲਈ ਬਣਾਈ ਸੀ।
ਪਰ ਅਫਸੋਸ ਜਿਸ ਦੀਵਾਰ ਦੀ ਉਸਾਰੀ ਦੀ ਚਰਚਾ ਅੱਜ ਜੋਰਾਂ ਤੇ ਹੈ ਉਸਦਾ ਮਕਸਦ ਦੇਸ਼ ਵਾਸੀਆਂ ਨੂੰ ਕਿਸੇ ਬਾਹਰੀ ਹਮਲੇ ਤੋਂ ਬਚਾਉਣਾ ਨਹੀਂ ਹੈ, ਬਲਕਿ ਆਪਣੇ ਲੋਕਾਂ ਦੀ ਗਰੀਬੀ ਨੂੰ ਛੁਪਾਉਣ ਦੀ ਨਾਕਾਮ ਕੋਸ਼ਿਸ਼ ਹੈ।  
ਇਹ ਦੀਵਾਰ ਦਰਅਸਲ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਆਮਦ ਦੇ ਮੱਦੇਨਜ਼ਰ ਬਣਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਆਗਾਮੀ ਦਿਨਾਂ ਭਾਵ 24 ਅਤੇ 25 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨਾਂ ਦੌਰੇ ਤੇ ਭਾਰਤ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਕੁ ਘੰਟੇ ਗੁਜਰਾਤ 'ਚ ਬਿਤਾਉਣੇ ਹਨ। ਇਸ ਏਅਰਪੋਰਟ ਤੋਂ ਸਟੇਡੀਅਮ ਦੇ ਜਿਸ ਰਸਤੇ ਤੋਂ ਅਮਰੀਕੀ ਰਾਸ਼ਟਰਪਤੀ ਦਾ ਕਾਫਲਾ ਲੰਘਣਾ ਹੈ। ਉਸ ਰਸਤੇ ਦੇ ਕਿਨਾਰੇ ਕੁਝ ਗਰੀਬ ਝੁੱਗੀਆਂ ਵਾਲੇ ਆਬਾਦ ਹਨ। ਸਾਡੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਡੋਨਾਲਡ ਟਰੰਪ ਦੀ ਨਿਗਾਹ ਗਰੀਬਾਂ ਦੀਆਂ ਝੁੱਗੀਆਂ ਤੇ ਪਵੇ ਤੇ ਸਾਡੇ ਦੇਸ਼ ਦਾ ਮਜਾਕ ਉੱਡੇ। ਇਸ ਲਈ ਉਨ੍ਹਾਂ ਝੋਪੜੀਆਂ ਨੂੰ ਲੁਕਾਉਣ ਲਈ ਇਕ ਦੀਵਾਰ ਉਸਾਰੀ ਅਤੇ ਉਸ ਦੀਵਾਰ ਤੇ ਡੋਨਾਲਡ ਟਰੰਪ ਅਤੇ  ਪ੍ਰਧਾਨਮੰਤਰੀ ਮੋਦੀ ਦੀਆਂ ਤਸਵੀਰਾਂ ਦੀ ਪੈਂਨਟਿੰਗ ਦਾ ਕੰੰਮ ਇਨ੍ਹੀਂ ਦਿਨੀਂ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਕ ਰਿਪੋਰਟ ਮੁਤਾਬਕ ਇਸ ਦੀਵਾਰ ਉਸਾਰੀ ਤੇ ਲੱਗਭਗ ਸੌ ਕਰੋੜ ਖਰਚਾ ਆਉਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸੁਆਗਤ ਲਈ ਫੁੱਲਾਂ ਤੇ ਵੀ ਕਰੋੜਾਂ ਰੁਪਏ ਖਰਚ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਕਿਉਂਕਿ ਟਰੰਪ ਅਨੁਸਾਰ ਪ੍ਰਧਾਨ ਮੰਤਰੀ ਦੀ ਨੇ ਉਨ੍ਹਾਂ ਨੂੰ ਆਖਿਆ ਹੈ ਕਿ ਸਤੱਰ ਲੱਖ ਲੋਕ ਉਨ੍ਹਾਂ ਦੇ ਸੁਆਗਤ ਵਿਚ ਖੜ੍ਹੇ ਹੋਣਗੇ। ਤਿੰਨ ਘੰਟਿਆਂ ਦੀ ਫੇਰੀ ਤੇ ਆਉਣ ਵਾਲੇ ਰਾਸ਼ਟਰਪਤੀ ਤੋਂ ਆਪਣੇ ਲੋਕਾਂ ਦੀ ਗਰੀਬੀ ਛੁਪਾਉਣ ਲਈ ਕਰੋੜਾਂ ਦੀ ਭਾਰੀ ਭਰਕਮ ਰਕਮ ਨੂੰ ਇਕ ਦੀਵਾਰ ਆਦਿ ਤੇ ਖਰਚਨਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਜਾਪਦੀ ਅਤੇ ਨਾ ਹੀ ਕੋਈ ਬੁਧੀਜੀਵੀ ਇਸ ਨੂੰ ਜਾਇਜ਼ ਠਹਿਰਾ ਸਕਦਾ ਹੈ। ਕਿਸੇ ਮਹਿਮਾਨ ਲਈ ਗਰੀਬ ਲੋਕਾਂ ਦੇ ਘਰਾਂ ਸਾਹਮਣੇ ਦੀਵਾਰ ਬਣਾ ਕੇ ਉਨ੍ਹਾਂ ਦੀ ਧੁੱਪ ਦੇ ਵਿੱਚ ਅੜਿੱਕਾ ਬਣਨਾ ਬਿਲਕੁੱਲ ਸਹੀ ਨਹੀਂ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਦੀਵਾਰ ਦੇ ਬਣਨ ਨਾਲ ਸਾਡੀ ਗਰੀਬੀ
ਸਚਮੁੱਚ ਛੁੱਪ ਜਾਏਗੀ? ਸ਼ਾਇਦ ਇਹ ਕਦੀ ਸੰਭਵ ਨਹੀਂ। ਇੰਟਰਨੈੱਟ ਦੇ ਇਸ ਯੁੱਗ ਵਿੱਚ ਕੀ ਕਿਸੇ ਜ਼ਮੀਨ ਦੇ ਹਿੱਸੇ ਨੂੰ ਲੁਕਾਇਆ ਜਾ ਸਕਦਾ ਹੈ? ਇਸ ਜਵਾਬ ਵੀ ਮਨਫੀ ਹੀ ਹੈ। ਫਿਰ ਸਮਝ ਤੋਂ ਬਾਹਰ ਹੈ ਕਿ ਆਖਿਰ ਕਿਉਂ ਅਸੀਂ ਆਪਣੇ ਦੇਸ਼ ਦਾ
ਦੁਨੀਆ 'ਚ ਮਜ਼ਾਕ ਉਡਾਉਣ ਲਈ ਤਤਪਰ ਹਾਂ। ਜਿਸ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਵਿੱਚ ਆਉਣਾ ਹੈ ਅਸੀਂ ਭਲੀਭਾਂਤੀ ਜਾਣਦੇ ਹਾਂ ਕਿ ਉਸ ਦੇਸ਼ ਦੇ ਸੈਟੇਲਾਈਟ ਆਖਰੀ ਪਲਾਂ ਤੱਕ ਉਸ ਦੇ ਕਾਫਲੇ ਦੀ ਨਿਗਰਾਨੀ ਕਰਨਗੇ ਕਿ ਉਹ ਕਿਥੇ ਤੇ ਕਿਸ ਰਸਤੇ ਜਾਂਦੇ ਹਨ ।
ਅੱਜ ਜੋ ਦੀਵਾਰ ਗਰੀਬਾਂ ਦੀਆਂ ਝੁੱਗੀਆਂ ਨੂੰ ਛੁਪਾਉਣ ਲਈ ਬਣਾਈ ਜਾ ਰਹੀ ਹੈ ਉਹ ਸਾਡੀ ਖਾਮ-ਖਿਆਲੀ ਤੇ ਖੁਦ ਨੂੰ ਭੁਲੇਖੇ ਵਿੱਚ ਪਾਉਣ ਤੋਂ ਇਲਾਵਾ ਕੁੱਝ ਨਹੀਂ । ਅਸੀਂ ਸਮਝਦੇ ਹਾਂ ਕਿ ਅਜਿਹੇ ਭੁਲੇਖਿਆਂ ਨਾਲ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਭਾਵੇਂ ਭਰਮਾਂ ਲਈਏ। ਪਰ ਕਿਸੇ ਵਿਕਸਿਤ ਦੇਸ਼ ਨੂੰ ਹਨ੍ਹੇਰੇ ਵਿੱਚ ਨਹੀਂ ਰੱਖ ਸਕਦੇ। ਨਾਲੇ
ਹੁਣ ਤੱਕ ਤਾਂ ਦੀਵਾਰ ਉਸਾਰੀ ਨੂੰ ਲੈ ਕੇ ਮੀਡੀਆ ਦੀਆਂ ਉਕਤ ਰਿਪੋਰਟਾਂ ਆਉਣ ਵਾਲੇ ਮਹਿਮਾਨ ਤੱਕ ਕਦੋਂ ਦੀਆਂ ਪਹੁੰਚ ਚੁੱਕੀਆਂ ਹੋਣਗੀਆਂ।
ਅਸੀਂ ਸਮਝਦੇ ਹਾਂ ਚੰਗਾ ਹੁੰਦਾ ਕਿ ਸਰਕਾਰ ਉਕਤ ਦੀਵਾਰ ਦੀ ਬਜਾਏ ਉਸ ਸਲੰਮ ਏਰੀਆ ਦੇ ਗਰੀਬ ਝੁਗੀਆਂ ਵਾਲਿਆਂ ਲਈ ਪੱਕੇ ਘਰਾਂ ਦੀ ਇਕ ਕਾਲੋਨੀ ਬਣਵਾ ਦਿੰਦੀ ਤੇ ਆਉਣ ਵਾਲੇ ਮਹਿਮਾਨ ਨੂੰ ਆਖਦੀ ਕਿ ਵੇਖੋ ਜੀ ਅਸੀਂ ਤੁਹਾਡੇ ਆਉਣ ਦੀ ਖੁਸ਼ੀ ਵਿਚ ਜ਼ਰੂਰਤ ਮੰਦਾਂ ਨੂੰ ਪੱਕੇ ਇਹ ਘਰ ਬਣਵਾ ਕੇ ਦਿੱਤੇ ਨੇ, ਜਾਂ ਫਿਰ ਕੋਈ ਇੰਡਸਟਰੀ ਲਗਵਾ ਦਿੱਤੀ ਜਾਂਦੀ ਜਿਸ ਵਿਚ ਉਕਤ ਝੁੱਗੀਆਂ ਵਾਲਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ। ਯਕੀਨਨ ਅਜਿਹਾ ਕਰਨ ਨਾਲ ਪੂਰੀ ਦੁਨੀਆ ਵਿੱਚ ਸਾਡੇ ਸਾਕਾਰਾਤਮਕ ਉਪਰਾਲਿਆਂ ਦੀ ਸ਼ਲਾਘਾ ਹੋਣੀ ਸੀ ਅਤੇ ਗਰੀਬ ਝੋਪੜੀਆਂ ਵਾਲੇ ਲੋਕਾਂ ਦੀਆਂ ਆਂਦਰਾਂ ਤੱਕ ਨੇ ਸਰਕਾਰ ਨੂੰ ਦੁਆਵਾਂ ਦੇਣੀਆਂ ਸਨ... ਤੇ ਜਦੋਂ ਕਿਸੇ ਭੁੱਖੇ ਤੇ ਗਰੀਬ ਦੀ ਦੁਆ ਕਿਸੇ ਆਦਮੀ ਜਾਂ ਮੁਲਕ ਨੂੰ ਲੱਗ ਜਾਏ ਤਾਂ ਯਕੀਨਨ ਵਿਗੜੀਆਂ ਤਕਦੀਰਾਂ ਬਣਦਿਆਂ ਦੇਰ ਨਹੀਂ ਲੱਗਦੀ।

 

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ : 9855259650


Aarti dhillon

Content Editor

Related News