ਨਾਵਲ ਕੌਰਵ ਸਭਾ : ਕਾਂਡ- 25

01/26/2021 6:04:09 PM

ਸੈਸ਼ਨ ਜੱਜ ਨੇ ਉਹੋ ਕੀਤਾ, ਜਿਸਦਾ ਉਨ੍ਹਾਂ ਨੂੰ ਡਰ ਸੀ।
ਸੁਣਵਾਈ ਲਈ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸਾਧੂ ਸਿੰਘ ਕੋਲ ਭੇਜ ਦਿੱਤੀ।
ਸਾਧੂ ਸਿੰਘ ਤਕ ਪਹੁੰਚ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ। ਪੈਸਾ ਧੇਲਾ ਤਾਂ ਕੀ ਲੈਣਾ ਸੀ, ਉਹ ਕਿਸੇ ਦੇ ਘਰ ਦਾ ਪਾਣੀ ਤਕ ਨਹੀਂ ਸੀ ਪੀਂਦਾ। ਵਿਨੇ ਨੇ ਸਾਧੂ ਸਿੰਘ ਦੀ ਕੋਠੀ ਕੰਮ ਕਰਦੇ ਅਰਦਲੀ ਤੋਂ ਖੋਜ ਕੱਢੀ ਸੀ। ਉਹ ਕਹਿੰਦਾ ਸੀ ਸਾਧੂ ਸਿੰਘ ਦਾ ਘਰ ਕਿਸੇ ਸਾਧ ਦੀ ਕੁਟੀਆ ਵਰਗਾ ਲੱਗਦਾ ਸੀ। ਨਾ ਕਾਰ, ਨਾ ਏ.ਸੀ.। ਬਾਬਾ ਆਦਮ ਵੇਲੇ ਦਾ ਪੁਰਾਣਾ ਸਕੂਟਰ। ਸੋਫ਼ਾ ਅਤੇ ਪਲੰਘ ਸ਼ਾਇਦ ਵਿਆਹ ਵੇਲੇ ਦਾ ਸੀ। ਡਰਾਇੰਗ ਰੂਮ ਕਿਸੇ ਕਲਰਕ ਦੀ ਬੈਠਕ ਵਰਗਾ। ਨਾ ਗਲੀਚਾ, ਨਾ ਵੱਡੇ-ਵੱਡੇ ਸ਼ੋਅਪੀਸ। ਨਾ ਮੀਟ ਖਾਂਦਾ ਸੀ, ਨਾ ਵਿਸਕੀ ਪੀਂਦਾ ਸੀ। ਸਾਦਾ ਖਾਣਾ, ਸਾਦਾ ਪਹਿਨਣਾ।
ਪੈਸਾ ਧੇਲਾ ਭਾਵੇਂ ਉਸਨੇ ਨਹੀਂ ਸੀ ਬਣਾਇਆ ਪਰ ਉਲਾਦ ਦਾ ਭਵਿੱਖ ਜ਼ਰੂਰ ਉੱਜਲ ਬਣਾਇਆ ਸੀ। ਉਸਦੀ ਵੱਡੀ ਬੇਟੀ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਸੀ ਅਤੇ ਜਵਾਈ ਦਿਲ ਦੇ ਰੋਗਾਂ ਦਾ ਮਾਹਿਰ। ਛੋਟਾ ਬੇਟਾ ਦਿੱਲੀ ਆਈ.ਆਈ.ਟੀ.ਵਿੱਚ
ਇਲੈਕਟਰਾਨਕਸ ਇੰਜਨੀਅਰਿੰਗ ਦੀ ਡਿਗਰੀ ਕਰ ਰਿਹਾ ਸੀ। ਉਸਦੀ ਲਿਆਕਤ ਦੇਖ ਕੇ ਸਵਿਟਜ਼ਰਲੈਂਡ ਦੀ ਇੱਕ ਬਹੁ-ਦੇਸ਼ੀ ਕੰਪਨੀ ਨੇ ਉਸਨੂੰ ਪਹਿਲਾਂ ਹੀ ਆਪਣੀ ਕੰਪਨੀ ਵਿੱਚ ਭਰਤੀ ਕਰ ਲਿਆ ਸੀ। ਉਸਦੀ ਪੜ੍ਹਾਈ ਦਾ ਖਰਚਾ ਕੰਪਨੀ ਉੱਠਾ ਰਹੀ ਸੀ।
ਨਾਲ ਜੇਬ ਖਰਚ ਲਈ ਪੰਜ ਹਜ਼ਾਰ ਰੁਪਏ ਅਲੱਗ ਦੇ ਰਹੀ ਸੀ।
ਵੱਡਾ ਬੇਟਾ ਸਭ ਤੋਂ ਲਾਇਕ ਸੀ। ਉਸ ਨੇ ਪਹਿਲੇ ਹੱਲੇ ਆਈ.ਏ.ਐਸ.ਦਾ ਇਮਤਿਹਾਨ ਪਾਸ ਕਰ ਲਿਆ ਸੀ। ਕੇਡਰ ਪੰਜਾਬ ਦਾ ਮਿਲਿਆ ਸੀ। ਪਰ ਉਸਨੂੰ ਨੌਕਰੀ ਦੀ ਚਿੱਠੀ ਦੀ ਥਾਂ ਰੱਬ ਦਾ ਬੁਲਾਵਾ ਆ ਗਿਆ। ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਕੇ ਉਹ ਸਾਧੂ ਸਿੰਘ ਨੂੰ ਧੋਖਾ ਦੇ ਗਿਆ ਸੀ।
ਬੇਟੇ ਦੀ ਇਸ ਅਣ-ਹੋਣੀ ਮੌਤ ਨੇ ਸਾਧੂ ਸਿੰਘ ਦਾ ਨਜ਼ਰੀਆ ਬਦਲ ਦਿੱਤਾ ਸੀ। ਪਹਿਲਾਂ ਉਹ ਸਾਧਾਰਨ ਜੱਜਾਂ ਵਰਗਾ ਜੱਜ ਸੀ। ਥੋੜ੍ਹੇ ਬਹੁਤ ਵਾਧੇ ਘਾਟੇ ਕਰ ਲੈਂਦਾ ਸੀ।
ਕੁਦਰਤ ਦੀ ਇਹ ਬੇਇਨਸਾਫ਼ੀ ਸਾਧੂ ਸਿੰਘ ਤੋਂ ਬਰਦਾਸ਼ਤ ਨਹੀਂ ਸੀ ਹੋਈ। ਦਿਨ ਰਾਤ ਉਹ ਇਹੋ ਸੋਚਦਾ ਰਹਿੰਦਾ ਸੀ ਕਿ ਉਸਨੂੰ ਇਡੀ ਵੱਡੀ ਸਜ਼ਾ ਕਿਉਂ ਮਿਲੀ? ਇੱਕ ਦਿਨ ਆਪਣੇ ਅੰਦਰੋਂ ਉਸਨੂੰ ਇਸ ਸਵਾਲ ਦਾ ਜਵਾਬ ਮਿਲਿਆ ਸੀ। ‘ਹੁਣ ਪਤਾ ਲੱਗਾ
ਬੇ-ਇਨਸਾਫ਼ੀ ਕੀ ਹੁੰਦੀ ਹੈ? ਤੂੰ ਇਨਸਾਫ਼ ਦੀ ਕੁਰਸੀ ਤੇ ਬੈਠਾ ਹੈਂ। ਲੋਕ ਤੈਨੂੰ ਦੂਸਰਾ ਰੱਬ ਮੰਨਦੇ ਹਨ। ਕੀ ਤੂੰ ਸਭ ਫੈਸਲੇ ਇਨਸਾਫ਼ ਦੀ ਤੱਕੜੀ ਵਿੱਚ ਤੋਲ ਕੇ ਕਰਦਾ ਹੈਂ?’ ਸਾਧੂ ਸਿੰਘ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹਾਂ ਵਿੱਚ ਨਹੀਂ ਸੀ ਦੇ ਸਕਿਆ।
ਪਰ ਉਸ ਦਿਨ ਤੋਂ ਸਾਧੂ ਸਿੰਘ ਨੇ ਆਪਣੇ ਹੱਥ ਵਿੱਚ ਫੜੀ ਇਨਸਾਫ਼ ਦੀ ਤੱਕੜੀ ਨੂੰ ਘੁੱਟ ਕੇ ਫੜ ਲਿਆ ਸੀ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਤੱਕੜੀ ਦੇ ਕਿਸੇ ਪਲੜੇ ਨੂੰ ਆਪਣੇ ਵੱਲ ਨਹੀਂ ਸੀ ਝੁਕਾ ਸਕਦੀ। ਉਸਦੀ ਤੱਕੜੀ ਉਹੋ ਤੋਲਦੀ ਸੀ, ਜਿਸਦਾ ਉਹ ਹੱਕਦਾਰ ਸੀ।
ਲੋਹੇ ਦੇ ਇਸ ਥਣ ਕੋਲ ਪੰਕਜ ਹੋਰਾਂ ਦੀ ਦਰਖ਼ਾਸਤ ਕਿਸ ਤਰ੍ਹਾਂ ਲੱਗ ਗਈ? ਇਸ ਪ੍ਰਸ਼ਨ ਦਾ ਉੱਤਰ ਜਾਨਣ ਲਈ ਉਹ ਨੰਦ ਲਾਲ ਦੇ ਦੁਆਲੇ ਹੋਏ। ਨੰਦ ਲਾਲ ਨੇ ਇਸੇ ਕੰਮ ਦਾ ਉਨ੍ਹਾਂ ਕੋਲੋਂ ਦਸ ਹਜ਼ਾਰ ਰੁਪਇਆ ਲਿਆ ਸੀ।
“ਕਮਲਿਓ, ਇਹ ਬਹੁਤ ਠੀਕ ਹੋਇਆ ਹੈ। ਦੇਖਦੇ ਨਹੀਂ ਅਖ਼ਬਾਰਾਂ ਨੇ ਅੱਗ ਲਾ ਰੱਖੀ ਹੈ। ਹੜਤਾਲਾਂ, ਮੁਜ਼ਾਹਰੇ ਹੋ ਰਹੇ ਹਨ। ਅਜਿਹੇ ਹਲਾਤਾਂ ਵਿੱਚ ਕਿਸੇ ਮਾੜੇ ਜੱਜ ਦੀ ਹਿੰਮਤ ਨਹੀਂ ਮੈਰਿਟ ਦੇ ਆਧਾਰ ਤੇ ਫੈਸਲਾ ਕਰਨ ਦੀ। ਆਪਣਾ ਪੱਖ ਮਜ਼ਬੂਤ ਹੈ। ਜੇ ਕੋਈ ਆਪਣੇ ਹੱਕ ਵਿੱਚ ਡੱਕਾ ਸੁੱਟ ਸਕਦਾ ਹੈ ਤਾਂ ਉਹ ਸਾਧੂ ਸਿੰਘ ਹੀ ਹੈ। ਮੈਂ ਠੀਕ ਕਰਵਾਇਆ ਹੈ।”
ਨੰਦ ਲਾਲ ਨੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੱਤਾ।
ਪਹਿਲਾਂ ਨੰਦ ਲਾਲ ਕਹਿੰਦਾ ਸੀ ਦਰਖ਼ਾਸਤ ਸਾਧੂ ਸਿੰਘ ਕੋਲ ਨਾ ਲੱਗੇ। ਹੁਣ ਕਹਿੰਦਾ ਇਹ ਕੰਮ ਉਸੇ ਨੇ ਕਰਾਇਆ ਸੀ। ਇਹ ਕੀ ਗੋਰਖ਼-ਧੰਧਾ ਸੀ? ਅਜੇ ਨੂੰ ਸਮਝ ਨਹੀਂ ਸੀ ਆ ਰਿਹਾ।
ਵੈਸੇ ਉਨ੍ਹਾਂ ਨੂੰ ਨੰਦ ਲਾਲ ਦੀ ਗੱਲ ਵਿੱਚ ਵਜ਼ਨ ਲੱਗਾ। ਹਾਲੇ ਪੈਸੇ ਲੈ ਕੇ ਕੰਮ ਕਰਨ ਦੀ ਕਿਸੇ ਜੱਜ ਦੀ ਹਿੰਮਤ ਨਹੀਂ ਸੀ। ਮੁਕੱਦਮੇ ਦੇ ਗੁਣਾਂ-ਔਗੁਣਾਂ ਦੇ ਆਧਾਰ ‘ਤੇ ਕੁੱਝ ਆਸ ਰੱਖੀ ਜਾ ਸਕਦੀ ਸੀ।
ਬਹਿਸ ਬਾਅਦ ਦੁਪਹਿਰ ਹੋਣੀ ਸੀ।
ਅੱਗੇ ਕੀ ਹੋਏਗਾ? ਅਗੋਂ ਕੀ ਕੀਤਾ ਜਾਵੇ? ਸਾਧੂ ਸਿੰਘ ਤਕ ਪਹੁੰਚ ਹੋ ਸਕਦੀ ਸੀ ਜਾਂ ਨਹੀਂ?
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਖੋਜਣ ਲਈ ਵਿਨੇ ਅਤੇ ਅਜੇ ਸਿੰਗਲੇ ਦੁਆਲੇ ਹੋ ਗਏ।
“ਇਹ ਜੱਜ ਈਮਾਨਦਾਰ ਵੀ ਹੈ ਅਤੇ ਕਾਨੂੰਨ ਦਾ ਵਾਕਿਫ਼ ਵੀ। ਉਹੋ ਫੈਸਲਾ ਕਰੇਗਾ, ਜੋ ਕਾਨੂੰਨ ਮੁਤਾਬਕ ਬਣਦਾ ਹੋਏਗਾ। ਸਿਫ਼ਾਰਸ਼ ਵਾਲਾ ਪੰਗਾ ਆਪਾਂ ਨਹੀਂ ਲੈਣਾ। ਕੰਮ ਉਲਟਾ ਹੋ ਜਾਏਗਾ।”
ਆਪਣਾ ਦੋ-ਟੁਕ ਫੈਸਲਾ ਸੁਣਾਉਣ ਲਈ ਸਿੰਗਲੇ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਸੀ ਪਈ।
“ਦੁਪਹਿਰ ਬਾਅਦ ਕੀ ਹੋਏਗਾ?”
“ਬਹਿਸ ਹੋਏਗੀ। ਦੂਜੀ ਧਿਰ ਹਾਲੇ ਪੇਸ਼ ਨਹੀਂ ਹੋ ਸਕਦੀ। ਆਪਣੀ ਬਹਿਸ ਸੁਣ ਕੇ ਜੱਜ ਨੂੰ ਜੋ ਠੀਕ ਲੱਗੇਗਾ, ਉਹ ਉਹੋ ਫੈਸਲਾ ਕਰ ਦੇਵੇਗਾ?”
“ਆਪਣੇ ਕੇਸ ਵਿੱਚ ਕਿੰਨਾ ਕੁ ਦਮ ਹੈ?”
“ਆਪਣਾ ਪਰਚੇ ਵਿੱਚ ਨਾਂ ਨਹੀਂ ਹੈ। ਨਾ ਪਰਚੇ ਵਿੱਚ ਇਹ ਦਰਜ ਹੈ ਕਿ ਇਹ ਵਾਰਦਾਤ ਸਾਡੀ ਸ਼ਹਿ ਤੇ ਹੋਈ ਹੈ। ਇਸ ਕਾਰਨ ਮੁਦਈ ਧਿਰ ਦਾ ਪੱਖ ਕਮਜ਼ੋਰ ਹੈ। ਸਾਡੀ ਉਨ੍ਹਾਂ ਨਾਲ ਦੁਸ਼ਮਣੀ ਹੈ। ਸਾਡੇ ਆਪਸ ਵਿੱਚ ਮੁਕੱਦਮੇ ਚਲਦੇ ਹਨ। ਇਸ ਲਈ
ਸਾਨੂੰ ਫਸਾਇਆ ਗਿਆ ਹੈ। ਇਹ ਸਾਡੇ ਹੱਕ ਦਾ ਨੁਕਤਾ ਹੈ।”
“ਆਪਣੇ ਉਲਟ ਕੀ ਜਾਂਦਾ ਹੈ?”
“ਕਾਨੂੰਨ ਆਪਣੇ ਉਲਟ ਨਹੀਂ ਹੈ। ਸ਼ਹਿਰ ਵਿੱਚ ਜੋ ਰੌਲਾ ਪੈ ਰਿਹਾ ਹੈ, ਉਹ ਸਾਡੇ ਉਲਟ ਹੈ। ਜੱਜ ਸਭ ਕੁੱਝ ਪੜ੍ਹਦੇ ਸੁਣਦੇ ਹਨ। ਮੀਡੀਏ ਤੋਂ ਪ੍ਰਭਾਵਿਤ ਹੁੰਦੇ ਹਨ।”
ਸਿੰਗਲਾ ਆਪਣੇ ਸਾਇਲਾਂ ਨੂੰ ਹਨੇਰੇ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ। ਇਸ ਲਈ ਉਹ ਸਥਿਤੀ ਸਪੱਸ਼ਟ ਕਰ ਰਿਹਾ ਸੀ।
“ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?”
“ਕੇਵਲ ਇੰਤਜ਼ਾਰ! ਬਾਕੀ ਫੈਸਲੇ ਬਾਅਦ ਬੈਠ ਕੇ ਸੋਚਾਂਗੇ।”
ਬਾਅਦ ਦੁਪਹਿਰ ਬਹਿਸ ਹੋਈ।
ਸਾਧੂ ਸਿੰਘ ਬੜੇ ਠਰ੍ਹਮੇ ਨਾਲ ਬਹਿਸ ਸੁਣਦਾ ਰਿਹਾ। ਬਾਬੂ ਜੀ ਨੇ ਜੋ ਜੋ ਨੁਕਤੇ ਉਠਾਏ, ਉਹ ਸਾਧੂ ਸਿੰਘ ਨੋਟ ਕਰਦਾ ਰਿਹਾ।
ਬਾਬੂ ਜੀ ਨੇ ਜਦੋਂ ਆਖਿਆ ਦੋਸ਼ੀਆਂ ਦਾ ਪਰਚੇ ਵਿੱਚ ਨਾਂ ਨਹੀਂ ਹੈ ਤਾਂ ਸਾਧੂ ਸਿੰਘ ਨੇ “ਅਖ਼ਬਾਰਾਂ ਵਿੱਚ ਤਾਂ ਹੈ” ਆਖ ਕੇ ਉਸ ਨੂੰ ਟੋਕ ਦਿੱਤਾ।
ਬਾਬੂ ਜੀ ਸਾਧੂ ਸਿੰਘ ਦੀ ਇਸ ਗ਼ੈਰ-ਕਾਨੂੰਨੀ ਟਿੱਪਣੀ ਤੇ ਖਿਝ ਉੱਠੇ।
“ਜੱਜ ਮਿਸਲ ਤੋਂ ਬਾਹਰ ਨਹੀਂ ਜਾ ਸਕਦਾ।” ਨੰਦ ਲਾਲ ਉੱਚ ਅਦਾਲਤਾਂ ਦੇ ਹਵਾਲੇ ਦੇ ਦੇ ਸਾਧੂ ਸਿੰਘ ਦੀ ਧਾਰਨਾ ਬਦਲਣ ਦਾ ਯਤਨ ਕਰਨ ਲੱਗਾ।
“ਮੈਂ ਮਿਸਲ ਤੋਂ ਬਾਹਰ ਜਾਵਾਂਗਾ। ਇਨ੍ਹਾਂ ਫੈਸਲਿਆਂ ਨੂੰ ਨਹੀਂ ਮੰਨਾਂਗਾ।”
ਸਾਧੂ ਸਿੰਘ ਉਪਰ ਇਸ ਬਹਿਸ ਦਾ ਕੋਈ ਅਸਰ ਨਹੀਂ ਸੀ ਹੋਇਆ। ਉਹ ਆਪਣੇ ਨੁਕਤੇ ਉਪਰ ਅੜਿਆ ਹੋਇਆ ਸੀ।
ਨੰਦ ਲਾਲ ਜੋ ਬਹਿਸ ਕਰ ਸਕਦਾ ਸੀ। ਉਹ ਉਸਨੇ ਕਰ ਦਿੱਤੀ। ਜੱਜ ਜੇ ਕਾਨੂੰਨ ਨਹੀਂ ਮੰਨਦਾ ਤਾਂ ਨੰਦ ਲਾਲ ਉਸ ਦੇ ਚੁੱਕ ਕੇ ਇੱਟ ਤਾਂ ਮਾਰ ਨਹੀਂ ਸੀ ਸਕਦਾ। ਉਹ ਚੁੱਪ ਕਰ ਗਿਆ।
ਸਾਧੂ ਸਿੰਘ ਵਿੱਚ ਇਹੋ ਨੁਕਸ ਸੀ। ਜਿਥੇ ਕਾਨੂੰਨ ਕਮਜ਼ੋਰ ਪੈਂਦਾ ਸੀ ਅਤੇ ਮੁਲਜ਼ਮ ਉਸ ਕਮਜ਼ੋਰੀ ਦਾ ਫ਼ਾਇਦਾ ਉਠਾਉਣ ਲੱਗਦਾ ਸੀ, ਸਾਧੂ ਸਿੰਘ ਵਿਚਕਾਰ ਚਟਾਨ ਵਾਂਗ ਅੜ ਜਾਂਦਾ ਸੀ। ਉਹ ਆਪਣਾ ਤਰਕ ਦੇ ਕੇ ਨਵਾਂ ਕਾਨੂੰਨ ਘੜ ਦਿੰਦਾ ਸੀ। ਸਫ਼ਾਈ ਧਿਰ ਖਾਂਦੀ ਰਹੇ, ਹਾਈ ਕੋਰਟ ਦੇ ਧੱਕੇ।
ਇਹੋ ਜਿਹਾ ਕੁੱਝ ਉਹ ਹੁਣ ਆਖ ਰਿਹਾ ਸੀ।
ਪਰਚਾ ਦਰਜ ਹੋਏ ਨੂੰ ਛੇ ਦਿਨ ਹੋ ਗਏ ਸਨ। ਇਨ੍ਹਾਂ ਛੇ ਦਿਨਾਂ ਵਿੱਚ ਪੁਲਿਸ ਨੂੰ ਸੈਂਕੜੇ ਨਵੇਂ ਸਬੂਤ ਮਿਲ ਗਏ ਸਨ। ਜੱਜ ਉਨ੍ਹਾਂ ਸਬੂਤਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਆਪਣੀਆਂ ਅੱਖਾਂ ਤੇ ਪੱਟੀ ਕਿਉਂ ਬੰਨ੍ਹੇ? ਉਹ ਆਪਣੀਆਂ ਅੱਖਾਂ ਅਤੇ ਕੰਨ ਖੁਲ੍ਹੇ ਰੱਖੇਗਾ। ਜੇ ਆਪਣੇ ਵਸੀਲਿਆਂ ਤੋਂ ਉਸਨੂੰ ਕਿਸੇ ਤੱਥ ਦਾ ਪਤਾ ਲੱਗੇਗਾ ਤਾਂ ਉਹ ਸੱਚ ਤੇ ਪੁੱਜਣ ਲਈ ਉਸ ਤੱਥ ਦੀ ਵਰਤੋਂ ਕਰੇਗਾ। ਕਾਨੂੰਨ ਜੋ ਮਰਜ਼ੀ ਆਖਦਾ ਰਹੇ।
ਸਾਧੂ ਸਿੰਘ ਇਕੱਲੇ ਪਰਚੇ ਦੇ ਆਧਾਰ ਤੇ ਫੈਸਲਾ ਨਹੀਂ ਸੀ ਕਰ ਸਕਦਾ। ਪੂਰੀ ਸਚਾਈ ਜਾਨਣ ਲਈ ਉਸਨੂੰ ਪੂਰੀ ਮਿਸਲ ਚਾਹੀਦੀ ਸੀ।
ਬਹਿਸ ਖ਼ਤਮ ਹੁੰਦੇ ਹੀ ਉਸਨੇ ਅਗਲੇ ਦਿਨ ਦੀ ਤਾਰੀਖ਼ ਪਾਈ।
ਸਰਕਾਰੀ ਵਕੀਲ ਨੂੰ ਹਦਾਇਤ ਹੋਈ। ਕੱਲ੍ਹ ਨੂੰ ਉਹ ਤਿਆਰ ਹੋ ਕੇ ਆਏ ਅਤੇ ਆਪਣਾ ਪੱਖ ਪੇਸ਼ ਕਰੇ।
ਕੋਈ ਅੰਤਰਿਮ ਫੈਸਲਾ ਨਹੀਂ। ਕੱਲ੍ਹ ਸਿੱਧਾ ਅੰਤਮ ਫੈਸਲਾ ਕੀਤਾ ਜਾਏਗਾ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਬ ਸਭਾ :  ਕਾਂਡ - 24

ਨਾਵਲ ਕੌਰਬ ਸਭਾ : ਕਾਂਡ - 23

ਨਾਵਲ ਕੌਰਬ ਸਭਾ : ਕਾਂਡ - 22


rajwinder kaur

Content Editor

Related News