ਪੰਥਕ ਸੀਟ : ਲੋਕ ਸਭਾ ਹਲਕਾ ਖਡੂਰ ਸਾਹਿਬ

04/16/2019 12:11:24 PM

ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਉਂ- ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ  ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ। ਅਜਿਹੇ ਹਲਾਤਾਂ ਵਿੱਚ ਸਭ ਤੋਂ ਦਿਲਚਸਪ ਮੁਕਾਬਲਾ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਵੇਖਣ ਨੂੰ ਮਿਲੇਗਾ, ਜਿੱਥੇ ਕਾਂਗਰਸ ਦੇ ਸ੍ਰ . ਜਸਬੀਰ ਸਿੰਘ ਡਿੰਪਾ , ਅਕਾਲੀ ਦਲ ਦੇ ਬੀਬੀ ਜਗੀਰ ਕੌਰ ਅਤੇ ਪੰਜਾਬ ਏਕਤਾ ਪਾਰਟੀ ਦੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਦਰਮਿਆਨ ਤਿਕੋਣਾ ਮੁਕਾਬਲਾ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਹਲਾਂਕਿ ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ । ਇਸ ਲੋਕ ਸਭਾ ਹਲਕੇ ਵਿੱਚ ਕੁੱਲ 1599881 ਵੋਟਰ ਹਨ। ਜੇਕਰ ਗੱਲ ਪਿਛਲੀਆਂ ਲੋਕ ਸਭਾ ਚੋਣਾਂ ਦੀ ਕਰੀਏ ਤਾਂ 2009 ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਨੇ ਕਾਂਗਰਸ ਪਾਰਟੀ ਦੇ ਰਾਣਾ ਗੁਰਜੀਤ ਸਿੰਘ ਨੂੰ ਤਕਰੀਬਨ 32000 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 2014 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਇੱਥੋਂ ਚੋਣ ਜਿੱਤੇ ਸਨ , ਜਿੰਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ ਨੂੰ ਇੱਕ ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਹੁਣ ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰਕੇ ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਬਣਾ ਲਈ ਹੈ । ਉਹਨਾਂ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰੇ ਗਏ ਆਪਣੇ ਉਮੀਦਵਾਰ ਜਰਨਲ ਜੇ. ਜੇ ਸਿੰਘ ਨੂੰ ਵਾਪਸ ਲੈ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਸਿਆਸੀ ਜੀਵਨ ਉੱਪਰ ਜੇਕਰ ਝਾਤ ਮਾਰੀ ਜਾਵੇ ਤਾਂ ਉਹ ਪਹਿਲੀ ਵਾਰ 1997 ਵਿੱਚ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਰੇ ਸਨ । ਉਸ ਵੇਲ਼ੇ ਉਹਨਾਂ ਨੂੰ ਅਕਾਲੀ ਦਲ ਦੇ ਮਨਮੋਹਨ ਸਿੰਘ ਸਠਿਆਲਾ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। ਜਸਬੀਰ ਸਿੰਘ ਡਿੰਪਾ ਨੇ 2002 ਵਿੱਚ ਅਕਾਲੀ ਦਲ ਦੇ ਮਨਜਿੰਦਰ ਸਿੰਘ ਕੰਗ ਨੂੰ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਤੋਂ ਹਰਾਇਆ। ਸਾਲ 2007 ਵਿੱਚ ਬਿਆਸ ਵਿਖੇ ਹੋਈ ਅਕਾਲੀ ਵਰਕਰ ਦੀ ਮੌਤ ਕਾਰਨ ਗੋਲੀਕਾਂਡ ਵਿੱਚ ਨਾਮਜ਼ਦ ਹੋਣ ਕਾਰਨ ਉਹ ਮਨਜਿੰਦਰ ਸਿੰਘ ਕੰਗ ਹੱਥੋਂ 4500 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ। ਸਾਲ 2014 ਵਿੱਚ ਵੀ ਜਸਬੀਰ ਸਿੰਘ ਡਿੰਪਾ ਨੂੰ ਖਡੂਰ ਸਾਹਿਬ ਸੀਟ ਤੋਂ ਟਿਕਟ ਮਿਲਣ ਦੀ ਆਸ ਸੀ ਪਰ ਉਸ ਵੇਲ਼ੇ ਹਰਮਿੰਦਰ ਸਿੰਘ ਗਿੱਲ ਉੱਪਰ ਕਾਂਗਰਸ ਪਾਰਟੀ ਨੇ ਭਰੋਸਾ ਜਿਤਾਇਆ ਪਰ ਉਹ ਰਣਜੀਤ ਸਿੰਘ ਬ੍ਰਹਮਪੁਰਾ ਪਾਸੋਂ ਬੁਰੀ ਤਰ੍ਹਾਂ ਨਾਲ ਹਾਰ ਗਏ ਸਨ। ਉਧਰ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ 1999 ਅਤੇ 2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। 2002 ਵਿੱਚ ਬੀਬੀ ਜਗੀਰ ਕੌਰ ਨੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ੍ਹਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ। ਸਾਲ 2007 ਵਿੱਚ ਉਹ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਤੋਂ ਭੁਲੱਥ ਦੀ ਸੀਟ ਹਾਰ ਗਏ ਸਨ। 2012 ਵਿੱਚ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਭੁਲੱਥ ਉੱਪਰ ਮੁੜ ਕਬਜ਼ਾ ਕਰ ਲਿਆ ਪਰ ਉਹਨਾਂ ਧੀ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਗਰਭਪਾਤ ਦੇ ਦੋਸ਼ ਤੈਅ ਹੋਣ ਤੋਂ ਕਾਰਨ 17 ਦਿਨਾਂ ਬਾਅਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੂਝਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਉਣਗੇ ਅਤੇ ਉਹਨਾਂ ਦਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਹੋਣਗੇ। ਆਮ ਆਦਮੀ ਪਾਰਟੀ ਨੇ ਨੌਜਵਾਨ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ 5 ਸਾਲ ਭਾਰਤੀ ਫੌਜ ਵਿੱਚ ਨੌਕਰੀ ਵੀ ਕੀਤੀ ਹੈ। ਜੇਕਰ ਗੱਲ ਕਰੀਏ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਸ਼ੋਸ਼ਲ ਮੀਡੀਏ ਉੱਪਰ ਵਧੇਰੇ ਜ਼ੋਰ ਹੈ। ਜਸਬੀਰ ਸਿੰਘ ਡਿੰਪਾ ਵੀ ਆਪਣਾ ਚੰਗਾ ਰਸੂਖ਼ ਰੱਖਦੇ ਹਨ ਅਤੇ ਲੋਕਾਂ ਵੱਲੋਂ ਉਹਨਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦਰਸ਼ਨੀ ਡਿਉਢੀ ਨੂੰ ਢਾਹੁਣਾ ਅਤੇ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਵਿਰੋਧੀਆਂ ਕੋਲ ਅਕਾਲੀ ਦਲ ਦੇ ਖਿਲਾਫ਼ ਮੁੱਖ ਮੁੱਦੇ ਹਨ। ਬੀਬੀ ਜਗੀਰ ਕੌਰ ਦਾ ਸਿਆਸੀ ਤਜ਼ਰਬਾ ਬੇਸ਼ੱਕ ਪੁਰਾਣਾ ਹੈ ਪਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਪੰਥਕ ਵੋਟ ਭੁਗਤਣ ਕਾਰਨ ਉਹਨਾਂ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ। ਵੱਖੋ-ਵੱਖਰੀਆਂ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਨਿੱਤਰ ਜਾਣ ਕਾਰਨ ਇਸ ਸੀਟ ਉੱਪਰ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਲੋਕ ਕਿਸ 
ਉਮੀਦਵਾਰ ਤੇ ਭਰੋਸਾ ਜਿਤਾ ਕੇ ਉਸਨੂੰ ਪਾਰਲੀਮੈਂਟ ਵਿੱਚ ਭੇਜਦੇ ਹਨ ਇਹ ਤਾਂ 23 ਮਈ ਵਾਲੇ ਦਿਨ ਹੀ ਪਤਾ ਲੱਗੇਗਾ।ਫ਼ਿਲਹਾਲ ਸਿਆਸੀ ਗਲਿਆਰਿਆਂ ਅੰਦਰ ਚਰਚਾਵਾਂ ਦਾ ਦੌਰ ਜਾਰੀ ਹੈ।

ਅਰਸ਼ਪ੍ਰੀਤ ਸਿੰਘ ਮਧਰੇ

Aarti dhillon

This news is Content Editor Aarti dhillon