ਮੇਰੇ ਪਿੰਡ ਦੇ ਲੋਕ-11 : ''ਜੈਲਾ ਵੀਰਾ''

05/09/2020 3:51:32 PM

ਰੁਪਿੰਦਰ ਸੰਧੂ 

ਜੈਲਾ ਵੀਰਾ ਮੈਨੂੰ ਲੱਗਦਾ ਸਾਡੇ ਪਿੰਡ ਦਾ ਸਭ ਤੋਂ ਸੋਹਣਾ ਗੱਭਰੂ ਸੀ,  ਜਦ  ਮੈਂ ਪੰਜਵੀਂ  ਚ ਪੜ੍ਹਦੀ ਸਾਂ, ਜਦ ਜੈਲੇ ਵੀਰੇ ਦਾ ਵਿਆਹ ਹੋਇਆ ਤਾਂ ਉਹਦੇ ਵਿਆਹ ਤੇ ਸਰਦੂਲ ਸਿਕੰਦਰ ਦਾ ਅਖਾੜਾ ਲਵਾਇਆ ਸੀ ਚਾਚੇ ਦਰਸ਼ਨ ਹੁਰਾਂ ਨੇ।

ਜੈਲਾ ਚਾਚੇ ਦਰਸ਼ਨ ਸਿਹੁੰ ਦਾ ਤਿੰਨ ਧੀਆਂ ਤੋਂ ਬਾਅਦ ਬਹੁਤ ਮੰਨਤਾਂ ਨਾਲ ਮਿਲਿਆ ਪੁੱਤਰ ਸੀ । ਚਾਚੇ ਦਰਸ਼ਨ ਦੇ ਦੋ ਵਿਆਹ ਸੀ ।ਪਹਿਲੀ ਚਾਚੀ ਚੋਂ ਜਦੋਂ  ਦੋ ਧੀਆਂ ਤੋਂ ਬਾਅਦ ਕੋਈ ਔਲਾਦ   ਹੋਰ ਨਾ ਹੋਈ ਤਾਂ ਵੱਡੀ ਚਾਚੀ ਆਪਣੀ ਭੈਣ ਨੂੰ ਡੋਲੇ ਪਾ  ਲਿਆਈ ਸੀ । ਉਸਦੇ ਚੋਂ ਹੀ ਵੀਰਾ ਜੈਲਾ ਤੇ  ਉਹਦੇ ਤੋਂ ਛੋਟੀ ਉਹਦੀ ਭੈਣ ਸੀ, ਕੁਲਦੀਪ  ਸੀ ਉਹਦਾ ਨਾਂ। 

ਵੀਰੇ ਤੋਂ ਵੀ ਸੋਹਣੀਂ ਉਹਦੀ ਘਰਦੀ ਭਾਬੀ ਬਲਜਿੰਦਰ । ਜਾਇਦਾਦ ਬਾਹਵਾ ਆਉਂਦੀ ਸੀ ਵੀਰੇ ਜੈਲੇ ਨੂੰ ।  ਕਈ ਵਾਰ ਵੀਰੇ ਨੇਂ ਸਾਡੇ  ਘਰ ਆਉਣਾਂ ਤਾਂ ਉਹਨੇਂ ਨਿਆਣਿਆਂ ਨਾਲ ਨਿਆਣੇਂ ਹੀ ਹੋ ਜਾਣਾ।  ਸਾਨੂੰ ਨਿਆਣਿਆਂ ਨੂੰ ਆਦਤ ਸੀ ਵੀ ਜਿਹੜਾ ਵੀ ਜਾਣਕਾਰ ਘਰ ਅੱਗੋਂ ਲੰਘਣਾ ਤਾਂ ਉਹਨੂੰ ਸਤਿ  ਸ੍ਰੀ ਅਕਾਲ ਕਹਿਣਾ ।  ਜਦੋਂ ਵੀਰੇ ਨੇਂ ਲੰਘਣਾ ਤਾਂ ਉਹ  ਆਪ  ਸਾਡੇ ਬੁਲਾਉਣ ਤੋਂ ਵੀ ਪਹਿਲਾਂ ਬੁਲਾ ਲੈਂਦਾ ।  ਬਹੁਤੀ ਖੁਸ਼  ਮਿਜਾਜ਼ ਸੀ ਵੀਰੇ ਦੀ ਰੂਹ । ਚਿਹਰੇ ਤੇ ਹਮੇਸ਼ਾ ਹਾਸਾ ਖਿੜਿਆ ਰਹਿੰਦਾ । ਵੀਰੇ  ਦੇ ਵਿਆਹ ਤੋਂ ਥੋੜ੍ਹਾ ਚਿਰ ਬਾਅਦ ਹੀ ਛੋਟੀ ਚਾਚੀ ਦੁਨੀਆਂ ਤੋਂ ਰੁਖਸਤ ਹੋ ਈ ਸੀ । ਵੀਰੇ ਦਾ ਮੁਹਾਂਦਰਾ ਜਵਾਂ ਉਹਦੇੇ ਨਾਲ ਮਿਲਦਾ ਸੀ । ਵੀਰੇ ਦਾ ਵਿਆਹ  ਮੈਨੂੰ ਲੱਗਦਾ  ਵੀਹਾਂ  ਕੁ ਵਰ੍ਹਿਆਂ ਦੀ ਉਮਰ ਚ  ਹੋ ਗਿਆ ਹੋਣਾਂ । ਕਮਲ ਤੇ ਹੈਰੀ ਉਹਦੇ ਦੋ ਪੁੱਤਰ ਜਵਾਂ ਭਾਬੀ ਬਲਜਿੰਦਰ ਵਰਗੇ ।  ਭਾਬੀ ਦਾ ਸੁਭਾਅ ਵੀ ਬੜਾ ਹੀ ਚੰਗਾ ਸੀ । ਗੱਲ ਕੀ ਦੋਵਾਂ ਜੀਆਂ ਦੀ ਜੋੜੀ ਜਿਵੇਂ ਰੱਬ ਨੇਂ ਬਹੁਤੀਆਂ ਵਿਉਂਤਾਂ ਨਾਲ  ਬਣਾਈ ਹੋਵੇ।  ਆਪਣੀ ਮਿਹਨਤ ਨਾਲ ਉਹਨੇਂ ਜੱਦੀ ਜਾਇਦਾਦ ਨੂੰ ਦੁੱਗਣੀ ਕੀਤਾ ਸੀ ।  ਸਾਰਾ ਪਿੰਡ ਵੀਰੇ ਇੰਨਾਂ  ਦਾ ਮੋਹ ਕਰਦਾ  ਜਿਵੇਂ ਉਹ ਸਭ ਦਾ ਆਪਣਾ ਪੁੱਤਰ ਹੋਵੇ, ਆਪਣੇਂ ਘਰ ਜਾ ਜੀਅ ਹੋਵੇ। ਮੈਂ  ਉਹਨੂੰ ਵੱਡੀ ਚਾਚੀ ਨਾਲ ਵੀ ਸਕੀ ਮਾਂ ਜਿਹਾ ਮੋਹ ਕਰਦੇ ਵੇਖਿਆ  ਸੀ ਸਦਾ ।  ਛੇ ਕੁ ਵਰ੍ਹੇ ਪਹਿਲਾਂ ਵੀਰੇ ਨੇਂ ਵੱਡਾ ਪੁੱਤਰ ਵੀ ਵਿਆਹ ਲਿਆ ਆਪਣਾ ।  ਰੱਬ ਦੀ ਇਹੋ ਜਿਹੀ ਕੋਈ ਰਹਿਮਤ ਨਹੀਂ ਸੀ ਜਿਹੜੀ ਉਸ ਘਰ ਦੇ ਹਿੱਸੇ ਨਹੀਂ ਸੀ ਆਈ ।   ਪਰ ਡਾਢੀਆਂ ਰਹਿਮਤਾਂ ਦੀ ਕੀਮਤ ਵੀ  ਸ਼ਾਇਦ ਡਾਢੀ ਹੀ ਹੁੰਦੀ ਏ । 

ਦੋ ਕੁ ਵਰ੍ਹੇ ਪਹਿਲਾਂ ਪਿੰਡੋਂ ਫੋਨ ਆਇਆ । " ਘਰੋਂ ਨਾਲ ਦੇ ਪਿੰਡ  ਕੰਮ ਗਏ ਜੈਲੇ ਵੀਰੇ ਦੀ ਕਾਰ ਦਾ ਐਕਸੀਡੈਂਟ ਹੋ ਗਿਆ , ਦਰਖਤ ਨਾਲ ਵੱਜੀ ਕਾਰ ਚ ਸਭ ਕੁੱਝ ਸਲਾਮਤ ਸੀ ਸਿਵਾਏ ਉਸ ਹੱਸਦੇ ਚਿਹਰੇ ਦੇ ।  ਦੋ ਕੁ ਘੰਟੇ ਚ ਵਾਪਸ ਆਉਣ  ਕਹਿਕੇ  ਉਹ ਸਾਰਿਆਂ ਨੂੰ ਕਦੇ ਨਾ ਆਉਣ ਦੀ ਪੀੜ ਦੇ ਗਿਆ ਸੀ । ਲੋਕੀ ਕਹਿੰਦੇ ਉਹਨੂੰ ਸ਼ਾਇਦ  ਦਿਲ ਦਾ ਦੌਰਾ ਪੈਣ ਕਰਕੇ ਕਾਰ ਦਰਖਤ ਚ ਵੱਜੀ ।  ਘਰਦੇ ਜੀਆਂ   ਦੀਆਂ ਧਾਹਾਂ ਨਾਲ ਸਾਰਾ ਪਿੰਡ ਉਦਾਸ ਸੀ । ਚਾਚੇ ਦਰਸ਼ਨ ਸਿਹੁੰ ਦਾ ਜਿਵੇਂ ਜਹਾਨ ਹੀ ਲੁੱਟਿਆ ਗਿਆ ਸੀ ।  ਮੇਰੀ ਮਾਂ ਕਹਿੰਦੀ ਭਾਬੀ ਬਲਜਿੰਦਰ ਦੀਆਂ ਧਾਹਾਂ  ਦਿਲ ਨੂੰ ਖੋਹ ਪਾਉਂਦੀਆਂ ਸੀ ।  ਉਹਦਾ ਲੋਕਾਂ ਨਾਲ ਨਾਤੇ ਦੀ ਗਵਾਹੀ  ਉਹਦੇ ਭੋਗ ਤੇ ਇੱਕਠਾ  ਹੋਇਆ  ਹਜ਼ੂਮ  ਭਰ ਰਿਹਾ ਸੀ । ਪਰ ਯਕੀਨ ਤੋਂ ਵੀ ਪਰੇ ਸੀ , ਵੀ ਵੀਰਾ ਹੁਣ ਇਸ ਦੁਨੀਆਂ ਤੇ ਨਹੀਂ ਰਿਹਾ । ਮੈਂ ਅੱਜ ਵੀ ਸੋਚਦੀ ਹਾਂ ਕਿ ਮੈਨੂੰ ਮੇਰੇ ਪਿੰਡ  ਦੇ ਦੋਕ ਇੰਨੇਂ ਚੰਗੇ ਕਿਓਂ ਲੱਗਦੇ ਨੇਂ ਵੀ ਉਨ੍ਹਾਂ ਦੇ ਤੁਰ ਜਾਣ ਦੀ ਪੀੜ  ਕਈ ਵਾਰੀ ਯਾਦ ਆਉਣ ਤੇ ਹੰਝੂਆਂ ਦਾ ਸਬੱਬ ਬਣ ਜਾਂਦੀ ਏ ।  

PunjabKesari

ਦੋ ਵਰ੍ਹੇ ਹੋ ਗਏ ਵੀਰੇ ਨੂੰ ਰੁਖਸਤ ਹੋਇਆਂ ਪਰ ਮੈਨੂੰ ਪਤਾ ਮੁੜ ਮੇਰੇ ਪਿੰਡ ਉਹਦੇ ਜਿਨਾਂ ਸੋਹਣਾ ਗੱਭਰੂ ਨੀਂ  ਦਿੱਸਣਾ ਕੋਈ । ਮੈਨੂੰ ਤਾਂ ਅੱਜ ਵੀ ਜਦੋਂ ਕੋਈ ਵੀਰੇ ਦੀ ਗੱਲ ਕਰੇ ਤਾਂ ਉਹ ਮੇਰੇ ਘਰ ਦੇ ਅੱਗਿਓਂ ਉਵੇਂ  ਹੀ ਹੱਸਦਾ ਹੋਇਆ ਲੰਘਦਾ ਦਿੱਸਦਾ ਏ ਤੇ ੳਹੀ ਬੋਲ ਅੱਜ ਵੀ ਯਾਦ ਨੇਂ , ਜਦੋਂ ਵੀਰਾ ਕਹਿੰਦਾ ਹੁੰਦਾ ਸੀ ," ਹੋਰ ਪੁੱਤ ਕੀ ਹਾਲ ਨੇਂ ? 


rajwinder kaur

Content Editor

Related News