ਪੀ.ਏ.ਯੂ. ਵਿਚ ਮਾਹਿਰਾਂ ਦੀ ਨਰਮਾ ਪੱਟੀ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਸਥਿਤੀ ਬਾਰੇ ਮੀਟਿੰਗ

08/20/2018 5:49:29 PM

ਪੀ.ਏ.ਯੂ. ਵਿਚ ਅੱਜ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਇਕ ਮੀਟਿੰਗ ਹੋਈ।ਪਿਛਲੇ ਕੁਝ ਦਿਨਾਂ ਤੋਂ ਨਰਮਾ ਪੱਟੀ ਵਿਚ ਰਸ ਚੂਸਣ ਵਾਲੇ ਕੀੜਿਆਂ ਦੀ ਸ਼ਿਕਾਇਤ ਸਾਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਮਾਹਿਰਾਂ ਨੇ ਮਾਨਸਾ,ਬਠਿੰਡਾ,ਫਰੀਦਕੋਟ, ਮੁਕਤਸਰ ਅਤੇ ਫਾਜ਼ਿਲਕਾ ਦੇ ਖੂਹੀਆਂ ਸਰਵਰ ਬਲਾਕ ਦੇ 4 ਪਿੰਡਾਂ ਵਿਚ ਸਰਵੇਖਣ ਕੀਤਾ ਸੀ। ਇਸ ਸਰਵੇਖਣ ਦੌਰਾਨ 233 ਖੇਤਾਂ ਵਿਚੋਂ ਸਿਰਫ 4 ਵਿਚ ਚਿੱਟੀ ਮੱਖੀ ਦਾ ਘੱਟੋ-ਘੱਟ ਆਰਥਿਕ ਪੱਧਰ ਲੋੜ ਤੋਂ ਜ਼ਿਆਦਾ ਪਾਇਆ ਗਿਆ।ਕੁਝ ਖੇਤਾਂ ਵਿਚ ਹਰੇ ਤੇਲੇ ਅਤੇ ਭੂਰੀ ਜੂੰ ਦੀ ਮਿਕਦਾਰ ਵਿਚ ਵੀ ਵਾਧਾ ਦਰਜ ਕੀਤਾ ਗਿਆ ਸੀ ਪਰ 14-15 ਅਗਸਤ ਨੂੰ ਹੋਈ ਬਰਸਾਤ ਨੇ ਇਹਨਾਂ ਕੀੜਿਆਂ ਦੇ ਅਸਰ ਨੂੰ ਘਟਾਉਣ ਵਿਚ ਹੋਰ ਸਹਾਇਤਾ ਕੀਤੀ ਹੈ। ਕੀੜਿਆਂ ਨੂੰ ਵਧਾਉਣ ਵਾਲੇ ਗਰਮ ਤੇ ਨਮੀ ਵਾਲੇ ਮੌਸਮ ਦੇ ਬਾਵਜੂਦ ਕੁੱਲ ਮਿਲਾ ਕੇ ਨਰਮੇ ਦੀ ਫਸਲ ਦੀ ਹਾਲਤ ਬਹੁਤ ਚੰਗੀ ਹੈ। ਮਾਹਿਰ ਇਸ ਨਤੀਜੇ ਤੇ ਪਹੁੰਚੇ ਕਿ ਕਿਸਾਨ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਸਗੋਂ ਕਿਸਾਨਾਂ ਨੂੰ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹਿਦਾ ਹੈ ਤਾਂ ਕਿ ਚਿੱਟੀ ਮੱਖੀ, ਹਰੇ ਤੇਲੇ ਅਤੇ ਭੂਰੀ ਜੂੰ ਵਰਗੇ ਰਸ ਪੀਣ ਵਾਲੇ ਕੀੜਿਆਂ ਤੋਂ ਸਮਾਂ ਰਹਿੰਦੇ ਬਚਾਅ ਕੀਤਾ ਜਾ ਸਕੇ।
                       

ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀ ਡਾ. ਵਿਜੈ ਕੁਮਾਰ ਨੇ ਫਸਲ ਨੂੰ ਸੋਕੇ ਤੋਂ ਬਚਾਉਣ ਅਤੇ ਸਮੇਂ ਸਿਰ ਸਿੰਚਾਈ ਦਾ ਸੁਝਾਅ ਵੀ ਦਿੱਤਾ। ਰਸ ਚੂਸਣ ਵਾਲੇ ਕੀੜਿਆਂ ਦੀ ਮਿਕਦਾਰ ਵਿਚ ਵਾਧੇ ਲਈ ਸੋਕਾ ਇਕ ਵੱਡਾ ਕਾਰਨ ਹੈ। ਉਹਨਾਂ ਦੱਸਿਆ ਕਿ ਹਰੇ ਤੇਲੇ ਦੀ ਵਜ੍ਹਾ ਨਾਲ ਨਰਮੇ ਦੇ ਬੂਟੇ ਉੱਪਰ ਵਾਲੇ ਹਿੱਸੇ ਵਿਚ ਪੀਲੀ ਭਾਅ ਮਾਰਨ ਲੱਗਦੇ ਹੰਟ ਪੱਤੇ ਲਪੇਟੇ ਜਾਣ ਲੱਗਦੇ ਹਨ। ਇਸ ਤੋਂ ਬਚਾਅ ਲਈ 60 ਗ੍ਰਾਮ ਓਸ਼ੀਨ 20 ਐੱਸ ਜੀ(ਡਿਨੋਟੀਫੁਰਾਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ(ਫਲੋਨਿਕਾਮਿਡ) ਦਾ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਮਾਹਿਰਾਂ ਨੇ ਇਹ ਵੀ ਦੱਸਿਆ ਕਿ ਜੇ ਭੂਰੀ ਜੂੰ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਖੇਤ ਨੂੰ ਪਾਣੀ ਦਿਓ ਜਿਸ ਨਾਲ ਮਿੱਟੀ ਵਿਚ ਹੀ ਇਸ ਕੀੜੇ ਦੇ ਵਿਕਸਿਤ ਜੀਵ ਨਸ਼ਟ ਹੋ ਜਾਣਗੇ। ਹਮਲੇ ਦੀ ਤੀਬਰਤਾ ਦੀ ਹਾਲਤ ਵਿਚ ਕਿਉਰਾਕਰੋਨ 50 ਈ.ਸੀ. 500 ਮਿਲੀ 150 ਲਿਟਰ ਪਾਣੀ ਵਿਚ ਘੋਲ ਕਿ ਪ੍ਰਤੀ ਏਕੜ ਛਿੜਕਾਅ ਕਰਨਾ ਚਾਹਿਦਾ ਹੈ। ਜਿਹਨਾਂ ਖੇਤਾਂ ਵਿਚ ਚਿੱਟੀ ਮੱਖੀ ਤੇ ਭੂਰੀ ਜੂੰ ਦੀ ਵਧੇਰੇ ਮਿਕਦਾਰ ਦਿਖਾਈ ਦੇਵੇ ਉਥੇ 200 ਗ੍ਰਾਮ ਪੋਲੋ 50 ਡਬਲਯੂ ਪੀ ਜਾਂ 800 ਮਿਲੀ ਫੋਸਮਾਈਟ 50 ਈ. ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
— ਜਗਦੀਸ਼ ਕੌਰ