ਪੀ.ਏ.ਯੂ. ਨੇ ਮਿਰਚਾਂ ਅਤੇ ਪਿਆਜ਼ ਦੀਆਂ ਕਿਸਮਾਂ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

12/27/2018 3:01:25 PM

ਅੱਜ ਪੀਏਯੂ ਵੱਲੋਂ ਮਿਰਚਾਂ ਦੀ ਵਿਕਸਿਤ ਹਾਈਬ੍ਰਿਡ ਕਿਸਮ ਸੀ.ਐੱਚ-27 ਅਤੇ ਪਿਆਜ਼ ਦੀ ਕਿਸਮ ਪੀ.ਆਰ.ਓ-7 ਦੇ ਵਪਾਰੀਕਰਨ ਲਈ ਇੱਕ ਸਮਝੌਤੇ ਉਪਰ ਸਹੀ ਪਾਈ। ਇਹ ਸਮਝੌਤਾ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਤਰ ਖੇਤਰੀ ਖੋਜ ਕੰਪਲੈਕਸ ਪਟਨਾ, ਐਰੀਜ਼ੋਨਾ ਸੀਡਜ਼ ਪ੍ਰਾਈਵੇਟ ਲਿਮਟਿਡ ਪਿੰਡ ਇੰਦਰਪੁਰਾ, ਨਾਭਾ ਜ਼ਿਲਾ ਪਟਿਆਲਾ ਅਤੇ ਪੀਏਯੂ ਵਿਚਕਾਰ ਹੋਇਆ। ਪੀਏਯੂ ਵਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮਾਂ ਵੱਲੋਂ ਡਾ. ਪ੍ਰਿਯ ਰਾਜਨ ਕੁਮਾਰ ਅਤੇ ਸ੍ਰੀ ਮੁਹੰਮਦ ਸ਼ਮਸ਼ਾਦ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀਏਯੂ ਨੇ ਹੁਣ ਤਕ ਸੀਐਚ-17 ਦੇ ਵਪਾਰੀਕਰਨ ਲਈ 13 ਸਮਝੌਤੇ ਕੀਤੇ ਹਨ।

ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਪਿਆਜ਼ ਦੀ ਕਿਸਮ ਪੀ.ਆਰ.ਓ-7 ਦੀਆਂ ਖੂਬੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਛੇਤੀ ਪੱਕਣ ਵਾਲੀ ਅਤੇ ਗੂੜ ਲਾਲ ਗੰਢਿਆਂ ਵਾਲੀ ਕਿਸਮ ਹੈ ਜਿਸਦਾ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ। ਪਿਆਜ਼ ਦੀ ਇਹ ਕਿਸਮ ਲੰਮੇ ਸਮੇਂ ਤਕ ਸਟੋਰ ਕੀਤੇ ਜਾਣ ਯੋਗ ਹੈ। ਸਹਾਇਕ ਸਬਜ਼ੀ ਕਿਸਮ ਸੁਧਾਰਕ ਸ੍ਰੀ ਸਲੇਸ਼ ਜਿੰਦਲ ਨੇ ਦੱਸਿਆ ਕਿ ਮਿਰਚਾਂ ਦੀ ਦੋਗਲੀ ਕਿਸਮ ਸੀਐਚ-27 ਪੱਤਾ ਲਪੇਟ ਵਿਸ਼ਾਣੂੰ ਦਾ ਸਾਹਮਣਾ ਕਰਨ ਦੇ ਯੋਗ ਹੈ। ਇਸ ਕਿਸਮ ਦੇ ਬੂਟੇ ਲੰਮੇ ਸਮੇਂ ਤਕ ਫਲ ਦਿੰਦੇ ਹਨ। ਇਸ ਦੇ ਫਲ ਹਲਕੇ ਹਰੇ, ਲੰਮੇ ਅਤੇ ਮੱਧਮ ਦਰਜ਼ੇ ਦੀ ਕੁੜੱਤਣ ਨਾਲ ਭਰਪੂਰ ਹੁੰਦੇ ਹਨ। ਇਸ ਦੇ ਫਲ ਦਰਮਿਆਨੀ ਲੰਬਾਈ ਵਾਲੇ, ਪਤਲੇ ਛਿੱਲੜ ਵਾਲੇ ਹੁੰਦੇ ਹਨ। ਇਸ ਕਿਸਮ ਦਾ ਔਸਤ ਝਾੜ 96 ਕੁਇੰਟਲ ਪ੍ਰਤੀ ਏਕੜ ਹੈ। ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਸੀ.ਐੱਚ-27 ਵਧੇਰੇ ਝਾੜ ਦੇਣ ਵਾਲੀ ਕਿਸਮ ਹੈ, ਦੇਸ਼ ਦੇ ਉੱਤਰ-ਪੱਛਮੀ ਖੇਤਰ ਦੇ ਕਿਸਾਨ ਇਸਦੀ ਵੱਡੇ ਪੱਧਰ ਤੇ ਕਾਸ਼ਤ ਕਰ ਰਹੇ ਹਨ। 

ਅਡਜੰਕਟ ਪ੍ਰੋਫੈਸਰ ਡਾ. ਐੱਸ ਐੱਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤਕ 43 ਤਕਨੀਕਾਂ ਦੇ ਵਿਕਾਸ ਲਈ 194 ਸਮਝੌਤੇ ਕੀਤੇ ਹਨ ਜਿਨ੍ਹਾਂ ਵਿਚ ਸਰ੍ਹੋਂ ਮਿਰਚ ਅਤੇ ਬੈਂਗਣ ਦੀ ਹਾਈਬ੍ਰਿਡ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਦਾ ਸਿਰਕਾ ਅਤੇ ਹੋਰ ਤਕਨੀਕਾਂ ਸ਼ਾਮਲ ਹਨ। 
ਜਗਦੀਸ਼ ਕੌਰ 
 

Neha Meniya

This news is Content Editor Neha Meniya