ਨਾਵਲ ਕੌਰਵ ਸਭਾ : ਕਾਂਡ- 7

08/23/2020 3:32:52 PM

ਪੰਡਤ, ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਰਾਮ ਨਾਥ ਉਪਰ ਜ਼ੋਰ ਪਾ ਰਹੇ ਸਨ। ਪੋਸਟ-ਮਾਰਟਮ ਜਲਦੀ ਕਰਾਓ। ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਸਸਕਾਰ ਹੋਣਾ ਜ਼ਰੂਰੀ ਸੀ। ਜੇ ਸੂਰਜ ਛਿਪ ਗਿਆ ਤਾਂ ਸਸਕਾਰ ਅਗਲੇ ਦਿਨ ’ਤੇ ਪੈ ਜਾਣਾ ਸੀ। ਲਾਸ਼ ਦੀ ਹਾਲਤ ਭੈੜੀ ਸੀ। ਲਾਸ਼ ਨੂੰ ਰਾਤ ਭਰ ਸੰਭਾਲ ਕੇ ਨਹੀਂ ਸੀ ਰੱਖਿਆ ਜਾ ਸਕਦਾ।

ਰਾਮ ਨਾਥ ਇਸ ਮਜਬੂਰੀ ਨੂੰ ਸਮਝ ਰਿਹਾ ਸੀ। ਉਹ ਸਮੇਂ ਸਿਰ ਲਾਸ਼ ਪ੍ਰਾਪਤ ਕਰਨ ਦਾ ਹਰ ਯਤਨ ਕਰ ਰਿਹਾ ਸੀ।

ਸੰਬੰਧਿਤ ਅਧਿਕਾਰੀ ਦੁਖੀ ਪਰਿਵਾਰ ਨਾਲ ਪੂਰੀ ਹਮਦਰਦੀ ਜਿਤਾ ਰਹੇ ਸਨ। ਕਿਸੇ ਪਾਸਿਉਂ ਕੋਈ ਅੜਚਨ ਨਹੀਂ ਸੀ ਪੈ ਰਹੀ। ਕਾਨੂੰਨੀ ਕਾਰਵਾਈਆਂ ਹੀ ਇੰਨੀਆਂ ਸਨ ਕਿ ਮੱਲੋ-ਮੱਲੀ ਦੇਰ ਹੋ ਰਹੀ ਸੀ। ਪੁਲਸ ਨੇ ਆਪਣੀ ਲਿਖਾ-ਪੜ੍ਹੀ ਪੋਸਟ-ਮਾਰਟਮ ਤੋਂ ਪਹਿਲਾਂ ਮੁਕੰਮਲ ਕਰਨੀ ਸੀ। ਡਾਕਟਰਾਂ ਨੇ ਉਸ ਤੋਂ ਵੱਧ ਕਾਰਵਾਈ ਪੋਸਟ-ਮਾਰਟਮ ਤੋਂ ਬਾਅਦ ਕਰਨੀ ਸੀ। ਕਤਲ ਦਾ ਮਾਮਲਾ ਸੀ। ਛੋਟੀ ਜਿਹੀ ਕੁਤਾਹੀ ਦੋਸ਼ੀਆਂ ਦੇ ਬਰੀ ਹੋਣ ਦਾ ਕਾਰਨ ਬਣ ਸਕਦੀ ਸੀ। ਰਾਮ ਨਾਥ ਇਨ੍ਹਾਂ ਪੇਚੀਦਗੀਆਂ ਨੂੰ ਸਮਝਦਾ ਸੀ। ਇਸ ਲਈ ਉਹ ਕਾਰਵਾਈ ਅਧੂਰੀ ਛੱਡਣ ਲਈ ਵੀ ਨਹੀਂ ਸੀ ਆਖ ਸਕਦਾ।

ਮਰਨ ਵਾਲੇ ਦੇ ਬਾਹਰੋਂ ਆਏ ਸਾਕ-ਸੰਬੰਧੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਸ ਅਤੇ ਡਾਕਟਰਾਂ ਨੇ ਮੋਟੀ-ਮੋਟੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਰਿਸ਼ਤੇਦਾਰ ਆਪਣੀਆਂ ਰਸਮਾਂ ਅਦਾ ਕਰਨ। ਬਾਕੀ ਲਿਖਾ-ਪੜ੍ਹੀ ਪਿਛੋਂ ਹੁੰਦੀ ਰਹੇਗੀ।

ਮੋਹਤਬਰ ਬੰਦਿਆਂ ਨੇ ਰਾਮ ਨਾਥ ਨੂੰ ਸਲਾਹ ਦਿੱਤੀ। ਲਾਸ਼ ਨੂੰ ਘਰ ਲਿਜਾਣ ਦਾ ਕੋਈ ਫ਼ਾਇਦਾ ਨਹੀਂ ਸੀ। ਕੋਠੀ ਭੂਤ ਬੰਗਲਾ ਬਣੀ ਹੋਈ ਸੀ। ਪਰਿਵਾਰ ਦੇ ਬਾਕੀ ਮੈਂਬਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਤੇਰਾ ਭਾਣਾ ਮੀਠਾ ਲਾਗੇ’ ਦੇ ਵਾਕ ਅਨੁਸਾਰ ਸਬਰ ਕਰ ਲੈਣਾ ਚਾਹੀਦਾ ਸੀ। ਸਮੇਂ ਦੀ ਬਚਤ ਕਰਕੇ ਬਾਕੀ ਜੀਆਂ ਦੇ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਸੀ।

ਲਾਸ਼ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾਇਆ ਗਿਆ।

ਸਸਕਾਰ ਦੀ ਰਸਮ ਚੁੱਪਚਾਪ ਹੁੰਦੀ ਰਹੀ। ਰਿਸ਼ਤੇਦਾਰ ਜਿਵੇਂ ਜਿਊਂਦੀਆਂ ਲਾਸ਼ਾਂ ਬਣ ਗਏ ਸਨ। ਕਿਸੇ ਵਿੱਚ ਰੋਣ-ਧੋਣ ਜਾਂ ਬੋਲਣ ਦੀ ਹਿੰਮਤ ਨਹੀਂ ਸੀ।

ਜਿਨ੍ਹਾਂ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਵਹਿਮ ਸੀ, ਉਹ ਸ਼ਮਸ਼ਾਨਘਾਟੋਂ ਹੀ ਘਰਾਂ ਨੂੰ ਮੁੜ ਗਏ। ਜਿਨ੍ਹਾਂ ਨੂੰ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਸੀ ਜਾਂ ਜਿਨ੍ਹਾਂ ਨੂੰ ਵਹਿਮਾਂਭਰਮਾਂ ਦੀ ਉਲੰਘਣਾ ਕਰਨ ਨਾਲ ਹੋਣ ਵਾਲੇ ਨੁਕਸਾਨ ਨਾਲੋਂ ਆਪਣੇ ਰਿਸ਼ਤੇਦਾਰ ਪਿਆਰੇ ਸਨ ਉਹ ਸਿੱਧੇ ਹਸਪਤਾਲ ਨੂੰ ਹੋ ਲਏ।

ਕਮਲ ਦੀਆਂ ਆਖਰੀ ਰਸਮਾਂ ਪੂਰੀਆਂ ਕਰਦੇ ਰਾਮ ਨਾਥ ਨੂੰ ਸ਼ਮਸ਼ਾਨਘਾਟ ਵਿੱਚ ਕੁੱਝ ਦੇਰ ਲੱਗ ਗਈ।

ਰਾਮ ਨਾਥ ਨੂੰ ਹਸਪਤਾਲੋਂ ਸੁਨੇਹੇ ਤੇ ਸੁਨੇਹਾ ਆਉਣ ਲੱਗਾ। ਮਰੀਜ਼ਾਂ ਦੀ ਹਾਲਤ ਗੰਭੀਰ ਸੀ। ਡਾਕਟਰ ਫੌਰੀ ਤੌਰ ਤੇ ਅਪਰੇਸ਼ਨ ਕਰਨਾ ਚਾਹੁੰਦੇ ਸਨ। ਮਰੀਜ਼ਾਂ ਦੀ ਜਾਨ ਨੂੰ ਖਤਰਾ ਸੀ। ਖਤਰਾ ਮੁੱਲ ਲੈਣ ਤੋਂ ਪਹਿਲਾਂ ਡਾਕਟਰ ਵਾਰਿਸਾਂ ਤੋਂ ਸਹਿਮਤੀ ਲੈਣੀ ਚਾਹੰਦੇ ਸਨ। ਸਹਿਮਤੀ ਕਾਗਜ਼ਾਂ ਉਪਰ ਰਾਮ ਨਾਥ ਦੇ ਦਸਤਖ਼ਤ ਹੋਣੇ ਜ਼ਰੂਰੀ ਸਨ। ਉਹ ਤੁਰੰਤ ਹਸਪਤਾਲ ਪੁੱਜੇ।

ਰਾਮ ਨਾਥ ਮਰੀਜ਼ਾਂ ਦਾ ਇਕੱਲਾ ਵਾਰਿਸ ਨਹੀਂ ਸੀ। ਉਸ ਵਰਗੇ ਬਥੇਰੇ ਰਿਸ਼ਤੇਦਾਰ ਹਸਪਤਾਲ ਵਿੱਚ ਮੌਜੂਦ ਸਨ। ਇਸ ਸੁਨੇਹੇ ਵਿਚੋਂ ਉਸਨੂੰ ਹੋਰ ਰਮਜ਼ਾਂ ਆਉਂਦੀਆਂ ਮਹਿਸੂਸ ਹੋਣ ਲੱਗੀਆਂ। ਹੱਥਲੇ ਕੰਮ ਵਿਚੇ ਛੱਡ ਕੇ ਰਾਮ ਨਾਥ ਹਸਪਤਾਲ ਵੱਲ ਦੌੜ ਪਿਆ। ਰਿਸ਼ਤੇਦਾਰ ਪਹਿਲੀ ਮੰਜ਼ਲ ਉਪਰ ਇਕੱਠੇ ਹੋਏ ਬੈਠੇ ਸਨ।

ਰਾਮ ਨਾਥ ਨੂੰ ਪੌੜੀਆਂ ਚੜ੍ਹਦੇ ਦਿੱਕਤ ਮਹਿਸੂਸ ਹੋਣ ਲੱਗੀ। ਉਸਨੂੰ ਆਪਣੀਆਂ ਟੰਗਾਂ ਹਜ਼ਾਰਾਂ ਮਣ ਭਾਰੀਆਂ ਲੱਗਣ ਲੱਗੀਆਂ। ਉਸ ਦਾ ਸਾਹ ਚੜ੍ਹ ਗਿਆ। ਅੱਖਾਂ ਫੁੱਲ ਗਈਆਂ। ਰਾਮ ਨਾਥ ਨੇ ਸਮਝ ਲਿਆ ਇਹ ਬਲੱਡ-ਪ੍ਰੈਸ਼ਰ ਵਧਣ ਦੀ ਨਿਸ਼ਾਨੀ ਸੀ। ਦੋ ਕਦਮ ਹੋਰ ਤੁਰ ਕੇ ਰਾਮ ਨਾਥ ਨੂੰ ਘੁਮੇਰ ਚੜ੍ਹਨ ਲੱਗੀ। ਸ਼ਰਾਬੀਆਂ ਵਾਂਗ ਉਸਦੇ ਕਦਮ ਇਥੇ ਦੀ ਥਾਂ ਉਥੇ ਟਿਕਣ ਲੱਗੇ। ਡਿੱਗਣ ਲਗੇ ਰਾਮ ਨਾਥ ਨੂੰ ਸੰਗੀਤਾ ਨੇ ਬਚਾ ਲਿਆ। ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਉਸਨੇ ਰਾਮ ਨਾਥ ਨੂੰ ਕੁਰਸੀ ਉਪਰ ਬਿਠਾ ਦਿੱਤਾ।

ਸਰਦਾਰੀ ਲਾਲ ਝੱਟ ਪਾਣੀ ਵਾਲੀ ਬੋਤਲ ਫੜ ਲਿਆਇਆ। ਪਾਣੀ ਦਾ ਗਲਾਸ ਭਰ ਕੇ ਉਸ ਨੇ ਰਾਮ ਨਾਥ ਦੇ ਮੂੰਹ ਨੂੰ ਲਾ ਦਿੱਤਾ। ਰਾਮ ਨਾਥ ਨੇ ਪਾਗਲਾਂ ਵਾਂਗ ਸਾਰਾ ਗਲਾਸ ਇਕੋ ਸਾਹ ਅੰਦਰ ਸੁੱਟ ਲਿਆ। ਸਰਦਾਰੀ ਲਾਲ ਨੇ ਇੱਕ ਹੋਰ ਗਲਾਸ ਉਸਨੂੰ ਫੜਾਇਆ। ਰਾਮ ਨਾਥ ਨੇ ਉਹ ਵੀ ਅੰਦਰ ਸੁੱਟ ਲਿਆ। ਪਿਛਲੇ ਪੰਦਰਾਂ ਸੋਲਾਂ ਘੰਟਿਆਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਨੂੰ ਪਾਣੀ ਦਾ ਘੁੱਟ ਨਸੀਬ ਹੋਇਆ ਸੀ।

ਠੰਡੇ ਪਾਣੀ ਨੇ ਅਸਰ ਵਿਖਾਇਆ। ਅੱਖਾਂ ਅੱਗੇ ਛਾਇਆ ਹਨ੍ਹੇਰਾ ਛਟਣ ਲੱਗਾ। ਸਾਹ ਸਥਿਰ ਹੋਣ ਲੱਗਾ।

ਪਵਨ ਸਥਿਤੀ ਸਮਝ ਗਿਆ। ਰਾਮ ਨਾਥ ਦੀ ਇਹ ਦੁਰਦਸ਼ਾ ਭੁੱਖ ਪਿਆਸ ਕਾਰਨ ਹੋਈ ਸੀ। ਜਦੋਂ ਦਾ ਪਵਨ ਮਾਇਆ ਨਗਰ ਆਇਆ ਸੀ ਉਹ ਦੇਖ ਰਿਹਾ ਸੀ, ਰਾਮ ਨਾਥ ਦੇ ਅੰਦਰ ਖਿਲ ਤਕ ਨਹੀਂ ਸੀ ਗਈ। ਕਈ ਵਾਰ ਪਵਨ ਨੇ ਉਸਨੂੰ ਕੁੱਝ ਖਵਾਉਣ ਪਿਆਉਣ ਦਾ ਯਤਨ ਕੀਤਾ ਸੀ, ਪਰ ਹਰ ਵਾਰ ਉਸ ਨੇ ਉਸਦਾ ਹੱਥ ਝਟਕ ਦਿੱਤਾ ਸੀ।

ਸੰਗੀਤਾ ਦੀ ਹਾਲਤ ਵੀ ਰਾਮ ਨਾਥ ਵਰਗੀ ਸੀ। ਉਸਦਾ ਫਾਕਾ ਭਾਵੇਂ ਰਾਮ ਨਾਥ ਜਿੰਨਾ ਸਖ਼ਤ ’ਤੇ ਨਹੀਂ ਸੀ ਪਰ ਭੁੱਖ ਨਾਲ ਉਹ ਵੀ ਬੇਹਾਲ ਸੀ।

ਉਨ੍ਹਾਂ ਵਰਗੇ ਹੋਰ ਵੀ ਕਈ ਰਿਸ਼ਤੇਦਾਰ ਹੋਣਗੇ, ਜਿਹੜੇ ਸ਼ਰਮੋਂ-ਸ਼ਰਮੀ ਭੁੱਖੇ ਤਿਹਾਏ ਬੈਠੇ ਹੋਣਗੇ।

ਜੋ ਭਾਣਾ ਵਰਤਣਾ ਸੀ ਵਰਤ ਚੁੱਕਾ ਸੀ। ਭੁੱਖਿਆਂ ਰਹਿ ਕੇ ਗਿਆਂ ਨੇ ਮੁੜ ਨਹੀਂ ਸੀ ਆਉਣਾ। ਜੋ ਬਚ ਗਏ ਸਨ ਉਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਸੀ। ਉਨ੍ਹਾਂ ਦੀ ਸੰਭਾਲ ਲਈ ਉਪਰਲਿਆਂ ਦਾ ਰਿਸ਼ਟ-ਪੁਸ਼ਟ ਹੋਣਾ ਜ਼ਰੂਰੀ ਸੀ। ਰਾਮ ਨਾਥ ਸਾਰੀ ਕਾਰਵਾਈ ਦਾ ਧੁਰਾ ਸੀ। ਉਸ ਨੂੰ ਕੁੱਝ ਹੋ ਗਿਆ ਤਾਂ ਸਾਰੀ ਖੇਡ ਸਮਾਪਤ ਹੋ ਜਾਣੀ ਸੀ।

ਇਹ ਸੋਚ ਕੇ ਪਵਨ ਹਸਪਤਾਲ ਦੀ ਕੰਟੀਨ ਵਿੱਚ ਗਿਆ। ਚਾਹ ਦਾ ਜੱਗ ਅਤੇ ਪਲਾਸਟਕ ਦੇ ਗਲਾਸ ਚੁੱਕ ਲਿਆਇਆ। ਇੱਕ ਗਲਾਸ ਭਰ ਕੇ ਉਸਨੇ ਰਾਮ ਨਾਥ ਨੂੰ ਫੜਾ ਦਿੱਤਾ।

ਰਾਮ ਨਾਥ ਦਾ ਸਰੀਰ ਮਿੱਟੀ ਹੋਇਆ ਪਿਆ ਸੀ। ਨਾਂਹ ਕਰਨ ਦੀ ਉਸਦੀ ਹਿੰਮਤ ਨਾ ਪਈ। ਮਾਣ ਵਜੋਂ ਪਹਿਲਾ ਗਲਾਸ ਫੜ ਕੇ ਉਸਨੇ ਆਪਣੇ ਜੀਜੇ ਸਰਦਾਰੀ ਲਾਲ ਨੂੰ ਫੜਾ ਦਿੱਤਾ। ਸਰਦਾਰੀ ਲਾਲ ਨੂੰ ਵੀ ਚਾਹ ਦੀ ਤਲਬ ਸੀ। ਪਰ ਉਸਨੇ ਸ਼ਿਸ਼ਟਾਚਾਰ ਵਜੋਂ ਗਲਾਸ ਸੰਗੀਤਾ ਨੂੰ ਫੜਾ ਦਿੱਤਾ। ਪਵਨ ਗਲਾਸ ਭਰਦਾ ਰਿਹਾ ਅਤੇ ਰਿਸ਼ਤੇਦਾਰ ਉਸ ਤੋਂ ਫੜ ਫੜ ਇੱਕ ਤੋਂ ਅੱਗੇ ਦੂਜੇ ਨੂੰ ਫੜਾਉਂਦੇ ਰਹੇ।

ਜਦੋਂ ਸਾਰੇ ਚਾਹ ਪੀਣ ਲਗ ਪਏ ਪਵਨ ਦੀ ਹਿੰਮਤ ਵਧ ਗਈ। ਉਹ ਚੁਪਕੇ ਜਿਹੇ ਚਾਰ ਪੰਜ ਪੈਕਟ ਬਰੈਡ ਫੜ ਲਿਆਇਆ। ਚਾਹ ਦੇ ਨਾਲ-ਨਾਲ ਉਹ ਪੀਸ ਵਰਤਾਉਣ ਲੱਗਾ। ਭੁੱਖ ਸਭ ਨੂੰ ਤੜਪਾ ਰਹੀ ਸੀ। ਦੇਖੋ-ਦੇਖੀ ਸਭ ਨੇ ਚਾਹ ਅਤੇ ਬਰੈਡ ਫੜ ਲਈ।
ਭੁੱਖ ਮਿਟਦਿਆਂ ਹੀ ਰਾਮ ਨਾਥ ਦੀ ਬੀਮਾਰੀ ਖੰਭ ਲਾ ਕੇ ਉੱਡ ਗਈ। ਉਹ ਤਾਜ਼ਾ ਦਮ ਮਹਿਸੂਸ ਕਰਨ ਲੱਗਾ।

ਮੌਕਾ ਤਾੜ ਕੇ ਡਾਕਟਰ ਦੇਵ ਨੇ ਦੋਹਾਂ ਮਰੀਜ਼ਾਂ ਦੀ ਤਾਜ਼ਾ ਸਥਿਤੀ ਰਾਮ ਨਾਥ ਅਤੇ ਪਿੱਛੋਂ ਆਏ ਹੋਰ ਰਿਸ਼ਤੇਦਾਰਾਂ ਨੂੰ ਸਮਝਾ ਦਿੱਤੀ। ਇਹ ਵੀ ਸਮਝਾ ਦਿੱਤਾ ਕਿ ਅਪਰੇਸ਼ਨਾਂ ਵਿੱਚ ਦੇਰ ਖ਼ਤਰਨਾਕ ਸਿੱਧ ਹੋ ਸਕਦੀ ਸੀ। ਝੱਟਪੱਟ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਡਾਕਟਰਾਂ ਨੂੰ ਅਪਰੇਸ਼ਨ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ।

ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ। ਜੇ ਅਪਰੇਸ਼ਨ ਇੰਨੇ ਜ਼ਰੂਰੀ ਸਨ ਤਾਂ ਹੁਣ ਤਕ ਮੰਗਤ ਰਾਏ ਨੇ ਕਾਗਜ਼ਾਂ ਉਪਰ ਦਸਤਖਤ ਕਿਉਂ ਨਾ ਕੀਤੇ? ਮੰਗਤ ਅਤੇ ਰਾਮ ਨਾਥ ਵਿੱਚ ਕੋਈ ਫ਼ਰਕ ਨਹੀਂ ਸੀ। ਕਾਰਨ ਸਮਝਾਉਣ ਲਈ ਮੰਗਤ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ। ਹੋ ਚੁੱਕੇ ਖਰਚੇ ਦਾ ਵੇਰਵਾ ਦਿੱਤਾ। ਮੰਗੀ ਜਾ ਰਹੀ ਰਕਮ ਦਾ ਜ਼ਿਕਰ ਕੀਤਾ।

ਪੈਸਿਆਂ ਦੀ ਕਮੀ ਦੀ ਭਿਣਕ ਪਵਨ ਦੇ ਕੰਨੀਂ ਪੈ ਗਈ। ਉਹ ਧਨਾਢ ਤਾਂ ਨਹੀਂ ਸੀ। ਇੱਕ ਸਕੂਟਰ ਮਕੈਨਿਕ ਸੀ। ਵਾਰਦਾਤ ਦੀ ਖ਼ਬਰ ਸੁਣ ਕੇ ਉਹ ਆਪਣੀ ਦੁਕਾਨ ਨੂੰ ਜਿੰਦਾ ਲਾ ਕੇ ਇਧਰ ਨੂੰ ਭੱਜ ਪਿਆ ਸੀ। ਪਤਾ ਸੀ ਪੈਸੇ ਦੀ ਲੋੜ ਪਏਗੀ। ਆਪਣੇ ਅਤੇ ਆਪਣੇ ਗੁਆਂਢੀਆਂ ਦੇ ਗੱਲਿਆਂ ਵਿੱਚ ਜੋ ਪਿਆ ਸੀ ਉਹ ਚੁੱਕ ਲਿਆਇਆ ਸੀ। ਹਜ਼ਾਰ ਪੰਦਰਾਂ ਸੌ ਖਰਚ ਹੋ ਚੁੱਕਾ ਸੀ। ਅੱਠ ਨੌਂ ਹਜ਼ਾਰ ਬਚਦਾ ਸੀ।

ਉਹ ਰਕਮ ਉਸਨੇ ਸੰਗੀਤਾ ਨੂੰ ਫੜਾ ਦਿੱਤੀ।ਪਵਨ ਦੀ ਇਸ ਹੱਲਾਸ਼ੇਰੀ ਨੇ ਬਾਕੀਆਂ ਲਈ ਰਾਹ ਖੋਲ੍ਹ ਦਿੱਤਾ। ਅਜਿਹੇ ਮੌਕਿਆਂ ਤੇ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ, ਇਹ ਅਹਿਸਾਸ ਹਰ ਰਿਸ਼ਤੇਦਾਰ ਨੂੰ ਸੀ। ਹਰ ਕੋਈ ਆਪਣੀ ਹੈਸੀਅਤ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਆਇਆ ਸੀ।

ਰਿਸ਼ਤੇਦਾਰਾਂ ਨੇ ਆਪਣੇ ਤਿਲ-ਫੁੱਲ ਭੇਂਟ ਕਰਨੇ ਸ਼ੁਰੂ ਕਰ ਦਿੱਤੇ।

ਰਾਮ ਨਾਥ ਨੇ ਮੰਗਤ ਰਾਏ ਨੂੰ ਇਸ਼ਾਰਾ ਕੀਤਾ। ਉਹ ਦਿਆਲੂ ਰਿਸ਼ਤੇਦਾਰਾਂ ਦੇ ਨਾਂ ਅਤੇ ਆਈ ਰਕਮ ਨੋਟ ਕਰ ਲਏ। ਨਾ ਰਾਮ ਨਾਥ ਕੋਲ ਪੈਸੇ ਦੀ ਘਾਟ ਸੀ ਨਾ ਉਸਦੇ ਭੈਣ ਭਣਵਈਏ ਕੋਲ। ਸਭ ਦੇ ਪੈਸੇ ਧੰਨਵਾਦ ਸਹਿਤ ਵਾਪਿਸ ਕੀਤੇ ਜਾਣਗੇ। ਨਾਂ ਅਤੇ ਰਕਮ ਨੋਟ ਹੁੰਦੀ ਦੇਖ ਕੇ ਸਹਾਇਤਾ ਦੀ ਰਾਸ਼ੀ ਅਤੇ ਸਹਾਇਤਾ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਗਈ।

ਇਕੱਠੀ ਹੋਈ ਰਕਮ ਦੋਹਾਂ ਮਰੀਜ਼ਾਂ ਦਾ ਖਰਚਾ ਭਰਨ ਲਈ ਕਾਫ਼ੀ ਸੀ।

ਮੰਗਤ ਵਾਧੂ ਰਕਮ ਵਾਪਸ ਕਰਨਾ ਚਾਹੁੰਦਾ ਸੀ। ਡਾਕਟਰ ਦੇਵ ਨੇ ਉਸਨੂੰ ਰੋਕ ਦਿੱਤਾ। ਖਰਚੇ ਖਤਮ ਥੋੜ੍ਹਾ ਹੋ ਗਏ ਸਨ। ਪਤਾ ਨਹੀਂ ਕਦੋਂ ਕਿਸ ਦਵਾਈ ਵਾਲੀ ਪਰਚੀ ਅੰਦਰੋਂ ਆ ਜਾਵੇ? ਕਦੋਂ ਕਿਸੇ ਮਹਿੰਗੇ ਟੈਸਟ ਦੀ ਜ਼ਰੂਰਤ ਪੈ ਜਾਵੇ। ਹਾਲ ਦੀ ਘੜੀ ਰਕਮ ਸੰਭਾਲ ਲੈਣੀ ਚਾਹੀਦੀ ਸੀ।

ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਬਾਅਦ ਬਾਕੀ ਰਿਸ਼ਤੇਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਗਈ।

ਹੁਣ ਉਹ ਘਰੋ-ਘਰੀਂ ਜਾ ਕੇ ਆਰਾਮ ਕਰਨ।

ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਦੀ ਇੱਕ ਨੁੱਕਰੇ ਬੈਠ ਕੇ ਮਰੀਜ਼ਾਂ ਦੇ ਸਹੀ ਸਲਾਮਤ ਅਪਰੇਸ਼ਨ ਥੀਏਟਰ ਵਿਚੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ।

ਨਾਵਲ ਕੌਰਵ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਨਾਵਲ ਬਾਰੇ ਪੜ੍ਹਨ ਲਈ ਹੇਠ ਲਿਖੇ ਲਿੰਕ ਨੂੰ ਕਲਿੱਕ ਕਰੋ...

ਨਾਵਲ ਕੌਰਵ ਸਭਾ : ਕਾਂਡ- 6

ਨਾਵਲ ਕੌਰਵ ਸਭਾ : ਕਾਂਡ- 5

ਨਾਵਲ ਕੌਰਵ ਸਭਾ : ਕਾਂਡ- 4

ਨਾਵਲ ਕੌਰਵ ਸਭਾ : ਕਾਂਡ- 3

ਨਾਵਲ ਕੌਰਵ ਸਭਾ : ਕਾਂਡ- 2

ਨਾਵਲ ਕੌਰਵ ਸਭਾ : ਕਾਂਡ- 1

rajwinder kaur

This news is Content Editor rajwinder kaur