ਬੀਤੇ ਪਲ

07/12/2017 5:36:16 PM

ਬੀਤੇ ਪਲਾਂ ਦੇ 
ਵੇਰਵਿਆਂ ਚੋਂ ਲੰਘਦਿਆਂ
ਮੈਂ 
ਅਕਸਰ ਹੀ 
ਲੁਕਵੀਂ ਨਜ਼ਰੇ
ਤੇਰੇ ਵੱਲ ਤੱਕਦਾ ਹਾਂ
ਕਦੇ ਕਦਾਈ 
ਅਣਕੀਤੇ ਪੈਂਡੇ ਦੇ ਪਛਤਾਵੇ ਵਿੱਚ 
ਲਟ-ਲਟ ਜਲਦਾਂ
ਪਰ . . .
ਖ਼ਾਮੋਸ਼ੀ ਦੇ ਪਸਰਨ ਤੋਂ 
                 ਪਹਿਲਾਂ ਹੀ
  ਬੜੇ ਸਲੀਕੇ ਨਾਲ
  ਚੁੱਪ ਦੀ ਉਂਗਲ ਫੜ੍ਹ
            ਉਸ ਚੌਰਸਤੇ ਤੱਕ
                 ਜਾ ਪੁੱਜਦਾ ਹਾਂ

  ਜਿੱਥੇ ਖਲੋ
       ਅਕਸਰ
          ਤੈਨੂੰ ਨਿਹਾਰਿਆ ਕਰਦਾ ਸੀ,
ਦਿਸ਼ਾਵਾਂ  ਨਾਲ ਤਾਂ
ਕੋਈ ਵਾਸਤਾ ਹੀ ਨਹੀਂ ਸੀ
ਉਤਰ-ਦੱਖਣ
ਪੂਰਵ-ਪੱਛਮ
ਬੇ-ਅਰਥ ਹੋ ਜਾਦੇ ਸਨ
ਤੇ
ਸਿਰਫ ਇਕ ਚੌਰਸਤਾ ਹੀ
ਮੇਰੇ ਜ਼ਿਹਨ ਵਿੱਚ 
ਖੁੱਭਿਆ ਰਹਿ ਜਾਂਦਾ ਸੀ।

ਬੀਤੇ ਪਲਾਂ ਦੇ
ਵੇਰਵਿਆਂ ਚੋਂ ਲੰਘਦਿਆਂ 
ਮੈਂ 
ਅਕਸਰ ਹੀ
ਓਸੇ ਚੌਰਸਤੇ 'ਤੇ ਹੀ
 ਆ ਰੁਕਦਾ ਹਾਂ ।