15 ਅਗਸਤ ਸ਼ਹਾਦਤ ਦਿਵਸ ਤੇ ਸਰਦਾਰ ਅਜੀਤ ਸਿੰਘ -ਇਕ ਗੁੰਮਨਾਮ ਯੋਧਾ

08/14/2018 6:22:52 PM

ਸਰਦਾਰ ਅਜੀਤ ਸਿੰਘ ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਸਨ,ਜਿਨ੍ਹਾਂ ਦੇ ਨਾਮ ਤੋਂ ਅੰਗਰੇਜ਼ੀ ਹਕੂਮਤ ਵੀ ਡਰਦੀ ਸੀ ਪਰ ਸਾਡੇ ਮੁਲਕ ਦੇ ਬਹੁਤ ਘੱਟ ਲੋਕ ਇਸ ਮਹਾਨ ਯੋਧੇ ਬਾਰੇ ਜਾਣਦੇ ਹਨ|ਸਰਦਾਰ ਅਜੀਤ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਜੀ ਤੇ ਪ੍ਰੇਰਨਾਸਰੋਤ ਸਨ|ਭਗਤ ਸਿੰਘ ਨੇ ਆਪਣੇ ਚਾਚਾ ਜੀ ਤੋਂ ਪ੍ਰੇਰਨਾ ਲੈ ਕੇ ਹੀ ਅਜ਼ਾਦੀ ਦੀ ਮਿਸਾਲ ਚੁੱਕੀ|

ਅਜੀਤ ਸਿੰਘ ਜੀ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੇ ਅੱਤਿਆਚਾਰ ਖਿਲਾਫ ਖੁੱਲ੍ਹ ਕੇ ਬੋਲੇ ਅੰਗਰੇਜ਼ਾਂ ਨੇ ਉਹਨਾਂ ਨੂੰ ਰਾਜਨੀਤਿਕ ਬਾਗੀ ਘੋਸ਼ਿਤ ਕਰ ਦਿੱਤਾ ਸੀ,ਉਹਨਾਂ ਦਾ ਜ਼ਿਆਦਾਤਰ ਜੀਵਨ ਜੇਲ ਵਿਚ ਹੀ ਬੀਤਿਆ|ਸਰਦਾਰ ਅਜੀਤ ਸਿੰਘ ਜੀ ਦਾ ਜਨਮ 23 ਜਨਵਰੀ,1881 ਈਸਵੀ ਨੂੰ ਖਟਕੜ੍ਹ ਕਲਾਂ ਵਿਖੇ ਸਰਦਾਰ ਫ਼ਤਿਹ ਸਿੰਘ ਦੇ ਘਰ ਹੋਇਆ|ਅਜੀਤ ਸਿੰਘ ਦੀ ਪਹਿਲਾਂ ਪੜ੍ਹਾਈ ਡੀ.ਏ.ਵੀ. ਕਾਲਜ ਲਾਹੌਰ ਤੋਂ ਹੋਈ ਤੇ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲੱਗੇ ਪਰ ਕ੍ਰਾਂਤੀਕਾਰੀ ਗਤੀਵਧੀਆਂ ਵਿਚ ਹਿੱਸਾ ਲੈਣ ਕਰਕੇ ਕਾਨੂੰਨ ਦੀ ਪੜ੍ਹਾਈ ਪੂਰੀ ਨਾ ਕਰ ਸਕੇ|

ਬਾਲ ਗੰਗਾਧਰ ਤਿਲਕ ਜੀ ਦੇ ਪ੍ਰਭਾਵ ਨੇ ਸਰਦਾਰ ਅਜੀਤ ਸਿੰਘ ਜੀ ਨੂੰ ਕ੍ਰਾਂਤੀ ਲਈ ਮਰਨ ਮਿਟਣ ਵਾਲਾ ਯੋਧਾ ਬਣਾ ਦਿੱਤਾ ਅਜੀਤ ਸਿੰਘ 1857 ਦੀ ਕ੍ਰਾਂਤੀ ਵਾਂਗ ਅੰਗਰੇਜ਼ਾਂ ਖਿਲਾਫ ਇਕ ਵੱਡੀ ਲਹਿਰ ਚਾਹੁੰਦੇ ਸੀ ਪਰ ਸਫਲ ਨੀ ਹੋ ਸਕੇ ਫਿਰ ਉਹਨਾਂ ਨੇ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਜਾਰੀ ਰੱਖਦੇ ਹੋਏ “ਭਾਰਤ ਮਾਤਾ'' ਨਾਮਕ ਸੰਗਠਨ ਦੀ ਸਥਾਪਨਾ ਕੀਤੀ,ਇਹ ਇਕ ਗੁਪਤ ਸੰਗਠਨ ਸੀ,ਇਸ ਸੰਗਠਨ ਦਾ ਉਦੇਸ਼ ਭਾਰਤ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣਾ ਸੀ|ਉਸੇ ਵਕਤ ਪੰਜਾਬ ਵਿਚ ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਵਿਰੁੱਧ ਕਿਸਾਨਾਂ ਵਿਚ ਭਾਰੀ ਗੁੱਸਾ ਸੀ ਤੇ ਅਜੀਤ ਸਿੰਘ ਇਸ ਵਿਦਰੋਹ ਦੇ ਹੀਰੋ ਬਣਕੇ ਸਾਹਮਣੇ ਆਏ 3 ਮਾਰਚ,1907 ਨੂੰ ਅਜੀਤ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਇਕ ਵੱਡੀ ਰੈਲੀ ਰੱਖੀ,ਇਸ ਰੈਲੀ ਵਿਚ ਇਕ ਅਖਬਾਰ ਦੇ ਸੰਪਾਦਕ ਬਾਂਕੇ ਦਿਆਲ ਨੇ “ਪਗੜੀ ਸੰਭਾਲ ਜੱਟਾ'' ਗੀਤ ਗਾਇਆ,ਇਹ ਗੀਤ ਇੰਨਾ ਜ਼ਿਆਦਾ ਪ੍ਰਸਿੱਧ ਹੋਇਆ ਕਿ ਅਜੀਤ ਸਿੰਘ ਦਾ ਇਹ ਅੰਦੋਲਨ ਵੀ “ਪਗੜੀ ਸੰਭਾਲ ਜੱਟਾ'' ਅੰਦੋਲਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਸਾਰਾ ਪੰਜਾਬ ਹੀ ਇਸ ਅੰਦੋਲਨ ਨਾਲ ਅਜੀਤ ਸਿੰਘ ਨਾਲ ਜੁੜ ਗਿਆ ਤੇ ਅੰਗਰੇਜ਼ੀ ਸਰਕਾਰ ਨੇ ਡਰ ਕੇ 1907 ਵਿਚ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਬਰਮਾ ਦੀ ਮਾਂਡਲੇ ਜੇਲ ਵਿਚ ਕੈਦ ਕਰ ਦਿੱਤਾ,ਇਥੋਂ ਰਿਹਾ ਹੋਣ ਤੋਂ ਬਾਅਦ ਅਜੀਤ ਸਿੰਘ ਇਰਾਨ ਚਲੇ ਗਏ ਈਰਾਨ ਜਾ ਕੇ ਅਜੀਤ ਸਿੰਘ ਨੇ ਸੂਫ਼ੀ ਅੰਬਾ ਪ੍ਰਸਾਦ ਦੀ ਅਗਵਾਈ ਵਾਲੇ ਕ੍ਰਾੰਤੀਕਾਰੀ ਸੰਗਠਨ ਨਾਲ ਮਿਲ ਕੇ ਅੰਗਰੇਜ਼ੀ ਹਕੂਮਤ ਦੀਆਂ ਭਾਰਤ 'ਚੋਂ ਜੜ੍ਹਾਂ ਪੁੱਟਣ ਲਈ ਸੰਘਰਸ਼ ਸ਼ੁਰੂ ਕੀਤਾ, ਇਸ ਸੰਗਠਨ ਦੀਆਂ ਕਾਰਵਾਈਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਸਨ ਅਤੇ ਇਹ ਸੰਗਠਨ ਅੰਗਰੇਜ਼ੀ ਰਾਜ ਵਿਰੁੱਧ ਭਾਰਤੀਆਂ ਲਈ ਇਕ ਕੇਂਦਰ ਬਣ ਗਿਆ ਸੀ,ਇਸ ਸੰਗਠਨ ਵਿਚ ਰਿਸ਼ੀਕੇਸ ਲੇਤਾ,ਜੀਆ ਉਲ ਹੱਕ,ਠਾਕੁਰ ਦਾਸ ਧੂਰੀ ਵਰਗੇ ਸੂਰਬੀਰ ਕੰਮ ਕਰ ਰਹੇ ਸਨ|ਪਰ 1910 ਨੂੰ ਅੰਗਰੇਜਾਂ ਦੇ ਦਬਾਅ ਕਾਰਨ ਇਰਾਨ ਦੀ ਸਰਕਾਰ ਨੇ ਇਸ ਸੰਗਠਨ ਦੀਆਂ ਸਾਰੀਆਂ ਕਾਰਵਾਈਆਂ ਬੰਦ ਕਰਵਾ ਦਿੱਤੀਆਂ ਅਜੀਤ ਸਿੰਘ ਇਸ ਤੋਂ ਬਾਅਦ ਰੋਮ,ਜਨੇਵਾ,ਪੈਰਿਸ,ਰੀਓ ਡੀ ਜਨੇਰੀਓ ਗਏ ਤੇ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰਦੇ ਰਹੇ 1918 ਨੂੰ ਅਜੀਤ ਸਿੰਘ ਅਮਰੀਕਾ ਦੇ ਸੈਨ ਫਰਾਂਸਿਕੋ ਵਿਚ ਗਦਰ ਪਾਰਟੀ ਦੇ ਸੰਪਰਕ ਵਿਚ ਆਏ ਤੇ ਭਾਰਤ ਦੀ ਅਜ਼ਾਦੀ ਲਈ ਦਿਨ ਰਾਤ ਕੰਮ ਕਰਦੇ ਰਹੇ|

 

1939 ਵਿਚ ਅਜੀਤ ਸਿੰਘ ਯੂਰਪ ਗਏ ਤੇ ਫਿਰ ਇਟਲੀ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਮਿਸ਼ਨ ਨੂੰ ਕਾਮਯਾਬ ਬਣਾਉਣ ਵਿਚ ਮਦਦ ਕੀਤੀ 1946 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਸੱਦੇ ਤੇ ਸਰਦਾਰ ਅਜੀਤ ਸਿੰਘ ਭਾਰਤ ਵਾਪਿਸ ਆ ਗਏ ਤੇ ਕੁਝ ਸਮਾਂ ਦਿੱਲੀ ਰਹੇ ਤੇ ਫਿਰ ਡਲਹੌਜੀ ਜਾ ਕੇ ਰਹਿਣ ਲੱਗੇ|15 ਅਗਸਤ,1947 ਨੂੰ ਜਦੋਂ ਸਾਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਜ਼ਾਦੀ ਦਾ ਇਹ ਮਹਾਨ ਸੈਨਿਕ ਮੌਤ ਦੀ ਗੋਦ ਵਿਚ ਚਲਾ ਗਿਆ|ਹੈਰਾਨੀ ਦੀ ਗੱਲ ਹੈ ਕਿ ਭਾਰਤੀਆਂ ਤੇ ਅੱਤਿਆਚਾਰ ਕਰਨ ਵਾਲੇ ਡਲਹੌਜੀ ਦਾ ਨਾਂ ਅੱਜ ਵੀ ਭਾਰਤ ਵਿਚ ਜਗ੍ਹਾਂ ਦੇ ਨਾਂ ਤੇ ਅਮਰ ਹੈ ਤੇ ਉਹ ਮਹਾਨ ਦੇਸ਼ ਭਗਤ ਗੁੰਮਨਾਮ ਹੋ ਗਿਆ ਜੋ ਸਾਰੀ ਉਮਰ ਦੇਸ਼ ਦੀ ਅਜ਼ਾਦੀ ਲਈ ਤਿਲ-ਤਿਲ ਮਰਦਾ ਰਿਹਾ ਸਰਦਾਰ ਅਜੀਤ ਸਿੰਘ ਅਜ਼ਾਦੀ ਦੇ ਕਿੰਨੇ ਮਹਾਨ ਯੋਧੇ ਸਨ ,ਇਹ ਬਾਲ ਗੰਗਾਧਰ ਤਿਲਕ ਦੇ ਉਹਨਾਂ ਬੋਲਾਂ ਤੋਂ ਪਤਾ ਚੱਲਦਾ ਜਦੋਂ ਉਹਨਾਂ ਨੇ ਅਜੀਤ ਸਿੰਘ ਬਾਰੇ ਕਿਹਾ ਸੀ ਕਿ, ਅਜੀਤ ਸਿੰਘ ਅਜ਼ਾਦ ਭਾਰਤ ਦੇ ਰਾਸ਼ਟਰਪਤੀ ਬਣਨ ਦੀ ਯੋਗਤਾ ਰੱਖਦਾ ਹੈ,ਉਸ ਵਕਤ ਅਜੀਤ ਸਿੰਘ ਦੀ ਉਮਰ ਸਿਰਫ 25 ਸਾਲ ਦੀ ਸੀ|
ਹਰਕੇਸ਼ ਕੁਮਾਰ                                
98151-13143